ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਨਮਕ ਹਲਾਲ

Posted On September - 8 - 2019

ਲਖਵਿੰਦਰ ਸਿੰਘ ਬਾਜਵਾ
ਕਥਾ ਪ੍ਰਵਾਹ

‘‘ਅਰੇ ਤੁਮ ਅਕੇਲੇ ਹੀ ਕਿਉਂ ਆਜ?’’ ਮੈਂ ਸਵਾਲ ਕੀਤਾ ਤਾਂ ਉਸ ਨੇ ਖਾਈ ਪੁੱਟਦੇ ਹੋਏ ਨੇ ਸਿਰ ਚੁੱਕ ਕੇ ਮੇਰੇ ਵੱਲ ਵੇਖਿਆ।
ਫਿਰ ਹੌਲੀ ਜਿਹੀ ਬੋਲਿਆ, ‘‘ਬਾਕੀ ਸਬ ਚਲੇ ਗਏ ਹੈਂ ਸਿਰਦਾਰ ਜੀ। ਮੈਂ ਭੀ ਕਲ ਕੋ ਚਲਾ ਜਾਊਂਗਾ। ਆਪਕੀ ਤਾਰ ਡਾਲਨੀ ਥੀ ਨਾ।’’
‘‘ਤਾਰ…? ਠੇਕੇਦਾਰ ਮਾਨ ਗਿਆ ਕਿਆ?’’ ਮੈਂ ਹੈਰਾਨੀ ਨਾਲ ਪੁੱਛਿਆ।
‘‘ਨਹੀਂ, ਵੋ ਤੋ ਨਹੀਂ ਮਾਨਾ, ਮਗਰ ਮੈਂ ਖ਼ੁਦ ਹੀ ਖਾਈ ਖੋਦ ਕਰ ਡਾਲੂੰਗਾ।’’
ਫਿਰ ਉਹ ਕੁਝ ਰੁਕ ਕੇ ਬੋਲਿਆ, ‘‘ਏਕ ਮਹੀਨਾ ਆਪ ਕਾ ਨਮਕ ਖਾਇਆ ਹੈ ਨਾ।’’
ਮੈਂ ਉਹਦੇ ਵੱਲ ਵੇਖਦਾ ਰਹਿ ਗਿਆ। ਇਕ ਮਹੀਨਾ ਪਹਿਲਾਂ ਦੀ ਗੱਲ ਹੈ। ਸਾਡੇ ਇਲਾਕੇ ਵਿਚ ਟੈਲੀਫੋਨ ਦੀ ਜ਼ਮੀਨਦੋਜ਼ ਤਾਰ ਵਿਛਾਈ ਜਾ ਰਹੀ ਸੀ। ਕੁਝ ਪਰਵਾਸੀ ਮਜ਼ਦੂਰ ਕੰਮ ’ਤੇ ਲੱਗੇ ਹੋਏ ਸਨ। ਪੱਕੀ ਸੜਕ ਦੇ ਕਿਨਾਰੇ ਇਕ ਪਾਸੇ ਤਿੰਨ ਫੁੱਟ ਡੂੰਘੀ ਖਾਈ ਪੁੱਟੀ ਜਾ ਰਹੀ ਸੀ। ਇਸ ਤੋਂ ਪਹਿਲਾਂ ਏਥੇ ਕੋਈ ਟੈਲੀਫੋਨ ਕੁਨੈਕਸ਼ਨ ਨਹੀਂ ਸੀ। ਮੋਬਾਈਲ ਵੀ ਅਜੇ ਨਹੀਂ ਆਏ ਸਨ। ਦੋ ਤਿੰਨ ਕਿਲੋਮੀਟਰ ਖਾਈ ਪੁੱਟਣ ਤੋਂ ਬਾਅਦ ਉਸ ਵਿਚ ਮੋਟੀ ਕੇਬਲ ਵਿਛਾ ਕੇ ਖਾਈ ਨੂੰ ਮਿੱਟੀ ਨਾਲ ਪੂਰ ਦਿੱਤਾ ਜਾਂਦਾ ਸੀ।
ਤਿੰਨ ਕੁ ਦਿਨ ਤੋਂ ਇਹ ਮਜ਼ਦੂਰ ਸਾਡੇ ਪਿੰਡ ਦੀ ਹੱਦ ਵਿਚ ਕੰਮ ਕਰ ਰਹੇ ਸਨ। ਸਵੇਰ ਹੁੰਦਿਆਂ ਹੀ ਇਹ ਸਾਰੇ ਪਿੰਡ ਵਿਚ ਘਰ ਘਰ ਰੋਟੀ ਮੰਗਣ ਤੁਰ ਜਾਂਦੇ। ਲੋਕ ਇਕ ਇਕ ਦੋ ਦੋ ਰੋਟੀਆਂ ਦੇ ਦੇਂਦੇ। ਮਜ਼ਦੂਰ ਆਪਣੇ ਟਿਕਾਣੇ ’ਤੇ ਬੈਠ ਕੇ ਰੋਟੀ ਖਾਂਦੇ ਅਤੇ ਫੇਰ ਸਾਰਾ ਦਿਨ ਖਾਈ ਪੁੱਟਦੇ ਰਹਿੰਦੇ। ਸ਼ਾਮ ਨੂੰ ਰੋਟੀ ਦੇ ਵਕਤ ਫੇਰ ਪਿੰਡ ’ਚੋਂ ਰੋਟੀ ਮੰਗਣ ਚਲੇ ਜਾਂਦੇ। ਤਿੰਨ ਦਿਨ ਤੋਂ ਉਹ ਰੋਟੀ ਮੰਗਣ ਸਾਡੇ ਘਰ ਵੀ ਆ ਰਹੇ ਸਨ। ਇਹ ਵੇਖ ਕੇ ਮੈਨੂੰ ਬੜਾ ਅਜੀਬ ਲੱਗਾ। ਰੋਟੀ ਤਾਂ ਅਸੀਂ ਦੇ ਦੇਂਦੇ, ਪਰ ਹੈਰਾਨੀ ਇਸ ਗੱਲ ਦੀ ਸੀ ਕਿ ਇਹ ਮਜ਼ਦੂਰੀ ਕਰਦੇ ਹਨ, ਫਿਰ ਰੋਟੀ ਮੰਗ ਕੇ ਕਿਉਂ ਖਾਂਦੇ ਹਨ। ਅਸੀਂ ਪਹਿਲਾਂ ਕੋਈ ਮਜ਼ਦੂਰ ਰੋਟੀ ਮੰਗ ਕੇ ਖਾਂਦਾ ਨਹੀਂ ਵੇਖਿਆ ਸੀ ਜੋ ਸਰਕਾਰੀ ਜਾਂ ਕਿਤੇ ਹੋਰ ਥਾਂ ਮਜ਼ਦੂਰੀ ਕਰਦਾ ਹੋਵੇ। ਹਾਂ, ਅਸੀਂ ਆਪਣੇ ਕੰਮ ’ਤੇ ਲਾਏ ਮਜ਼ਦੂਰਾਂ ਨੂੰ ਰੋਟੀ ਜ਼ਰੂਰ ਦੇਂਦੇ ਸਾਂ। ਮੈਂ ਸੋਚਦਾ ਸਾਂ ਕਿ ਇਹ ਮਜ਼ਦੂਰੀ ਕਰਦੇ ਹਨ ਫਿਰ ਰੋਟੀ ਮੰਗ ਕੇ ਕਿਉਂ ਖਾਂਦੇ ਹਨ। ਇਹੀ ਗੱਲ ਅਜੀਬ ਲੱਗ ਰਹੀ ਸੀ।
ਉਂਜ, ਉਹ ਲੋਕ ਸਿਰਫ਼ ਪੱਕੀ ਹੋਈ ਰੋਟੀ ਮੰਗਦੇ ਸਨ, ਆਟਾ ਦਾਲ ਵਗੈਰਾ ਜਾਂ ਪੈਸੇ ਨਹੀਂ। ਸਾਡੀ ਪਰੰਪਰਾ ਵੀ ਹੈ ਕਿ ਘਰ ਆਏ ਨੂੰ ਪੱਕਾ ਭੋਜਨ ਦੇਣਾ ਧਰਮ ਸਮਝਿਆ ਜਾਂਦਾ ਹੈ। ਲੰਗਰ ਦੀ ਪਰੰਪਰਾ ਦਾ ਵੀ ਇਹ ਹੀ ਮਕਸਦ ਹੈ ਕਿ ਕੋਈ ਲੋੜਵੰਦ ਭੁੱਖਾ ਨਾ ਰਹੇ। ਫਿਰ ਵੀ ਮੈਂ ਸੋਚ ਰਿਹਾ ਸੀ ਕਿ ਇਹ ਲੋਕ ਮਿਹਨਤ ਮਜ਼ਦੂਰੀ ਕਰਦੇ ਹਨ ਤਾਂ ਰੋਟੀ ਆਪ ਪਕਾ ਕੇ ਕਿਉਂ ਨਹੀਂ ਖਾਂਦੇ? ਚਲੋ ਕਦੇ ਕਿਸੇ ਕਾਰਨ ਨਾ ਪਕਾ ਸਕੇ ਤਾਂ ਅਲੱਗ ਗੱਲ ਹੈ, ਪਰ ਇਹ ਤਾਂ ਰੋਜ਼ ਹੀ…।
ਅਗਲੇ ਦਿਨ ਸਵੇਰੇ ਉਹ ਫੇਰ ਆਏ। ਆ ਕੇ ਝਕਦਿਆਂ ਝਕਦਿਆਂ ਪੁੱਛਿਆ, ‘‘ਰੋਟੀ ਚਾਹੀਏ ਸਿਰਦਾਰ ਜੀ।’’
ਰੋਟੀ ਪੱਕਣ ਵਿਚ ਅਜੇ ਕੁਝ ਦੇਰ ਸੀ। ਮੈਂ ਉਨ੍ਹਾਂ ਨੂੰ ਦਸ ਮਿੰਟ ਰੁਕਣ ਲਈ ਕਿਹਾ। ਉਹ ਇਕ ਕੰਧ ਨਾਲ ਲੱਗ ਕੇ ਭੁੰਜੇ ਬੈਠ ਗਏ। ਮੈਂ ਉਨ੍ਹਾਂ ਦੇ ਮੂੰਹ ਵੱਲ ਵੇਖਿਆ। ਡਰੇ ਜਿਹੇ ਚਿਹਰੇ, ਮਾਸੂਮ ਜਿਹੇ ਜਿਨ੍ਹਾਂ ਵਿਚੋਂ ਮਜਬੂਰੀ ਦੀ ਝਲਕ ਪੈ ਰਹੀ ਸੀ। ਮੁਖ ’ਤੇ ਆਤਮ-ਗਿਲਾਨੀ ਦੇ ਭਾਵ ਸਾਫ਼ ਵੇਖੇ ਜਾ ਸਕਦੇ ਸਨ। ਮੰਗਤਿਆਂ ਦੇ ਮੂੰਹ ’ਤੇ ਆਤਮ-ਗਿਲਾਨੀ ਦੇ ਭਾਵ ਨਹੀਂ ਹੁੰਦੇ, ਉਹ ਨਿਝੱਕ ਮੰਗਦੇ ਹਨ। ਇਹ ਜਿਸ ਤਰ੍ਹਾਂ ਕਿਸੇ ਮਜਬੂਰੀਵੱਸ ਰੋਟੀ ਮੰਗਣ ਆਉਂਦੇ ਸਨ। ਕੀ ਪਤਾ ਅੱਗੋਂ ਕੋਈ ਕੀ ਆਖੇ। ਜ਼ਾਹਰ ਹੈ ਕਿ ਕਈ ਘਰਾਂ ਤੋਂ ਝਿੜਕਾਂ ਵੀ ਪੈ ਜਾਂਦੀਆਂ ਹੋਣਗੀਆਂ, ਲੋਕਾਂ ਲਈ ਤਾਂ ਇਹ ਮੰਗਤੇ ਹੀ ਸਨ।
ਮੈਂ ਹੌਲੀ ਜਿਹੀ ਉਨ੍ਹਾਂ ਨੂੰ ਪੁੱਛਿਆ, ‘‘ਆਪ ਕਾਮ ਕਰਤੇ ਹੋ ਤੋ ਫਿਰ ਮਾਂਗ ਕਰ ਕਿਉਂ ਖਾਤੇ ਹੋ?’’
ਇਹ ਸੁਣ ਕੇ ਉਨ੍ਹਾਂ ਦੇ ਚਿਹਰੇ ਉੱਤੇ ਸ਼ਰਮਿੰਦਗੀ ਭਰੀ ਪਿਲੱਤਣ ਫਿਰ ਗਈ। ਫਿਰ ਧੀਮੀ ਆਵਾਜ਼ ਵਿਚ ਬੋਲੇ, ‘‘ਕਿਆ ਕਰੇਂ ਸਿਰਦਾਰ ਜੀ, ਬਹੁਤ ਗ਼ਰੀਬ ਹੈਂ। ਮਜ਼ਦੂਰੀ ਬਹੁਤ ਕਮ ਮਿਲਤੀ ਹੈ। ਅਗਰ ਮਜ਼ਦੂਰੀ ਕੇ ਪੈਸੋਂ ਸੇ ਰੋਟੀ ਖਾਏਂ ਤੋ ਘਰ ਕਿਆ ਲੇਕਰ ਜਾਏਂਗੇ। ਬੀਵੀ ਬੱਚੇ ਹਮਾਰਾ ਇੰਤਜ਼ਾਰ ਕਰ ਰਹੇ ਹੈਂ।’’
‘‘ਕਹਾਂ ਕੇ ਰਹਿਨੇ ਵਾਲੇ ਹੋ?’’ ਮੈਂ ਅਗਲਾ ਸਵਾਲ ਕੀਤਾ।
‘‘ਪੁਣਛ ਰਾਜੌਰੀ ਕੇ।’’
‘‘ਯੇ ਕਹਾਂ ਹੈ?’’
ਮੈਨੂੰ ਹੋਰ ਜਾਣਕਾਰੀ ਦੀ ਲੋੜ ਸੀ। ਕਾਰਗਿਲ ਦੇ ਯੁੱਧ ਨੇ ਇਹ ਇਲਾਕਾ ਬਾਅਦ ਵਿਚ ਭਾਵੇਂ ਕਾਫ਼ੀ ਮਸ਼ਹੂਰ ਕਰ ਦਿੱਤਾ ਸੀ, ਪਰ ਉਦੋਂ ਮੈਂ ਘੱਟ ਜਾਣਦਾ ਸਾਂ। ਹਾਂ, ਇਤਿਹਾਸ ਵਿਚ ਬਾਬਾ ਬੰਦਾ ਬਹਾਦਰ ਦਾ ਜ਼ਿਕਰ ਪੜ੍ਹਿਆ ਸੀ ਕਿ ਉਹ ਕਸ਼ਮੀਰ ਦੇ ਪੁਣਛ ਰਾਜੌਰੀ ਦਾ ਰਾਜਪੂਤ ਸੀ। ਇਹ ਵੀ ਸੋਚ ਆਈ ਕਿ ਉਸ ਬਹਾਦਰ ਸੂਰਮੇ ਦੇ ਇਲਾਕੇ ਦੇ ਲੋਕ ਮੰਗਤੇ?
‘‘ਕਸ਼ਮੀਰ ਮੇਂ,’’ ਉਸ ਨੇ ਆਖਿਆ।
‘‘ਕਸ਼ਮੀਰ ਮੇਂ ਕਹਾਂ?’’
‘‘ਪਾਕਿਸਤਾਨ ਕੇ ਕਬਜ਼ੇ ਵਾਲੇ ਕਸ਼ਮੀਰ ਕੀ ਸੀਮਾ ਕੇ ਬਿਲਕੁਲ ਪਾਸ।’’
ਸੁਣਿਆ ਸੀ ਕਿ ਉੱਥੋਂ ਦੇ ਲੋਕ ਅਤਿਵਾਦੀ ਹਨ ਜਾਂ ਉਨ੍ਹਾਂ ਦਾ ਸਾਥ ਦਿੰਦੇ ਹਨ। ਮਨ ਵਿਚ ਨਫ਼ਰਤ ਜਿਹੀ ਜਾਗੀ। ਪਰ ਫਿਰ ਵੀ ਪੁੱਛਿਆ, ‘‘ਵਹਾਂ ਕਾ ਜਨ ਜੀਵਨ ਕੈਸਾ ਹੈ?’’
‘‘ਬਹੁਤ ਕਠਿਨ ਹੈ ਸਿਰਦਾਰ ਜੀ, ਪਹਾੜੀ ਇਲਾਕਾ ਹੈ। ਕੋਈ ਸਹੂਲੀਅਤ ਨਹੀਂ। ਬਾਰਹ ਮੀਲ ਪੈਦਲ ਚਲ ਕਰ ਬੱਸ ਪਕੜਤੇ ਹੈਂ। ਪੀਸੀਓ ਚਾਲੀਸ ਮੀਲ ਦੂਰ ਕਸਬੇ ਮੇਂ ਹੈ। ਹਮਾਰੀ ਪਤਨੀ ਵਹਾਂ ਪੈਦਲ ਜਾਤੀ ਹੈ ਔਰ ਹਮਾਰੇ ਫੋਨ ਕਾ ਇੰਤਜ਼ਾਰ ਕਰਤੀ ਹੈ। ਹਮਨੇ ਬਤਾ ਰੱਖਾ ਹੈ ਕਿ ਹਮ ਇਤਵਾਰ ਕੋ ਫੋਨ ਕਰੇਂਗੇ। ਹਮਨੇ ਭੀ ਪੀਸੀਓ ਪਰ ਜਾਕਰ ਹੀ ਕਰਨਾ ਹੋਤਾ ਹੈ। ਪੱਕਾ ਨੰਬਰ ਤੋ ਹਮ ਭੀ ਨਹੀਂ ਦੇ ਸਕਤੇ। ਕਭੀ ਕਹਾਂ ਕਭੀ ਕਹਾਂ।’’ ਉਹ ਇਕੋ ਸਾਹੇ ਆਪਣੀ ਜਾਣਕਾਰੀ ਸੁਣਾ ਗਿਆ ਜੋ ਉਸ ਦੀ ਗ਼ਰੀਬੀ ਦੀ ਦਾਸਤਾਨ ਵੀ ਸੀ।
ਸਾਡੇ ਵੀ ਸਭ ਤੋਂ ਨਜ਼ਦੀਕ ਦਾ ਪੀਸੀਓ ਰਾਣੀਆਂ ਸੀ ਜੋ ਬਾਰਾਂ ਕਿਲੋਮੀਟਰ ਸੀ। ਉਹ ਵੀ ਉੱਥੇ ਜਾ ਕੇ ਹੀ ਫੋਨ ਕਰਦੇ ਸਨ।
‘‘ਹਮ ਇਤਵਾਰ ਕੋ ਰਾਣੀਆ ਜਾ ਕਰ ਫੋਨ ਕਰਤੇ ਹੈਂ। ਵੋ ਬੇਚਾਰੀ ਕਿਤਨੀ ਦੇਰ ਇੰਤਜ਼ਾਰ ਕਰਤੀ ਹੈ। ਤਬ ਕਭੀ ਬਾਤ ਹੋ ਪਾਤੀ ਹੈ।’’ ਉਸ ਨੇ ਉਦਾਸ ਸੁਰ ਵਿਚ ਕਿਹਾ।
‘‘ਕਿਆ ਫ਼ਸਲ ਹੋਤੀ ਹੈ ਵਹਾਂ?’’
‘‘ਪਹਾੜੀ ਢਾਲਾਨੋ, ਪਰ ਦਸ ਬੀਸ ਮਰਲੇ ਕੀ ਕਿਆਰੀਓਂ ਮੇ ਮੱਕਾ ਬੋਤੇ ਹੈਂ। ਉਸ ਸੇ ਪਰਿਵਾਰ ਕਾ ਪੇਟ ਕਹਾਂ ਭਰਤਾ ਹੈ! ਬਹੁਤ ਗ਼ਰੀਬੀ ਹੈ ਵਹਾਂ।’’
‘‘ਤੁਮਹਾਰਾ ਨਾਮ?’’
‘‘ਜੀ ਸਾਕਿਬ।’’
ਮੈਨੂੰ ਉਸ ਦੀ ਕਹਾਣੀ ਸੁਣ ਕੇ ਤਰਸ ਵੀ ਆਇਆ ਤੇ ਅਫ਼ਸੋਸ ਵੀ ਹੋਇਆ ਕਿ ਇਹ ਵੀ ਏਸੇ ਦੇਸ਼ ਦੇ ਬਾਸ਼ਿੰਦੇ ਹਨ, ਉਹ ਵੀ ਉਸ ਥਾਂ ਦੇ ਜਿਸ ਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ। ਕੀ ਇਹ ਉਸ ਸਵਰਗ ਵਿਚ ਨਰਕਾਂ ਵਰਗੀ ਜ਼ਿੰਦਗੀ ਭੋਗ ਰਹੇ ਹਨ?
ਮੈਂ ਸੋਚ ਰਿਹਾ ਸਾਂ ਕਿ ਉਸ ਨੇ ਕਿਹਾ, ‘‘ਸਿਰਦਾਰ ਜੀ, ਖਾਨਾ ਦੋ ਹਮ ਲੇਟ ਹੋ ਰਹੇ ਹੈਂ।’’
ਮੈਂ ਕਿਹਾ, ‘‘ਸਾਕਿਬ, ਤੁਮ ਐਸੇ ਕਰੋ ਜਿਤਨੇ ਦਿਨ ਯਹਾਂ ਕਾਮ ਕਰਤੇ ਹੋ, ਔਰ ਕਹੀਂ ਮਤ ਜਾਨਾ, ਹਮਾਰੇ ਯਹਾਂ ਆਕਰ ਖਾਨਾ ਖਾ ਜਾਇਆ ਕਰੋ।’’
‘‘ਠੀਕ ਹੈ ਸਿਰਦਾਰ ਜੀ।’’
ਏਨੇ ਚਿਰ ਨੂੰ ਰੋਟੀ ਆ ਗਈ। ਉਹ ਰੋਟੀ ਖਾਣ ਲੱਗੇ। ਪਹਿਲਾਂ ਉਹ ਇਕ ਇਕ ਦੋ ਦੋ ਰੋਟੀਆਂ ਘਰ ਘਰ ਜਾ ਕੇ ਮੰਗਦੇ ਸਨ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਦੋਵੇਂ ਜਣੇ ਏਥੇ ਬੈਠ ਕੇ ਭਰ ਪੇਟ ਖਾਣਾ ਖਾ ਜਾਇਆ ਕਰੋ। ਹੋਰ ਕਿਤੇ ਰੋਟੀ ਮੰਗਣ ਨਾ ਜਾਇਓ।
ਉਸ ਨੇ ਹਾਂ ਵਿਚ ਸਿਰ ਹਿਲਾਇਆ, ਰੋਟੀ ਖਾਧੀ ਤੇ ਚੁੱਪਚਾਪ ਉੱਠ ਕੇ ਚਲੇ ਗਏ।
ਹੁਣ ਉਹ ਸਵੇਰੇ ਸ਼ਾਮ ਵਕਤ ਸਿਰ ਆ ਜਾਂਦੇ। ਚੁੱਪਚਾਪ ਆ ਕੇ ਕੰਧ ਨਾਲ ਲੱਗ ਕੇ ਬੈਠ ਜਾਂਦੇ। ਜਿਸ ਤਰ੍ਹਾਂ ਸਾਡੇ ਖੇਤ ਵਿਚ ਮਜ਼ਦੂਰੀ ਕਰ ਰਹੇ ਹੋਣ, ਇਸ ਤਰ੍ਹਾਂ ਉਹ ਮਹੀਨਾ ਭਰ ਰੋਟੀ ਖਾਂਦੇ ਰਹੇ।
ਜਦੋਂ ਸਾਡੇ ਪਿੰਡ ਤਾਰ ਵਿਛਾਈ ਜਾ ਰਹੀ ਸੀ ਤਾਂ ਇਕ ਦਿਨ ਮੈਂ ਠੇਕੇਦਾਰ ਨੂੰ ਕਿਹਾ, ‘‘ਸਾਡੇ ਘਰ ਤਕ ਵੀ ਤਾਰ ਵਿਛਾਉਗੇ?’’ ਤਾਂ ਉਸ ਨੇ ਕਿਹਾ, ‘‘ਨਹੀਂ, ਤੁਹਾਡਾ ਘਰ ਪੱਕੀ ਸੜਕ ਤੋਂ ਤਿੰਨ ਸੌ ਗਜ਼ ਦੀ ਦੂਰੀ ’ਤੇ ਹੈ। ਅਸੀਂ ਸਿਰਫ਼ ਸੜਕ ਤੇ ਗਲੀਆਂ ’ਚ ਹੀ ਤਾਰ ਵਿਛਾਵਾਂਗੇ। ਘਰਾਂ ਵਿਚ ਉੱਪਰ ਖੰਭਿਆਂ ਰਾਹੀਂ ਹੀ ਕੇਬਲ ਜਾਏਗੀ। ਸਾਰੇ ਪਿੰਡ ’ਚ ਕੁਨੈਕਸ਼ਨ ਇਉਂ ਹੀ ਕੀਤੇ ਜਾਣਗੇ। ਤੁਸੀਂ ਢਾਣੀ ’ਚ ਰਹਿੰਦੇ ਹੋ ਇੰਨੀ ਦੂਰ ਸਾਨੂੰ ਇਜਾਜ਼ਤ ਨਹੀਂ ਹੈ।’’
ਅਸੀਂ ਸੋਚ ਰਹੇ ਸਾਂ ਕਿ ਕਿੰਨਾ ਚੰਗਾ ਹੁੰਦਾ ਜੇ ਇਹ ਕੇਬਲ ਸਾਡੇ ਘਰਾਂ ਤਕ ਅੰਡਰਗਰਾਊਂਡ ਹੀ ਆ ਜਾਂਦੀ। ਉਪਰ ਤਾਂ ਖਰਾਬ ਹੋਣ ਦਾ ਜ਼ਿਆਦਾ ਝੰਜਟ ਰਹੇਗਾ। ਜਦੋਂ ਇਹ ਗੱਲ ਹੋ ਰਹੀ ਸੀ ਤਾਂ ਸਾਕਿਬ ਵੀ ਕੋਲ ਹੀ ਸੀ।
ਮੈਂ ਠੇਕੇਦਾਰ ਨੂੰ ਕਿਹਾ, ‘‘ਥੋੜ੍ਹੀ ਜਿਹੀ ਹੀ ਹੈ ਤੁਸੀਂ ਪਾ ਦਿਓ।’’ ਪਰ ਉਹ ਨਾ ਮੰਨਿਆ ਤਾਂ ਮੈਂ ਵੀ ਖਿਆਲ ਛੱਡ ਦਿੱਤਾ।
ਸਾਡੇ ਪਿੰਡ ਕੇਬਲ ਵਿਛਾ ਦਿੱਤੀ ਗਈ। ਮਜ਼ਦੂਰ ਅਗਲੇ ਪਿੰਡ ਚਲੇ ਗਏ। ਫੇਰ ਉੱਥੋਂ ਹੋਰ ਅੱਗੇ, ਹਰਿਆਣੇ ਦੀ ਹੱਦ ਤਕ। ਤਕਰੀਬਨ ਦਸ ਬਾਰਾਂ ਕਿਲੋਮੀਟਰ ਤਕ ਚਾਰ ਪੰਜ ਪਿੰਡਾਂ ਵਿਚ। ਫਿਰ ਵੀ ਉਹ ਦੋਵੇਂ ਜਣੇ ਸਾਕਿਬ ਤੇ ਉਸ ਦਾ ਸਾਥੀ ਸਵੇਰੇ ਸ਼ਾਮ ਰੋਟੀ ਖਾਣ ਸਾਡੇ ਘਰ ਹੀ ਆਉਂਦੇ ਰਹੇ। ਉਹ ਨੇਮ ਨਾਲ ਵੇਲੇ ਸਿਰ ਆ ਜਾਂਦੇ। ਹੋਰ ਕਿਤੋਂ ਰੋਟੀ ਨਾ ਮੰਗਦੇ। ਉਹ ਦੋਵੇਂ ਹੀ ਆਉਂਦੇ, ਹੋਰ ਰੋਟੀ ਮੰਗਣ ਵੀ ਕੋਈ ਨਾ ਆਉਂਦਾ। ਸ਼ਾਇਦ ਉਨ੍ਹਾਂ ਨੇ ਰੋਕ ਦਿੱਤਾ ਹੋਵੇ।
ਬਾਕੀ ਮਜ਼ਦੂਰ ਉਸੇ ਤਰ੍ਹਾਂ ਹੋਰ ਘਰਾਂ ਜਾਂ ਪਿੰਡਾਂ ਵਿਚੋਂ ਰੋਟੀ ਮੰਗ ਕੇ ਖਾਂਦੇ ਰਹੇ ਸਨ। ਉਹ ਦੋਵੇਂ ਕੰਮ ਤੋਂ ਸ਼ਾਮ ਨੂੰ ਸਾਡੇ ਪਿੰਡ ਆ ਜਾਂਦੇ। ਰਾਤ ਏਥੇ ਹੀ ਬੱਸ ਅੱਡੇ ’ਤੇ ਸੌਂ ਰਹਿੰਦੇ। ਸਵੇਰੇ ਰੋਟੀ ਖਾ ਕੇ ਪੈਦਲ ਹੀ ਕੰਮ ’ਤੇ ਚਲੇ ਜਾਂਦੇ। ਭਰ ਗਰਮੀ ਦਾ ਮੌਸਮ ਸੀ। ਉਨ੍ਹਾਂ ਦੇ ਦੂਜੇ ਸਾਥੀ ਵੀ ਇਸੇ ਤਰ੍ਹਾਂ ਕਿਤੇ ਨਾ ਕਿਤੇ ਰੈਣ ਬਸੇਰਾ ਕਰ ਲੈਂਦੇ ਹੋਣਗੇ।
ਜਦੋਂ ਉਹ ਸਾਡੇ ਘਰ ਰੋਟੀ ਖਾ ਰਹੇ ਹੁੰਦੇ ਤਾਂ ਕੋਈ ਨਾ ਕੋਈ ਪਿੰਡ ਦਾ ਬੰਦਾ ਜਾਂ ਰਿਸ਼ਤੇਦਾਰ ਵੀ ਆਇਆ ਹੁੰਦਾ। ਉਹ ਇਨ੍ਹਾਂ ਨੂੰ ਵੇਖ ਕੇ ਭਾਂਤ ਭਾਂਤ ਦੀਆਂ ਗੱਲਾਂ ਕਰਦੇ। ਸਾਨੂੰ ਉਨ੍ਹਾਂ ਤੋਂ ਸਾਵਧਾਨ ਕਰਦੇ ਆਖਦੇ, ‘‘ਇਨ੍ਹਾਂ ਨੂੰ ਘਰ ਨਾ ਵੜਨ ਦਿਆ ਕਰੋ। ਇਹ ਬਹੁਤ ਬਦਮਾਸ਼ ਲੋਕ ਨੇ। ਤੁਹਾਨੂੰ ਰੋਟੀ ਖਵਾਈ ਮਹਿੰਗੀ ਪੈ ਸਕਦੀ ਹੈ। ਨਮਕ ਹਰਾਮ ਲੋਕ ਨੇ ਇਹ। ਕਸ਼ਮੀਰ ਵਿਚ ਅਤਿਵਾਦ ਇਨ੍ਹਾਂ ਦਾ ਹੀ ਫੈਲਾਇਆ ਹੋਇਐ। ਇਹ ਭੇਤ ਲੈ ਕੇ ਤੁਹਾਡੇ ਘਰ ਹੀ ਚੋਰੀ ਕਰਕੇ ਭੱਜ ਜਾਣਗੇ। ਤੁਸੀਂ ਇਨ੍ਹਾਂ ਦਾ ਕੀ ਵਿਗਾੜ ਲਓਗੇ।’’
ਮੈਂ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਹੱਸ ਛੱਡਦਾ, ‘‘ਛੱਡੋ ਯਾਰ, ਇਹ ਗ਼ਰੀਬੀ ਦੇ ਮਾਰੇ ਮਾਸੂਮ ਚਿਹਰੇ ਚੋਰ ਜਾਂ ਅਤਿਵਾਦੀ ਹੋ ਸਕਦੇ ਹਨ? ਬਿਲਕੁਲ ਨਹੀਂ। ਮੈਨੂੰ ਤਾਂ ਇਹ ਰੱਬ ਦੇ ਬੰਦੇ ਲੱਗਦੇ ਹਨ। ਵੇਖੋ ਇਨ੍ਹਾਂ ਦੇ ਚਿਹਰਿਆਂ ਉੱਤੇ ਕੋਈ ਬਦਮਾਸ਼ਾਂ ਵਾਲਾ ਲੱਛਣ ਦਿਸਦਾ ਹੈ?’’ ਤਾਂ ਉਹ ਕਹਿੰਦੇ, ‘‘ਤੁਹਾਡੀ ਮਰਜ਼ੀ ਹੈ, ਅਸੀਂ ਤਾਂ ਤੁਹਾਡੇ ਭਲੇ ਲਈ ਹੀ ਕਹਿੰਦੇ ਹਾਂ। ਨਾ ਜਾਣੀਏਂ… ਇਸ ਕੌਮ ਦਾ ਕੀ ਭਰੋਸਾ?’’
‘‘ਓ ਭਾਈ, ਜੇ ਇਹ ਡਾਕੂ ਬਦਮਾਸ਼ ਹੁੰਦੇ ਤਾਂ ਏਥੇ ਪ੍ਰਦੇਸ ਵਿਚ ਕਹਿਰਾਂ ਦੀ ਗਰਮੀ ਵਿਚ ਥੋੜ੍ਹੀ ਜਿਹੀ ਮਜ਼ਦੂਰੀ ਲਈ ਨਾ ਭੁੱਜਦੇ ਫਿਰਦੇ। ਡਾਕੇ ਮਾਰਨ ਨੂੰ ਓਧਰ ਦੁਨੀਆਂ ਨਹੀਂ ਵੱਸਦੀ?’’ ਇਹ ਆਖ ਕੇ ਮੈਂ ਉਨ੍ਹਾਂ ਨੂੰ ਹੱਸ ਕੇ ਟਾਲ ਦਿੰਦਾ।
ਭਰ ਹਾੜ ਦੀ ਦੁਪਹਿਰ ਵੇਲੇ ਜਦੋਂ ਮੈਂ ਉਨ੍ਹਾਂ ਨੂੰ ਖਾਈ ਪੁੱਟਦਿਆਂ ਵੇਖਦਾ ਤਾਂ ਮੈਨੂੰ ਤਰਸ ਵੀ ਆਉਂਦਾ। ਅਸੀਂ ਜਿਸ ਧੁੱਪ ਵਿਚ ਇਕ ਪਲ ਵੀ ਬਾਹਰ ਨਿਕਲਣਾ ਨਹੀਂ ਚਾਹੁੰਦੇ, ਉਹ ਉਸ ਤਪਦੀ ਦੁਪਹਿਰ ਵਿਚ ਵੀ ਬਿਨਾਂ ਦੋ ਪਲ ਆਰਾਮ ਕੀਤਿਆਂ ਪਸੀਨੇ ਨਾਲ ਨੁੱਚੜਦੇ ਹੋਏ ਕੰਮ ਕਰਦੇ ਰਹਿੰਦੇ ਸਨ। ਉਨ੍ਹਾਂ ਨੂੰ ਪੈਸੇ ਦਿਹਾੜੀ ਦੇ ਹਿਸਾਬ ਨਾਲ ਨਹੀਂ, ਖਾਈ ਦੀ ਮਿਣਤੀ ਦੇ ਹਿਸਾਬ ਨਾਲ ਮਿਲਦੇ ਸਨ। ਇਸ ਲਈ ਉਹ ਸਾਰਾ ਦਿਨ ਬਿਨਾਂ ਰੁਕੇ ਕੰਮ ਕਰਦੇ ਤਾਂ ਜੋ ਵੱਧ ਪੈਸੇ ਕਮਾ ਸਕਣ।
ਕਈ ਦਿਨ ਰੋਟੀ ਖਾਂਦਿਆਂ ਨੂੰ ਹੋ ਗਏ ਸਨ। ਕਦੇ ਉਨ੍ਹਾਂ ਨੇ ਐਸੀ ਵੈਸੀ ਹਰਕਤ ਵੀ ਨਹੀਂ ਸੀ ਕੀਤੀ ਸਗੋਂ ਉਹ ਤਾਂ ਨਜ਼ਰ ਉਠਾ ਕੇ ਉਪਰ ਵੀ ਘੱਟ ਹੀ ਵੇਖਦੇ ਸਨ। ਰੋਟੀ ਖਾ ਕੇ ਚੁੱਪਚਾਪ ਉੱਠ ਕੇ ਚਲੇ ਜਾਂਦੇ।
ਹੁਣ ਉਨ੍ਹਾਂ ਨੂੰ ਇਕ ਮਹੀਨਾ ਹੋ ਗਿਆ ਸੀ। ਇਕ ਸ਼ਾਮ ਰੋਟੀ ਖਾ ਕੇ ਸਾਕਿਬ ਬੋਲਿਆ, ‘‘ਸਵੇਰੇ ਸਭ ਚਲੇ ਜਾਏਂਗੇ ਸਿਰਦਾਰ ਜੀ। ਬੱਸ ਕਾਮ ਖ਼ਤਮ ਹੋ ਗਿਆ ਹੈ। ਅਬ ਵਤਨ ਵਾਪਿਸ ਜਾਏਂਗੇ।’’
‘‘ਸੁਬ੍ਹਾ ਖਾਣਾ ਖਾਉਗੇ?’’ ਮੈਂ ਪੁੱਛਿਆ ਤਾਂ ਉਸ ਨੇ ਹਾਂ ਵਿਚ ਸਿਰ ਹਿਲਾ ਦਿੱਤਾ। ਰੋਟੀ ਖਾ ਕੇ ਉਹ ਚਲੇ ਗਏ।
ਸਵੇਰੇ ਦੋਵੇਂ ਆਏ, ਰੋਟੀ ਖਾਧੀ ਤੇ ਚੁੱਪਚਾਪ ਉੱਠ ਕੇ ਚਲੇ ਗਏ। ਮੈਂ ਵੀ ਸੋਚਿਆ ਕਿ ਹੁਣ ਉਹ ਬੱਸ ਚੜ੍ਹ ਕੇ ਸਰਸੇ ਚਲੇ ਜਾਣਗੇ। ਜਿੱਥੇ ਉਹ ਕਹਿੰਦਾ ਸੀ ਕਿ ਸਾਰਿਆਂ ਨੇ ਇਕੱਠੇ ਹੋ ਕੇ ਰੇਲ ਫੜਨੀ ਹੈ।
ਗਰਮੀ ਬਹੁਤ ਸੀ। ਮੈਂ ਵੀ ਰੋਟੀ ਖਾ ਕੇ ਅੰਦਰ ਹੀ ਲੰਮਾ ਪੈ ਗਿਆ। ਘਰ ਦੇ ਹੋਰ ਜੀਅ ਵੀ ਸੜਕ ਵੱਲ ਨਹੀਂ ਗਏ। ਕੁਦਰਤੀ ਮੈਂ ਦੁਪਹਿਰੇ ਬਾਹਰ ਨਿਕਲਿਆ ਤਾਂ ਅੱਗੋਂ ਤੱਤੀ ਲੂਅ ਨੇ ਮੇਰਾ ਸਵਾਗਤ ਕੀਤਾ। ਮੈਂ ਪਿੰਡ ਦੀ ਦੁਕਾਨ ਤੋਂ ਕੋਈ ਜ਼ਰੂਰੀ ਸੌਦਾ ਲੈਣ ਜਾਣਾ ਸੀ। ਬਾਹਰ ਕਾਂ ਅੱਖ ਨਿਕਲ ਰਹੀ ਸੀ। ਪਹਿਲਾਂ ਤਾਂ ਜੀਅ ਕੀਤਾ ਕਿ ਘਰ ਪਰਤ ਕੇ ਅੰਦਰ ਹੀ ਪੱਖੇ ਥੱਲੇ ਬਹਿ ਜਾਵਾਂ, ਪਰ ਫੇਰ ਮਨ ਕਰੜਾ ਕਰ ਕੇ ਤੁਰ ਪਿਆ। ਘਰ ਤੋਂ ਬਾਹਰ ਸੜਕ ਵੱਲ ਗਿਆ ਤਾਂ ਵੇਖਿਆ ਕਿ ਕੋਈ ਆਦਮੀ ਸਿਖਰ ਦੁਪਹਿਰੇ ਸਾਡੇ ਘਰ ਵੱਲ ਖਾਈ ਪੁੱਟ ਰਿਹਾ ਹੈ। ਇਕੱਲਾ ਹੀ ਬਿਨਾਂ ਕਿਸੇ ਸਾਥੀ ਦੇ।
ਮੈਂ ਨੇੜੇ ਜਾ ਕੇ ਦੇਖਿਆ ਤਾਂ ਹੈਰਾਨ ਰਹਿ ਗਿਆ। ਇਹ ਤਾਂ ਸਾਕਿਬ ਸੀ। ਲੂੰਹਦੀ ਗਰਮੀ ਵਿਚ ਪਸੀਨੇ ਨਾਲ ਤਰ-ਬ-ਤਰ ਆਪਣੀ ਧੁਨ ਵਿਚ ਖਾਈ ਪੁੱਟੀ ਜਾ ਰਿਹਾ ਸੀ। ਮੈਂ ਸੋਚਿਆ ਸੀ ਕਿ ਉਹ ਚਲਿਆ ਗਿਆ ਹੋਵੇਗਾ, ਪਰ ਵੇਖਿਆ ਕਿ ਅੱਜ ਉਸ ਦੇ ਹੱਥ ਪਹਿਲਾਂ ਨਾਲੋਂ ਤੇਜ਼ ਚੱਲ ਰਹੇ ਸਨ।
‘‘ਅਰੇ ਸਾਕਿਬ ਤੁਮ? ਠੇਕੇਦਾਰ ਮਾਨ ਗਿਆ ਕਿਆ?’’
ਮੈਂ ਲਗਾਤਾਰ ਦੋ ਸਵਾਲ ਦਾਗ ਦਿੱਤੇ।
‘‘ਨਹੀਂ ਸਿਰਦਾਰ ਜੀ,’’ ਥੋੜ੍ਹਾ ਰੁਕ ਕੇ ਕਿਹਾ ਤੇ ਫੇਰ ਮੇਰੇ ਅਗਲੇ ਸਵਾਲ ਦੀ ਉਡੀਕ ਕਰਨ ਤੋਂ ਪਹਿਲਾਂ ਹੀ ਕੰਮ ਵਿਚ ਰੁੱਝ ਗਿਆ।
‘‘ਫਿਰ ਆਪ ਕਿਊਂ ਖੋਦ ਰਹੇ ਹੋ?’’
‘‘ਆਪ ਕੇ ਘਰ ਤਕ ਤਾਰ ਬਿਛਾ ਕਰ ਜਾਏਂਗੇ।’’
‘‘ਹਮਾਰੇ ਘਰ ਤਕ?’’
‘‘ਤਾਰ ਕਹਾਂ ਸੇ ਆਏਗੀ?’’ ਮੈਂ ਅਚੰਭੇ ਨਾਲ ਪੁੱਛਿਆ ਕਿਉਂਕਿ ਠੇਕੇਦਾਰ ਨੇ ਮੈਨੂੰ ਸਾਫ਼ ਮਨ੍ਹਾਂ ਕਰ ਦਿੱਤਾ ਸੀ।
‘‘ਮੈਨੇ ਏਕ ਟੁਕੜਾ ਕਾਟ ਕਰ ਰੱਖ ਲੀਆ ਥਾ ਜਿਤਨਾ ਆਪ ਕੇ ਘਰ ਤਕ ਡਾਲਨਾ ਹੈ। ਠੇਕੇਦਾਰ ਸੇ ਚੋਰੀ।’’
‘‘ਠੇਕੇਦਾਰ ਆਜ ਕੀ ਮਜ਼ਦੂਰੀ ਦੇਗਾ?’’
‘‘ਨਹੀਂ।’’
‘‘ਤੋ ਤੁਮਨੇ ਯੇ ਕਿਊਂ ਕੀਆ? ਠੇਕੇਦਾਰ ਖਫ਼ਾ ਹੋਗਾ ਤੁਮ ਪਰ।’’
‘‘ਕਿਊਂ ਖਫ਼ਾ ਹੋਗਾ, ਤਾਰ ਕੋਈ ਠੇਕੇਦਾਰ ਕੀ ਹੈ?’’
‘‘ਓ ਹੋ,’’ ਮੇਰੇ ਮੂੰਹੋਂ ਅਚਾਨਕ ਨਿਕਲਿਆ ਤਾਂ ਉਹ ਬੋਲਿਆ, ‘‘ਸਿਰਦਾਰ ਜੀ, ਮਹੀਨਾ ਭਰ ਆਪਕਾ ਨਮਕ ਖਾਇਆ ਹੈ। ਅਗਰ ਹਮ ਆਪਕਾ ਇਤਨਾ ਕਾਮ ਭੀ ਨਾ ਕਰਤੇ ਤੋ ਨਮਕ ਹਰਾਮ ਨਹੀਂ ਕਹਿਲਾਤੇ!’’
ਏਨਾ ਕਹਿ ਕੇ ਪਸੀਨੇ ਨਾਲ ਲਥਪਥ ਸਾਕਿਬ ਫੇਰ ਖਾਈ ਪੁੱਟਣ ਲੱਗਾ ਕਿਉਂਕਿ ਉਸ ਨੇ ਇਹ ਕੰਮ ਛੇਤੀ ਨਿਬੇੜ ਕੇ ਸ਼ਾਮ ਨੂੰ ਸਰਸੇ ਪਹੁੰਚਣਾ ਸੀ ਤਾਂ ਕਿ ਦੂਜੇ ਸਾਥੀਆਂ ਨਾਲ ਰਲ ਕੇ ਰੇਲ ਫੜ ਸਕੇ।
ਮੈਂ ਘਰ ਗਿਆ। ਮੈਨੂੰ ਭੁੱਲ ਗਿਆ ਸੀ ਕਿ ਮੈਂ ਹੱਟੀਓਂ ਕੋਈ ਸੌਦਾ ਲੈਣ ਜਾ ਰਿਹਾ ਸਾਂ। ਘਰ ਆਇਆ, ਫਰਿੱਜ ਵਿਚੋਂ ਠੰਢੇ ਪਾਣੀ ਦੀ ਬੋਤਲ ਕੱਢੀ ਤੇ ਦੌੜ ਕੇ ਉਸ ਦੇ ਕੋਲ ਗਿਆ। ਉਸ ਨੂੰ ਪਾਣੀ ਪਿਆਇਆ ਤੇ ਫੇਰ ਚਾਹ ਲਿਜਾ ਕੇ ਪਿਆਈ। ਦੁਪਹਿਰ ਦੀ ਰੋਟੀ ਜਿਹੜੀ ਉਹ ਕਦੇ ਨਹੀਂ ਸੀ ਖਾਂਦਾ ਬਦੋਬਦੀ ਨਾਲ ਖਵਾਈ ਕਿਉਂਕਿ ਉਹ ਰੁਕਣਾ ਨਹੀਂ ਸੀ ਚਾਹੁੰਦਾ।
ਉਸ ਨੂੰ ਖਦਸ਼ਾ ਸੀ ਕਿ ਰੁਕ ਗਿਆ ਤਾਂ ਸ਼ਾਇਦ ਕੰਮ ਸ਼ਾਮ ਤਕ ਸਿਰੇ ਨਾ ਚੜ੍ਹੇ, ਮਤੇ ਆਖ਼ਰੀ ਬੱਸ ਨਿਕਲ ਜਾਵੇ। ਫੇਰ ਉਹ ਸਰਸੇ ਸਾਥੀਆਂ ਨਾਲ ਕਿਵੇਂ ਰਲੇਗਾ।
ਖਾਈ ਪੁੱਟਣ ਦਾ ਕੰਮ ਸ਼ਾਮ ਤਕ ਪੂਰਾ ਹੋ ਗਿਆ ਸੀ। ਹੁਣ ਗਰਮੀ ਵੀ ਕੁਝ ਘਟ ਗਈ ਸੀ। ਮੈਂ ਆਪਣੇ ਆਦਮੀ ਨਾਲ ਲਾ ਕੇ ਤਾਰ ਵਿਛਾ ਕੇ ਉਸ ਦੇ ਨਾਲ ਮਿੱਟੀ ਪੁਆ ਦਿੱਤੀ।
ਅਸੀਂ ਜਿੱਥੋਂ ਤਕ ਚਾਹੁੰਦੇ ਸਾਂ ਤਾਰ ਵਿਛ ਗਈ ਸੀ। ਉਹ ਮਿੱਟੀ ਦਾ ਆਖ਼ਰੀ ਟੱਪਾ ਸੁੱਟ ਕੇ ਕਹੀ ਮੋਢੇ ’ਤੇ ਰੱਖ ਕੇ ਤੁਰਨ ਲੱਗਾ। ਸਾਨੂੰ ਪੈਰੀਂ ਹੱਥ ਲਾਉਣ ਨੂੰ ਅੱਗੇ ਵਧਿਆ। ਮੈਂ ਉਸ ਦੇ ਦੋਵੇਂ ਹੱਥ ਫੜ ਲਏ ਤੇ ਕਿਹਾ, ‘‘ਸਾਕਿਬ, ਖਾਨਾ ਖਾ ਕਰ ਜਾਨਾ।’’
‘‘ਨਹੀਂ ਸਿਰਦਾਰ ਜੀ, ਹਮ ਲੇਟ ਹੋ ਜਾਏਗਾ। ਆਖ਼ਰੀ ਬੱਸ ਨਿਕਲ ਗਈ ਤੋ ਸਰਸਾ ਕੈਸੇ ਪਹੁੰਚ ਪਾਊਂਗਾ। ਸੁਬ੍ਹਾ ਗਾੜੀ ਪਕੜਨੀ ਹੈ।’’ ਇਹ ਕਹਿ ਕੇ ਉਹ ਦੋਵੇਂ ਹੱਥ ਜੋੜ ਕੇ ਇੰਜ ਵਾਪਸ ਮੁੜਿਆ, ਜਿਵੇਂ ਅਜੇ ਵੀ ਸਾਡਾ ਅਹਿਸਾਨ ਉਸ ਦੇ ਸਿਰ ਹੋਵੇ। ਫਿਰ ਵੀ ਉਸ ਦੇ ਚਿਹਰੇ ’ਤੇ ਇਕ ਚਮਕ ਸੀ। ਉਸ ਨੇ ਸਾਡਾ ਨਮਕ ਜੁ ਹਲਾਲ ਕਰ ਦਿੱਤਾ ਸੀ।
ਅਸੀਂ ਵੇਖ ਰਹੇ ਸਾਂ, ਉਹ ਸੜਕ ’ਤੇ ਪਹੁੰਚਿਆ। ਏਨੇ ਨੂੰ ਬੱਸ ਆ ਗਈ। ਉਸ ਨੇ ਪਿੱਛੇ ਭਉਂ ਕੇ ਵੇਖਿਆ ਤੇ ਭੱਜ ਕੇ ਬੱਸ ਚੜ੍ਹ ਗਿਆ।
ਅਸੀਂ ਜਾਂਦੀ ਬੱਸ ਨੂੰ ਇਸ ਤਰ੍ਹਾਂ ਵੇਖ ਰਹੇ ਸਾਂ ਜਿਵੇਂ ਕੋਈ ਆਪਣਾ ਵਿਛੜ ਕੇ ਗਿਆ ਹੋਵੇ।
ਸੰਪਰਕ: 94167-34506


Comments Off on ਨਮਕ ਹਲਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.