ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

Posted On September - 19 - 2019

ਲੋਕ ਮਾੜੇ ਗੀਤਾਂ ਦਾ ਵਿਰੋਧ ਕਰਨ
ਅੱਜ ਦੇ ਸਮੇਂ ਵਿਚ ਸ਼ਾਇਦ ਹੀ ਅਜਿਹਾ ਕੋਈ ਪੰਜਾਬੀ ਗੀਤ ਹੋਵੇ, ਜਿਹੜਾ ਪਰਿਵਾਰ ਵਿੱਚ ਇੱਕਠੇ ਬੈਠ ਕੇ ਸੁਣਿਆ ਜਾ ਸਕਦਾ ਹੋਵੇ। ਗਾਇਕ-ਗੀਤਕਾਰ ਨੂੰ ਹਰੇਕ ਕੁੜੀ ਨੂੰ ਹੀ ਗ਼ਲਤ ਢੰਗ ਨਾਲ ਪੇਸ਼ ਕਰਦੇ ਹਨ। ਉਨ੍ਹਾਂ ਸਕੂਲਾਂ-ਕਾਲਜਾਂ ਨੂੰ ਆਸ਼ਕੀ ਦੇ ਅੱਡੇ ਤੇ ਵੈਲੀਆਂ ਦੀ ਲੜਾਈ ਦੇ ਮੈਦਾਨ ਬਣਾ ਕੇ ਰੱਖ ਦਿੱਤਾ ਹੈ। ਬੱਸਾਂ ਵਿੱਚ ਵੀ ਬਹੁਤ ਅਸ਼ਲੀਲ ਸ਼ਬਦਾਵਲੀ ਵਾਲੇ ਗੀਤ ਸੁਣਨ ਨੂੰ ਮਿਲਦੇ ਹਨ। ਲੱਚਰ ਗੀਤਾਂ ਦੇ ਇਸ ਵਧ ਰਹੇ ਰੁਝਾਨ ਨੂੰ ਰੋਕਣ ਲਈ ਲੋਕਾਂ ਨੂੰ ਚਾਹੀਦਾ ਕਿ ਉਹ ਅਜਿਹੇ ਗੀਤ ਗਾਉਣ ਕਲਾਕਾਰਾਂ ਦਾ ਜਨਤਕ ਤੌਰ ’ਤੇ ਵਿਰੋਧ ਕਰਨ। ਜਦੋਂ ਤੱਕ ਲੋਕ ਇਹੋ ਜਿਹੇ ਅਸ਼ਲੀਲ ਗਾਣੇ ਚੁੱਪ ਚਾਪ ਸੁਣਦੇ ਰਹਿਣਗੇ, ਕਲਾਕਾਰ ਗਾਉਂਦੇ ਰਹਿਣਗੇ। ਸਰਕਾਰ ਵੀ ਇਸ ਪਾਸੇ ਧਿਆਨ ਦੇਵੇ।
ਸੁਖਦੇਵ ਸਿੰਘ ਕੁਸਲਾ, ਤਹਿ. ਸਰਦੂਲਗੜ੍ਹ,
ਜ਼ਿਲ੍ਹਾ ਮਾਨਸਾ। ਸੰਪਰਕ: 94650-33331

ਗੀਤ ਲੱਚਰਤਾ ਪਰੋਸ ਰਹੇ ਹਨ
ਸਾਡੇ ਕੁਝ ਅਜੋਕੇ ਪੰਜਾਬੀ ਗਾਇਕ ਤੇ ਗੀਤਕਾਰ ਆਪਣੇ ਗੀਤਾਂ ਰਾਹੀਂ ਅਜਿਹਾ ਮਾਹੌਲ ਸਿਰਜ ਰਹੇ ਹਨ, ਜਿਸ ਨਾਲ ਨੌਜਵਾਨ ਪੀੜ੍ਹੀ ਲੱਚਰਤਾ ਦੇ ਵੱਲ ਧੱਕੀ ਜਾ ਰਹੀ ਹੈ। ਨੌਜਵਾਨਾਂ ਦੀ ਸੋਚਣ ਤੇ ਸਮਝਣ ਦੀ ਸ਼ਕਤੀ ਖੁੰਢੀ ਕੀਤੀ ਜਾ ਰਹੀ ਹੈ। ਇਨ੍ਹਾਂ ਗੀਤਕਾਰਾਂ ਨੇ ‘ਜੱਟ’ ਸ਼ਬਦ ਦੀ ਪ੍ਰੀਭਾਸ਼ਾ ਅਤੇ ਤਸਵੀਰ ਹੀ ਬਦਲ ਕੇ ਰੱਖ ਦਿੱਤੀ। ਜੱਟਾਂ ਨੂੰ ਗੱਲ ਗੱਲ ’ਤੇ ਲੜਨ ਵਾਲੇ, ਬੰਦੇ ਨੂੰ ਵੱਢ ਸੁੱਟਣ ਵਾਲੇ, ਮੌਜ ਮਸਤੀ ਤੇ ਅੱਯਾਸ਼ੀ ਕਰਨ ਵਾਲੇ ਕਿਰਦਾਰ ਵਿਚ ਦਿਖਾਇਆ ਜਾਂਦਾ ਹੈ। ਕੁਝ ਗੀਤਕਾਰਾਂ ਨੇ ਆਪਣੇ ਗੀਤਾਂ ਰਾਹੀਂ ਸਕੂਲਾਂ ਅਤੇ ਕਾਲਜਾਂ ਨੂੰ ਆਸ਼ਕੀ ਦੇ ਅੱਡਿਆਂ ਦਾ ਰੂਪ ਦੇ ਦਿੱਤਾ ਹੈ।
ਗੁਰਵਿੰਦਰ ਸਿੰਘ ਸਿੱਧੂ, ਪਿੰਡ ਭਗਵਾਨਪੁਰਾ,
ਜ਼ਿਲ੍ਹਾ ਬਠਿੰਡਾ। ਸੰਪਰਕ: 94658-26040

ਗੀਤਾਂ ’ਚ ਔਰਤਾਂ ਦੇ ਗੁਣ ਨਹੀਂ ਕੱਦ ਪਰਖੇ ਜਾਂਦੇ
ਅੱਜ ਕੱਲ੍ਹ ਦੇ ਗਾਣੇ ਬਹੁਤ ਲੱਚਰਤਾ ਭਰੇ ਹਨ, ਪਰ ਤਾਂ ਵੀ ਹਰ ਘਰ ਵਿੱਚ ਕੋਈ ਨਾ ਕੋਈ ਅਜਿਹੇ ਕਿਸੇ ਨਾ ਕਿਸੇ ਗਾਇਕ ਦਾ ਫੈਨ ਹੈ। ਅੱਜ ਅਸੀਂ ਗੁਰਬਾਣੀ ਤੋਂ ਦੂਰ ਜਾ ਰਹੇ ਹਾਂ ਤੇ ਬਹੁਤੇ ਘਰਾਂ ਵਿਚੋਂ ਅਸ਼ਲੀਲ ਗੀਤ ਹੀ ਸੁਣਨ ਨੂੰ ਮਿਲਦੇ ਹਨ। ਬਹੁਤ ਸ਼ਰਮ ਵਾਲੀ ਗੱਲ ਹੈ ਕਿ ਔਰਤਾਂ ਦੇ ਗੁਣ ਨਹੀਂ, ਕੱਦ ਪਰਖੇ ਜਾਂਦੇ ਹਨ ਕਿ ‘ਪਊਏ ਜਿੱਡੇ ਕੱਦ ਵਾਲੀਏ ਡੋਲ੍ਹ ਗਈ ਐਂ ਦੇਸੀ ਦਾ ਡਰੰਮ ਨੀ’। ਇਹ ਗਾਣੇ ਨੌਜਵਾਨ ਪੀੜ੍ਹੀ ਦੀ ਸੋਚ ਨੂੰ ਖਰਾਬ ਕਰ ਕੇ ਗੰਦੀਆਂ ਆਦਤਾਂ ਪਾ ਰਹੇ ਹਨ। ਸ਼ਾਇਦ ਇਸੇ ਕਾਰਨ ਅਜੋਕੇ ਨੌਜਵਾਨ ਸਮਾਜ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਦਾ ਬਹੁਤਾ ਖ਼ਿਆਲ ਨਹੀਂ ਰੱਖਦੇ।
ਸੁਖਪ੍ਰੀਤ ਕੌਰ, ਨੌਵੀਂ ਜਮਾਤ, ਸਰਕਾਰੀ ਹਾਈ
ਸਕੂਲ ਡੱਲੇਵਾਲ਼ਾ, ਫ਼ਰੀਦਕੋਟ।

ਨੌਜਵਾਨਾਂ ਨੂੰ ਸੱਭਿਆਚਾਰ ਤੋਂ ਦੂਰ ਧੱਕ ਰਹੇ ਗੀਤ
ਬਹੁਤੇ ਪੰਜਾਬੀ ਗਾਇਕ ਲੱਚਰਤਾ ਪੇਸ਼ ਕਰ ਰਹੇ ਹਨ, ਜਿਸ ਕਾਰਨ ਸਾਡਾ ਨੌਜਵਾਨ ਵਰਗ ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਭੁੱਲਦਾ ਅਤੇ ਆਪਣੇ ਅਮੀਰ ਵਿਰਸੇ ਤੋਂ ਦੂਰ ਹੁੰਦਾ ਜਾ ਰਿਹਾ ਹੈ। ਜੱਟ ਸ਼ਬਦ ਦੀ ਵਿਆਖਿਆ ਗਲਤ ਢੰਗ ਨਾਲ ਕਰ ਦੇ ਹੋਏ ਜੱਟ ਭਾਈਚਾਰੇ ਦੇ ਦਰਦ ਨੂੰ ਲੁਕੋਇਆ ਜਾ ਰਿਹਾ ਹੈ। ਬਹੁਤੇ ਗੀਤਾਂ ਵਿੱਚ ਫੋਕੀ ਸ਼ੋਹਰਤ ਦਿਖਾ ਕੇ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾਉਣ ਦੀ ਕੋਸ਼ਿਸ ਕੀਤੀ ਜਾ ਰਿਹਾ ਹੈ। ਪੁਰਾਣੇ ਸਮੇਂ ਦੇ ਗੀਤ ਨੌਜਵਾਨਾਂ ਨੂੰ ਸਮਾਜ ਅਤੇ ਜੀਵਨ ਦੇ ਵਿੱਚ ਅੱਗੇ ਵਧਣ ਲਈ ਸੇਧ ਦਿੰਦੇ ਸਨ, ਜੋ ਅਜੋਕੇ ਗੀਤਾਂ ਵਿੱਚੋਂ ਗ਼ਾਇਬ ਹੁੰਦੀ ਜਾ ਰਹੀ ਹੈ।
ਬਲਕਰਨ ਸਿੰਘ, ਪਿੰਡ ਮਿਰਜੇਆਣਾ, ਜ਼ਿਲ੍ਹਾ
ਬਠਿੰਡਾ। ਸੰਪਰਕ: 98153-75988

ਲੱਚਰਤਾ ਲਈ ਸਮਾਜ ਵੀ ਜ਼ਿੰਮੇਵਾਰ
ਪੰਜਾਬੀ ਗੀਤਾਂ ਵਿਚ ਪਿਛਲੇ ਸਮੇਂ ਤੋਂ ਨਿਵਕੇਲਾਪਣ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੂੰ ਕਾਫ਼ੀ ਲੋਕਾਂ ਵੱਲੋਂ ਪਸੰਦ ਵੀ ਕੀਤਾ ਜਾ ਰਿਹਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਗੀਤਾਂ ਵਿੱਚ ਬੰਦੂਕਾਂ, ਨਸ਼ੇ, ਹਰ ਕੁੜੀ ਨੂੰ ‘ਹੀਰ’ ਦਰਸਾਉਣਾ ਤੇ ਜਾਤੀਵਾਦ ਕਿਥੋਂ ਤੱਕ ਜਾਇਜ਼ ਹੈ? ਗੀਤਾਂ ਵਿਚਲੀ ਲੱਚਰਤਾ ਲਈ ਅਸੀਂ ਖੁਦ ਵੀ ਜ਼ਿੰਮੇਵਾਰ ਹਾਂ ਤੇ ਲੱਚਰਤਾ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾ ਰਹੀ ਹੈ। ਸਾਡੀ ਛੋਟੀ ਜਿਹੀ ਕੋਸ਼ਿਸ਼ ਇਸ ਨੂੰ ਰੋਕ ਸਕਦੀ ਹੈ। ਸਾਨੂੰ ਅਜਿਹੇ ਗੀਤ ਸੁਣਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਜਿਸ ਚੀਜ਼ ਦੀ ਬਾਜ਼ਾਰ ਵਿਚ ਮੰਗ ਨਹੀਂ ਹੁੰਦੀ, ਉਸ ਨੂੰ ਕੋਈ ਦੁਕਾਨਦਾਰ ਆਪਣੀ ਦੁਕਾਨ ਵਿਚ ਨਹੀਂ ਰੱਖਦਾ।
ਹਰਦੀਪ ਕੌਰ, ਐਨਸੀਐਲਪੀ, ਵਾਲੰਟੀਅਰ, ਲੁਧਿਆਣਾ। ਸੰਪਰਕ: 98154-77016

ਲੱਚਰ ਗੀਤ ਸਮਾਜ ਲਈ ਘਾਤਕ
ਪੁਰਾਣੇ ਗੀਤਾਂ ਵਿੱਚ ਜ਼ਿਆਦਾਤਰ ਪਰਿਵਾਰਕ ਰਿਸ਼ਤਿਆਂ ਨੂੰ ਅਧਾਰ ਬਣਾਇਆ ਜਾਂਦਾ ਸੀ, ਜੋ ਸਾਡੇ ਸੱਭਿਆਚਾਰ ਦਾ ਪ੍ਰਗਟਾਵਾ ਕਰਦੇ ਸਨ। ਪਰ ਅਜੋਕੇ ਗੀਤਾਂ ਵਿੱਚ ਵਧ ਰਹੀ ਲੱਚਰਤਾ, ਹਥਿਆਰ, ਨਸ਼ੇ, ਵੱਡੀਆਂ ਕਾਰਾਂ ਤੇ ਵੱਡੀਆਂ ਕੋਠੀਆਂ ਦਾ ਦਿਖਾਵਾ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾ ਰਿਹਾ ਹੈ। ਲੱਚਰਤਾ ਦੀ ਹਨੇਰੀ ਨੇ ਸਾਡੇ ਸੱਭਿਆਚਾਰ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਅਜੋਕੇ ਗੀਤ ਅਸਲੀਅਤ ਤੋਂ ਕੋਹਾਂ ਦੂਰ ਅਜਿਹੀ ਨਕਲੀ ਜ਼ਿੰਦਗੀ ਦਾ ਅਕਸ ਨੌਜਵਾਨਾਂ ਦੇ ਮਨਾਂ ਵਿਚ ਘੜਦੇ ਹਨ, ਜੋ ਸਮਾਜ ਲਈ ਬਹੁਤ ਹੀ ਘਾਤਕ ਹੈ। ਲੱਚਰ ਗਾਇਕੀ ਨੌਜਵਾਨਾਂ ਅੰਦਰਲੀਆਂ ਨੈਤਿਕ ਕਦਰਾਂ-ਕੀਮਤਾਂ ਦਾ ਘਾਣ ਕਰ ਰਹੀ ਹੈ। ਲੋੜ ਹੈ ਲੱਚਰਤਾ ਭਰਪੂਰ ਗੀਤਾਂ ਤੋ ਗੁਰੇਜ਼ ਕੀਤਾ ਜਾਵੇ।
ਮਨਦੀਪ ਬਰਾੜ, ਈਟੀਟੀ ਅਧਿਆਪਕ, ਪਿੰਡ
ਕੋਟਲੀ ਸੰਘਰ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
ਸੰਪਰਕ: 98725-00095

ਮਾੜੇ ਗੀਤਾਂ ਨੇ ਨੌਜਵਾਨਾਂ ਦੀ ਮਾਨਸਿਕਤਾ ਵਿਗਾੜੀ
ਵਲਾਦੀਮੀਰ ਲੈਨਿਨ ਦਾ ਕਹਿਣਾ ਸੀ, ‘‘ਤੁਸੀਂ ਦੱਸੋ ਕਿ ਤੁਹਾਡੇ ਦੇਸ਼ ਦੇ ਨੌਜਵਾਨਾਂ ਦੀ ਜ਼ੁਬਾਨ ’ਤੇ ਕਿਹੋ ਜਿਹੇ ਗੀਤ ਹਨ, ਮੈਂ ਤੁਹਾਡੇ ਦੇਸ਼ ਦਾ ਭਵਿੱਖ ਦੱਸ ਸਕਦਾ ਹਾਂ।’’ ਸਾਡੀ ਨੌਜਵਾਨ ਪੀੜ੍ਹੀ ਅੱਜ ਕੀ ਗਾਉਂਦੀ ਹੈ: ‘ਬਾਰਡਰ ਨੀ ਟੱਪਦਾ ਚਿੱਟਾ, ਮੁੰਡਾ ਲੁਧਿਆਣੇ ’ਡੀਕਦਾ’ ਤੇ ‘ਜਿਥੇ ਹੁੰਦੀ ਐ ਪਾਬੰਦੀ ਹਥਿਆਰ ਦੀ, ਓਥੇ ਜੱਟ ਫੈਰ ਕਰਦਾ’, ‘ਬਾਰ੍ਹਵੀਂ ’ਚ ਬਦਮਾਸ਼ੀ ਸ਼ੁਰੂ ਕਰਤੀ’ ਜਾਂ ‘ਅਠ੍ਹਾਰਵੇਂ ’ਚ ਮੁੰਡਾ ਬਦਨਾਮ ਹੋ ਗਿਆ’ ਆਦਿ। ਇਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੇਸ਼ ਦੇ ਨੌਜਵਾਨਾਂ ਦੀ ਮਾਨਸਿਕਤਾ ਵਿਗਾੜਨ ਲਈ ਕਿਹੋ ਜਿਹਾ ਗੀਤ-ਸੰਗੀਤ ਪਰੋਸਿਆ ਜਾ ਰਿਹਾ ਹੈ, ਜੋ ਬਹੁਤ ਹੀ ਚਿੰਤਾਜਨਕ ਹੈ।
ਗੁਰਸਿਮਰਨ ਸਿੰਘ, ਲਾਲਬਾਈ, ਸ੍ਰੀ ਮੁਕਤਸਰ
ਸਾਹਿਬ। ਸੰਪਰਕ: 98035-74343

ਪੰਜਾਬੀ ਸਮਾਜ ਦੇ ਮਾੜੇ ਹਾਲਾਤ
ਬੇਸ਼ੱਕ ਅਜੋਕੇ ਗੀਤ ਪੰਜਾਬੀ ਸਮਾਜ ਦੇ ਕੱਦ ਤੇ ਮਿਆਰ ਅਨੁਸਾਰ ਢੁਕਵੇਂ ਨਹੀਂ ਹਨ, ਪਰ ਸੋਚਣ ਵਾਲੀ ਗੱਲ ਹੈ ਕਿ ਅੱਜ ਸਾਡਾ ਸਮਾਜ ਵੀ ਅੱਜ ਕਿੱਧਰ ਜਾ ਰਿਹਾ ਹੈ? ਇਹ ਚਿੰਤਾ ਦਾ ਵਿਸ਼ਾ ਹੈ। ਗੀਤ ਅਕਸਰ ਸਮੇਂ ਦੇ ਹਾਣੀ ਹੁੰਦੇ ਹਨ। ਕਿਸੇ ਗਾਇਕ ਨੇ ਆਪਣੀ ਇੰਟਰਵਿਊ ਵਿੱਚ ਵੀ ਕਿਹਾ ਸੀ ਕਿ ਅਸੀਂ ਉਹੀ ਕੁਝ ਗਾਉਂਦੇ ਹਾਂ ਜੋ ਲੋਕਾਂ ਦੀ ਪਸੰਦ ਹੈ। ਇਸ ਤਰ੍ਹਾਂ ਅਸਲੀਅਤ ਇਹੋ ਹੈ ਕਿ ਪੰਜਾਬੀ ਸਮਾਜ ਦਾ ਹੀ ਕੱਦ ਤੇ ਮਿਆਰ ਉਹ ਨਹੀਂ ਰਿਹਾ, ਜੋ ਉਸ ਦੇ ਵਿਰਾਸਤੀ ਅਤੇ ਲੋਕ ਗੀਤਾਂ ਅਨੁਸਾਰ ਢੁਕਵਾਂ ਸੀ।
ਮਨਦੀਪ ਸਿੰਘ ਸ਼ੇਰੋਂ, ਦਸਮੇਸ਼ ਨਗਰ, ਸੁਨਾਮ,
ਸੰਗਰੂਰ। ਸੰਪਰਕ: 73076-25006
(ਇਹ ਵਿਚਾਰ ਚਰਚਾ ਅਗਲੇ ਵੀਰਵਾਰ ਵੀ ਜਾਰੀ ਰਹੇਗੀ)


Comments Off on ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.