ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਨਗਰ ਨਿਗਮ ’ਚ ‘ਭ੍ਰਿਸ਼ਟਾਚਾਰ’ ਦਾ ਮਾਮਲਾ ਬਦਨੌਰ ਕੋਲ ਪਹੁੰਚਿਆ

Posted On September - 12 - 2019

ਤਰਲੋਚਨ ਸਿੰਘ
ਚੰਡੀਗੜ੍ਹ, 11 ਸਤੰਬਰ

ਕਾਂਗਰਸ ਦਾ ਵਫਦ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਯਾਦ-ਪੱਤਰ ਦਿੰਦਾ ਹੋਇਆ।

ਚੰਡੀਗੜ੍ਹ ਨਗਰ ਨਿਗਮ ਵਿਚ ਫੈਲੇ ਕਥਿਤ ਭ੍ਰਿਸ਼ਟਾਚਾਰ ਦਾ ਮਾਮਲਾ ਅੱਜ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੇ ਦਰਬਾਰ ਵਿਚ ਪੁੱਜ ਗਿਆ ਹੈ। ਇਸੇ ਦੌਰਾਨ ਸੰਕੇਤ ਮਿਲੇ ਹਨ ਕਿ ਭਾਜਪਾ ਦੇ ਕਈ ਵੱਡੇ ਨੇਤਾ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਬੇਨਕਾਬ ਹੋ ਸਕਦੇ ਹਨ।
ਵੇਰਵਿਆਂ ਅਨੁਸਾਰ ਚੰਡੀਗੜ੍ਹ ਕਾਂਗਰਸ ਦੇ ਵਫਦ ਨੇ ਅੱਜ ਪੰਜਾਬ ਰਾਜ ਭਵਨ ਵਿਚ ਪ੍ਰਸ਼ਾਸਕ ਸ੍ਰੀ ਬਦਨੌਰ ਨਾਲ ਮੁਲਾਕਾਤ ਕੀਤੀ। ਵਫਦ ਵਿਚ ਸ਼ਾਮਲ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ, ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ, ਕਾਂਗਰਸ ਦੇ ਸਾਬਕਾ ਮੇਅਰ ਸੁਭਾਸ਼ ਚਾਵਲਾ, ਸੁਰਿੰਦਰ ਸਿੰਘ ਮਨੀਮਾਜਰਾ, ਹਰਫੂਲ ਚੰਦਰ ਕਲਿਆਣ, ਕੌਸਲਰ ਦਵਿੰਦਰ ਬਬਲਾ, ਭੁਪਿੰਦਰ ਸਿੰਘ ਬਡਹੇੜੀ, ਪਵਨ ਸ਼ਰਮਾ, ਜਤਿੰਦਰ ਭਾਟੀਆ, ਮੁਹੰਮਦ ਸਾਦਿਕ, ਜਗਜੀਤ ਕੰਗ, ਸੰਦੀਪ ਭਾਰਦਵਾਜ, ਐਨਐੱਸ ਧਾਲੀਵਾਲ, ਸ਼ਸ਼ੀ ਸ਼ੰਕਰ ਤਿਵਾੜੀ, ਜੀਤ ਸਿੰਘ ਬਹਿਲਾਣਾ ਆਦਿ ਨੇ ਸ੍ਰੀ ਬਦਨੌਰ ਨੂੰ ਦਿੱਤੇ ਮੈਮੋਰੰਡਮ ਵਿਚ ਨਿਗਮ ਵਿਚ ਚੱਲ ਰਹੇ ਭ੍ਰਿਸ਼ਟਾਚਾਰ ਨੂੰ ਉਭਾਰਿਆ।
ਵਫਦ ਨੇ ਪ੍ਰਸ਼ਾਸਕ ਦੇ ਧਿਆਨ ਵਿਚ ਲਿਆਂਦਾ ਕਿ ਪਿੱਛਲੇ ਦਿਨੀਂ ਸੀਬੀਆਈ ਨੇ ਨਗਰ ਨਿਗਮ ਦੇ ਦਫਤਰ ਵਿਚ ਦਸਤਕ ਦੇ ਕੇ ਵਿਕਾਸ ਕਾਰਜਾਂ ਦੀਆਂ ਫਾਈਲਾਂ ਜ਼ਬਤ ਕੀਤੀਆਂ ਸਨ। ਇਨ੍ਹਾਂ ਵਿਚ ਮੁੱਖ ਤੌਰ ’ਤੇ ਕਮਿਊਨਿਟੀ ਸੈਂਟਰਾਂ ਵਿਚ ਲਗਾਏ ਗਏ ਮਹਿੰਗੇ ਜਿੰਮਾਂ ਦੀਆਂ ਫਾਈਲਾਂ ਸ਼ਾਮਲ ਹਨ। ਵਫਦ ਨੇ ਪ੍ਰਸ਼ਾਸਕ ਕੋਲ ਦਾਅਵਾ ਕੀਤਾ ਕਿ ਜੇ ਸੀਬੀਆਈ ਐਫਆਈਆਰ ਦਰਜ ਕਰਕੇ ਨਿਰਪੱਖ ਜਾਂਚ ਕਰੇ ਤਾਂ ਭਾਜਪਾ ਦੇ ਕਈ ਆਗੂਆਂ ਦੇ ਅਸਲ ਚਿਹਰੇ ਬੇਨਕਾਬ ਹੋ ਜਾਣਗੇ। ਵਫਦ ਨੇ ਕਿਹਾ ਕਿ ਜੇ ਸ਼ਹਿਰ ਦੇ ਦੱਖਣੀ ਖੇਤਰ ਦੀ ਸਫਾਈ ਸਬੰਧੀ ਇਕ ਕੰਪਨੀ ਨੂੰ ਦਿੱਤੇ ਠੇਕੇ ਦੀ ਇਮਾਨਦਾਰੀ ਨਾਲ ਪੜਤਾਲ ਕੀਤੀ ਜਾਵੇ ਤਾਂ ਇਹ ਕੰਮ ਅਲਾਟ ਕਰਨ ਵਿਚ ਹੋਈਆਂ ਬੇਨਿਯਮੀਆਂ ਸਾਹਮਣੇ ਆ ਜਾਣਗੀਆਂ। ਵਫਦ ਨੇ ਕਿਹਾ ਕਿ ਨਿਗਮ ਦੇ ਹੋਰ ਕਈ ਪ੍ਰੋਜੈਕਟਾਂ ਵਿਚ ਗੜਬੜ ਹੋਈ ਹੈ ਇਸ ਲਈ ਵਿਆਪਕ ਪੱਧਰ ’ਤੇ ਜਾਂਚ ਕਰਵਾਈ ਜਾਵੇ।
ਵਫਦ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਗਠਿਤ ਕੀਤੀ ਪ੍ਰਸ਼ਾਸਕ ਦੀ ਸਲਾਹਕਾਰ ਕਮੇਟੀ ਵਿਚ ਵੀ ਕਾਂਗਰਸ ਨਾਲ ਪੱਖਪਾਤ ਹੋਇਆ ਹੈ। ਕਮੇਟੀ ਵਿਚ ਭਾਜਪਾ ਦੇ ਅੱਠ ਆਗੂ ਨਾਮਜ਼ਦ ਕੀਤੇ ਹਨ ਜਦਕਿ ਕਾਂਗਰਸ ਦੇ ਕੇਵਲ ਦੋ ਆਗੂ ਸ੍ਰੀ ਛਾਬੜਾ ਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਬਾਂਸਲ ਨੂੰ ਹੀ ਸ਼ਾਮਲ ਕੀਤਾ ਗਿਆ ਹੈ। ਸ੍ਰੀ ਛਾਬੜਾ ਤੇ ਸ੍ਰੀ ਬਾਂਸਲ ਨੇ ਸ੍ਰੀ ਬਦਨੌਰ ਦੇ ਧਿਆਨ ਵਿਚ ਲਿਆਂਦਾ ਕਿ ਲੰਘੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਉਮੀਦਵਾਰ ਨੂੰ 1.85 ਲੱਖ ਦੇ ਕਰੀਬ ਵੋਟਾਂ ਮਿਲੀਆਂ ਹਨ ਅਤੇ ਭਾਜਪਾ ਉਮੀਦਵਾਰ ਕੁਝ ਹਜ਼ਾਰ ਵੋਟਾਂ ਨਾਲ ਹੀ ਜਿੱਤੀ ਹੈ। ਇਸ ਲਈ ਕਾਂਗਰਸ ਨੂੰ ਸਲਾਹਕਾਰ ਕਮੇਟੀ ਵਿਚ ਬਣਦੀ ਪ੍ਰਤੀਨਿਧਤਾ ਦਿੱਤੀ ਜਾਵੇ।

ਦਵਿੰਦਰ ਬਬਲਾ ਸਲਾਹਕਾਰ ਕਮੇਟੀ ਦੇ ਮੈਂਬਰ ਨਾਮਜ਼ਦ
ਕਾਂਗਰਸੀ ਵਫ਼ਦ ਵੱਲੋਂ ਪ੍ਰਸ਼ਾਸਕ ਨਾਲ ਕੀਤੀ ਗਈ ਮੁਲਾਕਾਤ ਮਗਰੋਂ ਚੰਡੀਗੜ੍ਹ ਪ੍ਰਸ਼ਾਸਨ ਨੇ ਕਾਂਗਰਸੀ ਕੌਂਸਲਰ ਦਵਿੰਦਰ ਬਬਲਾ ਨੂੰ ਸਲਾਹਕਾਰ ਕਮੇਟੀ ਦਾ ਮੈਂਬਰ ਨਾਮਜ਼ਦ ਕਰ ਦਿੱਤਾ ਹੈ। ਇਸੇ ਦੌਰਾਨ ਸਲਾਹਕਾਰ ਕਮੇਟੀ ਦੀ ਮੀਟਿੰਗ 13 ਸਤੰਬਰ ਨੂੰ ਹੋਵੇਗੀ।

ਲਾਲ ਡੋਰੇ ਤੋਂ ਬਾਹਰ ਹੋਈਆਂ ਉਸਾਰੀਆਂ ਰੈਗੂਲਰ ਕਰਨ ਦੀ ਮੰਗ
ਵਫਦ ਨੇ ਪਿੰਡਾਂ ਦੇ ਲਾਲ ਡੋਰੇ ਤੋਂ ਬਾਹਰ 500 ਵਰਗ ਗਜ਼ ਰਕਬੇ ਉਪਰ ਹੋਈਆਂ ਉਸਾਰੀਆਂ ਰੈਗੂਲਰ ਕਰਨ ਦੀ ਮੰਗ ਵੀ ਕੀਤੀ। ਵਫਦ ਨੇ ਦਾਅਵਾ ਕੀਤਾ ਕਿ ਪ੍ਰਸ਼ਾਸਨ ਨੇ 2006 ਵਿਚ 500 ਵਰਗ ਗਜ਼ ’ਤੇ ਹੋਈਆਂ ਉਸਾਰੀਆਂ ਰੈਗੂਲਰ ਕਰਨ ਦਾ ਫੈਸਲਾ ਕੀਤਾ ਸੀ ਜੋ ਅੱਜ ਤਕ ਲਾਗੂ ਨਹੀਂ ਕੀਤਾ ਗਿਆ। ਵਫਦ ਨੇ ਮੰਗ ਕੀਤੀ ਕਿ ਪਿੰਡਾਂ ਦੇ ਵਿਕਾਸ ਲਈ ਸਮਾਬੱਧ ਫੈਸਲੇ ਲੈਣ ਲਈ ਸਰਬ ਪਾਰਟੀ ਮੀਟਿੰਗ ਸੱਦੀ ਜਾਵੇ। ਵਫਦ ਨੇ ਪਾਰਕਿੰਗਾਂ ਦੀਆਂ ਫੀਸਾਂ ਵਿਚ ਵਾਧਾ ਨਾ ਕਰਨ ਅਤੇ ਪਹਿਲਾਂ ਵਾਂਗ ਦੋ-ਪਹੀਆ ਵਾਹਨਾਂ ਲਈ 5 ਰੁਪਏ ਅਤੇ ਚਾਰ ਪਹੀਆ ਵਾਹਨਾਂ 10 ਰੁਪਏ ਹੀ ਰੱਖਣ ਦੀ ਮੰਗ ਕੀਤੀ।


Comments Off on ਨਗਰ ਨਿਗਮ ’ਚ ‘ਭ੍ਰਿਸ਼ਟਾਚਾਰ’ ਦਾ ਮਾਮਲਾ ਬਦਨੌਰ ਕੋਲ ਪਹੁੰਚਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.