ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਪਾਠਕਾਂ ਦੇ ਖ਼ਤ

Posted On September - 11 - 2019

ਚੌਥਾ ਥੰਮ੍ਹ ਮਧੋਲਿਆ

10 ਸਤੰਬਰ ਨੂੰ ਸੰਪਾਦਕੀ ‘ਪੱਤਰਕਾਰਾਂ ’ਤੇ ਨਿਸ਼ਾਨਾ’ ਪੜ੍ਹਿਆ। ਜ਼ਿਕਰ ਅਨੁਸਾਰ ਭਾਰਤੀ ਸੰਵਿਧਾਨ ਦੇ ਅਨੁਛੇਦ 19 ਅਨੁਸਾਰ ਇਹ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਤੇ ਸਰਕਾਰੀ ਦਬਾਓ ਦੇ ਕਾਰਨ ਪੁਲੀਸ ਵੱਲੋਂ ਸਿੱਧੀ ਉਲੰਘਣਾ ਹੈ। ਦੇਸ਼ ਅੰਦਰ ਦਹਿਸ਼ਤ ਦੇ ਮਾਹੌਲ ਨੇ ਲੋਕਤੰਤਰ ਦੇ ਚੌਥੇ ਥੰਮ੍ਹ ਮੀਡੀਆ ਨੂੰ ਵੀ ਮਧੋਲ ਕੇ ਰੱਖ ਦਿੱਤਾ ਹੈ। ਬੰਗਲੌਰ ਵਿਚ ਪੱਤਰਕਾਰ ਗੌਰੀ ਲੰਕੇਸ਼ ਨੂੰ ‘ਧਰਮੀ’ ਬੁਰਛਾਗਰਦਾਂ ਨੇ ਕਤਲ ਕਰ ਦਿੱਤਾ। ਰਾਜਸੀ ਕਾਰਨਾਂ ਕਰਕੇ ਇਹ ਕੇਸ ਕਾਗਜ਼ੀ ਕਾਰਵਾਈਆਂ ਅਤੇ ਪੜਤਾਲਾਂ ਵਿਚ ਉਲਝ ਗਿਆ ਤੇ ਹੁਣ ਯੂਪੀ ਵਿਚ ਯੋਗੀ ਅਦਿਤਿਆਨਾਥ ਦੀ ਅਗਵਾਈ ਹੇਠ ਲੋਕਤੰਤਰ ਦਾ ਘਾਣ ਹੋ ਰਿਹਾ ਹੈ ਜਦਕਿ ਮਸਲੇ ਉਠਾਉਣ ਵਾਲੇ ਪੱਤਰਕਾਰਾਂ ਦਾ ਤਾਂ ਸਨਮਾਨ ਹੋਣਾ ਚਾਹੀਦਾ ਹੈ। ਉਲਟੀ ਗੰਗਾ ਵਗਣ ਲੱਗ ਪਈ ਹੈ।
ਰਵਿੰਦਰ ਸਿੰਘ ਧਾਲੀਵਾਲ, ਪਿੰਡ ਨੱਥੂ ਮਾਜਰਾ (ਸੰਗਰੂਰ)

(2)

ਜੇਕਰ ਸਾਡੇ ਦੇਸ਼ ਵਿਚ ਮੀਡੀਆ ਕਰਮੀ ਹੀ ਸੁਰੱਖਿਅਤ ਨਹੀਂ, ਤਾਂ ਆਮ ਲੋਕਾਂ ਦਾ ਕੀ ਬਣੇਗਾ? ਇਹ ਸਰਕਾਰ ਲਈ ਬਹੁਤ ਵੱਡੀ ਚੁਣੌਤੀ ਹੈ। ਇਸ ਦਾ ਜਵਾਬ ਕੌਣ ਦੇਵੇਗਾ? ਬਹੁਤ ਸਾਰੇ ਲੋਕ ਸਚਾਈ ਛੁਪਾਉਣ ਲਈ ਮੀਡੀਆ ਕਰਮੀਆਂ ਨੂੰ ਖ਼ਰੀਦਣ ਦੀ ਕੋਸ਼ਿਸ਼ ਕਰਦੇ ਹਨ। ਜਿਹੜੇ ਮੀਡੀਆ ਕਰਮੀ ਸੱਚੀ ਸੇਵਾ ਭਾਵਨਾ ਨਾਲ ਪੱਤਰਕਾਰੀ ਕਰਦੇ ਹਨ ਤੇ ਪੈਸਿਆਂ ਦੇ ਲਾਲਚ ਵਿਚ ਨਹੀਂ ਆਉਂਦੇ, ਉਹ ਹਮਲੇ ਦਾ ਸ਼ਿਕਾਰ ਹੋ ਜਾਂਦੇ ਹਨ। ਪੱਤਰਕਾਰਾਂ ਦੀ ਸੁਰੱਖਿਆ ਲਈ ਸਰਕਾਰਾਂ ਨੂੰ ਗੰਭੀਰ ਹੋਣਾ ਚਾਹੀਦਾ ਹੈ, ਨਹੀਂ ਤਾਂ ਫਿਰ ਸਚਾਈ ਕੌਣ ਬਿਆਨ ਕਰੇਗਾ?
ਸੁਖਦੇਵ ਸਿੰਘ, ਕੁਸਲਾ (ਮਾਨਸਾ)

(3)

ਸੰਪਾਦਕੀ ਜਨਤਾ ਦੇ ਵਿਚਾਰਾਂ ਦੀ ਤਰਜਮਾਨੀ ਕਰਦੀ ਹੈ। ਅੱਜ ਪੱਤਰਕਾਰੀ ਵਾਕਿਆ ਹੀ ਤਮਾਸ਼ਾ ਬਣ ਕੇ ਰਹਿ ਗਈ ਹੈ। ਸੱਚ ’ਤੇ ਪਹਿਰਾ ਦੇਣ ਵਾਲਿਆਂ ਦੀ ਗਿਣਤੀ ਤਾਂ ਪਹਿਲਾਂ ਹੀ ਆਟੇ ਵਿਚ ਲੂਣ ਬਰਾਬਰ ਹੈ, ਉੱਪਰੋਂ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਨੇ ਰਹਿੰਦੀ ਕਸਰ ਕੱਢ ਦਿੱਤੀ ਹੈ। ਸਰਕਾਰ ਦਾ ਗੁਣਗਾਨ ਕਰਨ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ‘ਤਕੜੇ ਦਾ ਸੱਤੀਂ ਵੀਹੀਂ ਸੌ’ ਵਾਲੀ ਕਹਾਵਤ ਪੱਤਰਕਾਰੀ ਉੱਪਰ ਲਾਗੂ ਕੀਤੀ ਜਾ ਰਹੀ ਹੈ ਤਾਂ ਕਿ ਵਿਰੋਧ ਕਰਨ ਵਾਲੇ ਮੈਦਾਨ ਖਾਲੀ ਕਰਕੇ ਭੱਜ ਜਾਣ।
ਜਗਦੇਵ ਸ਼ਰਮਾ ਬੁਗਰਾ, ਧੂਰੀ

ਅਹਿਮ ਵਿਸ਼ਾ

10 ਸਤੰਬਰ ਦੇ ਸੰਪਾਦਕੀ ‘ਸੁਰੱਖਿਆ ਬਲਾਂ ’ਚ ਔਰਤਾਂ’ ਦਾ ਵਿਸ਼ਾ ਬਹੁਤ ਅਹਿਮ ਹੈ। ਤੀਸਰੇ ਲਿੰਗ, ਭਾਵ ਟਰਾਂਸ ਜੈਂਡਰ ਲੋਕਾਂ ਲਈ ਵੀ ਸੁਰੱਖਿਆ ਬਲਾਂ ਵਿਚ ਵਿਸ਼ੇਸ਼ ਮੌਕੇ ਦਿੱਤੇ ਜਾਣੇ ਚਾਹੀਦੇ ਹਨ ਤਾਂ ਹੀ ਸਮਾਜ ਅੰਦਰ ਪਿੱਤਰ ਸੱਤਾ ਦੇ ਵਿਚਾਰਾਂ ਨੂੰ ਕੱਟਿਆ ਜਾ ਸਕਦਾ ਹੈ ਅਤੇ ਔਰਤਾਂ ਲਈ ਰਾਹ ਮੋਕਲੇ ਹੋ ਸਕਦੇ ਹਨ।
ਰਾਜੀਵ ਲੋਹਟਬੱਦੀ, ਪਟਿਆਲਾ

(2)

ਸੰਪਾਦਕੀ ‘ਸੁਰੱਖਿਆ ਬਲਾਂ ’ਚ ਔਰਤਾਂ’ ਕਈ ਪਰਤਾਂ ਫ਼ਰੋਲਦੀ ਹੈ। ਇਸ ਮਸਲੇ ਦੀ ਇਕ ਪਰਤ ਤਾਂ ਸਾਡਾ ਸਮਾਜ ਹੀ ਹੈ ਜੋ ਪਿੱਤਰ ਸੱਤਾ ਦੀ ਪਕੜ ਕਾਰਨ ਕੁੜੀਆਂ/ਔਰਤਾਂ ਨੂੰ ਖੁੱਲ੍ਹ ਦੇਣ ਲਈ ਹੀ ਤਿਆਰ ਨਹੀਂ ਹੈ। ਸਭ ਤੋਂ ਪਹਿਲਾਂ ਤਾਂ ਰਲ-ਮਿਲ ਕੇ ਪਿੱਤਰ ਸੱਤਾ ਨੂੰ ਵੰਗਾਰਨਾ ਪਵੇਗਾ।
ਜਸਵੰਤ ਕੌਰ, ਜਲੰਧਰ

ਇਹ ਕੇਹੀ ਇਨਕਲਾਬੀ ਕਾਰਵਾਈ?

10 ਸਤੰਬਰ ਨੂੰ ਨਜ਼ਰੀਆ ਪੰਨੇ ’ਤੇ ਗੁਰਦੀਪ ਸਿੰਘ ਢੁੱਡੀ ਦਾ ਮਿਡਲ ‘ਇਨਕਲਾਬੀ ਕਾਰਵਾਈ’ ਪੜ੍ਹਿਆ। ਲੇਖਕ ਨੇ ਪਿੰਡ ਕੋਟਸੁਖੀਆ ਦੇ ਡੇਰਾ ਬਾਬਾ ਹਰਕਾ ਦਾਸ ਉੱਤੇ ਟਿੱਪਣੀ ਕਰਦਿਆਂ ਉੱਥੋਂ ਦੇ ਮਹੰਤਾਂ ਦੀ ਨਿੰਦਾ ਕੀਤੀ ਹੈ। ਇਹ ਉਦਾਸੀ ਮਹੰਤ ਆਪਣੇ ਡੇਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰੱਖਦੇ ਹਨ ਪਰ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਦਾਸੀ ਸਾਧੂਆਂ ਦਾ ਸਿੱਖੀ ਦੇ ਪ੍ਰਚਾਰ ਵਿਚ ਕੀ ਯੋਗਦਾਨ ਹੈ। ਉੱਥੋਂ ਦੇ ਡੇਰਾ ਮੁਖੀ ਹਰਕਾ ਦਾਸ ਨੇ ਗ੍ਰੰਥ ‘ਬ੍ਰਹਮ ਪ੍ਰਕਾਸ਼’ ਦੀ ਰਚਨਾ ਕੀਤੀ ਹੈ ਜਿਸ ਵਿਚ ਉੱਤਮ ਦਰਜੇ ਦੀਆਂ ਵਾਰਾਂ ਦਰਜ ਹਨ। ਦੂਜੀ ਗੱਲ, ਇਨਕਲਾਬੀ ਕਾਰਵਾਈ ਦੀ; ਕਿਸੇ ਨੂੰ ਬਿਨਾ ਮਤਲਬ ਚਿੜਾ ਕੇ ਦੌੜ ਜਾਣਾ, ਇਹ ਭਲਾ ਕਿਹੋ ਜਿਹੀ ਇਨਕਲਾਬੀ ਕਾਰਵਾਈ ਹੋਈ?
ਹਰਵਿੰਦਰ ਸਿੰਘ ਰੋਡੇ, ਈਮੇਲ

ਬਖੀਏ ਉਧੇੜੇ

10 ਸਤੰਬਰ ਦੇ ਲੋਕ ਸੰਵਾਦ ਪੰਨੇ ਉੱਤੇ ਮੰਗਤ ਰਾਮ ਪਾਸਲਾ ਦਾ ਲੇਖ ‘ਫ਼ਿਰਕਾਪ੍ਰਸਤੀ ਖ਼ਿਲਾਫ਼ ਇਕਜੁੱਟ ਹੋਣ ਦਾ ਵੇਲਾ’ ਅਤੇ ਡਾ. ਨੀਤਾ ਗੋਇਲ ਦਾ ਲੇਖ ‘ਪਰਵਾਸੀ ਦੋਸਤ ਦੇ ਨਾਂ ਖ਼ਤ’ ਭਾਰਤੀ ਸਮਾਜ ਅਤੇ ਆਰਥਿਕ ਹਾਲਾਤ ਦੇ ਬਖੀਏ ਉਧੇੜਦੇ ਹਨ। ਫ਼ਿਰਕਾਪ੍ਰਸਤੀ ਵਰਗੇ ਹਾਲਾਤ 70 ਸਾਲਾਂ ਬਾਅਦ ਵਿਸ਼ੇਸ਼ ਸਹੂਲਤਾਂ ਅਤੇ ਕਾਨੂੰਨਾਂ ਦੇ ਬਾਵਜੂਦ ਨਹੀਂ ਬਦਲ ਸਕੇ। ਪੰਜਾਬ ਵਿਚੋਂ ਪਰਵਾਸ ਦੀ ਸਮੱਸਿਆ ਨੇ ਕਈ ਭਾਵਨਾਤਮਕ ਤੇ ਪਰਿਵਾਰਕ ਥੁੜ੍ਹਾਂ ਪੈਦਾ ਕਰ ਦਿੱਤੀਆਂ ਹਨ।
ਹਰਪਿੰਦਰ ਰਾਣਾ, ਸ੍ਰੀ ਮੁਕਤਸਰ ਸਾਹਿਬ

ਦਲਿਤ ਬਨਾਮ ਸੰਘਰਸ਼

5 ਸਤੰਬਰ ਦੇ ਅੰਕ ਅੰਦਰ ਨਜ਼ਰੀਆ ਵਾਲੇ ਪੰਨੇ ’ਤੇ ਸੰਪਾਦਕੀ ‘ਦਲਿਤ ਵਰਗ ਦੇ ਸੰਘਰਸ਼’ ਪੜ੍ਹਨ ਨੂੰ ਮਿਲਿਆ। ਅੱਜ ਦੇ ਯੁੱਗ ਅੰਦਰ ਜੋ ਦਲਿਤ ਹੈ, ਉਹ ਵਿਚਾਰਾ ਸੰਘਰਸ਼ ਕਿੱਥੋਂ ਕਰ ਸਕਦਾ ਹੈ? ਪੇਂਡੂ ਖੇਤਰ ਦੇ ਦਲਿਤ ਭਾਈਚਾਰੇ ਦੇ ਲੋਕ ਤਾਂ ਜਨਮ ਤੋਂ ਹੀ ਉੱਚੀ ਜਾਤੀ ਦੇ ਜੂਲੇ ਹੇਠ ਰਹਿਣ ਦੇ ਆਦੀ ਹੁੰਦੇ ਹਨ। ਡਾਢੇ ਨਾਲ ਮੱਥਾ ਲਾਉਣ ਦੀ ਕਿਸ ਅੰਦਰ ਹਿੰਮਤ ਹੈ? ਜਿਸ ਸ਼ਖ਼ਸ ਦੀਆਂ ਜੜ੍ਹਾਂ ਹਵਾ ਅੰਦਰ ਹੋਣ, ਉਸ ਤੋਂ ਸੰਘਰਸ਼ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ। ਅੱਜ ਕਈ ਦਲਿਤਾਂ ਨੇ ਪਾਰਟੀਆਂ ਬਣਾਈਆਂ ਹੋਈਆਂ ਹਨ ਅਤੇ ਇਹ ਆਪਣੇ ਹੀ ਭਾਈਚਾਰੇ ਦਾ ਸ਼ੋਸ਼ਣ ਕਰਦੇ ਦੇਖਣ ਨੂੰ ਮਿਲ ਜਾਂਦੇ ਹਨ। ਆਪਣੇ ਹੀ ਆਪਣਿਆਂ ਨਾਲ ਧੱਕਾ ਕਰ ਰਹੇ ਹਨ, ਕੋਈ ਕਿਸੇ ਗ਼ੈਰ ਨੂੰ ਕੀ ਆਖੇ?
ਕਾਮਰੇਡ ਗੁਰਨਾਮ ਸਿੰਘ, ਰੂਪਨਗਰ

ਸਰਕਾਰੀ ਸੰਸਥਾਵਾਂ ਦਾ ਰੁਖ਼

3 ਸਤੰਬਰ ਨੂੰ ਨਜ਼ਰੀਆ ਪੰਨੇ ਉੱਤੇ ਬੂਟਾ ਸਿੰਘ ਦਾ ਲੇਖ ‘ਯੁੱਧ ਅਤੇ ਸ਼ਾਂਤੀ ਬਨਾਮ ਬੌਧਿਕਤਾ ਖਿਲਾਫ਼ ਜੰਗ’ ਪੜ੍ਹਿਆ। ਹੁਣ ਸਰਕਾਰ ਦੀਆਂ ਸਾਰੀਆਂ ਸੰਸਥਾਵਾਂ ਉੱਤੇ ਹਿੰਦੂਤਵੀ ਰੰਗ ਸਾਫ਼ ਦਿਸਣ ਲੱਗਾ ਹੈ ਅਤੇ ਲੋਕਤੰਤਰ ਤੇ ਧਰਮ ਨਿਰਪੱਖਤਾ ਲਈ ਜੂਝਣ ਵਾਲਿਆਂ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਸਰਕਾਰ ਆਏ ਦਿਨ ਕਾਨੂੰਨਾਂ ਰਾਹੀਂ ਆਮ ਲੋਕਾਂ ਨੂੰ ਖ਼ੌਫ਼ਜ਼ਦਾ ਕਰਨ ਉੱਤੇ ਲੱਗੀ ਹੋਈ ਹੈ। ਸਿਆਣੇ ਲੀਡਰਾਂ ਨੂੰ ਇਨ੍ਹਾਂ ਹਾਲਾਤ ਬਾਰੇ ਆਵਾਮ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਤਾਨਾਸ਼ਾਹੀ ਲੋਕਤੰਤਰ ਉੱਤੇ ਭਾਰੀ ਪੈ ਜਾਵੇਗੀ। ਇਸ ਰੁਝਾਨ ਨੂੰ ਹੁਣੇ ਹੀ ਠੱਲ੍ਹਣਾ ਜ਼ਰੂਰੀ ਹੈ।
ਕੁਲਦੀਪ ਸਿੰਘ ਹੋਠੀ, ਅੰਮ੍ਰਿਤਸਰ


Comments Off on ਪਾਠਕਾਂ ਦੇ ਖ਼ਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.