ਗੁਰੂ ਨਾਨਕ ਚਿੰਤਨਧਾਰਾ ਵਿਚ ਕਿਰਤ ਦਾ ਸੰਕਲਪ !    ਚੜਿਆ ਸੋਧਣਿ ਧਰਿਤੀ ਲੁਕਾਈ !    ਅਫ਼ਗਾਨ ਚੋਣਾਂ: ਵੋਟਾਂ ਦੀ ਗਿਣਤੀ ਮੁੜ ਸ਼ੁਰੂ !    ਹਾਂਗਕਾਂਗ ’ਚ ਪੁਲੀਸ ਨੇ ਪ੍ਰਦਰਸ਼ਨਕਾਰੀ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦੋ ਦਹਿਸ਼ਤਗਰਦ ਹਲਾਕ !    ਚੱਕਰਵਾਤੀ ਤੂਫ਼ਾਨ: ਮਮਤਾ ਵੱਲੋਂ ਮ੍ਰਿਤਕਾਂ ਦੇ ਵਾਰਿਸਾਂ ਦੀ ਮਾਲੀ ਮਦਦ !    ਕਰਨਾਟਕ ਦੇ ਅਯੋਗ ਵਿਧਾਇਕਾਂ ਦੀ ਅਰਜ਼ੀ ’ਤੇ ਫ਼ੈਸਲਾ ਭਲਕੇ !    ਭਾਸ਼ਾ ਵਿਭਾਗ ਲਈ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਕੋਹਾਂ ਦੂਰ !    ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ‘ਬਾਬਾ ਨਾਨਕ 550 ਸਰਵੋਤਮ ਟਰਾਫ਼ੀ’ ਜਿੱਤੀ !    ਹਰਿਆਣਾ ਤੇ ਹਿਮਾਚਲ ਦੇ ਮੁੱਖ ਮੰਤਰੀ ਬੇਰ ਸਾਹਿਬ ਨਤਮਸਤਕ !    

ਪਾਠਕਾਂ ਦੇ ਖ਼ਤ

Posted On September - 9 - 2019

ਲਾਵਾਰਸ ਪਸ਼ੂ: ਜ਼ਿੰਮੇਵਾਰ ਕੌਣ ?
7 ਸਤੰਬਰ ਨੂੰ ਖੇਤੀ/ਖੇਡਾਂ ਪੰਨੇ ਉੱਤੇ ਰਾਕੇਸ਼ ਰਮਨ ਨੇ ਅਵਾਰਾ ਪਸ਼ੂਆਂ ਕਾਰਨ ਹੁੰਦੇ ਨੁਕਸਾਨ ਬਾਰੇ ਵਿਸਥਾਰ ਵਿਚ ਦੱਸਿਆ ਹੈ। ਪ੍ਰਸ਼ਾਸਨ ਟਰੈਫ਼ਿਕ ਦੇ ਅਸੂਲਾਂ ਬਾਰੇ ਲੋਕਾਂ ਨੂੰ ਸਮੇਂ ਸਮੇਂ ਜਾਗਰੂਕ ਕਰਦਾ ਹੈ ਪਰ ਹੁਣ ਜੁਰਮਾਨੇ ਕਾਫ਼ੀ ਵਧਾ ਕੇ ਲੋਕਾਂ ’ਤੇ ਕਾਫ਼ੀ ਬੋਝ ਪਾ ਦਿੱਤਾ ਹੈ। ਹੁਣ ਜੇਕਰ ਕੋਈ ਆਦਮੀ ਪੂਰੇ ਕਾਗਜ਼ ਪੱਤਰਾਂ ਨਾਲ, ਸੀਟ ਬੈਲਟ ਲਾ ਕੇ ਚੌਪਹੀਆ ਵਾਹਨ ਵਿਚ ਜਾ ਰਿਹਾ ਹੋਵੇ ਅਤੇ ਸੜਕ ਉੱਪਰ ਅਵਾਰਾ ਪਸ਼ੂਆਂ ਨਾਲ ਟਕਰਾ ਕੇ ਨੁਕਸਾਨ ਹੁੰਦਾ ਹੈ ਤਾਂ ਫਿਰ ਕੌਣ ਜ਼ਿੰਮੇਵਾਰ ਹੋਵੇਗਾ ?
ਜਸਦੀਪ ਸਿੰਘ ਢਿੱਲੋਂ, ਫਰੀਦਕੋਟ
(2)
ਰਾਕੇਸ਼ ਰਮਨ ਨੇ ਆਪਣੇ ਲੇਖ ਵਿਚ ਠੀਕ ਹੀ ਲਿਖਿਆ ਹੈ ਕਿ ਲਾਵਾਰਸ ਪਸ਼ੂਆਂ ਵਿਚ ਗਊਆਂ ਅਤੇ ਢੱਠਿਆਂ ਦੀ ਬਹੁਗਿਣਤੀ ਹੈ। ਇਸ ਸਭ ਕਾਸੇ ਲਈ ਸਾਡਾ ਧਾਰਮਿਕ ਅਕੀਦਾ ਜ਼ਿੰਮੇਵਾਰ ਹੈ। ਦੇਖਿਆ ਗਿਆ ਹੈ ਕਿ ਸ਼ਹਿਰੀ ਲੋਕ ਪੇੜਾ ਜਾਂ ਰੋਟੀ ਇਨ੍ਹਾਂ ਪਸ਼ੂਆਂ ਨੂੰ ਖੁਆਉਂਦੇ ਹਨ। ਇਸੇ ਕਾਰਨ ਇਹ ਤੰਗ ਗਲੀਆਂ ਵਿਚ ਦਨਦਨਾਉਂਦੇ ਫਿਰਦੇ ਹਨ ਅਤੇ ਇਨ੍ਹਾਂ ਕਾਰਨ ਅਨੇਕਾਂ ਹਾਦਸੇ ਹੁੰਦੇ ਹਨ। ਜੋਤਸ਼ੀਆਂ ’ਤੇ ਵੀ ਸ਼ਿੰਕਜਾ ਕੱਸਣ ਦੀ ਲੋੜ ਹੈ ਜਿਹੜੇ ਅਜਿਹੀਆਂ ਧਾਰਮਿਕ ਕਾਰਵਾਈਆਂ ਨੂੰ ਉਤਸ਼ਾਹਿਤ ਕਰਦੇ ਹਨ।
ਸਾਗਰ ਸਿੰਘ ਸਾਗਰ, ਬਰਨਾਲਾ
(3)
ਲੇਖ ‘ਕਿਸਾਨਾਂ ਅਤੇ ਆਮ ਲੋਕਾਂ ਲਈ ਆਵਾਰਾ ਪਸ਼ੂਆਂ ਦੀ ਸਮੱਸਿਆ’ ਵਿਚ ਅਵਾਰਾ ਪਸ਼ੂਆਂ ਦੀ ਕਠੋਰ ਸਮੱਸਿਆ ਸੁਲਝੇ ਹੋਏ ਤਰੀਕੇ ਨਾਲ ਪੇਸ਼ ਕੀਤੀ ਹੈ, ਨਾਲ ਹੀ ਕੁਝ ਸੁਝਾਅ ਵੀ ਦੇਣ ਦੀ ਕੋਸ਼ਿਸ਼ ਵੀ ਹੈ। ਦੁਧਾਰੂ ਪਸ਼ੂਆਂ ਨੂੰ ਵਰਤ ਕੇ ਘਰੋਂ ਬਾਹਰ ਕੱਢਣਾ ਆਮ ਬਾਤ ਹੈ। ਜੇ ਅੰਧਵਿਸ਼ਵਾਸ ਨੂੰ ਸਮਝ ਕੇ ਪਸ਼ੂਆਂ ਦੀ ਸੰਭਾਲ ਕੀਤੀ ਜਾਵੇ ਤਾਂ ਵੀ ਮਸਲੇ ਦਾ ਹੱਲ ਹੋਣ ਦੀ ਸੰਭਾਵਨਾ ਬਣਦੀ ਹੈ। ਆਮ ਘਰਾਂ ਵਿਚ ਚਾਰਾ ਤੇ ਪੇੜਾ ਪਾਉਣ ਦੀ ਪਿਰਤ ਨੇ ਗਲੀਆਂ ਵਿਚ ਇਨ੍ਹਾਂ ਦੀ ਭਰਮਾਰ ਕਰ ਦਿੱਤੀ ਹੈ। ਲੋਕ ਡਰਦੇ ਸਵੇਰ ਦੀ ਸੈਰ ਵੀ ਸੰਕੋਚ ਨਾਲ ਕਰਦੇ ਹਨ। ਹਰ ਵੇਲੇ ਸਿਰ ’ਤੇ ਖ਼ਤਰਾ ਮੰਡਰਾਉਂਦਾ ਹੈ।
ਸੁਰਜੀਤ ਸਿੰਘ, ਨੰਗਲਾ (ਬਠਿੰਡਾ)
(4)
ਅਵਾਰਾ ਪਸ਼ੂ ਤੁਰੇ ਜਾਂਦੇ ਬੰਦੇ ’ਤੇ ਵੀ ਹਮਲਾ ਕਰ ਦਿੰਦੇ ਹਨ। ਬਹੁਤ ਵਾਰ ਜਾਨੀ ਨੁਕਸਾਨ ਵੀ ਹੋ ਚੁੱਕਾ ਹੈ। ਇਸ ਲਈ ਬੇਨਤੀ ਉਨ੍ਹਾਂ ਲੋਕਾਂ ਨੂੰ ਹੈ ਜੋ ਪੁੰਨ ਖਾਤਰ ਇਨ੍ਹਾਂ ਨੂੰ ਪੇੜਾ ਜਾਂ ਚਾਰਾ ਦਿੰਦੇ ਹਨ। ਜੇ ਅਜਿਹਾ ਕੁਝ ਕਰਨ ਦੀ ਇੱਛਾ ਹੈ ਤਾਂ ਇਨ੍ਹਾਂ ਪਸ਼ੂਆਂ ਨੂੰ ਗਊਸ਼ਾਲਾ ਵਿਚ ਛੱਡਿਆ ਜਾ ਸਕਦਾ ਹੈ ਤੇ ਗਊਸ਼ਾਲਾ ਦੀ ਆਰਥਿਕ ਮਦਦ ਕੀਤੀ ਜਾ ਸਕਦੀ ਹੈ ਜਾਂ ਉੱਥੋਂ ਦੇ ਪਸ਼ੂਆਂ ਨੂੰ ਚਾਰਾ ਪਾਇਆ ਜਾ ਸਕਦਾ ਹੈ।
ਸੁਖਦੀਪ ਸਿੰਘ ਗਿੱਲ, ਈਮੇਲ

ਕਸ਼ਮੀਰ ਬਾਰੇ ਗ਼ੈਰ ਵਿਹਾਰਕ ਸੋਚ
5 ਸਤੰਬਰ ਨੂੰ ਨਜ਼ਰੀਆ ਪੰਨੇ ’ਤੇ ਜੀ ਪਾਰਥਾਸਾਰਥੀ ਦਾ ਲੇਖ ‘ਕਸ਼ਮੀਰ ਸਮੱਸਿਆ ਵਿਚਲੀਆਂ ਉਲਝਣਾਂ’ ਪੜ੍ਹਿਆ। ਇਹ ਲੇਖ ਕਸ਼ਮੀਰ ਬਾਰੇ ਸਹੀ ਰੋਸ਼ਨੀ ਨਹੀਂ ਦਿੰਦਾ। ਪਹਿਲਾਂ ਕਸ਼ਮੀਰ ਮੁੱਦੇ ਦੇ ਕੌਮਾਂਤਰੀਕਰਨ ਦੀਆਂ ਪਾਕਿਸਤਾਨੀ ਕੋਸ਼ਿਸ਼ਾਂ ਦੀ ਨਾਕਾਮੀ ਬਾਰੇ ਲਿਖਿਆ ਹੈ। ਯੂਐੱਨਓ ਦਾ ਮਤਾ ਅੱਜ ਵੀ ਰਾਏਸ਼ੁਮਾਰੀ ਨਾਲ ਹੱਲ ਕਰਨ ਉੱਪਰ ਕਾਇਮ ਹੈ ਅਤੇ ਸ੍ਰੀਨਗਰ ਵਿਚ ਯੂਐੱਨਓ ਦੇ ਅਬਜ਼ਰਵਰਾਂ ਦਾ ਦਫ਼ਤਰ ਹੈ। ਦੁਨੀਆ ਦਾ ਕੋਈ ਮੁਲਕ ਇਹ ਕਹਿਣ ਨੂੰ ਤਿਆਰ ਨਹੀਂ ਕਿ ਕਸ਼ਮੀਰ ਭਾਰਤ ਦਾ ਹਿੱਸਾ ਹੈ। ਫਿਰ ਕੌਮਾਂਤਰੀਕਰਨ ਵਿਚ ਕਸਰ ਕੀ ਹੈ? ਨਾ ਤਾਂ ਲੇਖਕ ਨੇ ਧਾਰਾ 370 ਤੋੜਨ ਦੀ ਕੋਈ ਵਜ੍ਹਾ ਦੱਸੀ ਤੇ ਨਾ ਹੀ ਮਹੀਨੇ ਭਰ ਤੋਂ ਚੱਲਦੀਆਂ ਘੋਰ ਗ਼ੈਰ ਇਨਸਾਨੀ ਪਾਬੰਦੀਆਂ ਦਾ ਕਾਰਨ ਦੱਸਿਆ ਹੈ। ਲੇਖਕ ਨੇ ਕਸ਼ਮੀਰ ਵਿਚ ਕਿਹੋ ਜਿਹਾ ਪ੍ਰਸ਼ਾਸਨ ਹੋਣਾ ਚਾਹੀਦਾ ਹੈ, ਦੀ ਗੱਲ ਕੀਤੀ ਹੈ ਪਰ ਇਹ ਨਹੀਂ ਦੱਸਿਆ ਕਿ ਇਹ ਪ੍ਰਸ਼ਾਸਨ ਬਣਾਏਗਾ ਕੌਣ, ਲੋਕ ਜਾਂ ਕੋਈ ਹੋਰ? ਜਮਹੂਰੀ ਢਾਂਚੇ ਦੀ ਬਹਾਲੀ ਦੀ ਗੱਲ ਹੀ ਨਹੀਂ ਕੀਤੀ। ਲੇਖਕ ਮੁਤਾਬਕ ਪਾਕਿਸਤਾਨ ਦੇ ਬਹੁਤੇ ਹਥਠੋਕੇ ਇਸ ਸਮੇਂ ਜੇਲ੍ਹਾਂ ਵਿਚ ਹਨ ਤੇ ਉਹ ਉੱਥੇ ਹੀ ਰਹਿਣੇ ਚਾਹੀਦੇ ਹਨ ਪਰ ਕੀ ਸਾਰੀ ਉਮਰ ਵਾਸਤੇ? ਕੀ ਬਿਨਾ ਮੁਕੱਦਮਾ ਚਲਾਏ? ਇਹ ਤਾਂ ਲਿਖਿਆ ਹੈ ਕਿ ਪਾਕਿਸਤਾਨ ਬੇਚੈਨੀ ਫੈਲਾਉਣ ਦੀ ਕੋਸ਼ਿਸ਼ ਕਰੇਗਾ ਪਰ ਲੋਕਾਂ ਵਿਚ ਵੀ ਬੇਚੈਨੀ ਹੈ ਕਿ ਨਹੀਂ, ਇਸ ਬਾਰੇ ਕੁਝ ਨਹੀਂ ਲਿਖਿਆ। ਫੋਨਾਂ ਤੇ ਅਖ਼ਬਾਰਾਂ ਦੀਆਂ ਮਹੀਨੇ ਭਰ ਦੀਆਂ ਅਸਹਿ ਪਾਬੰਦੀਆਂ ਦੱਸਦੀਆਂ ਹਲ ਕਿ ਕਸ਼ਮੀਰ ਦੇ ਲੋਕ ਡਾਢੇ ਨਾਰਾਜ਼ ਹਨ।
ਅਭੈ ਸਿੰਘ, ਮਨੀਮਾਜਰਾ (ਚੰਡੀਗੜ੍ਹ)
(2)
ਮਹੀਨੇ ਭਰ ਤੋਂ ਕਸ਼ਮੀਰ ਵਾਦੀ ਅਲੱਗ-ਥਲੱਗ ਹੈ ਪਰ ਸਰਕਾਰ ਰੋਜ਼ ਦਾਅਵੇ ਕਰਦੀ ਨਹੀਂ ਥੱਕਦੀ ਕਿ ਕੁਝ ਰਾਹਤ ਦੇ ਦਿੱਤੀ ਗਈ ਹੈ। ਆ ਰਹੀਆਂ ਮੀਡੀਆ ਰਿਪੋਰਟਾਂ ਅਨੁਸਾਰ, ਦਿੱਤੀ ਜਾ ਰਹੀ ਸੂਚਨਾ ਅੱਧ-ਪਚੱਧੀ ਸੱਚ ਹੈ, ਤੱਥ ਉਕਾ ਹੀ ਗ਼ਲਤ ਦੱਸੇ ਜਾ ਰਹੇ ਹਨ। ਹਕੀਕਤ ਇਹ ਹੈ ਕਿ ਉੱਥੇ ਕੋਈ ਆਪਸ ਵਿਚ ਸੰਪਰਕ ਹੀ ਨਹੀਂ। ਆਵਾਜਾਈ ਵਿਰਲੀ-ਟਾਵੀਂ ਹੈ ਅਤੇ ਸਕੂਲ ਬੱਚਿਆਂ ਤੋਂ ਖਾਲੀ ਹਨ। ਬੁਨਿਆਦੀ ਹੱਕਾਂ ਦਾ ਘਾਣ ਹੋ ਰਿਹਾ ਹੈ। ਸਰਕਾਰੀ ਦਫ਼ਤਰਾਂ ਵਿਚ ਕੰਮਕਾਰ ਨਹੀਂ ਹੋ ਰਿਹਾ। ਸਿਆਸੀ ਆਗੂ ਸੀਖਾਂ ਵਿਚ ਤਾੜੇ ਹੋਏ ਹਨ। ਹਜ਼ਾਰਾਂ ਕਸ਼ਮੀਰੀ ਜੇਲ੍ਹ ਵਰਗਾ ਵਿਹਾਰ ਝੱਲ ਰਹੇ ਹਨ। ਆਰਥਿਕਤਾ ਡਾਵਾਂਡੋਲ ਹੋ ਗਈ ਹੈ। ਸਰਕਾਰ ਆਖ਼ਿਰ ਚਾਹੁੰਦੀ ਕੀ ਹੈ?
ਐੱਸਕੇ ਖੋਸਲਾ, ਚੰਡੀਗੜ੍ਹ

ਪਾਠਕ ਕਿ ਸਰੋਤਾ?
2 ਸਤੰਬਰ ਦੇ ਅੰਕ ’ਚ ਪਰਗਟ ਸਿੰਘ ਸਤੌਜ ਦਾ ਮਿਡਲ ‘ਅਨਪੜ੍ਹ ਪਾਠਕ’ ਪੜ੍ਹਿਆ। ਕਿਸੇ ਅਨਪੜ੍ਹ ਸ਼ਖ਼ਸ ਦਾ ਕਿਤਾਬ ਬਾਰੇ ਮੋਹ ਪੜ੍ਹ ਕੇ ਖੁਸ਼ੀ ਹੋਈ। ਉਂਜ ਮਿਡਲ ਦਾ ਸਿਰਲੇਖ ‘ਅਨਪੜ੍ਹ ਪਾਠਕ’ ਲੇਖ ਵਿਚਲੇ ਪਾਤਰ ਲਈ ਢੁੱਕਵਾਂ ਨਹੀਂ ਲੱਗਿਆ। ਅਨਪੜ੍ਹ ਬੰਦਾ ਪਾਠਕ ਨਹੀਂ ਹੋ ਸਕਦਾ। ਪਾਠਕ ਤਾਂ ਸਿਮਰਨ ਹੈ, ਉਸ ਦੇ ਮਾਮੇ ਦਾ ਮੁੰਡਾ ਤਾਂ ਸਰੋਤਾ ਹੈ। ਭਗਤੀ ਸ਼ਬਦ ਦੀ ਥਾਂ ਵੀ ਜੇ ਧਿਆਨ ਸ਼ਬਦ ਹੁੰਦਾ ਤਾਂ ਵਧੀਆ ਸੀ।
ਸਨੇਹਇੰਦਰ ਮੀਲੂ ਫਰੌਰ, ਖੰਨਾ

ਆਰਥਿਕ ਸੰਕਟ, ਬੇਰੁਜ਼ਗਾਰੀ ਅਤੇ ਸਰਕਾਰ
6 ਸਤੰਬਰ ਦਾ ਸੰਪਾਦਕੀ ਭਾਰਤ ਦੇ ਆਰਥਿਕ ਮੰਦਵਾੜੇ ਬਾਰੇ ਚਰਚਾ ਕਰਦਾ ਹੈ। ਅਰਥ ਸ਼ਾਸਤਰੀ ਅਰੁਣ ਕੁਮਾਰ ਨੇ ਮਗਨਰੇਗਾ ਸਕੀਮ ਤਹਿਤ ਪੇਂਡੂ ਖੇਤਰ ਵਿਚ ਰੁਜ਼ਗਾਰ ਦੇਣ ਦੀ ਸਲਾਹ ਦਿੱਤੀ ਹੈ। ਦੇਸ਼ ਨੂੰ ਆਰਥਿਕ ਸੰਕਟ ਵਿਚੋਂ ਕੱਢਣ ਲਈ ਬੇਰੁਜ਼ਗਾਰੀ ਨੂੰ ਦੂਰ ਕਰਨਾ ਪਵੇਗਾ। ਨਾ ਸਿਰਫ਼ ਮਗਨਰੇਗਾ ਸਗੋਂ ਪਬਲਿਕ ਤੇ ਪ੍ਰਾਈਵੇਟ ਖੇਤਰ ਵਿਚ ਵੀ ਰੁਜ਼ਗਾਰ ਦਿੱਤਾ ਜਾਵੇ। ਲੋਕਾਂ ਦੀ ਖ਼ਰੀਦ ਸ਼ਕਤੀ ਰੁਜ਼ਗਾਰ ਨਾਲ ਹੀ ਵਧੇਗੀ। ਇਕ ਲੱਖ 76 ਹਜ਼ਾਰ ਕਰੋੜ ਰੁਪਏ ਉੱਪਰਲੇ ਇਕ ਫ਼ੀਸਦੀ ਨੂੰ ਦੇਣ ਨਾਲ ਇਹ ਸੰਕਟ ਦੂਰ ਨਹੀਂ ਹੋਣਾ, ਇਸ ਵਰਗ ਕੋਲ ਦੇਸ਼ ਦੀ ਕੁੱਲ ਦੌਲਤ ਦਾ 73 ਫ਼ੀਸਦੀ ਹਿੱਸਾ ਹੈ। ਇਕ ਫ਼ੀਸਦੀ ਕੋਲ ਦੇਸ਼ ਦੀ ਦੌਲਤ ਦਾ ਤਿੰਨ ਚੌਥਾਈ ਹਿੱਸਾ ਇਕੱਠਾ ਹੋਣ ਕਾਰਨ ਹੀ ਆਰਥਿਕ ਖੜੋਤ ਆਈ ਹੈ। ਇਸੇ ਦਿਨ ਡਾ. ਗਿਆਨ ਸਿੰਘ ਨੇ ਆਪਣੇ ਲੇਖ ਵਿਚ ਭਾਰਤ ਵਿਚ ਮਿਸ਼ਰਤ ਆਰਥਿਕ ਵਿਵਸਥਾ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਸਰਕਾਰ ਨੂੰ ਪਬਲਿਕ ਸੈਕਟਰ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਦਲਬਾਰ ਸਿੰਘ, ਈਮੇਲ


Comments Off on ਪਾਠਕਾਂ ਦੇ ਖ਼ਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.