ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਪਟਿਆਲਾ ਦਰਬਾਰ ਦਾ ਗਵੱਈਆ ਭਾਈ ਛੈਲਾ

Posted On September - 7 - 2019

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ
ਮਨਦੀਪ ਸਿੰਘ ਸਿੱਧੂ

ਸਾਂਝੇ ਪੰਜਾਬ ਦੇ ਦੋ ਮਸ਼ਹੂਰ ਲੋਕ ਗਵੱਈਆਂ ਦੀ 1930 ਦੇ ਅਸ਼ਰੇ ਵਿਚ ਪੰਜਾਬੀ ਤੇ ਹਿੰਦੀ ਸਿਨਮਾ ਵਿਚ ਆਮਦ ਹੋਈ। ਪਹਿਲਾ ਅੰਮ੍ਰਿਤਸਰ ਦੇ ਰਬਾਬੀਆਂ ਦਾ ਫ਼ਰਜ਼ੰਦ ਭਾਈ ਦੇਸਾ (1905-1973) ਅਤੇ ਦੂਜਾ ਸੀ ਪਟਿਆਲਾ ਦਰਬਾਰ ਦਾ ਖ਼ਾਸ ਗਵੱਈਆ ਭਾਈ ਛੈਲਾ ‘ਪਟਿਆਲਾ ਵਾਲਾ’। ਭਾਈ ਛੈਲਾ ਨੇ ਸਿਰਫ਼ ਇਕੋ ਪੰਜਾਬੀ ਫ਼ਿਲਮ ਵਿਚ ਅਦਾਕਾਰੀ ਕੀਤੀ ਅਤੇ 7 ਹਿੰਦੀ ਫ਼ਿਲਮਾਂ ਦਾ ਖ਼ੂਬਸੂਰਤ ਸੰਗੀਤ ਤਾਮੀਰ ਕੀਤਾ। ਇਨ੍ਹਾਂ ’ਚੋਂ 3 ਫ਼ਿਲਮਾਂ ਵਿਚ ਆਪਣੀ ਫ਼ਨ-ਏ-ਅਦਾਕਾਰੀ ਦੀ ਨੁਮਾਇਸ਼ ਵੀ ਕੀਤੀ। ਫ਼ਿਲਮੀ ਦੁਨੀਆਂ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਭਾਈ ਛੈਲਾ ਸ਼ਬਦ ਕੀਰਤਨ, ਗ਼ਜ਼ਲਾਂ, ਮਜ਼ਾਹੀਆ ਗੀਤ, ਪੰਜਾਬੀ ਲੋਕ ਗੀਤ ਤੇ ਬੋਲੀਆਂ ਰਾਹੀਂ ਆਵਾਮ ’ਚ ਆਪਣੀ ਪੁਖ਼ਤਾ ਸ਼ਨਾਖ਼ਤ ਰੱਖਦਾ ਸੀ।
ਭਾਈ ਛੈਲਾ ਦੀ ਪੈਦਾਇਸ਼ 13 ਦਸੰਬਰ 1895 ਨੂੰ ਮਾਝੇ ਦੀ ਧਰਤ ’ਤੇ ਵੱਸੇ ਸ਼ਹਿਰ ਤਰਨ ਤਾਰਨ ਦੇ ਮੁਸਲਿਮ ਰਬਾਬੀ ਖ਼ਾਨਦਾਨ ਵਿਚ ਹੋਈ। ਜਵਾਨੀ ਦਾ ਬਹੁਤਾ ਸਮਾਂ ਪਟਿਆਲਾ ਗ਼ੁਜ਼ਾਰਨ ਸਦਕਾ ਉਸ ਦੇ ਨਾਮ ਪਿੱਛੇ ‘ਪਟਿਆਲਾ’ ਪੱਕੇ ਤੌਰ ’ਤੇ ਮਨਸੂਬ ਹੋ ਗਿਆ। ਬੇਸ਼ੱਕ ਉਸ ਨੇ ਸੰਗੀਤ ਦੀ ਬਕਾਇਦਗੀ ਨਾਲ ਤਾਲੀਮ ਹਾਸਲ ਨਹੀਂ ਕੀਤੀ ਸੀ, ਪਰ ਹਲਕੇ-ਫੁਲਕੇ ਲੋਕ ਗੀਤ ਗਾਉਣ ਸਦਕਾ ਉਹ ਹਰ ਵਰਗ ਦੇ ਲੋਕਾਂ ਵਿਚ ਹਰਦਿਲ ਅਜ਼ੀਜ਼ ਜ਼ਰੂਰ ਸੀ। ਉਸਨੇ ਸ਼ਬਦ ਕੀਰਤਨ ਤਾਂ ਭਾਵੇਂ ਘੱਟ ਕੀਤਾ, ਪਰ ਪੰਜਾਬੀ ਲੋਕ ਗੀਤ, ਮਜ਼ਾਹੀਆ ਗੀਤ, ਪੰਜਾਬੀ ਬੋਲੀਆਂ, ਗ਼ਜ਼ਲਾਂ (ਉਰਦੂ-ਪੰਜਾਬੀ) ਜ਼ਰੀਏ ਬੇਪਨਾਹ ਮਕਬੂਲੀਅਤ ਜ਼ਰੂਰ ਪਾਈ।
1920 ਦੇ ਦਹਾਕੇ ਵਿਚ ਉਸਦੀ ਦਿਲਕਸ਼ ਆਵਾਜ਼ ਦੇ ਚਰਚੇ ਰਿਆਸਤ ਪਟਿਆਲਾ ਤੋਂ ਲੈ ਕੇ ਅੰਮ੍ਰਿਤਸਰ, ਲਾਹੌਰ ਦੇ ਹਰ ਗਲੀ-ਬਾਜ਼ਾਰ ਵਿਚ ਸਨ। ਭਾਈ ਛੈਲਾ ਦੇ 1924-25 ਵਿਚ ਗਾਏ ਤੇ ਪੱਥਰ ਦੇ ਰਿਕਾਰਡਾਂ ’ਚ ਆਏ ਇਹ ਮਸ਼ਹੂਰ ਜ਼ਮਾਨਾ ਪੰਜਾਬੀ ਲੋਕ ਗੀਤ, ਹਿੰਦੀ ਗੀਤ, ਮਜ਼ਾਹੀਆ ਗੀਤ ਤੇ ਗ਼ਜ਼ਲਾਂ ਦੇ ਖ਼ੂਬਸੂਰਤ ਬੋਲ ਹਨ ‘ਮੇਲ ਮਹਿਬੂਬ ਖ਼ੁਦਾ ਕਰਕੇ’ (ਪਹਾੜੀ) ਤੇ ‘ਹਾੜਾ ਨੀਂ ਵਿਚ ਪਟਿਆਲੇ ਸ਼ਹਿਰ ਦੇ ਸੋਹਣਾ ਯਾਰ ਨਜ਼ਰ ਨਾ ਆਵੇ’ (ਬੋਲੀਆਂ ਪੀ. 4703), ‘ਭਾਈ ਜੀ ਬਸਰੇ ਨੂੰ ਜਾਣ ਵਾਲਿਆ’ (ਗਿੱਧਾ ਭਾਈ ਜੀ) ਤੇ ‘ਭਲਾ ਭਲਾ ਬਦਨਾਮੀ ਸਾਰ ਜਗ ਦੀ’ (ਬੋਲੀਆਂ ਪੀ. 4376), ‘ਪ੍ਰੇਮ ਨਗਰ ਦੀਆਂ ਕੁੜੀਆਂ ਤਾਅਨੇ ਮਾਰਦੀਆਂ’ (ਮਾਂਡ), ‘ਚੂੜੇ ਵਾਲੀ ਬਾਂਹ ਕੱਢਕੇ’ (ਪਹਾੜੀ/ਪੀ. 4377), ‘ਘਰ ਪੱਖੀ ਦੀ ਲੋੜ ਢੋਲਾ ਮੇਰਾ’, ‘ਆ ਵੜ ਵੇਹੜੇ ਜੀਅ ਲੋਚਦਾ’ (ਪੀ. 4430), ‘ਘੱਗਰੇ ਵਿਚ ਪੈਣ ਘੁੰਮਰਾਂ’ ਤੇ ‘ਜੇ ਤੂੰ ਚੱਲੀਓਂ ਮੇਲੇ ਨੂੰ’ (ਬੋਲੀਆਂ/ਪੀ. 4578), ‘ਲੈ ਦੇ ਪਿਸ਼ੋਰੀ ਪੱਖੇ ਝਿੜਕਾਂ ਨਾ ਦੇਹ ਤੂੰ’ ਤੇ ‘ਨਾਗ ਇਸ਼ਕ ਵਾਲਾ ਡੰਗ ਨੀ ਗਿਆ’ ਆਦਿ ਸਨ।

ਮਨਦੀਪ ਸਿੰਘ ਸਿੱਧੂ

ਭਾਈ ਛੈਲਾ ਦੀਆਂ ਹਿੰਦੀ ਗ਼ਜ਼ਲਾਂ ‘ਮੁਸਕਰਾਤੇ ਜਾਤੇ ਹੈਂ ਸਬ ਕੁਛ ਮੂੰਹ ਸੇ ਫ਼ਰਮਾਨੇ ਕੇ ਬਾਦ’ (ਗ਼ਜ਼ਲ/ ਪੀ. 5807), ‘ਤੋਹਮਤ ਤੁਮਹਾਰੇ ਇਸ਼ਕ ਕੀ ਹਮ ਪਰ ਲਗੀ ਹੂਈ’ (ਪੀ. 10548), ‘ਆਪਕੀ ਨਜ਼ਰ-ਏ-ਇਨਾਇਤ ਮੁਝ ਪਰ ਗਰ ਹੋ ਜਾਏਗੀ’ (ਪੀ. 6309), ‘ਮਜੇ ਕੇ ਦਿਨ ਹੈਂ ਤੁਮਹਾਰੇ’ (ਐੱਫ.ਟੀ. 436), ‘ਤੋਬਾ ਅੰਧੇਰੀ ਰਾਤ ਮੇਂ’ (ਪੀ. 7013) ਆਦਿ ਭਾਈ ਛੈਲਾ ਦੀ ਦਿਲਕਸ਼ ਆਵਾਜ਼ ਦਾ ਸ਼ਾਹਕਾਰ ਹਨ। ਖ਼ਾਮੋਸ਼ ਫ਼ਿਲਮਾਂ ਤੋਂ ਬਾਅਦ ਜਦੋਂ ਬੋਲਦੀਆਂ ਫ਼ਿਲਮਾਂ ਦਾ ਦੌਰ ਸ਼ੁਰੂ ਹੋਇਆ ਤਾਂ ਫ਼ਿਲਮਸਾਜ਼ਾਂ ਨੇ ਅਜਿਹੇ ਚਿਹਰਿਆਂ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਜੋ ਅਦਾਕਾਰੀ ਦੇ ਨਾਲ-ਨਾਲ ਗਾਉਣ ਵਿਚ ਵੀ ਮੁਹਾਰਤ ਰੱਖਦੇ ਸਨ। ਪੰਜਾਬੀ ਫ਼ਿਲਮਾਂ ਵਿਚ ਸਭ ਤੋਂ ਪਹਿਲਾਂ ਇਹ ਖ਼ੂਬਸੂਰਤ ਮੌਕਾ ਮਿਲਿਆ ਭਾਈ ਦੇਸਾ, ਭਾਈ ਛੈਲਾ ਤੇ ਮਿਸ ਖ਼ੁਰਸ਼ੀਦ ਬਾਨੋ ਨੂੰ ਕਿਉਂਕਿ ਤਿੰਨੋਂ ਉਸ ਵੇਲੇ ਪੰਜਾਬੀ ਲੋਕ ਮੌਸੀਕੀ ਦੇ ਅੰਬਰ ’ਤੇ ਛਾਏ ਹੋਏ ਸਨ। ਹਿੰਦਮਾਤਾ ਸਿਨੇਟੋਨ ਕੰਪਨੀ, ਬੰਬਈ ਨੇ ਜਦੋਂ ਸਰਜ਼ਮੀਨ ਪੰਜਾਬ ਦੇ ਮਸ਼ਹੂਰ ਇਸ਼ਕੀਆ ਅਫ਼ਸਾਨੇ ‘ਮਿਰਜ਼ਾ ਸਾਹਿਬਾਂ’ ’ਤੇ ਸਾਂਝੇ ਪੰਜਾਬ ਦੀ ਪਹਿਲੀ ਬੋਲਦੀ ਪੰਜਾਬੀ ਫੀਚਰ ਫ਼ਿਲਮ ‘ਇਸ਼ਕ-ਏ-ਪੰਜਾਬ’ ਉਰਫ਼ ‘ਮਿਰਜ਼ਾ-ਸਾਹਿਬਾਂ’ (1935) ਬਣਾਈ ਤਾਂ ‘ਮਿਰਜ਼ਾ’ ਦੇ ਕਿਰਦਾਰ ਲਈ ਭਾਈ ਦੇਸਾ ‘ਅੰਮ੍ਰਿਤਸਰੀ’, ਮਿਸ ਖ਼ੁਰਸ਼ੀਦ ਨੂੰ ‘ਸਾਹਿਬਾਂ’ ਅਤੇ ਭਾਈ ਛੈਲਾ ਨੂੰ ਵੀ ਅਹਿਮ ਭੂਮਿਕਾ ਨਿਭਾਉਣ ਨੂੰ ਦਿੱਤੀ। ਫ਼ਿਲਮ ਦਾ ਸੰਗੀਤ ਪ੍ਰੋਫੈਸਰ ਨਵਾਬ ਖ਼ਾਨ ਨੇ ਤਾਮੀਰ ਕੀਤਾ। ਇਹ ਫ਼ਿਲਮ 29 ਮਾਰਚ 1935 ਨੂੰ ਨਿਰੰਜਨ ਟਾਕੀਜ਼, ਲਾਹੌਰ ਵਿਖੇ ਨੁਮਾਇਸ਼ ਹੋਈ। ਇਸ ਫ਼ਿਲਮ ਨੇ ਪੰਜਾਬੀ ਸਿਨਮਾ ਦੀ ਮਜ਼ਬੂਤ ਬੁਨਿਆਦ ਰੱਖ ਦਿੱਤੀ ਸੀ, ਜਿਸ ’ਤੇ ਖਲੋਤਾ ਪੰਜਾਬੀ ਸਿਨਮਾ ਅੱਜ ਸਫਲਤਾ ਦੀ ਬੁਲੰਦ ਪਰਵਾਜ਼ ਭਰ ਰਿਹਾ ਹੈ।
ਇਸ ਫ਼ਿਲਮ ਵਿਚ ਕਿਰਦਾਰਨਿਗ਼ਾਰੀ ਕਰਨ ਤੋਂ ਬਾਅਦ ਭਾਈ ਛੈਲਾ ਫ਼ਿਲਮਾਂ ਦੇ ਵੱਡੇ ਮਰਕਜ਼ ਬੰਬੇ ਟੁਰ ਗਿਆ। ਉੱਥੇ ਉਸਨੇ ਸ਼ਕਤੀ ਮੂਵੀਟੋਨ, ਬੰਬਈ ਦੀ ਚੂੰਨੀਲਾਲ ਪਾਰਿਖ ਨਿਰਦੇਸ਼ਿਤ ਪੌਰਾਣਿਕ ਫ਼ਿਲਮ ‘ਸਤੀ ਤੋਰਲ’ (1935) ਵਿਚ ਪਹਿਲੀ ਵਾਰ ਕਿਸੇ ਹਿੰਦੀ ਫ਼ਿਲਮ ਦਾ ਸੰਗੀਤ ਮੁਰੱਤਿਬ ਕੀਤਾ। ਮੁਣਸ਼ੀ ‘ਸ਼ਾਮ’ ਦੇ ਲਿਖੇ 12 ਗੀਤਾਂ ’ਚੋਂ ਚੰਦ ਗੀਤਾਂ ਦੇ ਬੋਲ ਹਨ ‘ਜਨਮ ਸੁਧਾਰ ਲੋ ਮੇਰੇ ਸਾਧੂ ਭਜ ਲੋ ਹਰੀ’, ‘ਤਾਰੇ ਗਿਨਤੇ ਹੀ ਗਿਨਤੇ ਸਹਰ ਹੋ ਗਈ’, ‘ਕੁਛ ਤੋ ਮੁਖ ਸੇ ਬੋਲੋ ਰੇ’, ‘ਮੁਝਸੇ ਰੂਠੀ ਹੈ ਮੇਰੀ ਤਕਦੀਰ ਭੀ ਸੱਯਾਦ ਭੀ’, ‘ਸਦਗੁਰੂ ਮਿਲ ਗਏ ਸਭ ਹੀ ਸੰਸ਼ਯ ਟਲ ਗਏ’ ਆਦਿ। ਫ਼ਿਲਮ ਦੇ ਮਰਕਜ਼ੀ ਕਿਰਦਾਰ ’ਚ ਆਸ਼ਾਲਤਾ ਨੇ ‘ਸਤੀ’ ਦਾ ਪਾਰਟ ਅਤੇ ਭਵਾਨੀ ਸ਼ੰਕਰ ਨੇ ‘ਜੇਸਲ’ ਦਾ ਸੋਹਣਾ ਕਿਰਦਾਰ ਅਦਾ ਕੀਤਾ ਸੀ। ਇਸੇ ਬੈਨਰ ਦੀ ਹੀ ਐੱਸ. ਐੱਫ. ਹਸਨੈਨ ਨਿਰਦੇਸ਼ਿਤ ਦੂਜੀ ਫ਼ਿਲਮ ‘ਸਜੀਵ ਮੂਰਤੀ’ ਉਰਫ਼ ‘ਦਿਸ ਇਜ਼ ਲਾਈਫ’ (1935) ’ਚ ਇਕ ਵਾਰ ਫਿਰ ਭਾਈ ਛੈਲਾ ਸੰਗੀਤਕਾਰ ਅਤੇ ਅਦਾਕਾਰ ਵਜੋਂ ਆਪਣੇ ਫ਼ਨ ਦੀ ਨੁਮਾਇਸ਼ ਕਰ ਰਿਹਾ ਸੀ। ਹੋ ਸਕਦਾ ਹੈ ਕਿ ਇਸ ਫ਼ਿਲਮ ਵਿਚ ਉਸ ਨੇ ਗੀਤ ਵੀ ਗਾਏ ਹੋਣ, ਪਰ ਗੀਤਾਂ ਦੇ ਗਾਇਕਾਂ ਦਾ ਕੋਈ ਹਵਾਲਾ ਨਹੀਂ ਮਿਲਦਾ। ਫ਼ਿਲਮ ਵਿਚ ਕੁਲ 8 ਗੀਤ ਸਨ ‘ਜ਼ਖ਼ਮੋਂ ਸੇ ਕਲੇਜੇ ਕੋ ਭਰ ਦੋ’, ‘ਤਾਰੋਂ ਕੀ ਚਮਕ ਸੋ ਗਈ ਚਾਂਦ ਊਂਘ ਰਹਾ’, ‘ਪ੍ਰੇਮ ਕਲੀ ਮੁਰਝਾਏ ਰਹੀ’, ‘ਹੈ ਬਾਰੀ ਬਲਿਹਾਰੀ ਤੇਰੀ ਕੁਦਰਤ ਕੀ ਗੁਲਕਾਰੀ’ ਆਦਿ। ਭਾਈ ਛੈਲਾ ਦੀ ਤੀਸਰੀ ਫ਼ਿਲਮ ਵੀ ਆਰ. ਸ਼ਰਮਾ ਦੀ ਹਿਦਾਇਤਕਾਰੀ ’ਚ ਬਣੀ ਸਟੰਟ ਫ਼ਿਲਮ ‘ਆਜ਼ਾਦੀ’ ਉਰਫ਼ ‘ਘੂੰਘਟ ਕੇ ਪਟ ਖੋਲ’ (1935) ਸੀ। ਫ਼ਿਲਮ ਵਿਚ ਭਾਈ ਛੈਲਾ ਨੇ ਅਦਾਕਾਰੀ ਕਰਨ ਦੇ ਨਾਲ-ਨਾਲ ਸੰਗੀਤ ਵੀ ਤਰਤੀਬ ਕੀਤਾ। ਹੋਰਨਾਂ ਫ਼ਨਕਾਰਾਂ ’ਚ ਵਿਜੈ ਕੁਮਾਰ, ਐੱਸ. ਡੀ. ਕੇ. ਦਰਪਨ, ਫ਼ਤਿਹ ਸਿੰਘ, ਦੀਨਾ ਨਾਥ, ਨਾਜ਼ਨੀਨ ਬੇਗ਼ਮ, ਆਸ਼ਾ ਲਤਾ, ਨੂਰਜਹਾਂ, ਲੇਡੀ ਸੈਂਡੋ (ਮਿਸ ਗੌਹਰ), ਨੰਦ ਕਿਸ਼ੋਰ ਮਹਿਰਾ ਆਦਿ ਸ਼ਾਮਿਲ ਸਨ। ਪੈਰਾਮਾਊਂਟ ਕੰਪਨੀ, ਬੰਬਈ ਦੀ ਏ. ਐੱਮ. ਖ਼ਾਨ ਨਿਰਦੇਸ਼ਿਤ ਫ਼ਿਲਮ ‘ਬੰਸਰੀ ਬਾਲਾ’ ਉਰਫ਼ ‘ਫੇਅਰੀ ਆਫ ਦਿ ਫਲੂਟ’ (1936) ’ਚ ਭਾਈ ਛੈਲਾ ਸਹਾਇਕ ਅਦਾਕਾਰ ਦਾ ਪਾਰਟ ਨਿਭਾ ਰਿਹਾ ਸੀ, ਜਦ ਕਿ ਮੁੱਖ ਕਿਰਦਾਰ ਗੌਹਰ ਕਰਨਾਟਕੀ ਤੇ ਮਾਸਟਰ ਸ਼ੰਕਰ ਵਜ਼ਰੇ ਅਦਾ ਕਰ ਰਹੇ ਸਨ। ਸੰਗੀਤ ਦਾਮੋਦਰ ਸ਼ਰਮਾ ਤੇ ਮੰਜ਼ਰਨਾਮਾ ਕੀਕੂਭਾਈ ਦੇਸਾਈ ਅਤੇ ਗੀਤਾਂ ਦੀ ਤਾਦਾਦ 13 ਸੀ। ਟੌਲੀਵੁੱਡ ਸਟੂਡੀਓ, ਕਲਕੱਤਾ ਦੀ ਨਾਨੂੰ ਭਾਈ ਦੇਸਾਈ ਨਿਰਦੇਸ਼ਿਤ ਫ਼ਿਲਮ ‘ਨਾਰੀ ਰਾਜ’ ਉਰਫ਼ ‘ਮਿਸ ਕਲਕੱਤਾ’ (1936) ’ਚ ਭਾਈ ਛੈਲਾ ਨੇ ਮਾਸਟਰ ਛੈਲਾ ਦੇ ਨਾਮ ਨਾਲ 19 ਗੀਤਾਂ ਦਾ ਸੰਗੀਤ ਦਿੱਤਾ। ਸਟਾਰ ਫ਼ਿਲਮਜ਼ ਕਲਕੱਤਾ ਦੀ ਸੋਰਾਬਜੀ ਕੇਰਾਵਾਲਾ ਨਿਰਦੇਸ਼ਿਤ ਫ਼ਿਲਮ ‘ਪ੍ਰੇਮ ਕੀ ਦੇਵੀ’ (1936) ’ਚ ਵੀ ਭਾਈ ਛੈਲਾ ਨੇ ਸੰਗੀਤ ਦਿੱਤਾ, ਪਰ ਗੀਤਾਂ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਫ਼ਿਲਮ ’ਚ ਹੀਰੋਇਨ ਦਾ ਪਾਰਟ ਰਾਣੀ ਪ੍ਰੇਮਲਤਾ ਤੇ ਹੀਰੋ ਦਾ ਰੋਲ ਸੋਰਾਬਜੀ ਕੇਰਾਵਾਲਾ ਅਦਾ ਕਰ ਰਿਹਾ ਸੀ। ਸਟਾਰ ਫ਼ਿਲਮਜ਼, ਕਲਕੱਤਾ ਦੀ ਸੋਰਾਬਜੀ ਡੀ. ਕੇਰਾਵਾਲਾ ਨਿਰਦੇਸ਼ਿਤ ਫ਼ਿਲਮ ‘ਮਿਸਟਰ 420’ (1937) ਬਤੌਰ ਸੰਗੀਤਕਾਰ ਭਾਈ ਛੈਲਾ ਦੀ ਆਖਰੀ ਫ਼ਿਲਮ ਸੀ ਜਿਸ ਵਿਚ ਉਨ੍ਹਾਂ ਨੇ 11 ਗੀਤਾਂ ਦਾ ਸੰਗੀਤ ਤਿਆਰ ਕੀਤਾ। ਅਨਵਰੀ ਤੇ ਸੋਰਾਬਜੀ ਕੇਰਾਵਾਲਾ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ’ਚ ਕੇ. ਸਫ਼ੀਰ ਅਹਿਮਦ, ਅਕਬਰ ਪੇਸ਼ਾਵਰੀ, ਮੰਜ਼ਰ ਹੁਸੈਨ, ਆਗਾ ਅਲੀ ਤੇ ਇੰਦੂ ਬਾਲਾ ਨੇ ਵੀ ਅਹਿਮ ਕਿਰਦਾਰ ਨਿਭਾਏ।
1947 ਵਿਚ ਮੁਲਕ ਤਕਸੀਮ ਤੋਂ ਬਾਅਦ ਹੋਰਨਾਂ ਫ਼ਨਕਾਰਾਂ ਵਾਂਗ ਭਾਈ ਛੈਲਾ ਵੀ ਪਟਿਆਲਾ ਨੂੰ ਛੱਡ ਕੇ ਲਾਹੌਰ ਟੁਰ ਗਿਆ। ਉਹ ਥੋੜ੍ਹਾ ਸਮਾਂ ਰੇਡੀਓ ਪਾਕਿਸਤਾਨ ਪਿਸ਼ਾਵਰ ਵਿਚ ਰਬਾਬ ਵਜਾਉਂਦਾ ਰਿਹਾ। 10 ਜੁਲਾਈ, 1983 ਨੂੰ 88 ਸਾਲਾਂ ਦੀ ਉਮਰੇ ਭਾਈ ਛੈਲਾ ਲਾਹੌਰ ਵਿਚ ਇੰਤਕਾਲ ਫਰਮਾ ਗਿਆ। ਉਨ੍ਹਾਂ ਦਾ ਇਕ ਪੁੱਤਰ ਜਾਵੇਦ ਰੇਡੀਓ ਪਾਕਿਸਤਾਨ, ਲਾਹੌਰ ਵਿਖੇ ਸੰਗੀਤਕਾਰ ਰਹਿ ਚੁੱਕਾ ਹੈ ਅਤੇ ਦੂਸਰਾ ਪੁੱਤਰ ਨਿਊਯਾਰਕ ਰਹਿੰਦਾ ਹੈ।

ਸੰਪਰਕ: 97805-09545


Comments Off on ਪਟਿਆਲਾ ਦਰਬਾਰ ਦਾ ਗਵੱਈਆ ਭਾਈ ਛੈਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.