ਗੁਰੂ ਨਾਨਕ ਚਿੰਤਨਧਾਰਾ ਵਿਚ ਕਿਰਤ ਦਾ ਸੰਕਲਪ !    ਚੜਿਆ ਸੋਧਣਿ ਧਰਿਤੀ ਲੁਕਾਈ !    ਅਫ਼ਗਾਨ ਚੋਣਾਂ: ਵੋਟਾਂ ਦੀ ਗਿਣਤੀ ਮੁੜ ਸ਼ੁਰੂ !    ਹਾਂਗਕਾਂਗ ’ਚ ਪੁਲੀਸ ਨੇ ਪ੍ਰਦਰਸ਼ਨਕਾਰੀ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦੋ ਦਹਿਸ਼ਤਗਰਦ ਹਲਾਕ !    ਚੱਕਰਵਾਤੀ ਤੂਫ਼ਾਨ: ਮਮਤਾ ਵੱਲੋਂ ਮ੍ਰਿਤਕਾਂ ਦੇ ਵਾਰਿਸਾਂ ਦੀ ਮਾਲੀ ਮਦਦ !    ਕਰਨਾਟਕ ਦੇ ਅਯੋਗ ਵਿਧਾਇਕਾਂ ਦੀ ਅਰਜ਼ੀ ’ਤੇ ਫ਼ੈਸਲਾ ਭਲਕੇ !    ਭਾਸ਼ਾ ਵਿਭਾਗ ਲਈ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਕੋਹਾਂ ਦੂਰ !    ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ‘ਬਾਬਾ ਨਾਨਕ 550 ਸਰਵੋਤਮ ਟਰਾਫ਼ੀ’ ਜਿੱਤੀ !    ਹਰਿਆਣਾ ਤੇ ਹਿਮਾਚਲ ਦੇ ਮੁੱਖ ਮੰਤਰੀ ਬੇਰ ਸਾਹਿਬ ਨਤਮਸਤਕ !    

ਪਾਠਕਾਂ ਦੇ ਖ਼ਤ

Posted On September - 10 - 2019

ਨੈਤਿਕ ਗਿਰਾਵਟ

7 ਸਤੰਬਰ ਦਾ ਸੰਪਾਦਕੀ ‘ਅਧਿਕਾਰੀਆਂ ਦੇ ਅਸਤੀਫ਼ੇ’ ਢੁੱਕਵੇਂ ਸ਼ਬਦਾਂ ਵਿਚ ਆਈਏਐੱਸ ਅਧਿਕਾਰੀਆਂ ਦੇ ਅਸਤੀਫ਼ਿਆਂ ਪਿਛਲੇ ਕਾਰਨਾਂ ਬਾਰੇ ਜਾਣੂ ਕਰਵਾਉਂਦਾ ਹੈ। ਇਹ ਤਾਂ ਕਿਹਾ ਨਹੀਂ ਜਾ ਸਕਦਾ ਕਿ ਇਹ ਅਸਤੀਫ਼ੇ ਜਾਂ ਮਿਡਲ ‘ਦਾਦੀ ਦਾ ਡੋਲੂ’ ਕਿਸੇ ਚਾਨਣ ਮੁਨਾਰੇ ਦਾ ਕੰਮ ਕਰਨਗੇ, ਇੰਨਾ ਜ਼ਰੂਰ ਕਹਿ ਸਕਦੇ ਹਾਂ ਕਿ ਸਮਾਜ ਨੇ ਜਿਸ ਅਨੁਪਾਤ ਵਿਚ ਭੌਤਿਕ ਤਰੱਕੀ ਕੀਤੀ ਹੈ, ਉਸ ਤੋਂ ਕਿਤੇ ਵੱਧ ਅਨੁਪਾਤ ਵਿਚ ਨੈਤਿਕ ਗਿਰਾਵਟ ਆਈ ਹੈ। 3 ਸਤੰਬਰ ਨੂੰ ਬੂਟਾ ਸਿੰਘ ਦਾ ਲੇਖ ‘ਯੁੱਧ ਤੇ ਸ਼ਾਂਤੀ’ ਬਨਾਮ ਬੌਧਿਕਤਾ ਖ਼ਿਲਾਫ਼ ਜੰਗ’ ਪੜ੍ਹਿਆ। ਲੇਖ ਭੀਮਾ-ਕੋਰੇਗਾਓਂ ਵਿਚ ਦਲਿਤਾਂ ਵੱਲੋਂ ਆਪਣੀ ਮਰਾਠਿਆਂ ਉੱਤੇ ਜਿੱਤ, ਜਿਸ ਨੂੰ ਸ਼ਾਇਦ ਰੰਗਤ ਹੀ ਗ਼ਲਤ ਦੇ ਦਿੱਤੀ ਗਈ ਹੈ, ਦੇ ਜਸ਼ਨ ਮਨਾਉਣ ਵੇਲੇ ਹੋਈ ਹਿੰਸਾ ਨਾਲ ਜੁੜੀਆਂ ਘਟਨਾਵਾਂ, ਸਰਕਾਰੀ ਜਾਂਚ ਅਤੇ ਅਦਾਲਤੀ ਕਾਰਵਾਈ ਦਾ ਤਰਕ ਆਧਾਰਿਤ ਵਿਸ਼ਲੇਸ਼ਣ ਕਰਦਾ ਹੈ।
ਜਗਰੂਪ ਸਿੰਘ, ਉੱਭਾਵਾਲ (ਸੰਗਰੂਰ)

ਬਜ਼ੁਰਗ ਬਨਾਮ ਪਾਣੀ
7 ਸਤੰਬਰ ਨੂੰ ਨਜ਼ਰੀਆ ਪੰਨੇ ’ਤੇ ਇਕਬਾਲ ਸਿੰਘ ਦੀ ਰਚਨਾ ‘ਬੇਬੇ ਦਾ ਡੋਲੂ’ ਪੜ੍ਹੀ। ਬਜ਼ੁਰਗ ਜਿੱਥੇ ਪਾਣੀ ਦੀ ਵਰਤੋਂ ਸੰਜਮ ਨਾਲ ਕਰਦੇ ਸਨ, ਉੱਥੇ ਉਹ ਇਸ ਦੀ ਪਵਿੱਤਰਤਾ ਲਈ ਵੀ ਸੁਹਿਰਦ ਸਨ। ਅੱਜ ਵਧਦੇ ਸਾਧਨਾਂ ਨਾਲ ਪਾਣੀ ਦੀ ਅੰਨ੍ਹੇਵਾਹ ਵਰਤੋਂ ਵਿਅਰਥ ਜਾਂਦੇ ਪਾਣੀ ਨਾਲ ਉਪਜਦੀਆਂ ਬਿਮਾਰੀਆਂ ਚਿੰਤਾ ਦਾ ਵਿਸ਼ਾ ਹਨ। ਜੇਕਰ ਅਸੀਂ ਹੁਣ ਵੀ ਪਾਣੀ ਬਾਰੇ ਜ਼ਿੰਮੇਵਾਰੀ ਨਾ ਦਿਖਾਈ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਇੰਦਰਜੀਤ ਜਵੰਦਾ, ਫਤਹਿਗੜ੍ਹ ਸਾਹਿਬ

ਰਚਨਾ ਦੀ ਮੌਲਿਕਤਾ
7 ਸਤੰਬਰ ਦੀ ਬਾਲ ਫੁਲਵਾੜੀ ਵਿਚ ਰਘੁਵੀਰ ਸਿੰਘ ਕਲੋਆ ਦੀ ਬਾਲ ਕਹਾਣੀ ‘ਤਿੰਨ ਠੱਗ ਅਤੇ ਆਜੜੀ’ ਮੌਲਿਕ ਨਹੀਂ ਹੈ। ਇਹ ਲੋਕ ਕਹਾਣੀ ਪ੍ਰਾਇਮਰੀ ਜਮਾਤਾਂ ਦੇ ਸਿਲੇਬਸ ਵਿਚ ਵੀ ਸ਼ਾਮਿਲ ਰਹੀ ਸੀ। ਜੇ ਲੇਖਕ ਇਸ ਕਹਾਣੀ ਦੀ ਸਿੱਖਿਆ ਬਦਲ ਕੇ ਆਧੁਨਿਕ ਸੋਚ ਜਾਂ ਵਿਗਿਆਨਕ ਰੂਪ ਦੇ ਦਿੰਦਾ, ਫਿਰ ਵੀ ਠੀਕ ਸੀ ਪਰ ਲੇਖਕ ਨੇ ਤਾਂ ਪੁਰਾਣੀ ਕਹਾਣੀ ਨੂੰ ਆਪਣੇ ਸ਼ਬਦਾਂ ਵਿਚ ਢਾਲ਼ ਲਿਆ। ਚੰਗਾ ਹੁੰਦਾ ਜੇ ਇਹ ਰਚਨਾ ‘ਪੇਸ਼ਕਸ਼’ ਵਜੋਂ ਛਾਪੀ ਜਾਂਦੀ।
ਰਤਨਪਾਲ ਡੂਡੀਆਂ, ਲਹਿਰਾਗਾਗਾ (ਸੰਗਰੂਰ)

ਅਧਿਆਪਕ ਤੇ ਵਿਦਿਆਰਥੀ
6 ਸਤੰਬਰ ਦੇ ਸਿਹਤ ਤੇ ਸਿੱਖਿਆ ਪੰਨੇ ’ਤੇ ਪ੍ਰੋ. ਅੱਛਰੂ ਸਿੰਘ ਦੀ ਰਚਨਾ ‘ਅਧਿਆਪਕ ਤੇ ਵਿਦਿਆਰਥੀ ਦੀ ਸਾਂਝ’ ਪੜ੍ਹੀ। ਇਸ ਕਹਾਣੀ ਰਾਹੀਂ ਲੇਖਕ ਦੱਸਣਾ ਚਾਹੁੰਦਾ ਹੈ ਕਿ ਅਧਿਆਪਕ ਦੀ ਬੱਚੇ ਪ੍ਰਤੀ ਸੂਖ਼ਮ ਸਮਝ, ਮਾਨਸਿਕ, ਸਮਾਜਿਕ ਅਤੇ ਪਰਿਵਾਰਕ ਹਾਲਤ ਨੂੰ ਸਮਝਣਾ ਬਹੁਤ ਅਹਿਮ ਹੈ। ਅੱਜ ਦੀ ਤੇਜ਼ ਤਰਾਰ ਜ਼ਿੰਦਗੀ ਕਾਰਨ ਬਹੁਤ ਘੱਟ ਲੋਕ ਹਨ ਜੋ ਆਪਣੇ ਅਤੇ ਆਪਣੇ ਪੇਸ਼ੇ ਨਾਲ ਨਿਆਂ ਕਰਦੇ ਹਨ। ਬੱਚੇ ਦੀ ਮਾਨਸਿਕਤਾ ਨੂੰ ਸਮਝਣਾ ਬਹੁਤ ਅਹਿਮ ਕਾਰਜ ਹੈ। ਕਾਸ਼! ਸਭ ਅਧਿਆਪਕ ਸ੍ਰੀਮਤੀ ਥਾਂਪਸਨ ਵਰਗੇ ਬਣ ਜਾਣ।
ਸਤਿਗੁਰ ਸਿੰਘ ਸੈਦਪੁਰਾ, ਈਮੇਲ
(2)
ਅਧਿਆਪਕ ਅਤੇ ਵਿਦਿਆਰਥੀ ਦੀ ਸਾਂਝ ਦੀ ਕਹਾਣੀ ਦਿਲ ਨੂੰ ਛੂਹ ਲੈਣ ਵਾਲੀ ਸੀ। ਜ਼ਿੰਦਗੀ ਵਿਚ ਬਹੁਤ ਸਾਰੇ ਅਧਿਆਪਕ ਮਿਲਦੇ ਹਨ ਪਰ ਇਕ ਅਧਿਆਪਕ ਜ਼ਰੂਰ ਹੁੰਦਾ ਹੈ ਜੋ ਸਾਡੇ ਜੀਵਨ ਨੂੰ ਨਵੀਂ ਦਿਸ਼ਾ ਦੇ ਜਾਂਦਾ ਹੈ।
ਸੰਜੂ ਸਚਦੇਵਾ, ਮੁਕਤਸਰ ਸਾਹਿਬ
(3)
ਪ੍ਰੋ. ਅੱਛਰੂ ਸਿੰਘ ਦੀ ਲਿਖਤ ‘ਅਧਿਆਪਕ ਅਤੇ ਵਿਦਿਆਰਥੀ ਦੀ ਸਾਂਝ’ ਨੇ ਅਧਿਆਪਨ ਦਾ ਸਿਖਰ ਪੇਸ਼ ਕੀਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬੱਚੇ ਨੂੰ ਮਨੋਵਿਗਿਆਨਕ ਤੌਰ ’ਤੇ ਸਮਝਣਾ ਬਹੁਤ ਜ਼ਰੂਰੀ ਹੁੰਦੀ ਹੈ। ਇਹ ਸਿਰਫ਼ ਅੱਛੇ ਅਧਿਆਪਨ ਦੀ ਬਦੌਲਤ ਹੀ ਸੰਭਵ ਹੈ ਜਿਸ ਦੀ ਅਜੋਕੇ ਸਮੇਂ ਅੰਦਰ ਘਾਟ ਨਜ਼ਰ ਆ ਰਹੀ ਹੈ।
ਕਰਮਜੀਤ ਸਿੰਘ ਸਮਾਘ, ਮੁਕਤਸਰ ਸਾਹਿਬ

ਰੰਗਾਂ ਤੇ ਖ਼ੁਰਾਕ ਦੀ ਸਾਂਝ
6 ਸਤੰਬਰ ਦੇ ਸਿਹਤ ਤੇ ਸਿੱਖਿਆ ਪੰਨੇ ’ਤੇ ਸੰਜੀਵ ਕੁਮਾਰ ਸ਼ਰਮਾ ਦਾ ਲੇਖ ‘ਰੇਨਬੋ ਡਾਈਟ ਇੰਦਰਧਨੁਸ਼ੀ ਆਹਾਰ’ ਗਿਆਨ ਭਰਪੂਰ ਹੈ। ਲੇਖਕ ਨੇ ਰੰਗਾਂ ਦੀ ਮਹੱਤਤਾ ਨੂੰ ਖ਼ੁਰਾਕ ਨਾਲ ਜੋੜ ਕੇ ਸੋਹਣੇ ਤਰੀਕੇ ਨਾਲ ਸਮਝਾਇਆ ਹੈ। ਇਸੇ ਪੰਨੇ ’ਤੇ ਨਰਿੰਦਰਪਾਲ ਸਿੰਘ ਦਾ ਲੇਖ ‘ਸਵਾਦ ਨਹੀਂ, ਸਿਹਤ ਜ਼ਰੂਰੀ ਹੈ’ ਵੀ ਵਧੀਆ ਹੈ। ਜੇਕਰ ਅਸੀਂ ਇਨ੍ਹਾਂ ਗੱਲਾਂ ਨੂੰ ਆਪਣੇ ਲਈਏ ਤਾਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ।
ਮੁਹੰਮਦ ਇਰਫ਼ਾਨ ਮਲਿਕ, ਪਟਿਆਲਾ

ਭੋਲਾ ਲੇਖਕ!
3 ਸਤੰਬਰ ਦੇ ਲੋਕ ਸੰਵਾਦ ਪੰਨੇ ’ਤੇ ਬਲਦੇਵ ਸਿੰਘ ਦਾ ਲੇਖ ‘ਇਉਂ ਉਡਦੇ ਐ ਹੱਥਾਂ ਦੇ ਤੋਤੇ’ ਪੜ੍ਹਿਆ। ਲੇਖ ਵਿਚ ਲੇਖਕ ਨੇ ਜ਼ਿਆਦਾ ਆਪਣਾ ਹੀ ਭੋਲਾਪਣ ਦਿਖਾਇਆ ਹੈ ਜਦੋਂਕਿ ਉਹ ਇੰਨੇ ਭੋਲੇ ਲੱਗਦੇ ਨਹੀਂ।
ਤੇਜਾ ਸਿੰਘ ਰੌਂਤਾ, ਮੋਗਾ

ਸਵਾਲ ਨਾਲ ਜਵਾਬ
2 ਸਤੰਬਰ ਦੀ ਸੰਪਾਦਕੀ ‘ਇਹ ਕੀ ਹੋ ਰਿਹੈ?’ ਸਵਾਲ ਦੇ ਨਾਲ ਜਵਾਬ ਵੀ ਦੇ ਰਹੀ ਹੈ ਕਿ ਇਹ ਕੁਫ਼ਰ ਹੋ ਰਿਹਾ ਹੈ। ਰੋਮਿਲਾ ਥਾਪਰ ਦੀਆਂ ਲਿਖੀਆਂ ਇਤਿਹਾਸ ਖੋਜ ਪੁਸਤਕਾਂ, ਕੀ ਵੇਰਵੇ ਨਹੀਂ ਹਨ ਜੋ ਹੋਰ ਵੇਰਵੇ ਮੰਗੇ ਜਾ ਰਹੇ ਹਨ? ਅਸਲ ਵਿਚ ਹੁਣ ਦੇ ਹੁਕਮਰਾਨਾਂ ਦਾ ਫ਼ਤਵਾ ਹੈ ਕਿ ਇਤਿਹਾਸ ਉਹ ਹੈ ਜੋ ਉਹ ਕਹਿੰਦੇ ਹਨ। ਇਸੇ ਕਰਕੇ ਮੁਆਫ਼ੀ ਮੰਗ ਕੇ ਅੰਗਰੇਜ਼ਾਂ ਦੀ ਕੈਦ ਵਿਚੋਂ ਨਿਕਲਣ ਵਾਲੇ ਹੁਣ ਮਹਾਂਨਾਇਕ ਬਣਾਏ ਜਾ ਰਹੇ ਹਨ ਅਤੇ ਮਿਥਿਹਾਸ ਨੂੰ ਇਤਿਹਾਸ ਬਣਾਇਆ ਜਾ ਰਿਹਾ ਹੈ। ਰੋਮਿਲਾ ਥਾਪਰ ਦੀ ਖੋਜੀ ਬਿਰਤੀ, ਸਬੂਤ ਅਤੇ ਆਧਾਰ ਹੀ ਉਨ੍ਹਾਂ ਦੀ ਇਤਿਹਾਸਕਾਰੀ ਦਾ ਧੁਰਾ ਹੈ।
ਕਿਰਪਾਲ ਸਿੰਘ ਦਤਾਰੀਏਵਾਲਾ, ਮੋਗਾ

ਅਹਿਮ ਖ਼ਬਰਾਂ ਨਾਲ ਵਿਹਾਰ
ਕਈ ਵਾਰ ਕਈ ਅਹਿਮ ਅਤੇ ਲੋਕਪੱਖੀ ਸਰੋਕਾਰਾਂ ਵਾਲੀਆਂ ਘਟਨਾਵਾਂ ਅੱਖੋਂ ਪਰੋਖੇ ਹੋ ਜਾਂਦੀਆਂ ਹਨ। 30 ਅਗਸਤ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਅਤੇ ਲੋਕ ਮੋਰਚਾ ਤੇ ਜਮਹੂਰੀ ਅਧਿਕਾਰ ਸਭਾ ਦੇ ਸਰਗਰਮ ਆਗੂ ਅਜੀਤ ਸਿੰਘ (72) ਦਾ ਦੇਹਾਂਤ ਹੋ ਗਿਆ। ਉਨ੍ਹਾਂ 35 ਸਾਲ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਦੇ ਸੰਘਰਸ਼ਾਂ ਅਤੇ ਅੰਧਵਿਸ਼ਵਾਸਾਂ ਤੇ ਪਾਖੰਡਵਾਦ ਖ਼ਿਲਾਫ਼ ਕੰਮ ਕੀਤਾ। ਉਨ੍ਹਾਂ 2007 ਵਿਚ ਭਗਤ ਸਿੰਘ ਦੀ ਜਨਮ ਸ਼ਤਾਬਦੀ ਮੌਕੇ 30 ਹੋਰ ਤਰਕਸ਼ੀਲ ਮੈਂਬਰਾਂ ਸਮੇਤ ਮੌਤ ਉਪਰੰਤ ਸਰੀਰ ਖੋਜ ਕਾਰਜਾਂ ਲਈ ਮੈਡੀਕਲ ਕਾਲਜ ਨੂੰ ਦੇਣ ਦਾ ਹਲਫ਼ਨਾਮਾ ਦਿੱਤਾ ਅਤੇ ਪਰਿਵਾਰ ਨੇ ਵੀ ਉਨ੍ਹਾਂ ਦੀ ਇੱਛਾ ਮੁਤਾਬਿਕ ਮ੍ਰਿਤਕ ਸਰੀਰ ਮੈਡੀਕਲ ਕਾਲਜ ਵੱਲਾ (ਅੰਮ੍ਰਿਤਸਰ) ਨੂੰ ਦਿੱਤਾ ਪਰ ਅਜਿਹੇ ਸ਼ਖ਼ਸ ਦੀ ਖ਼ਬਰ 1 ਸਤੰਬਰ ਨੂੰ ਮਾਝਾ ਦੋਆਬਾ ਅੰਕ ਵਿਚ ‘ਇਕ ਨਜ਼ਰ’ ਕਾਲਮ ਵਿਚ ਛਾਪ ਦਿੱਤੀ ਗਈ। ਉਨ੍ਹਾਂ ਦੇ ਗ਼ੈਰ ਧਾਰਮਿਕ ਸ਼ਰਧਾਂਜਲੀ ਅਤੇ ਸਤਿਕਾਰ ਸਮਾਗਮ ਦੀ ਖ਼ਬਰ ਨੂੰ ਵੀ 8 ਸਤੰਬਰ ਨੂੰ ਮਾਝਾ ਦੋਆਬਾ ਅੰਕ ਵਿਚ ਹੀ ਪ੍ਰਕਾਸ਼ਿਤ ਕੀਤਾ ਗਿਆ। ਇਸ ਤੋਂ ਪਹਿਲਾਂ ਜੂਨ ਵਿਚ ਵੀ ਤਰਕਸ਼ੀਲ ਆਗੂ ਮੁਖਵਿੰਦਰ ਚੋਹਲਾ ਦੇ ਸਰੀਰ ਦਾਨ ਦੀ ਖ਼ਬਰ ਨੂੰ ਵੀ ਮਾਝਾ ਦੋਆਬਾ ਅੰਕ ਤਕ ਸੀਮਤ ਕੀਤਾ ਗਿਆ ਸੀ। ਅਜਿਹੀਆਂ ਖ਼ਬਰਾਂ ਪੂਰੇ ਪੰਜਾਬ ਵਿਚ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਲੋਕ ਰੂੜੀਵਾਦੀ ਰਸਮਾਂ ਬਾਰੇ ਸੁਚੇਤ ਹੋ ਸਕਣ।
ਸੁਮੀਤ ਸਿੰਘ, ਅੰਮ੍ਰਿਤਸਰ

ਆਰਥਿਕ ਮੰਦੀ ਬਨਾਮ ਆਰਥਿਕ ਅਸਮਾਨਤਾ
6 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਡਾ. ਗਿਆਨ ਸਿੰਘ ਦੇ ਲੇਖ ‘ਭਾਰਤ ਵਿਚ ਮਿਸ਼ਰਤ ਆਰਥਿਕ ਵਿਵਸਥਾ ਦੀ ਲੋੜ’ ਅਤੇ ਸੰਪਾਦਕੀ ‘ਆਰਥਿਕ ਮੰਦਵਾੜਾ’ ਰਾਹੀਂ ਦੇਸ਼ ਦੀ ਖਸਤਾ ਹਾਲ ਹੋ ਰਹੀ ਆਰਥਿਕ ਵਿਵਸਥਾ ਬਾਰੇ ਜਾਣਕਾਰੀ ਮਿਲੀ। ਦੋਵਾਂ ਰਚਨਾਵਾਂ ਵਿਚ ਦੇਸ਼ ਅਤੇ ਦੇਸ਼ ਦੇ ਲੋਕਾਂ ਦੀ ਆਰਥਿਕ ਮੰਦਹਾਲੀ ਨੂੰ ਲੈ ਕੇ ਕਈ ਕਾਰਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਪਰ ਇਸ ਵਰਤਾਰੇ ਦਾ ਜਿਹੜਾ ਮੁੱਖ ਕਾਰਨ ਸਮਝ ਆਉਂਦਾ ਹੈ, ਉਹ ਜਨਤਾ ਵਿਚ ਡੂੰਘੀ ਤਰ੍ਹਾਂ ਪੈਰ ਪਸਾਰ ਚੁੱਕੀ ਆਰਥਿਕ ਅਸਮਾਨਤਾ ਹੈ। ਸੰਪਾਦਕੀ ਵਿਚ ਅਰਥ ਸ਼ਾਸਤਰੀ ਅਰੁਣ ਕੁਮਾਰ ਵੱਲੋਂ ਮਗਨਰੇਗਾ ਸਬੰਧੀ ਜੋ ਸੁਝਾਅ ਦਿੱਤਾ ਗਿਆ ਹੈ, ਉਹ ਵਾਜਬ ਤਾਂ ਲੱਗਦਾ ਹੈ ਪਰ ਜਿਵੇਂ ਸੰਪਾਦਕੀ ਵਿਚ ਅੱਗੇ ਜਾ ਕੇ ਜ਼ਿਕਰ ਕੀਤਾ ਗਿਆ ਹੈ ਕਿ ਆਰਥਿਕ ਮੰਦਹਾਲੀ ਤੋਂ ਬਚਣ ਲਈ, ਦਿਹਾਤੀ ਖੇਤਰਾਂ ਅਤੇ ਖੇਤੀ ਵਿਚ ਲੱਗੇ ਕਰੋੜਾਂ ਲੋਕਾਂ ਲਈ ਆਮਦਨ ਦੇ ਚੰਗੇ ਸਾਧਨ ਹੀ ਇਸ ਖੜੋਤ ਨੂੰ ਤੋੜ ਸਕਦੇ ਹਨ, ਇਸ ਸਮੱਸਿਆ ਦਾ ਕਾਰਗਰ ਢੰਗ ਸਾਬਤ ਹੋ ਸਕਦਾ ਹੈ।
ਸਹਿਦੇਵ ਕਲੇਰ, ਕਲੇਰ ਕਲਾਂ (ਗੁਰਦਾਸਪੁਰ)


Comments Off on ਪਾਠਕਾਂ ਦੇ ਖ਼ਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.