ਆਰਫ ਕਾ ਸੁਣ ਵਾਜਾ ਰੇ !    ਮਹਾਰਾਣਾ ਪ੍ਰਤਾਪ ਦਾ ਮੁਗ਼ਲਾਂ ਵਿਰੁੱਧ ਸੰਘਰਸ਼ !    ਸ਼ਹੀਦ ਬਾਬਾ ਦੀਪ ਸਿੰਘ !    ਮੁਗਲ ਇਮਾਰਤ ਕਲਾ ਦੀ ਸ਼ਾਨ ਸਰਾਏ ਅਮਾਨਤ ਖ਼ਾਨ !    ਟਰੰਪ ਖ਼ਿਲਾਫ਼ ਮਹਾਂਦੋਸ਼ ਸਬੰਧੀ ਸੁਣਵਾਈ ਸ਼ੁਰੂ !    ਨੀਰਵ ਮੋਦੀ ਦਾ ਜ਼ਬਤ ਸਾਮਾਨ ਹੋਵੇਗਾ ਨਿਲਾਮ !    ਕੋਲਕਾਤਾ ’ਚੋਂ 25 ਕਿਲੋ ਹੈਰੋਇਨ ਫੜੀ !    ਭਾਜਪਾ ਆਗੂ ਬਿਰੇਂਦਰ ਸਿੰਘ ਵਲੋਂ ਰਾਜ ਸਭਾ ਤੋਂ ਅਸਤੀਫ਼ਾ !    ਮਹਾਰਾਸ਼ਟਰ ਦੇ ਸਕੂਲਾਂ ’ਚ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨੀ ਲਾਜ਼ਮੀ ਕਰਾਰ !    ਰੂਸ ਦੇ ਹਵਾਈ ਹਮਲੇ ’ਚ ਸੀਰੀਆ ’ਚ 23 ਮੌਤਾਂ !    

ਦਲਿਤ ਸਾਹਿਤ ਦੀ ਸਮੀਖਿਆ

Posted On September - 22 - 2019

ਡਾ. ਸਤਨਾਮ ਸਿੰਘ ਜੱਸਲ

ਓਮਪ੍ਰਕਾਸ਼ ਵਾਲਮੀਕੀ ਸਾਹਿਤ ਦੇ ਖੇਤਰ ਵਿਚ ਸਥਾਪਿਤ ਨਾਂ ਹੈ ਜਿਸ ਨੇ ਕਵਿਤਾ, ਕਹਾਣੀ, ਸਵੈ-ਜੀਵਨੀ ਸਿਰਜਣ ਦੇ ਨਾਲ ਨਾਲ ਆਲੋਚਨਾ ਦੇ ਖੇਤਰ ਵਿਚ, ਵਿਸ਼ੇਸ਼ ਕਰਕੇ ਦਲਿਤ ਸਾਹਿਤ ਦੇ ਪ੍ਰਸੰਗ ਵਿਚ, ਮੁੱਲਵਾਨ ਕਾਰਜ ਕੀਤਾ ਹੈ। ਉਸ ਦੇ ਅਨੁਵਾਦ ਕਾਰਜ ਨੂੰ ਵੀ ਸਾਹਿਤ ਪ੍ਰੇਮੀਆਂ ਨੇ ਮਾਣਿਆ ਹੈ। ਉਸ ਨੇ 60 ਨਾਟਕਾਂ ਦੇ ਨਿਰਦੇਸ਼ਨ ਅਤੇ ਨਾਟਕਾਂ ਦੇ ਮੰਚਨ ਵਿਚ ਅਹਿਮ ਭੂਮਿਕਾ ਨਿਭਾਈ ਹੇ। ਉਸ ਨੇ ਵੱਖ ਵੱਖ ਯੂਨੀਵਰਸਿਟੀਆਂ ਵਿਚ ਪਾਸਾਰ ਭਾਸ਼ਣ ਵੀ ਦਿੱਤੇ ਹਨ ਅਤੇ ਸੈਮੀਨਾਰਾਂ ਵਿਚ ਸ਼ਮੂਲੀਅਤ ਵੀ ਕੀਤੀ ਹੈ। ਉਸ ਨੂੰ ਸਾਹਿਤ ਦੇ ਖੇਤਰ ਵਿਚ ਪਾਏ ਯੋਗਦਾਨ ਸਦਕਾ ਡਾ. ਅੰਬੇਦਕਰ ਰਾਸ਼ਟਰੀ ਪੁਰਸਕਾਰ-1993, ਪਰਿਵੇਸ਼ ਸਨਮਾਨ-1995, ਜੈ ਸ੍ਰੀ ਸਨਮਾਨ-2004, ਸਾਹਿਤ ਭੂਸ਼ਣ ਸਨਮਾਨ 2006, ਨਿਊ ਇੰਡੀਆ-2007 ਅਤੇ ਦੇਸ਼ ਵਿਦੇਸ਼ ਤੋਂ ਹੋਰ ਅਨੇਕਾਂ ਸਨਮਾਨ ਮਿਲੇ ਹਨ। ਇਸ ਪੁਸਤਕ ਦੀ ਸਿਰਜਨ ਪ੍ਰਕਿਰਿਆ ਦੇ ਪ੍ਰਸੰਗ ਵਿਚ ਉਸ ਨੇ ਜ਼ਿਕਰ ਕੀਤਾ ਹੈ ਕਿ ਦਲਿਤ ਸਾਹਿਤ ਵਾਲੀਆਂ ਬਹਿਸਾਂ, ਚਰਚਾਵਾਂ, ਸਹਿਮਤੀਆਂ, ਅਸਹਿਮਤੀਆਂ ਵਿਚਕਾਰ ਜਿਹੜੇ ਸਵਾਲ ਉੱਠਦੇ ਰਹੇ, ਉਨ੍ਹਾਂ ਸਵਾਲਾਂ ਨੇ ਹੀ ਇਸ ਕਿਤਾਬ ‘ਦਲਿਤ ਸਾਹਿਤ ਦਾ ਸੁਹਜ-ਸ਼ਾਸਤਰ’ (ਅਨੁਵਾਦਕ: ਹਰਪ੍ਰੀਤ ਸਿੰਘ; ਕੀਮਤ: 225 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਦੀ ਪਰਿਕਲਪਨਾ ਲਈ ਉਕਸਾਇਆ। ਇਸੇ ਪ੍ਰਸੰਗ ਵਿਚ ਅਨੁਵਾਦਕ ਹਰਪ੍ਰੀਤ ਸਿੰਘ ਦਾ ਵਿਚਾਰ ਹੈ ਕਿ ਦਲਿਤ ਸਾਹਿਤ ਦੇ ਮੁਲਾਂਕਣ ਲਈ ਸਥਾਪਿਤ ਪੁਰਾਤਨ ਸੁਹਜ ਸ਼ਾਸਤਰੀ ਨਿਯਮਾਂ ਦੀ ਥਾਂ ਵਿਚ ਵੱਖਰੇ ਤੇ ਨਵੇਂ ਸੁਹਜ-ਸ਼ਾਸਤਰ ਦੀ ਤਲਾਸ਼ ਆਰੰਭ ਹੁੰਦੀ ਹੈ ਜਿਸ ਵਿਚੋਂ ਦਲਿਤ ਚਿੰਤਕਾਂ ਨੇ ਲੰਮੀ ਜੱਦੋਜਹਿਦ ਤੋਂ ਬਾਅਦ ਸੁਹਜ ਸ਼ਾਸਤਰ ਘੜਿਆ ਹੈ। ਇਸ ਪ੍ਰਸੰਗ ਵਿਚ ਸਭ ਤੋਂ ਮਹੱਤਵਪੂਰਨ ਯੋਗਦਾਨ ਵਾਲਮੀਕੀ ਦੀ ਇਸ ਆਲੋਚਨਾਤਮਕ ਪੁਸਤਕ ਦਾ ਹੈ।
ਇਸ ਪੁਸਤਕ ਵਿਚ ਚੌਦਾਂ ਨਿਬੰਧ ਹਨ ਅਤੇ ਇਨ੍ਹਾਂ ਨਿਬੰਧਾਂ ਵਿਚ ਗੰਭੀਰ ਚਰਚਾ ਕੀਤੀ ਗਈ ਹੈ। ਦਲਿਤ ਸਾਹਿਤ ਦੀ ਧਾਰਨਾ ਵਿਚ ਲੇਖਕ ਦਾ ਵਿਚਾਰ ਹੈ ਕਿ ਦਲਿਤ ਸਾਹਿਤ ਆਪਣੇ ਸਮੇਂ (ਇਤਿਹਾਸ-ਸਮਕਾਲ) ਨਾਲ ਲੜਦਿਆਂ ਆਉਣ ਵਾਲੇ ਕੱਲ੍ਹ ਦੀ ਬਿਹਤਰੀ ਜ਼ਿੰਦਗੀ ਲਈ ਆਸ਼ਾਵਾਦੀ ਹੈ। ਸਾਰੀਆਂ ਪ੍ਰਤਿਕੂਲ ਪਰਿਸਥਿਤੀਆਂ ਤੇ ਚੁਣੌਤੀਆਂ ਦੇ ਬਾਵਜੂਦ ਦਲਿਤ ਸਾਹਿਤ ਨੇ ਆਪਣੀ ਊਰਜਾ ਅਤੇ ਸੰਭਾਵਨਾ ਖ਼ਤਮ ਨਹੀਂ ਹੋਣ ਦਿੱਤੀ। ਵਾਲਮੀਕੀ ਦਲਿਤ ਸਾਹਿਤ ਦੀ ਸਰਥਿਕਤਾ ਦੀ ਗੱਲ ਕਰਦਿਆਂ ਇਸ ਨੂੰ ਸਮਾਜ ਸਾਪੇਖ ਸਾਹਿਤ ਮੰਨਦਾ ਹੈ। ਸਾਹਿਤ ਦੀ ਮੂਲ ਸੰਵੇਦਨਾ ਦੇ ਨਾਲ ਨਾਲ ਦਲਿਤ ਸਾਹਿਤ ਮਨੁੱਖ ਦੀ ਆਜ਼ਾਦੀ, ਬਰਾਬਰੀ, ਭਾਈਚਾਰੇ ਦੀ ਭਾਵਨਾ ਨੂੰ ਸਭ ਤੋਂ ਉੱਪਰ ਮੰਨਦਾ ਹੈ। ਦਲਿਤ ਚੇਤਨਾ ਦੇ ਸਰੋਕਾਰਾਂ ਦੇ ਪ੍ਰਸੰਗ ਵਿਚ ਵਾਲਮੀਕੀ ਇਸ ਨੂੰ ਸਭਿਆਚਾਰ ਨਾਲ ਜੋੜ ਕੇ ਵੇਖਦਾ ਹੈ। ਉਸ ਦਾ ਵਿਚਾਰ ਹੈ ਕਿ ਸਭਿਆਚਾਰ ਦੀ ਵਿਰਾਸਤ ਦਾ ਵਿਰੋਧ ਕਰਨਾ ਦਲਿਤ ਚੇਤਨਾ ਦੇ ਸਰੋਕਾਰਾਂ ਵਿਚ ਸ਼ਾਮਿਲ ਹੈ। ਅਸਲੀਅਤ ਅਤੇ ਜੀਵਨ ਦੀਆਂ ਸੱਚਾਈਆਂ ਤੋਂ ਟੁੱਟ ਕੇ ਮੌਜੂਦਾ ਸਮੇਂ ਨਾਲ ਨਿਰਪੱਖਤਾ ਦਾ ਭਾਵ ਰੱਖਣ ਵਾਲਾ ਸਾਹਿਤ ਨਿਰਜਿੰਦ ਹੀ ਕਿਹਾ ਜਾਵੇਗਾ। ਦਲਿਤ ਸਾਹਿਤ ਦੇ ਸੁਹਜ ਸ਼ਾਸਤਰ ਉਸਾਰਨ ਦੇ ਪ੍ਰਸੰਗ ਵਿਚ ਉਹ ਭਾਰਤੀ ਸਮਾਜਿਕ ਵਿਵਸਥਾ, ਵਰਣ-ਪ੍ਰਬੰਧ, ਜਾਤੀ ਭਿੰਨਤਾ, ਜਾਤੀ ਸੰਘਰਸ਼, ਤੰਗੀਆਂ-ਤੁਰਸ਼ੀਆਂ, ਭੇਦਭਾਵ, ਜਗੀਰੂ ਸੋਚ, ਬ੍ਰਾਹਮਣਵਾਦੀ ਦ੍ਰਿਸ਼ਟੀਕੋਣ, ਅੰਤਰ-ਵਿਰੋਧਾਂ, ਆਰਥਿਕ-ਸਮਾਜਿਕ ਭਾਰਤੀ ਮਨੋਸਥਿਤੀਆਂ, ਸਭਿਆਚਾਰਕ ਪਿਛੋਕੜ ਦਾ ਮੁਲਾਂਕਣ ਕਰਨਾ ਮੰਨਦਾ ਹੈ। ਭਾਰਤੀ ਸਾਹਿਤ ਨੂੰ ਸਮਝ ਕੇ ਹੀ ਸਾਹਿਤ ਦਾ ਸਮਾਜ ਸ਼ਾਸਤਰੀ ਅਧਿਐਨ ਕਰਨਾ ਹੋਵੇਗਾ ਤਾਂ ਹੀ ਦਲਿਤ ਸਾਹਿਤ ਦਾ ਸਹੀ ਅਤੇ ਯਥਾਰਥਕ ਮੁਲਾਂਕਣ ਹੋਣ ਦੀ ਸੰਭਾਵਨਾ ਹੈ। ਦਲਿਤ ਸਾਹਿਤ ਦੇ ਸੁਹਜ ਸ਼ਾਸਤਰ ਵਿਚ ਜੋ ਪ੍ਰਮੁੱਖ ਤੱਤ ਹੈ, ਜਿਹੜਾ ਸਮੁੱਚੇ ਰਚਨਾਤਮਕ ਕਾਰਜ ਨੂੰ ਸੰਚਾਲਿਤ ਕਰਦਾ ਹੈ ਉਹ ਦਲਿਤ ਚੇਤਨਾ ਦੀ ਵਿਚਾਰਧਾਰਕ ਪੇਸ਼ਕਾਰੀ ਹੈ। ਇਸ ਦਾ ਸਿੱਧਾ ਸਬੰਧ ਡਾ. ਅੰਬੇਦਕਰ ਦਰਸ਼ਨ ਅਤੇ ਚਿੰਤਨ ਨਾਲ ਹੈ। ਜਦੋਂ ਕਿਸੇ ਲੇਖਕ, ਲਿਖਤ ਅਤੇ ਸਮਾਜ ਦੇ ਆਪਸੀ ਰਿਸ਼ਤਿਆਂ ਉਪਰ ਚਿੰਤਨ ਕੀਤਾ ਜਾਵੇਗਾ ਤਾਂ ਦਲਿਤ ਸਾਹਿਤ ਦੇ ਸੁਹਜ-ਸ਼ਾਸਤਰ ਦੇ ਬੁਨਿਆਦੀ ਤੱਤ ਆਪਣੇ ਆਪ ਸਪਸ਼ਟ ਹੋ ਜਾਣਗੇ। ਵਾਲਮੀਕੀ ਨੇ ਦਲਿਤ ਸਾਹਿਤ ਦੀ ਸਮੀਖਿਆ ਦੇ ਹੋਰ ਵੀ ਲੇਖ ਇਸ ਪੁਸਤਕ ਵਿਚ ਸ਼ਾਮਲ ਕੀਤੇ ਹਨ। ਹਰਪ੍ਰੀਤ ਸਿੰਘ ਨੇ ਅਨੁਵਾਦ ਰਾਹੀਂ ਇਸ ਪੁਸਤਕ ਦਾ ਮੁੱਲ ਹੋਰ ਵੀ ਵਧਾ ਦਿੱਤਾ ਹੈ। ਅਨੁਵਾਦ ਤੋਂ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਵਾਲਮੀਕੀ ਨੇ ਇਹ ਪੁਸਤਕ ਪੰਜਾਬੀ ਵਿਚ ਹੀ ਲਿਖੀ ਹੋਵੇ। ਇਸ ਵਿਚ ਹਰਪ੍ਰੀਤ ਸਿੰਘ ਦੀ ਪ੍ਰਾਪਤੀ ਹੈ। ਇਸ ਪੁਸਤਕ ਦੇ ਅਨੁਵਾਦ ਨਾਲ ਪੰਜਾਬੀ ਪਾਠਕਾਂ ਨੂੰ ਦਲਿਤ ਸਾਹਿਤ ਦੇ ਸੁਹਜ-ਸ਼ਾਸਤਰ ਨੂੰ ਸਮਝਣਾ ਹੋਰ ਸੌਖਾ ਹੋਵੇਗਾ।


Comments Off on ਦਲਿਤ ਸਾਹਿਤ ਦੀ ਸਮੀਖਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.