ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

Posted On September - 5 - 2019

ਲੱਚਰਤਾ ਖ਼ਿਲਾਫ਼ ਆਪਣੇ ਘਰੋਂ ਸ਼ੁਰੂਆਤ ਕਰੀਏ

ਅੱਜ ਸਾਡੇ ਪੰਜਾਬੀ ਸਮਾਜ ਵਿੱਚ ਗੀਤਾਂ ਅਤੇ ਫਿਲਮਾਂ ਵਿੱਚ ਲੱਚਰਤਾ ਹੱਦਾਂ-ਬੰਨੇ ਟੱਪਦੀ ਜਾ ਰਹੀ ਹੈ। ਇਸ ਲਈ ਦੋਵੇ ਪੱਖ ਜ਼ਿੰਮੇਵਾਰ ਹਨ, ਸੁਣਨ ਵਾਲੇ ਵੀ ਤੇ ਗਾਉਣ ਵਾਲੇ ਵੀ। ਗਾਇਕਾਂ/ਗੀਤਕਾਰਾਂ ਵੱਲੋਂ ਪੰਜਾਬ ਦੇ ਅਮੀਰ ਸਭਿਆਚਾਰਕ ਵਿਰਸੇ ਨੂੰ ਆਪਣੇ ਸੌੜੇ ਹਿੱਤਾਂ ਅਤੇ ਝੂਠੀ ਸ਼ੁਹਰਤ ਲਈ ਤਬਾਹ ਕੀਤਾ ਜਾ ਰਿਹਾ ਹੈ। ਪੰਜਾਬੀ ਗਾਇਕਾਂ ਨੇ ਪੰਜਾਬੀ ਗਭਰੂ ਦੀ ਪਛਾਣ ਅਜਿਹੀ ਬਣਾ ਦਿਤੀ ਹੈ, ਜਿਸ ਨੂੰ ਕੁੜੀਆਂ, ਸ਼ਰਾਬ, ਸ਼ੋਹਰਤ, ਰਫ਼ਲਾਂ, ਬੰਦੂਕਾਂ ਅਤੇ ਅਮਰੀਕਾ ਕੈਨੇਡਾ ਤੋਂ ਬਿਨਾਂ ਕੁੱਝ ਨਜ਼ਰ ਹੀ ਨਹੀਂ ਆਉਂਦਾ। ਜੇ ਅਸੀਂ ਲੱਚਰਤਾ ਖ਼ਿਲਾਫ਼ ਆਪਣੇ ਘਰ ਤੋਂ ਸ਼ੁਰੂਆਤ ਕਰੀਏ ਤਾਂ ਇਸ ਤਰ੍ਹਾਂ ਦੀ ਗਾਇਕੀ ਨੂੰ ਰੋਕਣਾ ਕੋਈ ਵੱਡੀ ਗੱਲ ਨਹੀਂ।

ਹਰਪ੍ਰੀਤ ਸਿੰਘ, ਬੂਟਾ ਸਿੰਘ ਵਾਲਾ, ਮੁਹਾਲੀ।
ਸੰਪਰਕ: 98145-21972

ਜਿਹੋ ਜਿਹੀ ਸਮਾਜ ਦੀ ਸੋਚ, ਉਹੋ ਜਿਹੇ ਗੀਤ

ਗੀਤਾਂ ਚ ਲੱਚਰਤਾ ਇਸ ਕਾਰਨ ਵਧ ਰਹੀ ਹੈ ਕਿਉਂਕਿ ਅਸੀਂ ਸ਼ਾਇਦ ਅਜਿਹੇ ਗਾਣਿਆਂ ਨੂੰ ਪਸੰਦ ਕਰਦੇ ਹਾ। ਸਾਡਾ ਸਮਾਜ ਅਜਿਹੇ ਗਾਣਿਆਂ ਦੀ ਪੁਸ਼ਤਪਨਾਹੀ ਕਰ ਰਿਹਾ ਹੈ। ਉਹ ਸਮਾਜ, ਜਿਸ ਵਿੱਚ ਅਸੀਂ ਵਿਦੇਸ਼ੀਂ ਜਾਣ ਦੀ ਦੌੜ ਞਿਚ ਆਪਣੇ ਪਾਕ-ਪਵਿੱਤਰ ਰਿਸ਼ਤਿਆਂ ਨੂੰ ਛਿੱਕੇ ਟੰਗ ਕੇ ਵਿਆਹ ਕਰਵਾ ਰਹੇ ਹਾ, ਅਸੀਂ ਸਭਿਆਚਾਰਕ ਗੀਤਾਂ ਦੀ ਕੀ ਆਸ ਕਰ ਸਕਦੇ ਹਾ। ਸਰਕਾਰ ਨੂੰ ਗੀਤਾਂ ਲਈ ਇਕ ਸੈਂਸਰ ਬੋਰਡ ਦਾ ਗਠਨ ਕਰਨਾ ਚਾਹੀਦਾ।

ਗੁਰਪ੍ਰੀਤ ਸਿੰਘ ਹੰਸਰਾ, ਪਿੰਡ ਚਕਰ, ਜਗਰਾਉਂ,
ਜ਼ਿਲ੍ਹਾ ਲੁਧਿਆਣਾ। ਸੰਪਰਕ: 81950-03139

ਲੱਚਰਤਾ ਨੂੰ ਨੱਥ ਪਾਉਣੀ ਜ਼ਰੂਰੀ

ਸਾਡੇ ਪੁਰਾਤਨ ਕਿੱਸਿਆਂ ਆਦਿ ਵਿਚ ਵੀ ਲੱਚਰਤਾ ਦੇ ਕਾਫ਼ੀ ਅੰਸ਼ ਮਿਲਦੇ ਹਨ, ਪਰ ਉਦੋਂ ਸਮਾਜ ਐਨਾ ਵਿਕਸਿਤ ਨਾ ਹੋਣ ਕਾਰਨ ਅਜਿਹਾ ਚੱਲ ਜਾਂਦੀ ਸੀ। ਉਂਝ ਵੀ ਉਦੋਂ ਅਜਿਹੀ ਗਾਇਕੀ ਪਿੰਡ ਦੀ ਵੱਸੋਂ ਤੋਂ ਦੂਰ ਟਿੱਬਿਆਂ ਵਿੱਚ ਸੁਣੀ ਤੇ ਗਾਈ ਜਾਂਦੀ ਸੀ। ਪਰ ਅਜੋਕੇ ਵਿਸ਼ਵੀਕਰਨ ਅਤੇ ਸੋਸ਼ਲ ਮੀਡੀਆ ਦੇ ਦੌਰ ਕਾਰਨ ਇਹ ਲੱਚਰਤਾ ਸਾਡੇ ਘਰਾਂ ਵਿੱਚ ਨੱਚਣ ਲੱਗੀ ਹੈ। ਇਸ ਦੇ ਵਿਰੋਧ ਦਾ ਕਾਰਨ ਹਨ – ਚੇਤੰਨ ਨਾਰੀ ਅਤੇ ਮਰਦ, ਜੋ ਸਮਝਦੇ ਹਨ ਕਿ ਔਰਤ ਕੋਈ ਸਜਾਵਟ ਜਾਂ ਭੋਗ-ਵਿਲਾਸ ਦੀ ਚੀਜ਼ ਨਹੀਂ, ਬਲਕਿ ਸੂਝਵਾਨ ਮਾਂ, ਧੀ, ਪਤਨੀ ਅਤੇ ਨੂੰਹ ਹੈ ਤੇ ਇਕ ਜ਼ਿੰਦਾ-ਜਾਗਦੀ ਇਨਸਾਨ ਹੈ। ਲੱਚਰ ਗਾਇਕੀ ’ਤੇ ਕਾਬੂ ਪਾਉਣ ਲਈ ਸਾਨੂੰ ਆਪਣੀ ਅਣਖ, ਕਿਰਦਾਰ ਅਤੇ ਸੋਚ ਨੂੰ ਜਗਾਉਣ ਦੀ ਲੋੜ ਹੈ।

ਸਿਮਰਨ ਔਲਖ, ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ।

ਨੌਜਵਾਨਾਂ ਨੂੰ ਗੁੰਮਰਾਹ ਕਰਦੀ ਲੱਚਰ ਗਾਇਕੀ

ਕਈ ਵਾਰ ਤਾਂ ਗੀਤ ਸੁਣਦਾ ਮਨੁੱਖ ਆਪਣੇ ਆਪ ਨੂੰ ਭੁੱਲ ਕੇ ਕਿਸੇ ਹੋਰ ਦੁਨੀਆਂ ਵਿਚ ਚਲਾ ਜਾਂਦਾ ਹੈ। ਇੱਕ ਕਾਰਨ ਇਹ ਹੈ ਕਿ ਮਨੁੱਖ ਦੇ ਨਾ ਚਾਹੁੰਦੇ ਹੋਏ ਵੀ ਦੂਰ-ਦਰਾਡੇ ਚੱਲਦੇ ਲੱਚਰ ਗੀਤ ਉਸ ਨੂੰ ਵਰਗਲਾ ਲੈਂਦੇ ਹਨ। ਜੇ ਗੀਤ ਵਿੱਚ ਨਸ਼ੇ ਦੀ ਗੱਲ ਹੋ ਰਹੀ ਹੋਵੇ ਤਾਂ ਵਿਅਕਤੀ ਗਾਣੇ ਤੋਂ ਭਾਵੁਕ ਹੋ ਕੇ ਨਸ਼ੇ ਦੀ ਵਰਤੋਂ ਕਰਦਾ ਹੈ ਤੇ ਕਈ ਵਾਰ ਇਸ ਦਾ ਆਦੀ ਹੋ ਜਾਂਦਾ ਹੈ। ਅੱਜ ਦੀ ਜਵਾਨੀ ਗਾਣਿਆਂ ਤੋਂ ਪ੍ਰਭਾਵਿਤ ਹੋ ਕੇ ਗੀਤਾਂ ਅਤੇ ਫਿਲਮਾਂ ਵਿੱਚ ਵਰਤੇ ਗਏ ਹਥਿਆਰਾਂ ਦੇ ਬਰੈਂਡਾਂ ਜਾਂ ਨੰਗੇਜ ਤੋਂ ਪ੍ਰਭਾਵਿਤ ਹੋ ਗਲਤ ਕੰਮ ਕਰ ਬੈਠਦੀ ਹੈ।

ਗੁਰਪ੍ਰੀਤ ਸਿੰਘ ਢਪਾਲੀ, ਬਾਬਾ ਫ਼ਰੀਦ ਕਾਲਜ ਆਫ ਐਜੂਕੇਸ਼ਨ ਦਿਉਣ, ਬਠਿੰਡਾ। ਸੰਪਰਕ: 98720-86363

ਅਸ਼ਲੀਲਤਾ ਦਾ ਪੈਮਾਨਾ ਤੈਅ ਹੋਵੇ

ਸਾਡੀ ਗੀਤਕਾਰੀ ਉੱਪਰ ਪਹਿਲਾਂ ਅਰਬੀ-ਫਾਰਸੀ ਦਾ ਪ੍ਰਭਾਵ ਸੀ, ਹੁਣ ਇੰਗਲਿਸ਼ ਦਾ ਹੈ। ਪਹਿਲਾਂ ਪੰਜਾਬੀ ਸੱਭਿਆਚਾਰ ਦਾ ਸਬੰਧ ਇਸਲਾਮੀ ਮੁਲਕਾਂ ਨਾਲ ਜ਼ਿਆਦਾ ਸੀ, ਹੁਣ ਸਾਡੇ ਬੱਚੇ ਪੱਛਮ ਦੇ ਵੱਧ ਨੇੜੇ ਹਨ। ਵੀਡੀਓਜ਼ ਵਿੱਚ ਪੱਛਮੀ ਪਹਿਰਾਵੇ ਕਾਰਨ ਨੰਗੇਜ ਦੇ ਇਲਜ਼ਾਮ ਕਲਾਕਾਰਾਂ ’ਤੇ ਲਗਦੇ ਹਨ। ਪਰ ਸਾਡੇ ਆਵਦੇ ਬੱਚੇ ਵੀ ਘੱਗਰਿਆਂ ਤੇ ਸਲਵਾਰਾਂ-ਕਮੀਜ਼ਾਂ ਤੋਂ ਸ਼ੌਰਟਸ (ਸਕਰਟਾਂ-ਨਿੱਕਰਾਂ) ਅਤੇ ਚਾਦਰਿਆਂ ਤੋਂ ਜੀਨਾਂ ’ਤੇ ਆ ਗਏ ਹਨ। ਉਂਝ ਵੀ ਗਾਇਕੀ ਵਿੱਚ ਅਸ਼ਲੀਲਤਾ ਹੁਣੇ ਨਹੀਂ ਸ਼ੁਰੂ ਹੋਈ, ਇਸ ਦਾ ਇਤਿਹਾਸ ਬਹੁਤ ਪੁਰਾਣਾ ਹੈ। ਫਰਕ ਇੰਨਾ ਹੈ ਕਿ ਹੁਣ ਸਾਡੇ ਘਰਾਂ ਤੱਕ ਗੀਤ-ਸੰਗੀਤ ਪਹੁੰਚ ਚੁੱਕਾ ਹੈ। ਪਹਿਲਾਂ ਗੀਤ ਸਿਰਫ ਸੁਣੇ ਜਾਂਦੇ ਸਨ, ਹੁਣ ਵਿਖਾਏ ਵੀ ਜਾਂਦੇ ਹਨ। ਜ਼ਰੂਰੀ ਹੈ ਕਿ ਪਹਿਲਾਂ ਅਸ਼ਲੀਲਤਾ ਦਾ ਪੈਮਾਨਾ ਤੈਅ ਕੀਤਾ ਜਾਵੇ।

ਦੇਵ ਕੁਰਾਈਵਾਲਾ, ਪਿੰਡ ਕੁਰਾਈਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ। ਸੰਪਰਕ: 94134-00053

ਲੱਚਰਤਾ, ਹਥਿਆਰ ਤੇ ਨਸ਼ੇ ਸਮਾਜ ਲਈ ਮਾਰੂ

ਅੱਜ ਫੈਸ਼ਨ ਦਾ ਦੌਰ ਹੈ ਤੇ ਇਹੀ ਫੈਸ਼ਨ ਫਿਲਮਾਂ, ਗੀਤਾਂ ਵਿੱਚੋਂ ਸਮਾਜ ਵਿੱਚ ਵਿਚਰਦਾ ਹੈ। ਪੰਜਾਬੀ ਸਭਿਆਚਾਰ ਨੂੰ ਗੀਤਾਂ-ਫਿਲਮਾਂ ਵਿੱਚ ਦਿਖਾਉਣ ਦੀ ਬਜਾਏ, ਸਾਡੇ ਕਲਾਕਾਰ ਤੇ ਲੋਕ ਪੱਛਮੀ ਸੱਭਿਆਚਾਰ ਨੂੰ ਤਰਜੀਹ ਦਿੰਦੇ ਹਨ। ਭਾਵੇਂ ਮਾਡਰਨ ਜ਼ਮਾਨਾ ਆ ਗਿਆ ਹੈ, ਪਰ ਸਾਨੂੰ ਆਪਣਾ ਪਿਛੋਕੜ ਨਹੀਂ ਭੁੱਲਣਾ ਚਾਹੀਦਾ। ਫਿਲਮਾਂ ਵਿੱਚ ਦਿਖਾਈ ਜਾ ਰਹੀ ਲੱਚਰਤਾ, ਪੱਛਮੀ ਕੱਪੜੇ, ਗੀਤਾਂ ਵਿੱਚ ਦਿਖਾਏ ਜਾਂਦੇ ਹਥਿਆਰ, ਨਸ਼ਾ ਸਾਡੀ ਨਵੀਂ ਪੀੜ੍ਹੀ ਨੂੰ ਸੇਧ ਨਹੀਂ ਦੇਣਗੇ। ਇਨ੍ਹਾਂ ਨਾਲ ਸਮਾਜ ਦੀ ਹਾਲਤ ਖ਼ਰਾਬ ਹੀ ਹੋਵੇਗੀ। ਹਥਿਆਰਾਂ ਵਾਲੇ ਗੀਤ-ਸੰਗੀਤ ਨਾਲ ਬੱਚਿਆਂ ਵਿੱਚ ਸਹਿਣਸ਼ੀਲਤਾ ਦੀ ਭਾਵਨਾ ਘਟੇਗੀ ਤੇ ਉਨ੍ਹਾਂ ਦੀ ਸੋਚ ਦਿਨੋਂ-ਦਿਨ ਖੂੰਖਾਰ ਹੀ ਹੁੰਦੀ ਜਾਵੇਗੀ।

ਹਰਦੀਪ ਸਿੰਘ, ਸ਼ੇਖਪੁਰਾ, ਤਹਿਸੀਲ ਤਲਵੰਡੀ ਸਾਬੋ, ਬਠਿੰਡਾ। ਸੰਪਰਕ: 95019-95121

ਸਮਾਜ ਦੇ ਰਾਹ ਦਾ ਰੋੜਾ ਅਸ਼ਲੀਲ ਗਾਇਕੀ

ਗੀਤਾਂ ਵਿੱਚ ਕੁੜੀਆਂ ਨੂੰ ਹੀ ਜ਼ਿਆਦਾ ਹੀ ਤੇ ਬਹੁਤੀ ਵਾਰੀ ਅਸ਼ਲੀਲ ਢੰਗ ਨਾਲ ਦਿਖਇਆ ਜਾਂਦਾ ਹੈ। ਪੰਜਾਬੀ ਗਾਇਕੀ ਅੱਜ ਹਥਿਆਰ, ਨਸ਼ਾ, ਲੜਾਈਆਂ, ਜੱਟ ਆਦਿ ਵਿਸਿ਼ਆਂ ਤੱਕ ਹੀ ਸੀਮਿਤ ਹੋ ਰਹਿ ਗਈ ਹੈ। ਲੋਕਾਂ ਦੇ ਮੁੱਦਿਆਂ ਤੇ ਸਮੱਸਿਆਵਾਂ ਦੀ ਗੱਲ ਕਦੇ ਨਹੀਂ ਕਰਦੀ। ਇਸ ਹਾਲਤ ਵਿਚ ਸਰੋਤਿਆਂ ਦੀ ਸੋਚ ਹੀ ਗਾਇਕਾਂ ਨੂੰ ਸਿੱਧੇ ਰਾਹ ਪਾ ਸਕਦੀ ਹੈ, ਕਿਉਂਕਿ ਗਾਉਣ ਵਾਲਿਆਂ ਦਾ ਤਾਂ ਇਹ ਗਾਉਣਾ ਧੰਦਾ ਹੈ, ਜੋ ਵਿਕੇਗਾ, ਉਹੋ ਵੇਚਣਗੇ। ਸਮਾਜ ਇਸ ਪਾਸੇ ਧਿਆਨ ਦੇਵੇ। ਸਰਕਾਰਾਂ ਇਸ ਦਾ ਹੱਲ ਸਰਕਾਰਾਂ ਕਦੇ ਨਹੀਂ ਕਰਨਗੀਆਂ ਕਿਉਂਕਿ ਫਿਰ ਨੌਜਵਾਨ ਪੀੜ੍ਹੀ ਰੁਜ਼ਗਾਰ ਦੀ ਮੰਗ ਕਰੇਗੀ।

ਦਵਿੰਦਰ ਸਿੰਘ, ਪਿੰਡ ਤਲਵੰਡੀ ਅਕਲੀਆ, ਮਾਨਸਾ।

ਹਿੰਸਕ ਤੇ ਘਟੀਆ ਸ਼ਬਦਾਵਲੀ ’ਤੇ ਰੋਕ ਲੱਗੇ

ਸੰਗੀਤ ਤੇ ਸੱਭਿਆਚਾਰ ’ਚ ਗੀਤਾਂ ਦੀ ਖਾਸ ਜਗ੍ਹਾ ਹੁੰਦੀ ਹੈ, ਪਰ ਅੱਜ-ਕੱਲ੍ਹ ਦੇ ਅਖੌਤੀ ਗੀਤਕਾਰ ਤੇ ਗਾਇਕ ਗੀਤਾਂ ’ਚ ਦਾਰੂ, ਮਾਰ-ਧਾੜ, ਨਸ਼ੇ, ਗੋਲੀ, ਗੰਡਾਸੇ, ਬੰਦੂਕਾਂ, ਨਾਜਾਇਜ਼ ਅਸਲੇ ਦਾ ਜ਼ਿਕਰ ਕਰਕੇ ਫੋਕੀ ਸ਼ੋਹਰਤ ਕਮਾਉਣ ਲਈ ਪੰਜਾਬੀ ਤੇ ਪੰਜਾਬੀਅਤ ਨੂੰ ਨਿਘਾਰ ਵੱਲ ਲਿਜਾ ਰਹੇ ਹਨ। ਛੋਟੀ ਉਮਰ ਦੇ ਇਨ੍ਹਾਂ ਹੋਰ ਭੈੜੀਆਂ ਹਰਕਤਾਂ ਨੂੰ ਹੀ ਫੈਸ਼ਨ ਮੰਨ ਲੈਂਦੇ ਨੇ। ਪਰ ਜਦੋਂ ਤਕ ਉਹ ਅਸਲੀਅਤ ਤੋਂ ਜਾਣੂ ਹੁੰਦੇ ਨੇ ਉਸ ਸਮੇਂ ਤਕ ਖ਼ਾਸੀ ਦੇਰ ਹੋ ਚੁਕੀ ਹੁੰਦੀ ਹੈ। ਸਾਨੂੰ ਸਰਕਾਰ ਦੀ ਲੱਚਰ ਗੀਤਾਂ ਖਿਲਾਫ ਕਾਰਵਾਈ ਬਣਾਈ ਕਮੇਟੀ ਤੇ ਟੇਕ ਰੱਖਣ ਦੀ ਬਜਾਇ ਜਾਗਰੂਕ ਹੋਣਾ ਲੱਚਰ ਗੀਤ ਲਿਖਣ ਅਤੇ ਗਾਉਣ ਵਾਲਿਆਂ ਦਾ ਬਾਈਕਾਟ ਕਰਨਾ ਚਾਹੀਦਾ ਹੈ।

ਰਣਜੀਤ ਕੌਰ ਸ਼ੇਰਗਿੱਲ, ਨੌਲੱਖਾ, ਫਤਹਿਗੜ੍ਹ ਸਾਹਿਬ।


Comments Off on ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.