ਕੇਂਦਰ ਨੇ ਲੌਕਡਾਊਨ 30 ਜੂਨ ਤਕ ਵਧਾਇਆ !    ਹਨੇਰੀ ਕਾਰਨ ਤਾਜ ਮਹੱਲ ਨੂੰ ਭਾਰੀ ਨੁਕਸਾਨ !    ਕੇਂਦਰ ਨਾਲੋਂ ਨਾਤਾ ਤੋੜਨ ਸੁਖਬੀਰ: ਕੈਪਟਨ !    ਅਮਰੀਕਾ ਵਿੱਚ ਲੋਕਾਂ ਵੱਲੋਂ ਪ੍ਰਦਰਸ਼ਨ !    ਭਰਾ ਦੀ ਕਹੀ ਨਾਲ ਹੱਤਿਆ !    ਕਾਹਨੂੰਵਾਨ ’ਚ 50 ਦੇ ਕਰੀਬ ਨਸ਼ਾ ਤਸਕਰਾਂ ਵੱਲੋਂ ਆਤਮ-ਸਮਰਪਣ !    ਪਤਨੀ ਦੀ ਬਿਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਫਾਹਾ ਲਿਆ !    ਦੇਸ਼ ਮੁਸ਼ਕਲ ਹਾਲਾਤ ’ਚ, ਮਾੜੀ ਰਾਜਨੀਤੀ ਛੱਡੋ: ਕੇਜਰੀਵਾਲ !    ਸ੍ਰੀਨਗਰ ਦੇ ਗੁਰਦੁਆਰੇ ਵਿੱਚ ਚੋਰੀ !    ਸਰਹੱਦ ਤੋਂ ਬੰਗਲਾਦੇਸ਼ੀ ਗ੍ਰਿਫ਼ਤਾਰ !    

ਨਜ਼ਰੀਆ ਬਦਲੋ, ਜ਼ਿੰਦਗੀ ਬਦਲੇਗੀ

Posted On September - 28 - 2019

ਇਕਵਾਕ ਸਿੰਘ ਪੱਟੀ
ਕਿਹਾ ਜਾਂਦਾ ਹੈ ਕਿ ਵਿਅਕਤੀ ਜੋ ਸੋਚਦਾ ਹੈ ਜਾਂ ਜਿਸ ਬਾਰੇ ਸੋਚਦਾ ਹੈ, ਉਹੀ ਹੁੰਦਾ ਹੈ। ਜੀਵਨ ਵਿਚ ਬਹੁਤ ਕੁਝ ਜੋ ਵਾਪਰ ਰਿਹਾ ਹੈ, ਉਸ ਵਿਚ ਸਾਡੀ ਸੋਚ ਸਮਝ ਦਾ ਵੀ ਕਾਫ਼ੀ ਪ੍ਰਭਾਵ ਹੁੰਦਾ ਹੈ। ਜੋ ਵਿਅਕਤੀ ਜ਼ਿੰਦਗੀ ਪ੍ਰਤੀ ਹਾਂ ਪੱਖੀ ਨਜ਼ਰੀਏ ਤੋਂ ਸੋਚਦਾ ਹੈ, ਉਹ ਖ਼ੁਸ਼ ਰਹਿੰਦਾ ਹੈ, ਸਹਿਜ ਵਿਚ ਰਹਿ ਜਾਂਦਾ ਹੈ ਜਦੋਂਕਿ ਨਾਂਹ ਪੱਖੀ ਸੋਚਣ ਵਾਲਾ ਵਿਅਕਤੀ ਹਮੇਸ਼ਾਂ ਨਿਰਾਸ਼ ਰਹਿੰਦਾ ਹੈ ਅਤੇ ਤਣਾਅ ਉਸਦੀ ਸਿਹਤ ਅਤੇ ਖ਼ੁਸ਼ੀਆਂ ਨੂੰ ਨਿਗਲ ਜਾਂਦਾ ਹੈ।
ਮੁਸ਼ਕਿਲ ਭਰੇ ਸਮੇਂ ਵਿਚ ਵੀ ਚੰਗਾ ਸੋਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਲਈ ਸਾਨੂੰ ਅਭਿਆਸ ਵੀ ਕਰਨਾ ਪਵੇਗਾ। ਮਿਸਾਲ ਦੇ ਤੌਰ ’ਤੇ ਕਈ ਵਾਰ ਟਰੈਫਿਕ ਜਾਮ ਵਿਚ ਫਸੇ ਅਸੀਂ ਖਿਝਦੇ ਹਾਂ, ਬੁੜਬੜਾਉਂਦੇ ਹਾਂ, ਮਾੜਾ ਚੰਗਾ ਬੋਲਦੇ ਹਾਂ, ਬੇਲੋੜਾ ਹਾਰਨ ਵਜਾਉਂਦੇ ਹਾਂ, ਜਦੋਂਕਿ ਸਾਫ਼ ਦਿੱਸ ਰਿਹਾ ਹੁੰਦਾ ਹੈ ਕਿ ਜਾਮ ਅੱਗੇ ਤੋਂ ਅੱਗੇ ਫੈਲਿਆ ਹੋਇਆ ਹੈ ਅਤੇ ਇਸ ਨੂੰ ਸਾਫ਼ ਹੋਣ ਵਿਚ ਸਮਾਂ ਤਾਂ ਹੁਣ ਲੱਗਣਾ ਹੀ ਹੈ, ਸਾਡੇ ਬੜਬੁੜਾਉਣ ਨਾਲ, ਬੇਲੋੜਾ ਹਾਰਨ ਵਜਾਉਣ ਨਾਲ, ਖਿੱਝਣ ਨਾਲ ਜਾਂ ਮਨ ਨੂੰ ਕਲਪਾਉਣ ਨਾਲ ਜਾਮ ਦਾ ਰਸਤਾ ਸਾਫ਼ ਤਾਂ ਹੋਣਾ ਨਹੀਂ। ਸੋ ਕਿਉਂ ਨਾ ਅਜਿਹੀ ਸਥਿਤੀ ਵਿਚ ਧੀਰਜ ਤੋਂ ਕੰਮ ਲਈਏ। ਆਪਣੇ ਆਲੇ-ਦੁਆਲੇ ਨਜ਼ਰ ਮਾਰੀਏ, ਆਲੇ ਦੁਆਲੇ ਦੇ ਮਾਹੌਲ ਨੂੰ ਸਮਝਣ ਦਾ ਯਤਨ ਕਰੀਏ। ਜੇ ਕਾਰ/ਮੋਟਰਗੱਡੀ ਵਿਚ ਹੋ ਤਾਂ ਹਲਕੀ ਆਵਾਜ਼ ਵਿਚ ਸੰਗੀਤ ਵੀ ਸੁਣ ਸਕਦੇ ਹਾਂ। ਇਸ ਤਰ੍ਹਾਂ ਦੀ ਸਥਿਤੀ ਹੋਰ ਵੀ ਕਈ ਥਾਵਾਂ ’ਤੇ ਬਣ ਸਕਦੀ ਹੈ, ਜਿੱਥੇ ਤੁਹਾਨੂੰ ਸਾਕਾਰਾਤਮਕ ਸੋਚਣ ਦੇ ਮੌਕੇ ਮਿਲ ਸਕਦੇ ਹਨ। ਆਪਣੇ ਆਪ ਨੂੰ ਸ਼ਾਂਤ ਰੱਖਣ ਲਈ ਆਪਣੇ ਆਪ ਬਾਰੇ ਸੋਚਣਾ, ਚੰਗਾ ਸੋਚਣਾ ਅਤੇ ਦੂਜਿਆਂ ਦੇ ਭਲੇ ਲਈ ਸੋਚਣਾ, ਕਿਸੇ ਨੂੰ ਬੁਰਾ ਭਲਾ ਕਹਿਣ ਤੋਂ ਗੁਰੇਜ਼ ਕਰਨਾ ਆਦਿ ਸਫਲ ਯਤਨਾਂ ਵਿਚ ਆਉਂਦਾ ਹੈ।
ਇਸੇ ਤਰ੍ਹਾਂ ਦਿਲ ਦਿਮਾਗ਼ ਵਿਚ ਬੁਰੇ ਖਿਆਲਾਂ ਨੂੰ ਆਉਣ ਤੋਂ ਰੋਕਣਾ ਚਾਹੀਦਾ ਹੈ। ਇਹ ਵੀ ਸੱਚਾਈ ਹੈ ਕਿ ਸਾਡਾ ਦਿਮਾਗ਼ ਨਾਕਾਰਾਤਮਕ ਸੋਚ ਜਾਂ ਵਿਚਾਰਾਂ ਲਈ ਤੇਜ਼ੀ ਨਾਲ ਪ੍ਰਤੀਕਿਰਿਆ ਦਿੰਦਾ ਹੈ। ਚੰਗੀ ਖ਼ਬਰ ਨਾਲੋਂ ਬੁਰੀ ਖ਼ਬਰ ਸਾਡੇ ਦਿਮਾਗ਼ ’ਤੇ ਜ਼ਿਆਦਾ ਅਤੇ ਜਲਦੀ ਅਸਰ ਕਰਦੀ ਹੈ, ਪਰ ਜੇਕਰ ਅਸੀਂ ਸਾਕਾਰਾਤਮਕ ਸੋਚਾਂਗੇ ਤਾਂ ਸਾਡਾ ਦਿਮਾਗ਼ ਵੀ ਇਹ ਗੱਲ ਮੰਨਣ ਲਈ ਤਿਆਰ ਹੋ ਜਾਂਦਾ ਹੈ ਕਿ ਸਥਿਤੀ ਸਾਡੇ ਕਾਬੂ ਵਿਚ ਹੈ। ਬਸ! ਇੰਨਾ ਕੁ ਸਮਝਣ ਦੀ ਲੋੜ ਹੁੰਦੀ ਹੈ ਕਿ ਅਸੀਂ ਪੈਦਾ ਹੋਈ ਸਮੱਸਿਆ ਦੇ ਹੱਲ ਲੱਭਣ ਅਤੇ ਸਮੱਸਿਆ ਨੂੰ ਸੁਲਝਾਉਣ ਲਈ ਤਿਆਰ ਹੋ ਸਕਦੇ ਹਾਂ। ਜਦੋਂਕਿ ਸਾਡਾ ਗੁੱਸਾ, ਨਾਂਹ-ਪੱਖੀ ਵਿਚਾਰ ਸਮੱਸਿਆ ਨੂੰ ਹੋਰ ਗੰਭੀਰ ਬਣਾ ਦਿੰਦੇ ਹਨ। ਜੋ ਸਾਡੇ ਲਈ ਜਾਂ ਸਾਡੇ ਪਰਿਵਾਰਕ ਮੈਂਬਰਾਂ ਲਈ ਵੀ ਚਿੰਤਾ ਵਿਚ ਵਾਧਾ ਕਰਦਾ ਹੈ ਅਤੇ ਮਾਹੌਲ ਤਣਾਅਪੂਰਨ ਬਣਿਆ ਰਹਿੰਦਾ ਹੈ।
ਇਹ ਗੱਲ ਵਿਗਿਆਨਕ ਤੌਰ ’ਤੇ ਵੀ ਸਿੱਧ ਹੋ ਚੁੱਕੀ ਹੈ ਕਿ ਸਾਕਾਰਾਤਮਕ ਸੋਚ ਅਤੇ ਸਾਡਾ ਹਾਂ-ਪੱਖੀ ਨਜ਼ਰੀਆ ਹੋਣ ਨਾਲ ਸਾਡੀ ਉਮਰ ਵਿਚ ਵੀ ਵਾਧਾ ਹੁੰਦਾ ਹੈ, ਭਾਵ ਲੰਮੀ ਉਮਰ ਲਈ ਜ਼ਿੰਦਗੀ ਪ੍ਰਤੀ ਆਸ਼ਾਵਾਦੀ ਨਜ਼ਰੀਆ ਰੱਖਣਾ ਅਤੇ ਹਾਂ-ਪੱਖੀ ਵਿਚਾਰਾਂ ਨੂੰ ਪ੍ਰਮੁੱਖਤਾ ਦੇਣੀ ਬਹੁਤ ਜ਼ਰੂਰੀ ਹੈ। ਇਕ ਅਧਿਐਨ ਦੀ ਮੰਨੀਏ ਤਾਂ ਸਾਕਾਰਤਮਕ ਸੋਚ ਲੈ ਕੇ ਅਤੇ ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਜਿਊਣ ਵਾਲਿਆਂ ਦੀ ਔਸਤਨ ਉਮਰ 85 ਸਾਲਾਂ ਤੋਂ ਵੀ ਵੱਧ ਹੁੰਦੀ ਹੈ। ਇਸ ਸਬੰਧੀ ਹੋਏ ਸਰਵੇਖਣ ਨੈਸ਼ਨਲ ਅਕੈਡਮੀ ਆਫ ਸਾਇੰਸ ਦੇ ਜਰਨਲ ਵਿਚ ਪ੍ਰਕਾਸ਼ਿਤ ਹੋਏ ਹਨ ਜਿਸ ਵਿਚ ਬੋਸਟਨ ਯੂਨੀਵਰਸਿਟੀ ਦੇ ਸਕੂਲ ਆਫ ਮੈਡੀਸਨ ਦੀ ਲੇਵਿਨਾ ਲੀਅ ਦੱਸਦੀ ਹੈ, ‘ਅਸੀਂ ਮੰਨਦੇ ਹਾਂ ਕਿ ਲੰਮੀ ਉਮਰ ਦਾ ਰਾਜ਼ ਤੰਦਰੁਸਤ ਸਿਹਤ ਵਿਚ ਛੁਪਿਆ ਹੁੰਦਾ ਹੈ, ਪਰ ਇਹ ਵੀ ਸੱਚ ਹੈ ਕਿ ਸਿਰਫ਼ ਆਪਣਾ ਨਜ਼ਰੀਆ ਬਦਲ ਕੇ ਵੀ ਅਸੀਂ ਚੰਗੀ ਸਿਹਤ ਅਤੇ ਲੰਮੀ ਉਮਰ ਪ੍ਰਾਪਤ ਕਰ ਸਕਦੇ ਹਾਂ।’ ਲੇਵਿਨਾ ਲੀਅ ਦੀ ਸਹਿਯੋਗੀ ਲਾਰਾ ਕੁਬਜਾਂਸਕੀ ਨੇ ਉਪਰੋਕਤ ਅਧਿਐਨ ਤੋਂ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ, ‘ਜ਼ਿਆਦਾ ਆਸ਼ਾਵਾਦੀ ਲੋਕ ਆਪਣੀਆਂ ਭਾਵਨਾਵਾਂ ਅਤੇ ਵਿਹਾਰ ਨੂੰ ਵਧੀਆ ਢੰਗ ਨਾਲ ਵਿਵਸਥਿਤ ਕਰਦੇ ਹਨ ਅਤੇ ਆਪਣੇ ਤਣਾਅ ਅਤੇ ਮੁਸ਼ਕਿਲਾਂ ਦਾ ਹੱਲ ਖ਼ੁਦ ਕੱਢ ਲੈਂਦੇ ਹਨ।’

ਇਕਵਾਕ ਸਿੰਘ ਪੱਟੀ

ਇਸ ਲਈ ਜ਼ਰੂਰੀ ਹੈ ਕਿ ਹਰ ਖ਼ੁਸ਼ੀ ਗ਼ਮੀ ਦੇ ਮੌਕੇ ’ਤੇ ਸਾਕਾਰਾਤਮਕ ਸੋਚ ਨਾਲ ਵਿਚਰਨ ਦਾ ਯਤਨ ਕਰੀਏ। ਹਰ ਕੰਮ ਨੂੰ ਖ਼ੁਸ਼ੀ ਅਤੇ ਲਗਨ ਨਾਲ ਸ਼ੁਰੂ ਕਰੀਏ। ਕਾਰੋਬਾਰ ਦੇ ਘਾਟੇ-ਵਾਧੇ ਮੌਕੇ ਸਾਡੀ ਮਾਨਸਿਕ ਦਸ਼ਾ ਇਕੋ ਜਿਹੀ ਰਹੇ। ਹਰ ਨਿੱਜੀ ਜਾਂ ਕਾਰੋਬਾਰ ਨਾਲ ਜੁੜੇ ਮੁੱਦਿਆਂ ਬਾਰੇ ਪਰਿਵਾਰ ਨਾਲ ਥੋੜ੍ਹੀ ਬਹੁਤ ਸਾਂਝ ਜ਼ਰੂਰ ਪਾ ਕੇ ਰੱਖੀਏ। ਪਰਿਵਾਰਕ ਮੈਂਬਰਾਂ ਨੂੰ ਵੀ ਸਭ ਕੁਝ ਠੀਕ ਹੋਣ ਦਾ ਭਰੋਸਾ ਦਿੰਦੇ ਰਹੀਏ ਕਿਉਂਕਿ ਸਮਾਂ ਵੀ ਹਰ ਜ਼ਖ਼ਮ ਨੂੰ ਭਰਨ ਦੀ ਇਕੋ ਇਕ ਦਵਾ ਹੈ।
ਸੋ ਜ਼ਿੰਦਗੀ ਵਿਚ ਜਦੋਂ ਕਿਸੇ ਕਾਰਜ ਵਿਚ ਅਸਫਲਤਾ ਮਿਲੇ ਤਾਂ ਮਿਲਣ ਵਾਲੀ ਸਿੱਖਿਆ ਨੂੰ ਹਮੇਸ਼ਾਂ ਯਾਦ ਰੱਖੋ ਜੋ ਸਫਲਤਾ ਲਈ ਕੀਤੇ ਜਾਣ ਵਾਲੇ ਕਾਰਜਾਂ ਵਿਚ ਸਾਡਾ ਸਾਥ ਦੇਵੇਗੀ। ਆਪਣੇ ਦੋਸਤ ਆਪ ਬਣੀਏ। ਆਪਣੀ ਗੱਲ ਪਹਿਲਾਂ ਆਪਣੇ ਆਪ ਨਾਲ ਕਰਕੇ, ਆਪਣੇ ਆਪ ਉਸਦੇ ਹਾਂ-ਪੱਖੀ ਅਤੇ ਨਾਂਹ-ਪੱਖੀ ਪੱਖਾਂ ਬਾਰੇ ਚਰਚਾ ਕਰੀਏ, ਫਿਰ ਆਪਣੇ ਕਰੀਬੀ ਨਾਲ ਉਸ ਮਸਲੇ ’ਤੇ ਗੱਲਬਾਤ ਕਰੀਏ। ਸਾਡੀ ਸੋਚ ਬਦਲਣ ਨਾਲ ਹੀ ਸਾਡੀ ਜ਼ਿੰਦਗੀ ਬਦਲ ਸਕਦੀ ਹੈ। ਆਪਣੇ ਬਾਰੇ ਸਭ ਤੋਂ ਵਧੀਆ ਅਸੀਂ ਆਪ ਹੀ ਸੋਚ ਸਕਦੇ ਹਾਂ।


Comments Off on ਨਜ਼ਰੀਆ ਬਦਲੋ, ਜ਼ਿੰਦਗੀ ਬਦਲੇਗੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.