‘ਗਿਆਨ ਉਤਸਵ’ ਤਹਿਤ ਵਿਦਿਅਕ ਮੁਕਾਬਲੇ ਕਰਵਾਏ !    ਐੱਸਐੱਮਓ ਵੱਲੋਂ ਲੋੜੀਦੀਆਂ ਸਾਵਧਾਨੀਆਂ ਵਰਤਣ ਦੇ ਨਿਰਦੇਸ਼ !    ਨਾਟਕ ‘ਦਮ ਤੋੜਦੇ ਰਿਸ਼ਤੇ’ ਨੇ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ !    ਸਟੋਕਸ ਨੇ ਫਿਰ ਨਿਊਜ਼ੀਲੈਂਡ ਨੂੰ ਵਖ਼ਤ ਪਾਇਆ !    ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ !    ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ !    ਚਾਨਣ ਦੇ ਰਾਹੀ !    ਗਿਆਨ ਦਾ ਭੰਡਾਰ ‘ਵਿਕੀਪੀਡੀਆ’ !    ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ? !    ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ !    

ਨੌਜਵਾਨ ਪੀੜ੍ਹੀ ਤੇ ਬੌਧਿਕ ਕੰਗਾਲੀ ਦੀ ਸਮੱਸਿਆ

Posted On September - 12 - 2019

ਵਰਿੰਦਰ ਸਿੰਘ ਭੁੱਲਰ
ਨੌਜਵਾਨ ਵਰਗ ਕਿਸੇ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਦੇਸ਼ ਦਾ ਭਵਿੱਖ ਉੱਥੋਂ ਦੇ ਨੌਜਵਾਨਾਂ ’ਤੇ ਨਿਰਭਰ ਕਰਦਾ ਹੈ। ਕਿਸੇ ਦੇਸ਼ ਦੀ ਤਰੱਕੀ ਅਤੇ ਵਿਕਾਸ ਦਾ ਅੰਦਾਜ਼ਾ ਉਥੋਂ ਦੀ ਜਵਾਨੀ ਦੀ ਸੋਚਣ ਸ਼ਕਤੀ, ਇੱਛਾ ਸ਼ਕਤੀ ਅਤੇ ਕੰਮ ਪ੍ਰਤੀ ਲਗਨ ਤੇ ਦ੍ਰਿੜ੍ਹਤਾ ਤੋਂ ਲਗਾਇਆ ਜਾ ਸਕਦਾ ਹੈ। ਜਿਸ ਦੇਸ਼ ਦੀ ਜਵਾਨੀ ਆਪਣੇ ਵਤਨ ਪ੍ਰਤੀ ਵੱਧ ਸੰਵੇਦਨਸ਼ੀਲ ਅਤੇ ਫਿਕਰਮੰਦ ਹੁੰਦੀ ਹੈ, ਉਸ ਨੂੰ ਵਿਕਾਸ ਤੋਂ ਕੋਈ ਨਹੀਂ ਰੋਕ ਸਕਦਾ, ਬਸ਼ਰਤੇ ਕਿ ਉੱਥੋਂ ਦਾ ਸਿਆਸੀ ਮਾਹੌਲ ਨੌਜਵਾਨ ਪੀੜ੍ਹੀ ਦੇ ਰਾਹ ਦਾ ਰੋੜਾ ਨਾ ਹੋਵੇ। ਜਦੋਂ ਚੌਧਰ ਅਤੇ ਨਿੱਜੀ ਲਾਲਚਾਂ ਕਰ ਕੇ ਦੇਸ਼ ਦੇ ਆਗੂ ਨੌਜਵਾਨ ਪੀੜ੍ਹੀ ਨੂੰ ਆਪਣੇ ਲਈ ਖਤਰਾ ਸਮਝਦੇ ਹੋਣ ਅਤੇ ਉਨ੍ਹਾਂ ਨੂੰ ਆਜ਼ਾਦੀ ਨਾਲ ਕੰਮ ਨਾ ਕਰਨ ਦੇਣ, ਤਾਂ ਉਹ ਦੇਸ਼ ਕਦੇ ਅੱਗੇ ਨਹੀਂ ਵਧ ਸਕਦਾ।
ਸਾਡਾ ਦੇਸ਼ ਇਸ ਦੀ ਜਿਉਂਦੀ-ਜਾਗਦੀ ਮਿਸਾਲ ਹੈ ਕਿ ਕਿਵੇਂ ਜਵਾਨੀ ਨੂੰ ਬੌਧਿਕ ਪੱਖੋਂ ਕੰਗਾਲ ਕਰ ਕੇ ਇਸ ਦਾ ਬੁਰਾ ਹਾਲ ਕੀਤਾ ਪਿਆ ਹੈ, ਸਾਡੇ ਭਾਰਤ ਦੇ ਆਗੂਆਂ ਨੇ। ਨਾ ਸਾਡੇ ਦੇਸ਼ ’ਚ ਕਿਸੇ ਨੌਜਵਾਨ ਨੂੰ ਆਪਣੇ ਵਿਚਾਰ ਪੇਸ਼ ਕਰਨ ਤੇ ਬੋਲਣ ਦਾ ਮੌਕਾ ਦਿੱਤਾ ਜਾਂਦਾ ਤੇ ਜੇ ਕੋਈ ਅੱਗੇ ਹੋ ਕੇ ਅਜਿਹਾ ਕਰਨਾ ਚਾਹੇ ਤਾਂ ਉਸ ਦੀ ਸੁਣਨ ਦੀ ਬਜਾਏ ਉਸ ਨੂੰ ਠਿੱਠ ਕੀਤਾ ਜਾਂਦਾ ਹੈ।
ਨਵੇਂ ਵਿਚਾਰਾਂ ਦਾ ਆਦਾਨ ਪ੍ਰਦਾਨ ਹੁੰਦੇ ਰਹਿਣਾ ਕਿਸੇ ਦੇਸ਼ ਦੇ ਵਸਨੀਕਾਂ ਲਈ ਸੰਜੀਵਨੀ ਬੂਟੀ ਦਾ ਕੰਮ ਕਰਦਾ ਹੈ। ਇਸ ਨਾਲ ਲੋਕਾਂ ਦਾ ਸਮਾਜਿਕ, ਬੌਧਿਕ ਅਤੇ ਆਰਥਿਕ ਵਿਕਾਸ ਵੀ ਹੁੰਦਾ ਹੈ। ਪਰ ਪਿਛਲੇ ਕੁਝ ਦਹਾਕਿਆਂ ਤੋਂ ਸਾਡੇ ਦੇਸ਼ ਦੇ ਸਿਆਸੀ ਆਗੂਆਂ ਨੇ ਆਪਣੀ ਕੁਰਸੀ ਦੀ ਲਾਲਸਾ ਅਤੇ ਭ੍ਰਿਸ਼ਟਾਚਾਰ ’ਤੇ ਪਰਦਾ ਪਾਉਣ ਖਾਤਰ ਨੌਜਵਾਨ ਪੀੜ੍ਹੀ ਨੂੰ ਕੱਖੋਂ ਹੌਲੀ ਕਰ ਦਿੱਤਾ ਹੈ। ਬੇਰੁਜ਼ਗਾਰੀ ਅਤੇ ਨਸ਼ਿਆਂ ਦਾ ਅਜਿਹਾ ਹੜ੍ਹ ਲਿਆਂਦਾ ਕਿ ਨੌਜਵਾਨ ਹੁਣ ਇਨ੍ਹਾਂ ਚੌਧਰੀਆਂ ਦੇ ਸਾਹਮਣੇ ਖੜ੍ਹਨ ਤੇ ਬੋਲਣ ਯੋਗ ਨਹੀਂ ਰਹੇ। ਇਹ ਸਿਆਸੀ ਆਗੂ ਤੇ ਚੌਧਰੀ, ਨੌਜਵਾਨ ਵਰਗ ਤੋਂ ਆਪਣੇ ਮਤਲਬ ਕੱਢਣਾ ਖੂਬ ਜਾਣਦੇ ਹਨ। ਨੌਜਵਾਨ ਵਰਗ ਇਸ ਬਾਰੇ ਸੋਚਦਾ ਤਕ ਨਹੀਂ ਕਿ ਉਨ੍ਹਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਚੋਣਾਂ ਦੌਰਾਨ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਸਿਆਸੀ ਪਾਰਟੀਆਂ ਦੇ ਕਾਰਕੁਨ ਨੌਜਵਾਨਾਂ ਨੂੰ ਵਰਗਲਾ ਕੇ ਆਪਣੇ ਆਪ ਨੂੰ ਜਨਤਾ ਦੇ ਸੱਚੇ-ਸੁੱਚੇ ਪ੍ਰਤੀਨਿਧ ਸਾਬਿਤ ਕਰਨ ਅਤੇ ਆਪਣੀ ਲੋਕਪ੍ਰਿਅਤਾ ਵਿਖਾਉਣ ਖਾਤਰ ਵਰਤ ਜਾਂਦੇ ਹਨ। ਰੈਲੀਆਂ, ਮਾਰਚਾਂ, ਵਿਰੋਧੀ ਧਿਰ ਦਾ ਘਿਰਾਓ ਕਰਨ ਆਦਿ ਲਈ ਨੌਜਵਾਨ ਪੀੜ੍ਹੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਨੌਜਵਾਨ ਇਨ੍ਹਾਂ ’ਚ ਵਹੀਰਾਂ ਘੱਤ ਕੇ ਸ਼ਾਮਲ ਹੁੰਦੇ ਹਨ। ਦਰਅਸਲ ਸਿਆਸੀ ਤਾਣੇ ਬਾਣੇ ਨੇ ਨੌਜਵਾਨਾਂ ਦੇ ਦਿਮਾਗ ਇਸ ਕਦਰ ਖਾਲੀ ਕਰ ਦਿੱਤੇ ਹਨ ਕਿ ਉਹ ਆਪਣੇ ਚੰਗੇ ਮਾੜੇ ਦੀ ਪਛਾਣ ਨਹੀਂ ਕਰ ਪਾਉਂਦੇ। ਇਨ੍ਹਾਂ ਨੂੰ ਨਸ਼ੇ ਅਤੇ ਹੋਰ ਕਈ ਨਿੱਜੀ ਫਾਇਦਿਆਂ ਲਈ ਇੰਝ ਵਰਗਲਾਇਆ ਜਾਂਦਾ ਹੈ ਕਿ ਇਹ ਚੁੱਪਚਾਪ ਉਨ੍ਹਾਂ ਮਗਰ ਤੁਰ ਪੈਂਦੇ ਹਨ। ਰੈਲੀਆ ਦੌਰਾਨ ਜਦ ਕੋਈ ਨੇਤਾ ਭਾਸ਼ਣ ਦੇ ਰਿਹਾ ਹੁੰਦਾ ਹੈ ਤਾਂ ਇਨ੍ਹਾਂ ਨੌਜਵਾਨਾਂ ਨੂੰ ਹਰ ਮਤਲਬੀ ਅਤੇ ਬੇਮਤਲਬੀ ਗੱਲ ’ਤੇ ਨਾਅਰੇ (ਜੈਕਾਰੇ) ਲਾਉਣ ਲਈ ਰੱਖ ਲਿਆ ਜਾਂਦਾ ਹੈ। ਉਨ੍ਹਾਂ ਨੂੰ ਸਿਰਫ ਨਾਅਰੇ ਲਾਉਣ ਤਕ ਸੀਮਤ ਰੱਖਿਆ ਜਾਂਦਾ ਹੈ ਪਰ ਆਪਣੇ ਵਿਚਾਰ ਜਨਤਾ ਸਾਹਮਣੇ ਪੇਸ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਅੱਜ ਦੇ ਚਿੱਤਰ ਸੱਭਿਆਚਾਰ (ਸੈਲਫੀ) ਦੇ ਚਲਦੇ ਕਈ ਲੋਕ ਤਾਂ ਸਿਆਸੀ ਆਗੂਆਂ ਨਾਲ ਫੋਟੋਆਂ ਖਿਚਵਾਉਣ ਦੇ ਲਾਲਚ ’ਚ ਚਲੇ ਜਾਂਦੇ ਹਨ। ਬਜਾਏ ਕੋਈ ਸਵਾਲ ਕਰਨ ਦੇ ਅਤੇ ਸਿਆਸੀ ਆਗੂ ਨਾਲ ਫੋਟੋ ਖਿਚਵਾ ਕੇ ਹੀ ਆਪਣੇ ਆਪ ਨੂੰ ਧੰਨ ਸਮਝਣ ਲੱਗ ਪੈਂਦੇ ਹਨ।
ਦੂਜੇ ਪਾਸੇ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਅਜਿਹੇ ਸਾਧਨ ਬਣ ਗਏ ਹਨ, ਜੋ ਸਾਡੀ ਜਵਾਨੀ ਨੂੰ ਘੁਣ ਵਾਂਗ ਖਾ ਰਹੇ ਹਨ। ਨੌਜਵਾਨ ਵਰਗ ਵਲੋਂ ਇਨ੍ਹਾਂ ਦੀ ਬੇਮਤਲਬ ਅਤੇ ਬੇਲੋੜੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਦੀ ਕੋਈ ਖਬਰ ਸਾਰ ਨਹੀਂ ਰਹਿੰਦੀ। ਹਾਲਾਂਕਿ ਇਨ੍ਹਾਂ ਸਾਧਨਾਂ ਦੇ ਚੰਗੇ ਅਤੇ ਉਸਾਰੂ ਪੱਖਾਂ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ। ਇਨ੍ਹਾਂ ਸਾਧਨਾਂ ਨੇ ਪੂਰੀ ਦੁਨੀਆਂ ਨੂੰ ਇਕ ਥਾਂ ਇਕੱਠਿਆਂ ਕਰਕੇ ਇਕ ਪਿੰਡ ਦਾ ਰੂਪ ਦੇ ਦਿੱਤਾ ਹੈ। ਪਰ ਇਨ੍ਹਾਂ ਦੀ ਜ਼ਿਆਦਾ ਵਰਤੋਂ ਲੋਕਾਂ ਨੂੰ ਆਪਣੇ ਕੰਮਾਂ ਅਤੇ ਵਿਹਲਪੁਣੇ ਦਾ ਅਹਿਸਾਸ ਨਹੀਂ ਹੋਣ ਦਿੰਦੀ। ਇਸ ਸਭ ਤੋਂ ਬਚਣ ਲਈ ਨੌਜਵਾਨ ਵਰਗ ਨੂੰ ਕੰਮ ਪ੍ਰਤੀ, ਆਪਣੇ ਦੇਸ਼ ਤੇ ਸਮਾਜ ਪ੍ਰਤੀ ਆਪਣੇ ਫਰਜ਼ਾਂ ਨੂੰ ਪਛਾਨਣਾ ਪਵੇਗਾ।
ਨੌਜਵਾਨਾਂ ਨੂੰ ਅੱਗੇ ਆਉਣ ਲਈ ਹਰ-ਹਾਲ ਯਤਨਸ਼ੀਲ ਰਹਿਣਾ ਚਾਹੀਦਾ ਹੈ ਅਤੇ ਇਨ੍ਹਾਂ ਸਾਰੀਆਂ ਅਲਾਮਤਾਂ ਦੀ ਘੋਖ ਪੜਤਾਲ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਯੋਗ ਅਗਵਾਈ ‘ਚ ਠੋਸ ਕਦਮ ਚੁੱਕਣੇ ਚਾਹੀਦੇ ਹਨ। ਆਖਰ ਕਦੋਂ ਤੱਕ ਨੌਜਵਾਨ ਇਨ੍ਹਾਂ ਚੌਧਰੀਆਂ ਅਤੇ ਲੀਡਰਾਂ ਦੇ ਦਿਖਾਏ ਸਬਜ਼ਬਾਗਾਂ ’ਤੇ ਨਿਰਭਰ ਰਹਿਣਗੇ? ਸਾਡੀ ਇਹ ਤਰਾਸਦੀ ਹੈ ਕਿ ਅੱਜ ਦਾ ਨੌਜਵਾਨ ਆਪਣੇ ਜੀਵਨ ’ਚ ਸੇਧ ਲੈਣ ਲਈ ਆਪਣੇ ਅਸਲੀ ਰੋਲ ਮਾਡਲਾਂ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਗ਼ਦਰੀ ਬਾਬਿਆਂ, ਸੂਰਬੀਰਾਂ ਨੂੰ ਵਿਸਾਰ ਕੇ ਅੱਜ ਦੀ ਚਮਕ-ਦਮਕ ਅਤੇ ਦਿਖਾਵੇ ਵਾਲੀ ਜ਼ਿੰਦਗੀ ਦੇ ਫਿਲਮੀ ਕਲਾਕਾਰਾਂ, ਗਾਇਕਾਂ ਆਦਿ ਨੂੰ ਆਪਣੇ ਰੋਲ ਮਾਡਲ ਮੰਨ ਰਿਹਾ ਹੈ, ਜਿਨ੍ਹਾਂ ਦਾ ਅਸਲ ਦੁਨੀਆਂ ਨਾਲ ਕੋਈ ਵਾਸਤਾ ਨਹੀਂ ਹੁੰਦਾ। ਜਦ ਨੌਜਵਾਨ ਵਰਗ ਇਨ੍ਹਾਂ ਨੂੰ ਆਪਣੇ ਆਦਰਸ਼ ਮੰਨ ਕੇ ਚੱਲਣਗੇ ਤਾਂ ਇਨ੍ਹਾਂ ਵੱਲੋਂ ਦਿਖਾਏ ਜਾਂਦੇ ਸਬਜ਼ਬਾਗ ’ਤੇ ਹੀ ਯਕੀਨ ਕਰਨਗੇ। ਇਸ ਨੂੰ ਠੱਲ੍ਹ ਪਾਉਣ ਲਈ ਵੱਡੇ ਪੱਧਰ ’ਤੇ ਸੰਘਰਸ਼ ਵਿੱਢਣ ਦੀ ਲੋੜ ਹੈ। ਇਸ ਕਾਰਜ ਲਈ ਉਸਾਰੂ ਸਾਹਿਤ ਬਹੁਤ ਵੱਡੀ ਭੂਮਿਕਾ ਅਦਾ ਕਰ ਸਕਦਾ ਹੈ, ਸੋ ਸਾਨੂੰ ਨੌਜਵਾਨ ਵਰਗ ਨੂੰ ਸਾਹਿਤ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ।
ਸੰਪਰਕ: 99148-03345


Comments Off on ਨੌਜਵਾਨ ਪੀੜ੍ਹੀ ਤੇ ਬੌਧਿਕ ਕੰਗਾਲੀ ਦੀ ਸਮੱਸਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.