ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਪਾਕਿ ਤੋਂ ਜਾਨ ਬਚਾ ਕੇ ਖੰਨਾ ਪਹੁੰਚਿਆ ਇਮਰਾਨ ਦੀ ਪਾਰਟੀ ਦਾ ਸਾਬਕਾ ਵਿਧਾਇਕ

Posted On September - 10 - 2019

ਧਰਮਿੰਦਰ ਸਿੰਘ ਵਿੱਕੀ
ਖੰਨਾ, 9 ਸਤੰਬਰ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦਾ ਸਾਬਕਾ ਵਿਧਾਇਕ ਬਲਦੇਵ ਕੁਮਾਰ (43) ਆਪਣੇ ਪਰਿਵਾਰ ਸਮੇਤ ਜਾਨ ਬਚਾ ਕੇ ਆਪਣੇ ਸਹੁਰੇ ਘਰ ਖੰਨਾ ਪਹੁੰਚ ਗਿਆ ਹੈ। ਪਾਕਿਸਤਾਨ ਵਿੱਚ ਘੱਟ ਗਿਣਤੀ ਵਰਗਾਂ ’ਤੇ ਹੁੰਦੇ ਜ਼ੁਲਮਾਂ ਕਾਰਨ ਉਸ ਨੇ ਮੁੜ ਆਪਣੇ ਮੁਲਕ ਵਾਪਸੀ ਕਰਨ ਤੋਂ ਤੌਬਾ ਕੀਤੀ ਹੈ। ਇੱਥੇ ਬਲਦੇਵ ਕੁਮਾਰ ਨੇ ਦੱਸਿਆ ਕਿ ਉਸ ਦਾ ਵਿਆਹ 2007 ਵਿੱਚ ਖੰਨਾ ਵਾਸੀ ਭਾਵਨਾ ਨਾਲ ਹੋਇਆ ਸੀ। ਉਨ੍ਹਾਂ ਦੀ 11 ਸਾਲਾਂ ਦੀ ਧੀ ਰੀਆ ਤੇ 10 ਸਾਲਾਂ ਦਾ ਪੁੱਤਰ ਸੈਮ ਪਾਕਿਸਤਾਨੀ ਨਾਗਰਿਕ ਹਨ। ਵਿਆਹ ਸਮੇਂ ਉਹ ਪਕਿਸਤਾਨ ਵਿਚ ਕੌਂਸਲਰ ਸੀ ਅਤੇ ਵਿਆਹ ਮਗਰੋਂ ਉਹ ਖੈਬਰ ਪਖਤੂਨਖਵਾ (ਕੇਪੀਏ) ਵਿਧਾਨ ਸਭਾ ਸੀਟ ਬਾਰੀਕੋਟ (ਰਿਜ਼ਰਵ) ਤੋਂ ਵਿਧਾਇਕ ਚੁਣਿਆ ਗਿਆ ਸੀ। ਸਾਲ 2016 ਵਿਚ ਉਸ ਨੂੰ ਪਾਰਟੀ ਦੇ ਹੀ ਵਿਧਾਇਕ ਸੂਰਨ ਸਿੰਘ ਦੇ ਕਤਲ ਦੇ ਦੋਸ਼ ਲਾ ਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਆਪਣਾ ਕਾਰਜਕਾਲ ਖ਼ਤਮ ਹੋਣ ਤੋਂ ਦੋ ਦਿਨ ਪਹਿਲਾਂ ਉਹ ਕੇਸ ’ਚੋਂ ਬਰੀ ਹੋ ਗਿਆ ਸੀ ਅਤੇ ਵਿਧਾਨ ਸਭਾ ਵਿੱਚ ਸਹੁੰ ਚੁੱਕ ਕੇ ਡੇਢ ਦਿਨ ਲਈ ਐੱਮਪੀਏ (ਵਿਧਾਇਕ) ਬਣਿਆ ਸੀ। ਉਸ ਨੇ ਦੱਸਿਆ ਕਿ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਉਸ ਨੂੰ ਉਮੀਦ ਸੀ ਕਿ ਉਹ ਨਵਾਂ ਪਾਕਿਸਤਾਨ ਬਣਾਉਣਗੇ ਪ੍ਰੰਤੂ ਘੱਟ ਗਿਣਤੀ ਵਰਗਾਂ ’ਤੇ ਜ਼ੁਲਮ ਹੋਰ ਵਧ ਗਏ। ਆਪਣੀ ਤੇ ਪਰਿਵਾਰ ਦੀ ਜਾਨ ਨੂੰ ਖਤਰਾ ਭਾਂਪਦਿਆਂ ਉਸ ਨੇ ਈਦ ਤੋਂ ਪਹਿਲਾਂ ਆਪਣਾ ਪਰਿਵਾਰ ਖੰਨਾ ਭੇਜ ਦਿੱਤਾ ਸੀ ਅਤੇ 12 ਅਗਸਤ ਨੂੰ ਉਹ ਖ਼ੁਦ ਤਿੰਨ ਮਹੀਨੇ ਦੇ ਵੀਜ਼ੇ ਉਪਰ ਭਾਰਤ ਪੁੱਜ ਗਿਆ। ਉਸ ਨੇ ਪੈਦਲ ਅਟਾਰੀ ਸਰਹੱਦ ਪਾਰ ਕੀਤੀ ਤੇ ਫਿਰ ਬੱਸ ਰਾਹੀਂ ਖੰਨਾ ਪਹੁੰਚੇ। ਹੁਣ ਉਹ ਕਿਸੇ ਵੀ ਕੀਮਤ ’ਤੇ ਪਾਕਿਸਤਾਨ ਨਹੀਂ ਜਾਣਾ ਚਾਹੁੰਦੇ। ਬਲਦੇਵ ਕੁਮਾਰ ਨੇ ਕਿਹਾ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਪਾਕਿਸਤਾਨ ਵਿਚ ਹੋ ਰਹੇ ਜ਼ੁਲਮਾਂ ਦੀ ਦਾਸਤਾਨ ਦੱਸਣਗੇ ਅਤੇ ਭਾਰਤ ਰਹਿਣ ਲਈ ਨਾਗਰਿਕਤਾ ਦੇ ਨਾਲ-ਨਾਲ ਸਿਆਸੀ ਸ਼ਰਨ ਦੀ ਮੰਗ ਵੀ ਕਰਨਗੇ।
ਬਲਦੇਵ ਕੁਮਾਰ ਦੀ ਪਤਨੀ ਭਾਵਨਾ ਨੇ ਕਿਹਾ ਕਿ ਪਾਕਿਸਤਾਨ ਦੇ ਹਾਲਾਤ ਦੇਖ ਕੇ ਉਸ ਨੇ ਭਾਰਤ ਦੀ ਨਾਗਰਿਕਤਾ ਨਹੀਂ ਛੱਡੀ ਸੀ। ਪਾਕਿਸਤਾਨ ਵਿਚ ਔਰਤਾਂ ਵਲੋਂ ਨੌਕਰੀ ਕਰਨਾ ਤਾਂ ਦੂਰ ਦੀ ਗੱਲ, ਉਹ ਤਾਂ ਆਪਣੀ ਮਰਜ਼ੀ ਨਾਲ ਘਰੋਂ ਵੀ ਬਾਹਰ ਨਹੀਂ ਜਾ ਸਕਦੀਆਂ। ਉਹ ਹੁਣ ਮੁੜ ਉਥੇ ਨਹੀਂ ਜਾਣਗੇ।


Comments Off on ਪਾਕਿ ਤੋਂ ਜਾਨ ਬਚਾ ਕੇ ਖੰਨਾ ਪਹੁੰਚਿਆ ਇਮਰਾਨ ਦੀ ਪਾਰਟੀ ਦਾ ਸਾਬਕਾ ਵਿਧਾਇਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.