ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਤਪਦਿਕ ਦੀ ਸਮੱਸਿਆ

Posted On September - 13 - 2019

ਡਾ. ਰੋਮੀ ਸਿੰਗਲਾ

ਕੇਂਦਰ ਸਰਕਾਰ ਦੀ ਮੁਹਿੰਮ ‘ਗਲੋਬਲ ਟੀਚੇ ਤੋਂ ਪਹਿਲਾਂ ਭਾਰਤ ਵਿੱਚ ਤਪਦਿਕ ਦਾ ਖਾਤਮਾ’ ਅਤੇ ਪੰਜਾਬ ਸਰਕਾਰ ਦੇ ‘ਤੰਦਰੁਸਤ ਪੰਜਾਬ ਮਿਸ਼ਨ’ ਤਹਿਤ ਕੀਤੇ ਜਾ ਰਹੇ ਉਪਰਾਲਿਆਂ ’ਚੋਂ ਇੱਕ ਹੈ ‘ਟੀਬੀ ਐਕਟਿਵ ਕੇਸ ਫਾਈਂਡਿੰਗ’ ਤੇ ਦੂਜਾ ‘ਨਿਕਸ਼ੈ ਪੋਸ਼ਣ ਯੋਜਨਾ।’
ਅੱਜ ਤੋਂ ਦੋ ਸਾਲ ਪਹਿਲਾਂ ਤੱਕ ਪੰਜਾਬ ਵਿੱਚ ਤਪਦਿਕ ਦੀ ਕੇਵਲ ‘ਪੈਸਿਵ ਕੇਸ ਫ਼ਾਇਡਿੰਗ’ ਕੀਤੀ ਜਾਂਦੀ ਸੀ ਮਤਲਬ ਤਪਦਿਕ ਦੇ ਸ਼ੱਕੀ ਮਰੀਜ਼ ਜਿਸਨੂੰ ਦੋ ਹਫਤੇ ਤੋਂ ਜ਼ਿਆਦਾ ਖਾਂਸੀ, ਬਲਗਮ, ਖਾਂਸੀ ਵਿੱਚ ਖੂਨ, ਬੁਖਾਰ, ਭੁੱਖ ਘਟਣਾ, ਵਜਣ ਘਟਣਾ, ਵਰਗੇ ਲੱਛਣ ਹੁੰਦੇ, ਉਹ ਡਾਕਟਰੀ ਮੁਆਇਨੇ ਲਈ ਆਪ ਹਸਪਤਾਲ ਜਾਂਦੇ। ਉੱਥੇ ਉਨ੍ਹਾਂ ਦੇ ਮੁਫਤ ਟੈਸਟ ਕੀਤੇ ਜਾਂਦੇ ਤੇ ਟੀਬੀ ਡਾਇਗਨੋਜ਼ ਹੋਣ ’ਤੇ ਮੁਫ਼ਤ ਡਾੱਟਸ ਪ੍ਰਣਾਲੀ ਰਾਹੀਂ ਤਪਦਿਕ ਦੀ ਦਵਾਈ ਸ਼ੁਰੂ ਕੀਤੀ ਜਾਂਦੀ। ਹੁਣ ਵੀ ਇਹ ਸਿਸਟਮ ਲਾਗੂ ਹੈ ਪਰ ਨਾਲੋਂ ਨਾਲ ਕੁਝ ਮਹੀਨਿਆਂ ਦੇ ਅੰਤਰਾਲ ਤੇ ਪੰਦਰਾਂ ਕੁ ਦਿਨਾਂ ਲਈ ਐਕਟਿਵ ਕੇਸ ਮੁਹਿੰਮ ਚਲਾਈ ਜਾ ਰਹੀ ਹੈ। ਮਤਲਬ ਸਿਹਤ ਕਰਮੀ ਲੋਕਾਂ ਦੇ ਘਰਾਂ ’ਚ ਜਾ ਕੇ ਤਪਦਿਕ ਦੇ ਕੇਸ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਇਹ ਇੱਕ ਮੈਰਾਥਾਨ ਕੰਮ ਹੁੰਦਾ ਹੈ। ਇਸ ਅਧੀਨ ਜ਼ਿਲ੍ਹਾ ਪੱਧਰ ’ਤੇ ਜ਼ਿਲ੍ਹਾ ਤਪਦਿਕ ਅਫਸਰ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਵਿਚ ਬਲਾਕ ਪੱਧਰ ’ਤੇ ਸਰਵੇਖਣ ਕਰਨ ਲਈ ਸਿਹਤ ਟੀਮਾਂ ਦੇ ਮਾਈਕਰੋਪਲਾਨ ਬਣਾਏ ਜਾਂਦੇ ਹਨ।ਫਿਰ ਮਾਈਕਰੋਪਲਾਨ ਦੇ ਅਨੁਸਾਰ ਸਿਹਤ ਕਰਮੀ ਘਰ ਘਰ ਜਾ ਕੇ ਲੋਕਾਂ ਨੂੰ ਤਪਦਿਕ ਦੇ ਲੱਛਣਾਂ ਬਾਰੇ ਦੱਸ ਕੇ ਪੁੱਛਦੇ ਹਨ ਕਿਤੇ ਉਨ੍ਹਾਂ ਦੇ ਪਰਿਵਾਰ ਵਿੱਚ ਕੋਈ ਤਪਦਿਕ ਦਾ ਸ਼ੱਕੀ ਮਰੀਜ਼ ਤਾਂ ਨਹੀਂ। ਜੇਕਰ ਜਵਾਬ ਹਾਂ ਹੋਵੇ ਤਾਂ ਉਨ੍ਹਾਂ ਨੂੰ ਮੌਕੇ ’ਤੇ ਇੱਕ ਸਪੂਟਮ ਕੱਪ ਦਿੱਤਾ ਜਾਂਦਾ ਹੈ, ਜਿਸ ਵਿੱਚ ਮਰੀਜ਼ ਨੇ ਅਗਲੀ ਸਵੇਰ ਖਾਲੀ ਪੇਟ ਬਲਗਮ ਦਾ ਸੈਂਪਲ ਦੇਣਾ ਹੁੰਦਾ ਹੈ। ਦੱਸਣਯੋਗ ਹੈ ਕਿ ਦੋ ਸਾਲਾਂ ਤੋਂ ਪੰਜਾਬ ਭਰ ਵਿੱਚ ਤਪਦਿਕ ਦੀ ਜਾਂਚ ਸੀਬੀਨੈਟ ਟੈਸਟ ਨਾਲ ਕੀਤੀ ਜਾ ਰਹੀ ਹੈ ਜੋ ਕਿ ਅਤਿ ਆਧੁਨਿਕ ਟੈਸਟ ਹੈ ਰਿਪੋਰਟ ਕੇਵਲ ਦੋ ਘੰਟਿਆਂ ’ਚ ਪ੍ਰਾਪਤ ਹੋ ਜਾਂਦੀ ਹੈ ਅਤੇ ਨਾਲ ਹੀ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਤਪਦਿਕ ਦਾ ਕਿਟਾਣੂ ‘ਰਿਫੈਮਪਿਸਿਨ’ ਨਾਮ ਦੀ ਦਵਾਈ ਨੂੰ ਰਜਿਸਟੈਂਟ ਤਾਂ ਨਹੀਂ।
ਮਰੀਜ਼ਾਂ ਲਈ ਫਾਇਦਾ: ਤਪਦਿਕ ਦੇ ਮਰੀਜ਼ ਨੂੰ ਸੰਪੂਰਨ ਮੁਫ਼ਤ ਇਲਾਜ ਮੁਹੱਈਆ ਹੁੰਦਾ ਹੈ। ਸਰਕਾਰੀ ਹਸਪਤਾਲ ਵਿੱਚ ਉਨ੍ਹਾਂ ਦਾ ਛਾਤੀ ਦਾ ਐਕਸਰੇ ਵੀ ਮੁਫ਼ਤ ਹੁੰਦਾ ਹੈ। ਡਾੱਟਸ ਦੀ ਮੁਫਤ ਦਵਾਈ ਦੇ ਨਾਲ ਨਾਲ ਹਰ ਮਹੀਨੇ ‘ਨਿਕਸ਼ੈ ਪੋਸ਼ਣ ਯੋਜਨਾ’ ਦੇ ਤਹਿਤ ਪੰਜ ਸੌ ਰੁਪਏ ਸਿੱਧਾ ਮਰੀਜ਼ ਨੂੰ ਵਿੱਤੀ ਮਦਦ ਦਿੱਤੀ ਜਾਂਦੀ ਹੈ, ਜਿਸ ਨੂੰ ਉਹ ਆਪਣੇ ਪੋਸ਼ਣ ਲਈ ਇਸਤੇਮਾਲ ਕਰ ਸਕਦਾ ਹੈ। ਘਰ ਵਿੱਚ ਛੇ ਸਾਲ ਤੋਂ ਛੋਟੇ ਬੱਚੇ ਨੂੰ ਵੀ ਪ੍ਰੋਫਾਈਲੈਕਸਿਸ ਦੇ ਤੌਰ ’ਤੇ ਮੁਫ਼ਤ ਜਾਂਚ ਤੇ ਇਲਾਜ ਕੀਤਾ ਜਾਂਦਾ ਹੈ। ਕਈ ਮਰੀਜ਼ ਪ੍ਰਾਈਵੇਟ ਹਸਪਤਾਲ ਤੋਂ ਤਪਦਿਕ ਦਾ ਇਲਾਜ ਕਰਵਾਉਂਦੇ ਹਨ। ਉਹ ਵੀ ਆਪਣਾ ਨਾਮ- ਪਤਾ- ਸਰਕਾਰੀ ਹਸਪਤਾਲ ’ਚ ਰਜਿਸਟਰ ਕਰਵਾ ਕੇ ਇਹ ਸਾਰੇ ਲਾਭ ਪ੍ਰਾਪਤ ਕਰ ਸਕਦੇ ਹਨ। ਕੇਵਲ ਫੇਫੜਿਆਂ ਦੀ ਹੀ ਨਹੀਂ, ਸਰੀਰ ਦੇ ਕਿਸੇ ਵੀ ਹਿੱਸੇ ਦੀ ਟੀ ਬੀ ਦੇ ਮਰੀਜ਼ ਲਈ ਇਹ ਸਰਕਾਰੀ ਲਾਭ ਸੁਨਿਸ਼ਚਿਤ ਹਨ।
ਪ੍ਰਾਈਵੇਟ ਪ੍ਰੈਕਟੀਸ਼ਨਰਾਂ ਤੇ ਕੈਮਿਸਟਾਂ ਤੇ ਲੈਬਾਰਟਰੀਆਂ ਲਈ ਫਾਇਦਾ: ਕੋਈ ਵੀ ਪ੍ਰਾਈਵੇਟ ਪ੍ਰੈਕਟੀਸ਼ਨਰ ਜਾਂ ਲੈਬ ਜੇਕਰ ਟੀਬੀ ਦੇ ਮਰੀਜ਼ ਨੂੰ ਡਾਇਗਨੋਜ਼ ਕਰ ਕੇ ਸਰਕਾਰੀ ਹਸਪਤਾਲ ’ਚ ਸਮਾਂ ਰਹਿੰਦੇ ਨੋਟੀਫਾਈ ਕਰਵਾਉਂਦੇ ਹਨ ਤਾਂ ਉਹ ਪੰਜ ਸੌ ਰੁਪਏ ਪ੍ਰਤੀ ਮਰੀਜ਼ ਇਨਸੈਂਟਿਵ ਦੇ ਹੱਕਦਾਰ ਹਨ। ਕੈਮਿਸਟ, ਜੋ ਕਿ ਪ੍ਰਾਈਵੇਟ ’ਚ ਟੀਬੀ ਦੀ ਦਵਾਈ ਖਾ ਰਹੇ ਮਰੀਜ਼ ਦਾ ਪਹਿਲਾ ਸੰਪਰਕ ਬਿੰਦੂ ਹੁੰਦੇ ਹਨ, ਉਹ ਮਰੀਜ਼ ਦੀ ਨੋਟੀਫਿਕੇਸ਼ਨ ਸਰਕਾਰੀ ਹਸਪਤਾਲ ’ਚ ਕਰਵਾ ਕੇ ਪੰਜ ਸੌ ਰੁਪਏ ਪ੍ਰਤੀ ਮਰੀਜ਼ ਇਨਸੈਂਟਿਵ ਪ੍ਰਾਪਤ ਕਰ ਸਕਦੇ ਹਨ।
ਸਮਾਜ ਨੂੰ ਫਾਇਦੇ: ਤਪਦਿਕ ਮੁਕਤ ਸਮਾਜ ਦਾ ਫਾਇਦਾ ਕੀਹਨੂੰ ਨਹੀਂ ਚਾਹੀਦਾ? ਇਸ ਤੋਂ ਇਲਾਵਾ ਸਮਾਜ ਦਾ ਕੋਈ ਵੀ ਵਿਅਕਤੀ ਜਾਂ ਸੰਸਥਾ ਸਰਕਾਰੀ ਮਨਜ਼ੂਰੀ ਉਪਰੰਤ ਪ੍ਰਾਈਵੇਟ ਡਾਟ ਸੈਂਟਰ ਖੋਲ੍ਹ ਸਕਦੇ ਹਨ ਅਤੇ ਤਪਦਿਕ ਦੇ ਮਰੀਜ਼ਾਂ ਨੂੰ ਡਾੱਟਸ ਕੋਰਸ ਮੁਕੰਮਲ ਰੂਪ ’ਚ ਖਵਾਉਣ ਉਪਰੰਤ ਇੱਕ ਹਜ਼ਾਰ ਰੁਪਏ ਤੋਂ ਪੰਜ ਹਜ਼ਾਰ ਰੁਪਏ ਪ੍ਰਤੀ ਮਰੀਜ਼ ਇਨਸੈਂਟਿਵ ਪ੍ਰਾਪਤ ਕਰ ਸਕਦੇ ਹਨ। ਟੀਬੀ ਮੁਕਤ ਭਾਰਤ ਦਾ ਸੁਪਨਾ ਸੱਚ ਹੋ ਸਕਦਾ ਹੈ। ਲੋੜ ਹੈ ਹਰ ਜ਼ਿਲ੍ਹੇ ’ਚ ਪੂਰੀ ਮੈਨਪਾਵਰ ਤੈਨਾਤ ਕਰਨ ਦੀ, ਮੈਨਪਾਵਰ ਸਮਰਪਿਤ ਤੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਸਟਾਫ ਨੂੰ ਸੰਪੂਰਨ ਤੌਰ ’ਤੇ ਪ੍ਰੇਰਿਤ ਤੇ ਜ਼ਿੰਮੇਦਾਰ ਹੋਣ ਦੀ, ਪ੍ਰਾਈਵੇਟ ਸੈਕਟਰ ਨੂੰ ਤਪਦਿਕ ਪ੍ਰਤੀ ਸੰਪੂਰਨ ਗੈਰ ਵਪਾਰਕ ਅਤੇ ਸੇਵਾਮੁਕਤ ਦ੍ਰਿਸ਼ਟੀਕੋਣ ਰੱਖਣ ਦੀ, ਅਤੇ ਸਾਰੇ ਸੰਬੰਧਤ ਮਹਿਕਮਿਆਂ ਦੇ ਆਪਸੀ ਤਾਲ-ਮੇਲ ਨਾਲ ਮਿਲ ਕੇ ਤਪਦਿਕ ਲਈ ਕੰਮ ਕਰਨ ਦੀ।

ਜ਼ਿਲ੍ਹਾ ਟੀਬੀ ਅਫਸਰ ਰੂਪਨਗਰ
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ।
ਸੰਪਰਕ: drromisingla@gmail.com


Comments Off on ਤਪਦਿਕ ਦੀ ਸਮੱਸਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.