‘ਗਿਆਨ ਉਤਸਵ’ ਤਹਿਤ ਵਿਦਿਅਕ ਮੁਕਾਬਲੇ ਕਰਵਾਏ !    ਐੱਸਐੱਮਓ ਵੱਲੋਂ ਲੋੜੀਦੀਆਂ ਸਾਵਧਾਨੀਆਂ ਵਰਤਣ ਦੇ ਨਿਰਦੇਸ਼ !    ਨਾਟਕ ‘ਦਮ ਤੋੜਦੇ ਰਿਸ਼ਤੇ’ ਨੇ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ !    ਸਟੋਕਸ ਨੇ ਫਿਰ ਨਿਊਜ਼ੀਲੈਂਡ ਨੂੰ ਵਖ਼ਤ ਪਾਇਆ !    ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ !    ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ !    ਚਾਨਣ ਦੇ ਰਾਹੀ !    ਗਿਆਨ ਦਾ ਭੰਡਾਰ ‘ਵਿਕੀਪੀਡੀਆ’ !    ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ? !    ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ !    

ਨੌਜਵਾਨ ਸੋਚ

Posted On September - 12 - 2019

ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ
ਪੰਜਾਬੀਅਤ ਦਾ ਘਾਣ ਕਰ ਰਹੀ ਪੰਜਾਬੀ ਗਾਇਕੀ
ਅਜੋਕਾ ਪੰਜਾਬੀ ਗੀਤ-ਸੰਗੀਤ ਮੰਡੀ ਮਾਨਸਿਕਤਾ ਤਹਿਤ ਪੰਜਾਬੀਅਤ ਨੂੰ ਦਾਗ਼ਦਾਰ ਕਰ ਰਿਹਾ ਹੈ। ਇਹ ਗਾਇਕੀ ਨੌਜਵਾਨੀ ਨੂੰ ਨਸ਼ੇ, ਹਥਿਆਰਾਂ, ਨੰਗੇਜ਼ਵਾਦ ਲਈ ਉਕਸਾ ਰਹੀ ਹੈ। ਗੀਤਾਂ ਦੇ ਫਿਲਮਾਂਕਣ ਨੇ ਬਾਕੀ ਰਹਿੰਦੀ ਕਸਰ ਕੱਢ ਦਿੱਤੀ ਹੈ। ਅਜੋਕੇ ਗੀਤ-ਵੀਡੀਓ ਵਿਚ ਮਾਣਮੱਤੀ ਪੰਜਾਬਣ ਨੂੰ ‘ਆਈਟਮ ਗਰਲ’ ਦੇ ਤੌਰ ’ਤੇ ਪੇਸ਼ ਕੀਤਾ ਜਾ ਰਿਹਾ ਹੈ। ਗੀਤਾਂ ਦੇ ਅੱਧ ਤੋਂ ਜ਼ਿਆਦਾ ਅੰਗਰੇਜ਼ੀ ਤੇ ਹਿੰਦੀ ਬੋਲ ਆਮ ਤਬਕੇ ਦੀ ਸਮਝ ਤੋਂ ਬਾਹਰ ਹਨ। ਗੀਤਕਾਰਾਂ-ਗਾਇਕਾਂ ਵੱਲੋਂ ਗਾਲ੍ਹਾਂ ਰੂਪੀ ਲਿਖੇ ਤੇ ਗਾਏ ਤੇ ਫਿਲਮਾਏ ਜਾ ਰਹੇ ਹਨ। ਪੰਜਾਬੀ ਗੀਤ-ਸੰਗੀਤ ਸਨਅਤ ਲਈ ਵੀ ਕੋਈ ਸੈਂਸਰ ਬੋਰਡ ਹੋਣਾ ਚਾਹੀਦਾ ਹੈ, ਤਾਂ ਕਿ ਪੰਜਾਬੀਅਤ ਦਾ ਘਾਣ ਕਰਨ ਵਾਲਿਆਂ ਨੂੰ ਨੱਥ ਪਾਈ ਜਾ ਸਕੇ।
ਜਗਦੀਪ ਸਿੰਘ ਭੁੱਲਰ, ਪਿੰਡ ਜੋਗਾਨੰਦ, ਜ਼ਿਲ੍ਹਾ ਬਠਿੰਡਾ। ਸੰਪਰਕ: 70097-28427

ਰਾਹੋਂ ਭਟਕੀ ਪੰਜਾਬੀ ਗਾਇਕੀ
ਪੰਜਾਬ ਦੀ ਧਰਤੀ ਸ਼ੁਰੂ ਤੋਂ ਹੀ ਸੰਗੀਤਮਈ ਰਹੀ ਹੈ ਤੇ ਯਮਲਾ ਜੱਟ, ਸੁਰਿੰਦਰ ਕੌਰ, ਗੁਰਮੀਤ ਬਾਵਾ ਵਰਗੇ ਅਨੇਕਾਂ ਫ਼ਨਕਾਰਾਂ ਨੇ ਪੰਜਾਬੀ ਗਾਇਕੀ ਨੂੰ ਅਮੀਰ ਬਣਾਇਆ। ਅਜੋਕੀ ਪੰਜਾਬੀ ਗਾਇਕੀ ਆਪਣੇ ਰਸਤੇ ਤੋਂ ਭਟਕਦੀ ਨਜ਼ਰ ਆ ਰਹੀ ਹੈ। ਅਸੀਂ ਇਹ ਕਹਿਣ ਲਈ ਮਜਬੂਰ ਹੋ ਰਹੇ ਹਾਂ ਕਿ ਅੱਜ ਦੀ ਗਾਇਕੀ ਪੰਜਾਬੀ ਸੱਭਿਆਚਾਰ ਵਿੱਚ ਗੰਦ ਪਾ ਰਹੀ ਹੈ। ਗਾਇਕੀ ਵਿੱਚ ਅਮੀਰਾਂ ਦੀ ਚੜ੍ਹਤ, ਜੱਟਵਾਦ, ਗੈਂਗਸਟਰ, ਗੱਡੀਆਂ, ਨਸ਼ੇ, ਕਲੱਬਾਂ-ਪੱਬਾਂ ਅਤੇ ਆਸ਼ਕੀ ਨੂੰ ਆਧਾਰ ਬਣਾ ਕੇ ਗਾਇਆ ਜਾ ਰਿਹਾ ਹੈ। ਨੌਜਵਾਨ ਇਸ ਦੇ ਪ੍ਰਭਾਵ ਨਾਲ ਆਪਣੀ ਸ਼ਖਸੀਅਤ ਨੂੰ ਖ਼ਰਾਬ ਕਰ ਰਹੇ ਹਨ, ਕਿਉਂਕਿ ਅਜਿਹੇ ਗੀਤ ਉਨ੍ਹਾਂ ਨੂੰ ਪੜ੍ਹਾਈ ਦੀ ਥਾਂ ਮਹਿੰਗੀਆਂ ਕਾਰਾਂ, ਆਸ਼ਕੀ, ਨਸ਼ਿਆਂ ਵੱਲ ਧੱਕਦੇ ਹਨ।
ਰਾਜਵੀਰ ਕੌਰ ਚਹਿਲ, ਲੈਕਚਰਾਰ, ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ, ਦਿਉਣ, ਬਠਿੰਡਾ।

ਹਾਂਪੱਖੀ ਸੱਭਿਆਚਾਰ ਉਸਾਰਨ ਦੀ ਲੋੜ
ਅਜੋਕਾ ਸਮਾਜ ਗਲੋਬਲ ਸੱਭਿਆਚਾਰ ਦੀ ਚਕਾਚੌਂਧ ’ਚ ਗੜੁੱਚ ਭਿਆਨਕ ਖ਼ਪਤੀ ਦੌਰ ’ਚੋਂ ਗੁਜ਼ਰ ਰਿਹਾ ਹੈ, ਜਿਸ ਕਾਰਨ ਪੈਦਾ ਹੋਈ ਲੱਚਰ ਸੱਭਿਆਚਾਰ ਦੀ ਪ੍ਰਵਿਰਤੀ ਨੇ ਪੰਜਾਬੀ ਵਿਰਸੇ ਤੇ ਸਮਾਜਿਕ ਵਾਤਾਵਰਨ ਨੂੰ ਪਲੀਤ ਕਰ ਦਿਤਾ ਹੈ। ਕਾਲਖਾਂ ਦੇ ਵਣਜਾਰੇ ਕਲਾਤਮਿਕ ਆਜ਼ਾਦੀ ਦਾ ਨਾਜਾਇਜ਼ ਫਾਇਦਾ ਉਠਾ ਕੇ ਗੀਤਾਂ ਦੇ ਬੋਲਾਂ ਰਾਹੀਂ ਲੱਚਰ, ਹਿੰਸਕ ਅਤੇ ਜਾਤੀਵਾਦੀ ਸ਼ਬਦਾਂ ਨਾਲ ਰਾਤੋ-ਰਾਤ ਮਸ਼ਹੂਰ ਹੋਣ ਦੀ ਹੋੜ ’ਚ ਹਨ। ਲੋੜ ਹੈ ਇਸ ਪ੍ਰਦੂਸ਼ਿਤ ਤੇ ਲੱਚਰ ਵਰਤਾਰੇ ਅੱਗੇ ਗੋਡੇ ਟੇਕਣ ਦੀ ਬਜਾਇ ਸਮਾਨਤੰਰ ਹਾਂਪੱਖੀ ਤੇ ਸਾਹਿਤਕ ਸੱਭਿਆਚਾਰ ਸਿਰਜਣ ਦੀ, ਤਾਂ ਕਿ ਪੰਜਾਬੀ ਭਾਸ਼ਾ, ਜੀਵਨ, ਸੱਭਿਆਚਾਰ, ਇਤਿਹਾਸ ਅਤੇ ਵਿਰਸੇ ਦੇ ਚਿਹਰੇ ਦੀ ਧੂੜ ਝਾੜੀ ਜਾ ਸਕੇ।
ਅੰਮ੍ਰਿਤਪਾਲ ਮੰਘਾਣੀਆ, ਸਰਕਾਰੀ ਮਿਡਲ ਸਕੂਲ ਚੌਰਵਾਲਾ, ਫਤਹਿਗੜ੍ਹ ਸਾਹਿਬ।
ਸੰਪਰਕ: 90417-91000

ਸੱਭਿਆਚਾਰ ਗੰਧਲਾ ਹੋ ਰਿਹਾ
ਜੇ ਅੱਜ ਦੇ ਗੀਤਾਂ ਬਾਰੇ ਗੱਲ ਕੀਤੀ ਜਾਵੇ ਤਾਂ ਗਾਇਕ ਅਤੇ ਗੀਤਕਾਰ ਆਪਣੇ ਗੀਤਾਂ ਵਿੱਚ ਹੱਦ ਤੋਂ ਬਾਹਰੀ ਲੱਚਰਤਾ ਦੀ ਪੇਸ਼ਕਾਰੀ ਕਰ ਰਹੇ ਹਨ, ਜਿਸ ਨਾਲ ਸਾਡਾ ਸੱਭਿਆਚਾਰ ਅਤੇ ਸਮਾਜ ਬੁਰੀ ਤਰ੍ਹਾਂ ਪ੍ਰਭਾਵਿਤ ਤੇ ਗੰਧਲਾ ਹੋ ਰਿਹਾ ਹੈ। ਨਾਗਨੀ (ਅਫੀਮ), ਦਾਰੂ, ਹਥਿਆਰ, ਤੇਜ਼ ਗੱਡੀਆ ਭਜਾਉਣਾ ਅਤੇ ਔਰਤਾਂ ਦੇ ਅੰਗਾਂ ਉੱਤੇ ਗੀਤ ਬਣਾਏ ਜਾਂਦੇ ਹਨ। ਇਨ੍ਹਾਂ ਗੀਤਾਂ ਨੇ ਦਿਨ ਪ੍ਰਤੀ ਦਿਨ ਨੌਜਵਾਨ ਪੀੜ੍ਹੀ ਨੂੰ ਪ੍ਰਭਾਵਿਤ ਕੀਤਾ ਹੈ। ਦੂਜਾ ਪੰਜਾਬੀ ਗੀਤਾਂ ਦੀ ਸ਼ਬਦਾਵਲੀ ਕੁਝ ਹੋਰ ਹੁੰਦੀ ਹੈ ਪਰ ਵੀਡੀਉ ਵਿੱਚ ਕੁੱਝ ਹੋਰ ਪੇਸ਼ ਕੀਤਾ ਜਾਂਦਾ ਹੈ, ਜੋ ਕਿ ਅਸਲੀਅਤ ਦੇ ਨੇੜੇ ਤੇੜੇ ਵੀ ਨਹੀਂ ਹੁੰਦਾ।
ਕੇਵਲ ਸਿੰਘ ਸਰਾਂ, ਪਿੰਡ ਤੇ ਡਾਕਘਰ ਪੱਖੋ ਕਲਾਂ, ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ।
ਸੰਪਰਕ: 86990-36985

ਗੀਤਾਂ ਵਿਚ ਲੱਚਰਤਾ ਲਈ ਸਭ ਜ਼ਿੰਮੇਵਾਰ
ਗੀਤਾਂ ਵਿੱਚ ਲੱਚਰਤਾ ਲਈ ਸਭ ਤੋਂ ਪਹਿਲਾ ਜ਼ਿੰਮੇਵਾਰ ਹੈ ਉਹ ਲੇਖਕ ਜਿਸ ਦੀ ਕਲਮ ਵਿੱਚੋਂ ਗੰਦ ਨਿਕਲਿਆ। ਦੂਜਾ ਜ਼ਿੰਮੇਵਾਰ ਉਹ ਗੀਤਕਾਰ ਹੈ, ਜਿਸ ਨੇ ਗਾਉਣ ਲੱਗਿਆਂ ਵੀ ਭੋਰਾ ਸ਼ਰਮ ਨਾ ਕੀਤੀ। ਤੀਜੀ ਜ਼ਿੰਮੇਵਾਰ ਉਹ ਲੋਕਾਈ ਹੈ, ਜੋ ਚੁੱਪਚਾਪ ਔਰਤ ਦੇ ਨੰਗੇਜ ਦਾ ਤਮਾਸ਼ਾ ਦੇਖਦੀ ਰਹੀ। ਅਨੇਕਾਂ ਸਮਾਜਿਕ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਜਾਰੀ ਹੈ, ਰੋਜ਼ਾਨਾ ਨਵੀਆਂ ਸਲਾਹਾਂ ਘੜੀਆਂ ਜਾ ਰਹੀਆਂ ਹਨ, ਪਰ ਅਫਸੋਸ ਦੀ ਗੱਲ ਇਹ ਕਿ ਅਮਲੀ ਰੂਪ ਕਿਧਰੇ ਨਜ਼ਰ ਨਹੀਂ ਆ ਰਿਹਾ। ਸਿਰਫ਼ ਸਲਾਹਾਂ ਨਾਲ ਬਦਲਾਅ ਨਹੀਂ ਆਏਗਾ।
ਅਮਨਦੀਪ ਸਿੰਘ, ਪਿੰਡ ਜੱਖਲਾਂ, ਤਹਿਸੀਲ ਧੂਰੀ, ਜ਼ਿਲ੍ਹਾ ਸੰਗਰੂਰ। ਸੰਪਰਕ: 94782-26980

ਨੌਜਵਾਨਾਂ ਨੂੰ ਸਹੀ ਸੇਧ ਦੇਣ ਗੀਤ
ਮਾਤਾ ਗੁਜਰੀ ਨੇ ਜੇ ਕੁਰਬਾਨੀ ਦੀਆਂ ਗਾਥਾਵਾਂ ਛੋਟੇ ਸਹਿਬਜ਼ਾਦਿਆਂ ਨੂੰ ਸੁਣਾਈਆਂ, ਤਾਂ ਹੀ ਅੱਜ ਸਰਹਿੰਦ ਦੀ ਦੀਵਾਰ ਵਿਖੇ ਮੱਥੇ ਟੇਕੇ ਜਾਂਦੇ ਹਨ। ਕਲਮਕਾਰਾਂ ਤੇ ਗਾਇਕਾਂ ਦਾ ਫ਼ਰਜ਼ ਹੈ ਸਮਾਜ ਨੂੰ ਸਹੀ ਸੇਧ ਦੇਣ, ਪਰ ਰਾਤੋ-ਰਾਤ ਸ਼ੋਹਰਤ ਕਮਾਉਣ ਲਈ ਬਹੁਤੇ ਕਲਮਕਾਰ ਅਤੇ ਫਨਕਾਰ ਕੀ ਪਰੋਸ ਕੇ ਦੇ ਰਹੇ ਹਨ ਸਾਡੇ ਸਮਾਜ ਨੂੰ…..? ਜੱਟ ਫਾਇਰ ਕਰਦਾ, ਮੁੰਡਾ ਅਠ੍ਹਾਰਵੇਂ ’ਚ ਬਦਨਾਮ ਹੁੰਦਾ, ਜੱਟੀ ਵੈਲੀ ਨਾ ਮੰਗੀ ਹੋਈ ਆ। ਕਿਸੇ ਇਹ ਕਿਉਂ ਨਹੀਂ ਲਿਖਿਆ ਜਾਂ ਗਾਇਆ ਕਿ ਜੱਟ ਦਾ ਡਾਕਟਰ ਬਣਨ ਨੂੰ ਜੀਅ ਕਰਦਾ, ਜੱਟ ਇੰਜਨੀਅਰ ਬਣੇ। ਨਾਲੇ ਵੈਲੀ ਹੋਣਾ ਕੋਈ ਮਾਣ ਵਾਲੀ ਗੱਲ ਨਹੀਂ। ਅਠ੍ਹਾਰਵਾਂ ਸਾਲ ਬਦਨਾਮ ਹੋਣ ਲਈ ਨਹੀਂ, ਨਾਮ ਕਮਾਉਣ ਲਈ ਹੁੰਦਾ ਹੈ। ਗਾਇਕੋ-ਗੀਤਕਾਰੋ ਜ਼ਰਾ-ਸੋਚੋ ਤੇ ਵਿਚਾਰੋ।
ਜਸਵਿੰਦਰ ਸਿੰਘ ਚਾਹਲ, ਪਿੰਡ ਤੇ ਡਾਕਖਾਨਾ ਕੋਟ ਲੱਲੂ (ਲੱਲੂਆਣਾ), ਜ਼ਿਲ੍ਹਾ ਮਾਨਸਾ।
ਸੰਪਰਕ: 98769-15035

ਗੁੰਡਾਗਰਦੀ ਤੇ ਜਾਤੀਵਾਦ ਵਧਾ ਰਹੇ ਅਜੋਕੇ ਗੀਤ
ਅੱਜ ਦੇ ਗੀਤ ਬੰਦਾ ਆਪਣੇ ਪਰਿਵਾਰ ਵਿੱਚ ਬੈਠ ਕੇ ਸੁਣ, ਦੇਖ ਨਹੀਂ ਸਕਦਾ। ਇਨ੍ਹਾਂ ਵਿੱਚ ਗੁੰਡਾਗਰਦੀ, ਫੋਕੀ ਟੌਹਰ, ਭ੍ਰਿਸ਼ਟਾਚਾਰ ਤੇ ਜਾਤੀਵਾਦ ਪ੍ਰਧਾਨ ਹੈ। ਅਸ਼ਲੀਲ ਗੀਤਾਂ ਕਾਰਨ ਨੌਜਵਾਨ ਪੀੜ੍ਹੀ ਵਿੱਚ ਭਾਰੀ ਵਿਗਾੜ ਆਇਆ ਹੈ, ਜਾਤੀਵਾਦ ਵਧ ਰਿਹਾ ਹੈ। ਮਾੜੇ ਗਾਇਕਾਂ ਨੇ ਮਿਹਨਤੀ ਕਿਸਾਨ ਨੂੰ ਗੀਤਾਂ ਵਿੱਚ ‘ਫੋਕੀ ਟੌਹਰ ਵਾਲਾ ਜੱਟ’ ਬਣਾ ਦਿੱਤਾ, ਜੋ ਖੇਤ ਵਿੱਚ ਕੰਮ ਨਹੀਂ ਕਰਦਾ, ਸਿਰਫ ਚਿੱਟੇ ਕੁੜਤੇ-ਚਾਦਰੇ ਪਾ ਕੇ, ਮਹਿੰਗੀ ਗੱਡੀ ਵਿੱਚ ਬੈਠ ਕੇ, ਮਹਿੰਗੇ ਪਿਸਤੌਲ ਨਾਲ ਗੁੰਡਾਗਰਦੀ ਕਰਦਾ ਹੈ। ਗੰਦੇ ਗੀਤਾਂ ਕਰਕੇ ਸਮਾਜ ਵਿੱਚ ਨਸ਼ੇ ਨੇ ਵੀ ਪੈਰ ਪਸਾਰੇ ਹਨ। ਇਨ੍ਹਾਂ ਗਾਇਕਾਂ-ਗੀਤਕਾਰਾਂ ’ਤੇ ਸਰਕਾਰਾਂ ਵੀ ਮਿਹਰਬਾਨ ਹਨ ਤੇ ਸਿਰਫ ਲੋਕ ਵਿਖਾਵੇ ਖਾਤਰ ਸੱਭਿਆਚਾਰ ਵਿੰਗ ਬਣਾ ਕੇ ਖਾਨਾਪੂਰਤੀ ਕਰ ਰਹੀਆਂ ਹਨ।
ਸੁਰਿੰਦਰਪਾਲ ਸਿੰਘ ਬੱਲੂਆਣਾ, ਬਠਿੰਡਾ।
ਸੰਪਰਕ: 85560-22530

ਨੌਜਵਾਨ ਜਾਗਰੂਕ ਹੋਣ
ਲੈਨਿਨ ਨੇ ਕਿਹਾ ਸੀ ਕਿ ਜੇ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਤੁਹਾਡੇ ਲੋਕਾਂ ਦੀ ਜ਼ੁਬਾਨ ’ਤੇ ਕਿਹੋ ਜਿਹੇ ਗੀਤ ਹਨ, ਤਾਂ ਮੈਂ ਤੁਹਾਡੇ ਦੇਸ਼ ਦਾ ਭਵਿੱਖ ਦੱਸ ਸਕਦਾ ਹਾਂ। ਪੰਜਾਬੀ ਗੀਤਾਂ ਦੀ ਲੱਚਰਤਾ ਪੱਖੋਂ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਹੈ। ਹੁਣ ਪੰਜਾਬੀ ਗਾਣਿਆਂ ਵਿੱਚ ਗਾਲ੍ਹਾਂ ਵੀ ਸੁਣਨ ਨੂੰ ਮਿਲ ਰਹੀਆਂ ਹਨ। ਇਸ ਮਾਹੌਲ ਵਿਚ ਪੰਜਾਬੀ ਨੌਜਵਾਨ ਆਪਣੀ ਊਰਜਾ ਨਾਂਪੱਖੀ ਕੰਮਾਂ ਵਿੱਚ ਲਗਾ ਰਹੇ ਹਨ। ਅਫ਼ਸੋਸ ਹੈ ਕਿ ਸਰਕਾਰਾਂ ਵੀ ਸੂਬੇ ਦੀ ਤਰੱਕੀ ਸਬੰਧੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਹਨ। ਅਜਿਹੇ ਸਮੇਂ ਨੌਜਵਾਨ ਵਰਗ ਨੂੰ ਜਾਗਰੂਕ ਹੋਣ ਦੀ ਲੋੜ ਹੈ, ਕਿਉਂਕਿ ਇਸਦਾ ਸਭ ਤੋਂ ਵੱਡਾ ਘਾਟਾ ਉਨ੍ਹਾਂ ਨੂੰ ਹੀ ਪੈਣਾ ਹੈ।
ਚਮਨਦੀਪ ਸ਼ਰਮਾ, ਮਹਾਰਾਜਾ ਯਾਦਵਿੰਦਰਾ ਐਨਕਲੇਵ, ਪਟਿਆਲਾ। ਸੰਪਰਕ: 95010-33005


Comments Off on ਨੌਜਵਾਨ ਸੋਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.