ਕਰੋਨਾ ਪੀੜਤ ਪਾਇਲਟ ਨੇ ਭਰੀ ਉਡਾਰੀ, ਜਹਾਜ਼ ਅੱਧ ਰਾਹ ’ਚੋਂ ਮੁੜਿਆ !    ਸੀਬੀਆਈ ਦਾ ਪਟਿਆਲਾ ’ਚ ਛਾਪਾ, ਮੁਲਜ਼ਮ ਗਸ਼ ਖਾ ਕੇ ਡਿੱਗਿਆ !    ਮੋਦੀ ਸਰਕਾਰ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ: ਕਾਂਗਰਸ !    ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ !    ਸਮਰਾਲਾ ਦੇ ਪਿੰਡ ਨੌਲੜੀ ਕਲਾਂ 'ਚ ਭੈਣ-ਭਰਾ ਨੇ ਖ਼ੁਦਕੁਸ਼ੀ ਕੀਤੀ !    ਫੋਰਬਸ: ਸਾਲ 2020 ਵਿੱਚ ਕੋਹਲੀ ’ਤੇ ਵਰ੍ਹਿਆ ਡਾਲਰਾਂ ਦਾ ਮੀਂਹ, 100ਵੇਂ ਤੋਂ 66ਵੇਂ ਸਥਾਨ ’ਤੇ !    ਵੈਸਟ ਇੰਡੀਜ਼ ਕ੍ਰਿਕਟ ਟੀਮ ਨੂੰ ਇੰਗਲੈਂਡ ਦੌਰੇ ਦੀ ਇਜਾਜ਼ਤ !    ਕਰੋਨਾ ਰੋਕੂ ਦਵਾਈ ਵੇਚਣ ਲਈ ਅਮਰੀਕੀ ਕੰਪਨੀ ਨੇ ਭਾਰਤ ਦਾ ਦਰ ਖੜਕਾਇਆ !    ਕਰੋਨਾ ਖ਼ਿਲਾਫ਼ ਲੜਾਈ ਲੰਮੀ, ਸਬਰ ਤੇ ਜੋਸ਼ ਬਰਕਰਾਰ ਰੱਖੋ: ਮੋਦੀ !    ਵਾਦੀ ਵਿੱਚ ਦੋ ਅਤਿਵਾਦੀ ਹਲਾਕ !    

ਦੋ ਰੰਗ ਗਾਰਗੀ ਦੇ

Posted On September - 28 - 2019

ਡਾ. ਸਾਹਿਬ ਸਿੰਘ
ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਕਰਵਾਏ ਗਏ ‘ਨੌਜਵਾਨ ਨਿਰਦੇਸ਼ਕਾਂ ਦਾ ਰੰਗਮੰਚ ਉਤਸਵ’ ਦੌਰਾਨ ਅੰਮ੍ਰਿਤਸਰ ਤੋਂ ਆਈਆਂ ਦੋ ਟੀਮਾਂ ਵੱਲੋਂ ਬਲਵੰਤ ਗਾਰਗੀ ਦੇ ਦੋ ਨਾਟਕ ਪੇਸ਼ ਕੀਤੇ ਗਏ। ਇਹ ਦੋਵੇਂ ਨਾਟਕ ਅੱਗ ਵਾਂਗ ਭਖਦੇ ਜਜ਼ਬਿਆਂ ਦੀ ਬਾਤ ਪਾਉਣ ਵਾਲੇ ਹਨ, ਮਨੁੱਖੀ ਰਿਸ਼ਤਿਆਂ ਨੂੰ ਸਮਝਣ ਸਮਝਾਉਣ ਦੀ ਭਰਪੂਰ ਕੋਸ਼ਿਸ਼! ਨੌਜਵਾਨ ਨਿਰਦੇਸ਼ਕ ਪਾਵੇਲ ਸੰਧੂ ਦੀ ਨਿਰਦੇਸ਼ਨਾ ਹੇਠ ‘ਧੂਣੀ ਦੀ ਅੱਗ’ ਨਾਟਕ ਪੇਸ਼ ਕੀਤਾ ਗਿਆ। ਬਲਵੰਤ ਗਾਰਗੀ ਇਸ ਨਾਟਕ ਵਿਚ ਇਕ ਮਰਦ ਦੀ ਜ਼ਿੰਦਗੀ ਵਿਚ ਆਈਆਂ ਦੋ ਔਰਤਾਂ ਦੀ ਆਪਸੀ ਕਸ਼ਮਕਸ਼ ਵੀ ਪੇਸ਼ ਕਰਦਾ ਹੈ, ਆਪਣੀ ਮੁਹੱਬਤ ਹਾਸਲ ਕਰਨ ਲਈ ਜਨੂੰਨ ਦੀ ਹੱਦ ਤਕ ਜਾਣ ਦਾ ਮਨੁੱਖੀ ਵਲਵਲਾ ਵੀ ਦਰਸਾਉਂਦਾ ਹੈ ਤੇ ਕਿਰਦਾਰ ਅੰਦਰਲੀਆਂ ਖ਼ੂਬੀਆਂ, ਖਾਮੀਆਂ, ਲੋੜਾਂ, ਪ੍ਰਾਪਤੀਆਂ, ਕਮਜ਼ੋਰੀਆਂ ਨੂੰ ਵੀ ਪ੍ਰਗਟ ਕਰਦਾ ਹੈ। ਪਾਵੇਲ ਸੰਧੂ ਦੀ ਨਿਰਦੇਸ਼ਨਾ ਦੀ ਸਭ ਤੋਂ ਵੱਡੀ ਖ਼ੂਬੀ ਇਹ ਸੀ ਕਿ ਉਸਨੇ ਨਾਟਕ ਦੇ ਕੇਂਦਰ ਬਿੰਦੂ ਨੂੰ ਫੜਨ ਲਈ ਇਕ ਅਜਿਹੀ ਨਿਰਦੇਸ਼ਕੀ ਵਿਉਂਤ ਬਣਾਈ ਕਿ ਬੋਲੇ ਜਾ ਰਹੇ ਸ਼ਬਦਾਂ ਅਤੇ ਸਿਰਜੇ ਜਾ ਰਹੇ ਅਬੋਲ ਪਲਾਂ ਦਰਮਿਆਨ ਇਕ ਧਾਗਾ ਪਰੋ ਕੇ ਰੱਖਿਆ, ਜਿਸਨੇ ਦਰਸ਼ਕ ਤਕ ਪਾਤਰਾਂ ਦੀ ਅੱਗ ਦਾ ਸੇਕ ਵੀ ਪਹੁੰਚਾਇਆ, ਉਨ੍ਹਾਂ ਦੀ ਕਸ਼ਮਕਸ਼ ਨੂੰ ਮਹਿਸੂਸ ਕਰਨ ਵੀ ਲਗਾਇਆ, ਨਾਟਕੀ ਤਣਾਅ ਅਤੇ ਟਕਰਾਅ ਦੀ ਨਿਰੰਤਰਤਾ ਬਰਕਰਾਰ ਰੱਖੀ ਤੇ ਸੰਵਾਦ ਅਦਾਇਗੀ ਰਾਹੀਂ ਪੈਦਾ ਹੋ ਰਹੀਆਂ ਚਿੰਗਾਰੀਆਂ ਨੂੰ ਮਘਾ ਕੇ ਰੱਖਿਆ।
ਖ਼ੂਬਸੂਰਤ, ਪ੍ਰਤੀਕਾਤਮਕ ਮੰਚ ਸੱਜਾ ਨਾਟਕ ਨੂੰ ਗੂੜ੍ਹੇ ਅਰਥ ਪ੍ਰਦਾਨ ਕਰ ਰਹੀ ਸੀ ਤੇ ਇਸਤੋਂ ਵੀ ਪਿਆਰੀ ਗੱਲ ਇਹ ਸੀ ਕਿ ਦਿਖਾਈ ਦਿੰਦਾ ਸੈੱਟ ਦਾ ਇਕ ਇਕ ਕੋਨਾ ਭਰਪੂਰ ਵਰਤੋਂ ਵਿਚ ਆ ਰਿਹਾ ਸੀ। ਮੰਚ ਸਮੱਗਰੀ ਸਹਿਜ ਸੁਭਾਅ ਕਲਾਕਾਰਾਂ ਦੇ ਹੱਥਾਂ ਵਿਚ ਪਾਤਰ ਬਣ ਵਿਚਰ ਰਹੀ ਸੀ। ਰੀਟਾ ਅਤੇ ਅਜੀਤ ਦੇ ਮੁਹੱਬਤੀ ਪਲਾਂ ਨੂੰ ਬੜੇ ਹੀ ਕਲਾਤਮਕ ਢੰਗ ਨਾਲ ਦੋ ਵੱਡ ਆਕਾਰੀ ਮੋਮਬੱਤੀਆਂ ਦੇ ਬਲਣ, ਨਜ਼ਦੀਕ ਆਉਣ, ਹੋਰ ਸ਼ਿੱਦਤ ਨਾਲ ਲਟ ਲਟ ਬਲਣ ਤੇ ਫਿਰ ਇਕ ਦੂਜੇ ਵਿਚ ਸਮਾ ਕੇ ਸ਼ਾਂਤ ਹੋ ਜਾਣ ਦਾ ਦ੍ਰਿਸ਼ ਇਸ ਨਾਟਕ ਦਾ ਯਾਦਗਾਰੀ ਪਲ ਸੀ ਜਿਸ ਲਈ ਨਿਰਦੇਸ਼ਕ ਵਧਾਈ ਦਾ ਹੱਕਦਾਰ ਹੈ। ਨਾਟਕ ਨੂੰ ਲੋੜੀਂਦੀ ਗਤੀ ਪ੍ਰਦਾਨ ਕਰਨ ਲਈ ਸਕਰਿਪਟ ਵਿਚ ਕੀਤੀ ਕਾਂਟ ਸ਼ਾਂਟ, ਇਕ ਦ੍ਰਿਸ਼ ਤੋਂ ਦੂਜੇ ਵਿਚ ਪ੍ਰਵੇਸ਼ ਕਰਨ ਲਈ ਵਰਤਿਆ ਗਿਆ ਸੰਗੀਤ ਇੰਨਾ ਪ੍ਰਭਾਵਸ਼ਾਲੀ ਸੀ ਕਿ ਹਨੇਰੇ ਵਿਚ ਵੀ ਨਾਟਕ ਦੀ ਰਵਾਨਗੀ ਟੁੱਟਦੀ ਨਹੀਂ ਸੀ।
ਗ਼ਜ਼ਲ ਜੱਟੂ ਦੀ ਅਦਾਕਾਰੀ ਬਿਹਤਰੀਨ ਸੀ ਜਿਸ ਸ਼ਿੱਦਤ ਤੇ ਵਿਸ਼ਵਾਸ ਨਾਲ ਉਹ ਰੀਟਾ ਦੇ ਗੁੰਝਲਦਾਰ ਕਿਰਦਾਰ ਨੂੰ ਖੇਡ ਰਹੀ ਸੀ, ਜ਼ਾਹਿਰ ਹੁੰਦਾ ਸੀ ਕਿ ਪੰਜਾਬੀ ਰੰਗਮੰਚ ਦੇ ਵਿਹੜੇ ਇਕ ਕਮਾਲ ਦੀ ਅਦਾਕਾਰਾ ਪ੍ਰਵੇਸ਼ ਕਰ ਚੁੱਕੀ ਹੈ। ਸ਼ਹਿਰੀ ਲਿਬਾਸ ਤੇ ਸ਼ਾਇਸਤਗੀ ਵਾਲੇ ਔਰਤ ਕਿਰਦਾਰ ਨੂੰ ਨਫਾਸਤ ਅਤੇ ਨਜ਼ਾਕਤ ਨਾਲ ਨਿਭਾਉਣ ਵਾਲੀਆਂ ਅਦਾਕਾਰਾਵਾਂ ਪੰਜਾਬੀ ਰੰਗਮੰਚ ਅੰਦਰ ਘੱਟ ਹਨ, ਗ਼ਜ਼ਲ ਆਸ ਜਗਾਉਂਦੀ ਹੈ। ਅਜੀਤ ਦੇ ਕਿਰਦਾਰ ਨੂੰ ਸੁਦੇਸ਼ ਵਿੰਕਲ ਨੇ ਪਰਿਪੱਕਤਾ ਨਾਲ ਪੇਸ਼ ਕੀਤਾ। ਗਾਰਗੀ (ਵਿਪਨ ਸ਼ਰਮਾ), ਵੀਨਾ (ਕਾਜਲ ਸ਼ਰਮਾ), ਸਾਧੂ (ਅਸ਼ੀਸ਼ ਸ਼ਰਮਾ), ਬਾਵਰਚੀ (ਜਤਿਨ ਵਿੱਜ) ਤੇ ਪੇਂਡੂ ਔਰਤ (ਸੀਮਾ ਸਹਿਗਲ) ਨੇ ਆਪਣੇ ਕਿਰਦਾਰ ਖੁੱਲ੍ਹ ਕੇ ਨਿਭਾਏ। ਵਰੁਣ ਪਟੇਲ ਨੇ ਰੌਸ਼ਨੀ ਪ੍ਰਭਾਵ ਸਿਰਜੇ, ਪਾਵੇਲ ਸੰਧੂ ਖ਼ੁਦ ਨਾਟਕ ਦਾ ਸੰਗੀਤ ਦੇ ਰਿਹਾ ਸੀ। ਦਿ ਥੀਏਟਰ ਵਰਲਡ ਅੰਮ੍ਰਿਤਸਰ ਦੀ ਇਹ ਟੀਮ ਗਾਰਗੀ ਦੇ ਅਸਲ ਰੰਗ ਨੂੰ ਹੋਰ ਗੂੜ੍ਹਾ ਕਰਕੇ ਪੇਸ਼ ਕਰਨ ਲਈ ਪ੍ਰਸੰਸਾ ਦੀ ਹੱਕਦਾਰ ਹੈ।
ਅਗਲੇ ਦਿਨ ਜੀ. ਐੱਸ. ਕੇ. ਪ੍ਰੋਡਕਸ਼ਨ ਅੰਮ੍ਰਿਤਸਰ ਦੀ ਟੀਮ ਵੱਲੋਂ ਬਲਵੰਤ ਗਾਰਗੀ ਦਾ ਲਿਖਿਆ ਨਾਟਕ ‘ਅਭਿਸਾਰਿਕਾ’ ਪੇਸ਼ ਕੀਤਾ ਗਿਆ। ਇਸ ਵਿਚ ਗਾਰਗੀ ਅਜਿਹੀ ਔਰਤ ਦੀ ਕਹਾਣੀ ਪੇਸ਼ ਕਰਦਾ ਹੈ ਜੋ ਇਕੋ ਸਮੇਂ ਦੋ ਮਰਦਾਂ ਨੂੰ ਪਿਆਰ ਕਰਦੀ ਹੈ, ਉਹ ਦੋਵਾਂ ਨੂੰ ਹੀ ਚਾਹੁੰਦੀ ਹੈ ਤੇ ਕਿਸੇ ਇਕ ਨੂੰ ਵੀ ਦੂਜੇ ਖਿਲਾਫ਼ ਬੋਲਣ ਦਾ ਹੱਕ ਨਹੀਂ ਦੇਣਾ ਚਾਹੁੰਦੀ। ਗਾਰਗੀ ਇਸ ਨਾਟਕ ਦੀ ਪਿੱਠਭੂਮੀ ਰੰਗਮੰਚ ਰੱਖਦਾ ਹੈ। ਪਰਦੀਪ ਇਕ ਰੰਗਮੰਚ ਨਿਰਦੇਸ਼ਕ ਹੈ ਜੋ ਆਪਣੇ ਰੰਗਮੰਚ ਨੂੰ ਨਿਖਾਰਨ ਲਈ ਯਤਨਸ਼ੀਲ ਰਹਿੰਦਾ ਹੈ। ਰੰਜਨਾ ਉਸਦੇ ਇਕ ਨਾਟਕ ਵਿਚ ਨਾਇਕਾ ਬਣ ਕੇ ਪ੍ਰਵੇਸ਼ ਕਰਦੀ ਹੈ, ਹੌਲੀ ਹੌਲੀ ਇਹ ਨਾਇਕਾ ਉਸਦੀ ਨਿੱਜੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ ਹੈ। ਪਰਦੀਪ ਇਕ ਨੀਰਸ ਵਿਆਹੁਤਾ ਜੀਵਨ ਹੰਢਾ ਰਿਹਾ ਹੈ ਕਿਉਂਕਿ ਉਸਦੀ ਪਤਨੀ ਨੂੰ ਉਸਦੇ ਰਚਨਾਤਮਕ ਕੰਮਾਂ ਵਿਚ ਦਿਲਚਸਪੀ ਨਹੀਂ ਹੈ। ਉਹ ਰੰਜਨਾ ਦੀ ਬੇਬਾਕੀ ਤੇ ਖ਼ੂਬਸੂਰਤੀ ’ਤੇ ਫਿਦਾ ਹੋ ਜਾਂਦਾ ਹੈ। ਪਿਆਰ ਦੀ ਸ਼ਿੱਦਤ ਚਰਮ ਸੀਮਾ ’ਤੇ ਪਹੁੰਚਦੀ ਹੈ, ਪਰ ਇੱਥੋਂ ਹੁਣ ਟਕਰਾਅ ਆਰੰਭ ਹੁੰਦਾ ਹੈ। ਰੰਜਨਾ ਪਹਿਲਾਂ ਸਿਰਫ਼ ਪ੍ਰੇਮਿਕਾ ਹੈ, ਰਿਸ਼ਤਾ ਪਰਿਭਾਸ਼ਿਤ ਨਹੀਂ ਹੈ, ਪਰ ਜਦੋਂ ਰੰਜਨਾ ਇਸ ਰਿਸ਼ਤੇ ਵਿਚ ਹੱਕ ਲੈਣ ਦੇ ਰਾਹ ਤੁਰਦੀ ਹੈ ਤਾਂ ਰਿਸ਼ਤਾ ਤਣਾਅਪੂਰਨ ਹੋ ਜਾਂਦਾ ਹੈ, ਕਿਉਂਕਿ ਰਿਸ਼ਤੇ ਦੀ ਬੁਨਿਆਦ ਹੀ ਹੱਕ ਰਹਿਤ ਸ਼ੁੱਧ ਮੁਹੱਬਤ ’ਤੇ ਰੱਖੀ ਗਈ ਸੀ।

ਡਾ. ਸਾਹਿਬ ਸਿੰਘ

ਹੁਣ ਰੰਜਨਾ ਨੂੰ ਲੱਗਦਾ ਹੈ ਕਿ ਉਹ ਗ਼ਲਤ ਹੈ, ਉਸਦੀ ਦੁਰਵਰਤੋਂ ਹੋ ਰਹੀ ਹੈ, ਰਖੇਲ ਬਣ ਕੇ ਰਹਿ ਗਈ ਹੈ। ਪਰਦੀਪ ਨੂੰ ਮਹਿਸੂਸ ਹੁੰਦਾ ਹੈ ਕਿ ਰੰਜਨਾ ਹੁਣ ਸਿਲਾ ਚਾਹੁੰਦੀ ਹੈ, ਨਫੇ ਨੁਕਸਾਨ ਪਰਖਣ ’ਤੇ ਉਤਰ ਆਈ ਹੈ। ਇੱਥੇ ਗਾਰਗੀ ਬੜੇ ਨਿਧੜਕ ਅੰਦਾਜ਼ ਵਿਚ ਰਿਸ਼ਤਿਆਂ ਅੰਦਰ ਪਲ ਪਲ ਬਦਲ ਦੇ ਸਮੀਕਰਨ ਪੇਸ਼ ਕਰਦਾ ਹੈ ਤੇ ਇਸ ਤਰ੍ਹਾਂ ਕਰਦਿਆਂ ਉਹ ਦੋਵਾਂ ਵਿਚੋਂ ਕਿਸੇ ਨੂੰ ਵੀ ਨਹੀਂ ਬਖ਼ਸ਼ਦਾ। ਨਾਟਕ ਦਿਲਚਸਪ ਮੋੜ ਉਦੋਂ ਲੈਂਦਾ ਹੈ ਜਦੋਂ ਪਹਿਲੇ ਰਿਸ਼ਤੇ ’ਚੋਂ ਮੰਜ਼ਿਲ ਲੱਭਦੀ ਰੰਜਨਾ ਭਟਕਣ ਦੇ ਰਾਹ ਤੁਰਦੀ ਇਕ ਹੋਰ ਰਿਸ਼ਤਾ ਜੋੜ ਬੈਠਦੀ ਹੈ। ਇਹ ਮਰਦ ਇਕ ਅਦਾਕਾਰ ਰਣਧੀਰ ਹੈ ਜੋ ਪਰਦੀਪ ਦੇ ਨਾਟਕਾਂ ਵਿਚ ਵੀ ਅਦਾਕਾਰੀ ਕਰਦਾ ਹੈ। ਉਹ ਗੁਸਤਾਖ਼ ਹੈ, ਮੂੰਹ ’ਤੇ ਸੱਚ ਬੋਲਣ ਵਾਲਾ। ਉਸਦੀ ਜਾਨਦਾਰ ਅਦਾਕਾਰੀ ਰੰਜਨਾ ਨੂੰ ਖਿੱਚ ਪਾਉਂਦੀ ਹੈ। ਹੁਣ ਨਵੀਂ ਕਿਸਮ ਦਾ ਤਣਾਅ ਸ਼ੁਰੂ ਹੁੰਦਾ ਹੈ। ਰੰਜਨਾ ਤੇ ਪਰਦੀਪ ਦੀ ਬਹਿਸ ਹੁੰਦੀ ਹੈ, ਕਈ ਤਿੱਖੇ ਮੋੜ ਮੁੜਦੀ ਇਹ ਬਹਿਸ ਅਨੇਕਾਂ ਸਵਾਲ ਖੜ੍ਹੇ ਕਰਦੀ ਹੈ। ਜਿਸ ਰੰਜਨਾ ਲਈ ਕਿਸੇ ਵਕਤ ਆਪਣਾ ਰਚਨਾਤਮਕ ਕਾਰਜ, ਕਲਾਤਮਕ ਪ੍ਰਾਪਤੀਆਂ ਪ੍ਰਥਮ ਦਰਜੇ ’ਤੇ ਸਨ, ਹੁਣ ਉੱਥੇ ਸਿਰਫ਼ ਰਣਧੀਰ ਹੈ। ਰੋਸੇ, ਤਕਰਾਰ, ਮਿਹਣਿਆਂ ’ਚੋਂ ਲੰਘਦੀ ਬਹਿਸ ਅਖੀਰ ਇਸ ਬਿੰਦੂ ’ਤੇ ਆ ਕੇ ਸਿਮਟਦੀ ਹੈ ਕਿ ਰੰਜਨਾ ਨੂੰ ਪਰਦੀਪ ਵੀ ਚਾਹੀਦਾ ਹੈ ਤੇ ਰਣਧੀਰ ਵੀ। ਗਾਰਗੀ ਇਸ ਨੂੰ ਨਾਇਕਾ ਦਾ ਇਕ ਰੂਪ ਦੱਸਦਾ ਹੈ ਜੋ ਪੁੰਨ ਪਾਪ ਦੇ ਚੱਕਰ ਤੋਂ ਆਜ਼ਾਦ ਹੋ ਕੇ ਜਿਉਣਾ ਚਾਹੁੰਦੀ ਹੈ, ਕਿਸੇ ਤਰ੍ਹਾਂ ਦੀ ਬੰਦਿਸ਼ ਉਸਨੂੰ ਸਵੀਕਾਰ ਨਹੀਂ। ਇਸ ਤਰ੍ਹਾਂ ਗਾਰਗੀ ਭਾਵੇਂ ਇਕ ਆਜ਼ਾਦ ਹਸਤੀ ਦਾ ਕਿਰਦਾਰ ਪੇਸ਼ ਕਰਦਾ ਹੈ, ਪਰ ਉਸਨੂੰ ਕਾਲੇ ਚਿੱਟੇ ਰੂਪ ਵਿਚ ਕਿਸੇ ਚੌਖਟੇ ’ਚ ਫਿੱਟ ਨਹੀਂ ਕਰਦਾ, ਬਲਕਿ ਇਨਸਾਨੀ ਖ਼ੂਬੀਆਂ ਖਾਮੀਆਂ ਸਹਿਤ ਪੇਸ਼ ਕਰਦਾ ਹੈ। ਅਮਰਪਾਲ ਦੀ ਨਿਰਦੇਸ਼ਨਾ ਹੇਠ ਖੇਡੇ ਇਸ ਨਾਟਕ ਵਿਚ ਵਿਜੇ ਸ਼ਰਮਾ ਨੇ ਪਰਦੀਪ ਦੇ ਰੂਪ ਵਿਚ ਯਾਦਗਾਰੀ ਭੂਮਿਕਾ ਨਿਭਾਈ। ਮੀਨੂ ਸ਼ਰਮਾ, ਗੁਲਸ਼ਨ ਸੱਗੀ ਅਤੇ ਕਾਜਲ ਸ਼ਰਮਾ ਵੀ ਖ਼ੂਬ ਨਿਭੇ। ਗਾਰਗੀ ਨੂੰ ਚਾਹੁਣ ਵਾਲਿਆਂ ਲਈ ਇਹ ਦੋ ਸ਼ਾਮਾਂ ਅਨੰਦਮਈ ਰਹੀਆਂ।
ਸੰਪਰਕ: 98880-11096


Comments Off on ਦੋ ਰੰਗ ਗਾਰਗੀ ਦੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.