ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਸਵਾਮੀ ਨੇ ਪੁਰਾਣਾ ਰਿਕਾਰਡ ਕੱਢ ਕਾਂਗਰਸ ’ਤੇ ਨਿਸ਼ਾਨਾ ਸਾਧਿਆ !    ਨਾਗਰਿਕਤਾ ਬਿੱਲ ਦਾ ਡੇਢ ਕਰੋੜ ਲੋਕਾਂ ਨੂੰ ਲਾਭ ਹੋਵੇਗਾ: ਸੰਘ !    ਹਾਈਪਰਲੂਪ ਪ੍ਰਾਜੈਕਟ ਬਾਰੇ ਊਧਵ ਨਾਲ ਮੁਲਾਕਾਤ ਕਰਨਗੇ ਬ੍ਰੈਨਸਨ !    ਵਕੀਲਾਂ ਵੱਲੋਂ ਲਾਹੌਰ ਦੇ ਹਸਪਤਾਲ ’ਚ ਭੰਨਤੋੜ, ਪੰਜ ਮਰੀਜ਼ਾਂ ਦੀ ਮੌਤ !    ਪਾਕਿ ਅਦਾਲਤ ਵੱਲੋਂ ਹਾਫ਼ਿਜ਼ ਸਈਦ ਖ਼ਿਲਾਫ਼ ਦੋਸ਼ ਆਇਦ !    

ਤਣਾਓ ਤੋਂ ਮੁਕਤੀ ਦਾ ਰਾਹ

Posted On September - 7 - 2019

ਕਰਮ ਸਿੰਘ ਜ਼ਖ਼ਮੀ

ਅੱਜ ਮਨੁੱਖ ਜਿੰਨਾ ਬੇਚੈਨ ਅਤੇ ਤਣਾਓਗ੍ਰਸਤ ਦਿਖਾਈ ਦੇ ਰਿਹਾ ਹੈ, ਸ਼ਾਇਦ ਇੰਨਾ ਕਦੇ ਵੀ ਨਹੀਂ ਰਿਹਾ ਹੋਣਾ। ਬੇਸ਼ੱਕ ਵਿਗਿਆਨਕ ਖੋਜ ਕਾਰਜਾਂ ਕਾਰਨ ਜੀਵਨ ਦੇ ਹਰੇਕ ਖੇਤਰ ਵਿਚ ਹੋਈ ਤਰੱਕੀ ਨਾਲ ਮਨੁੱਖ ਨੇ ਬੜੀਆਂ ਸੁੱਖ ਸਹੂਲਤਾਂ ਵੀ ਹਾਸਲ ਕਰ ਲਈਆਂ ਹਨ ਅਤੇ ਕਾਫ਼ੀ ਹੱਦ ਤਕ ਉਸ ਦੇ ਜਿਊਣ ਪੱਧਰ ਵਿਚ ਸੁਧਾਰ ਵੀ ਹੋਇਆ ਹੈ, ਪਰ ਇਸ ਦੇ ਬਾਵਜੂਦ ਅਜੋਕਾ ਮਨੁੱਖ ਕਿਸੇ ਪੱਖੋਂ ਵੀ ਸੰਤੁਸ਼ਟ ਨਜ਼ਰ ਨਹੀਂ ਆ ਰਿਹਾ। ਗੁੱਸਾ, ਕ੍ਰੋਧ, ਈਰਖਾ ਅਤੇ ਚਿੜਚਿੜਾਪਣ ਤਾਂ ਉਸ ਦੇ ਸੁਭਾਅ ਦਾ ਅੰਗ ਹੀ ਬਣ ਚੁੱਕੇ ਹਨ। ਵਿਸ਼ਵ ਮੰਡੀ ਦੇ ਪਦਾਰਥਵਾਦੀ ਦੌਰ ਵਿਚ ਉਸ ਨੇ ਪਦਾਰਥਕ ਵਸਤੂਆਂ ਤਾਂ ਵੱਡੀ ਮਾਤਰਾ ਵਿਚ ਇਕੱਠੀਆਂ ਕਰ ਲਈਆਂ ਹਨ, ਪਰ ਇਸ ਭੰਬਲਭੂਸੇ ਵਿਚ ਉਹ ਆਪਣੇ ਮਨ ਦੀ ਸ਼ਾਂਤੀ ਹੀ ਗਵਾ ਬੈਠਾ ਹੈ ਅਤੇ ਮਾਨਸਿਕ ਤੌਰ ’ਤੇ ਬੁਰੀ ਤਰ੍ਹਾਂ ਖਿੰਡਾਅ ਦਾ ਸ਼ਿਕਾਰ ਵੀ ਹੋ ਚੁੱਕਿਆ ਹੈ। ਇੰਨਾ ਬੇਚੈਨ ਤਾਂ ਉਹ ਉਦੋਂ ਵੀ ਨਹੀਂ ਸੀ, ਜਦੋਂ ਟਰੈਕਟਰ ਦੀ ਥਾਂ ਉਸ ਨੂੰ ਆਪ ਹਲ਼ ਨਾਲ ਜੁੜਨਾ ਪੈਂਦਾ ਸੀ, ਕਈ ਕਈ ਮੀਲ ਦਾ ਸਫ਼ਰ ਪੈਦਲ ਤੈਅ ਕਰਨਾ ਪੈਂਦਾ ਸੀ। ਉੱਤੋਂ ਗਰਮੀ-ਸਰਦੀ ਦੇ ਅੰਨ੍ਹੇ ਪ੍ਰਕੋਪ ਨੂੰ ਆਪਣੇ ਪਿੰਡੇ ’ਤੇ ਸਹਾਰਨਾ ਪੈਂਦਾ ਸੀ। ਉਦੋਂ ਵੀ ਕਦੇ ਕਿਸੇ ਕਿਸਾਨ ਨੇ ਫਾਹਾ ਨਹੀਂ ਸੀ ਲਿਆ ਅਤੇ ਨਾ ਹੀ ਕਦੇ ਕਿਸੇ ਮਜ਼ਦੂਰ ਨੇ ਖ਼ੁਦਕੁਸ਼ੀ ਕੀਤੀ ਸੀ। ਸਾਨੂੰ ਇਨ੍ਹਾਂ ਸਵਾਲਾਂ ਤੋਂ ਟਾਲਾ ਵੱਟਣ ਦੀ ਥਾਂ, ਇਨ੍ਹਾਂ ਦੇ ਜਵਾਬ ਲੱਭਣ ਵਾਲੇ ਰਾਹ ਪੈਣਾ ਚਾਹੀਦਾ ਹੈ।
ਮੇਰੇ ਖ਼ਿਆਲ ਵਿਚ ਇਸ ਦਾ ਇਕ ਕਾਰਨ ਇਹ ਵੀ ਹੈ ਕਿ ਸਾਡੇ ਜੀਵਨ ਦਾ ਸੰਚਾਲਨ ਹੀ ਸਾਡੇ ਹੱਥ ਵਿਚ ਨਹੀਂ ਰਿਹਾ, ਭਾਵ ਇਹ ਕਿ ਅਸੀਂ ਆਪਣਾ ਜੀਵਨ ਹੀ ਆਪਣੇ ਢੰਗ ਨਾਲ ਨਹੀਂ ਜਿਊਂ ਰਹੇ ਬਲਕਿ ਅਸੀਂ ਤਾਂ ਹੋਰਨਾਂ ਨੂੰ ਦੇਖ ਕੇ ਹੀ ਆਪਣੇ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਰਹੇ ਹਾਂ। ਹਰੇਕ ਬੰਦੇ ਨੂੰ ਦਰਪੇਸ਼ ਸਮੱਸਿਆਵਾਂ, ਚੁਣੌਤੀਆਂ ਜਾਂ ਸੀਮਾਵਾਂ ਇਕੋ ਜਿਹੀਆਂ ਨਹੀਂ ਹੁੰਦੀਆਂ ਅਤੇ ਹਰੇਕ ਬੰਦੇ ਨੇ ਫ਼ੈਸਲੇ ਵੀ ਆਪਣੀਆਂ ਪ੍ਰਸਥਿਤੀਆਂ ਮੁਤਾਬਿਕ ਹੀ ਲੈਣੇ ਹੁੰਦੇ ਹਨ। ਹੋਣਾ ਵੀ ਇਸੇ ਤਰ੍ਹਾਂ ਹੀ ਚਾਹੀਦਾ ਹੈ ਕਿਉਂਕਿ ਹੋਰਨਾਂ ਦੀ ਰੀਸ ਕਰਨ ਦੀ ਬਜਾਏ ਆਪਣੀ ਸਮਰੱਥਾ ਅਨੁਸਾਰ ਲਏ ਗਏ ਫ਼ੈਸਲੇ ਹੀ ਸਹੀ ਅਤੇ ਕਲਿਆਣਕਾਰੀ ਹੁੰਦੇ ਹਨ। ਅਸਲ ਵਿਚ ਮਨੁੱਖ ਦੀਆਂ ਲੋੜਾਂ ਇੰਨੀਆਂ ਜ਼ਿਆਦਾ ਨਹੀਂ ਹੁੰਦੀਆਂ, ਜਿੰਨੀਆਂ ਉਸ ਨੇ ਆਪਣੀਆਂ ਇੱਛਾਵਾਂ ਖੜ੍ਹੀਆਂ ਕਰ ਲਈਆਂ ਹਨ। ਇੱਛਾਵਾਂ ਵੀ ਉਹ ਜਿਨ੍ਹਾਂ ਨੂੰ ਪੂਰਾ ਕਰਨਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੁੰਦਾ। ਜਦੋਂ ਅਸੀਂ ਆਪਣਾ ਮਕਾਨ ਬਣਾਉਂਦੇ ਹਾਂ ਜਾਂ ਆਪਣੇ ਬੱਚਿਆਂ ਦੇ ਵਿਆਹ ਕਰਦੇ ਹਾਂ ਤਾਂ ਅਸੀਂ ਆਪਣੀ ਹੈਸੀਅਤ ਨੂੰ ਧਿਆਨ ਵਿਚ ਨਹੀਂ ਰੱਖਦੇ, ਜਦੋਂ ਕਿ ਅਜਿਹਾ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ। ਆਪਣੀ ਹੈਸੀਅਤ ਤੋਂ ਬਾਹਰ ਹੋ ਕੇ ਕੀਤੇ ਗਏ ਕਾਰਜ ਸਾਨੂੰ ਕਰਜ਼ਾਈ ਕਰ ਦਿੰਦੇ ਹਨ ਅਤੇ ਸਿਰ ਚੜ੍ਹੇ ਕਰਜ਼ੇ ਦੀਆਂ ਕਿਸ਼ਤਾਂ ਭਰਨ ਦੇ ਚੱਕਰ ਵਿਚ ਹੀ ਅਸੀਂ ਆਪਣਾ ਮਾਨਸਿਕ ਸੰਤੁਲਨ ਗਵਾ ਬੈਠਦੇ ਹਾਂ। ਜੇਕਰ ਅਸੀਂ ਆਪਣੇ ਫ਼ੈਸਲੇ ਆਪ ਕਰਨ ਲੱਗ ਜਾਈਏ ਅਤੇ ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ-ਮਿੱਤਰਾਂ ਦੇ ਹੱਥ ਆਪਣਾ ਰਿਮੋਟ ਨਾ ਫੜਾਈਏ ਤਾਂ ਅਸੀਂ ਕਾਫ਼ੀ ਹੱਦ ਤਕ ਆਪਣੀਆਂ ਮੁਸ਼ਕਿਲਾਂ ਨੂੰ ਘੱਟ ਕਰਨ ਵਿਚ ਸਫਲਤਾ ਹਾਸਲ ਕਰ ਸਕਦੇ ਹਾਂ।

ਕਰਮ ਸਿੰਘ ਜ਼ਖ਼ਮੀ

ਹੋਰਨਾਂ ਦੇ ਇਸ਼ਾਰਿਆਂ ’ਤੇ ਨੱਚਦਿਆਂ ਨੱਚਦਿਆਂ ਅਸੀਂ ਆਪਣਾ ਆਤਮ ਵਿਸ਼ਵਾਸ ਹੀ ਗਵਾ ਬੈਠੇ ਹਾਂ ਜਾਂ ਇਉਂ ਕਹਿ ਲਵੋ ਕਿ ਅਸੀਂ ਆਪਣੇ ਫ਼ੈਸਲੇ ਆਪ ਲੈਣ ਦੇ ਸਮਰੱਥ ਹੀ ਨਹੀਂ ਰਹੇ। ਜਦੋਂ ਅਸੀਂ ਕੋਈ ਨਿੱਕਾ-ਮੋਟਾ ਜਿਹਾ ਫ਼ੈਸਲਾ ਵੀ ਲੈਣਾ ਹੁੰਦਾ ਹੈ ਤਾਂ ਅਕਸਰ ਹੀ ਅਸੀਂ ਦੁਚਿਤੀ ਵਿਚ ਪੈ ਜਾਂਦੇ ਹਾਂ ਅਤੇ ਫਿਰ ਹੋਰਨਾਂ ਤੋਂ ਉਮੀਦ ਰੱਖਦੇ ਹਾਂ ਕਿ ਉਸ ਹਾਲਤ ਵਿਚ ਉਹੋ ਹੀ ਸਾਡਾ ਮਾਰਗ ਦਰਸ਼ਨ ਕਰਨ। ਅਸਲ ਵਿਚ ਹੋਰਨਾਂ ਵੱਲੋਂ ਸੁਝਾਏ ਗਏ ਤਰੀਕੇ ਹੀ ਸਾਡੀ ਬਰਬਾਦੀ ਦਾ ਕਾਰਨ ਬਣਦੇ ਹਨ ਕਿਉਂਕਿ ਉਹ ਫ਼ੈਸਲੇ ਸਾਡੀ ਸਮਰੱਥਾ ਅਨੁਸਾਰ ਤਾਂ ਹੁੰਦੇ ਹੀ ਨਹੀਂ। ਦੁਖਾਂਤ ਇਹ ਹੈ ਕਿ ਅਸੀਂ ਨਾ ਚਾਹੁੰਦੇ ਹੋਏ ਵੀ ਆਪ ਹੀ ਆਪਣੇ ਖ਼ਿਲਾਫ਼ ਹੋ ਚੁੱਕੇ ਹਾਂ। ਸਾਡਾ ਦੁਚਿਤੀ ਵਿਚ ਪੈਣ ਦਾ ਕਾਰਨ ਵੀ ਇਹੋ ਹੀ ਹੈ ਕਿ ਅਸੀਂ ਆਪ ਹੀ ਆਪਣੇ ਫ਼ੈਸਲਿਆਂ ਦਾ ਵਿਰੋਧ ਕਰਨ ਲੱਗ ਪਏ ਹਾਂ ਅਤੇ ਹੋਰਨਾਂ ਦੇ ਸੁਝਾਵਾਂ ਨੂੰ ਮਹੱਤਵ ਦੇਣ ਦੇ ਆਦੀ ਬਣ ਚੁੱਕੇ ਹਾਂ। ਇਹ ਰੁਝਾਨ ਸੱਚਮੁੱਚ ਹੀ ਸਾਡੇ ਲਈ ਬੜਾ ਘਾਤਕ ਸਾਬਤ ਹੋ ਸਕਦਾ ਹੈ ਅਤੇ ਜਿੱਥੋਂ ਤਕ ਹੋ ਸਕੇ ਇਸ ਖ਼ਤਰਨਾਕ ਵਰਤਾਰੇ ਤੋਂ ਬਚਿਆ ਜਾਣਾ ਚਾਹੀਦਾ ਹੈ। ਜੇਕਰ ਅਸੀਂ ਕੋਸ਼ਿਸ਼ ਕਰਾਂਗੇ ਤਾਂ ਸਾਡਾ ਢੇਰੀ ਢਾਹ ਚੁੱਕਿਆ ਮਨੋਬਲ ਫਿਰ ਪੈਰਾਂ-ਸਿਰ ਹੋ ਸਕਦਾ ਹੈ ਅਤੇ ਅਸੀਂ ਨਿੱਕੀ ਨਿੱਕੀ ਗੱਲ ’ਤੇ ਹੋਰਨਾਂ ਤੋਂ ਸਲਾਹਾਂ ਮੰਗਣ ਦੀ ਮਾਨਸਿਕ ਗ਼ੁਲਾਮੀ ਤੋਂ ਮੁਕਤੀ ਪ੍ਰਾਪਤ ਕਰ ਸਕਦੇ ਹਾਂ।
ਆਪ ਹੀ ਆਪਣੇ ਖ਼ਿਲਾਫ਼ ਹੋਣ ਕਾਰਨ ਅਸੀਂ ਸਮਾਜ ਵਿਚ ਵਾਪਰ ਰਹੇ ਲੋਕ-ਵਿਰੋਧੀ ਵਰਤਾਰਿਆਂ ਦਾ ਵਿਰੋਧ ਕਰਨ ਦੀ ਹਾਲਤ ਵਿਚ ਵੀ ਨਹੀਂ ਰਹੇ ਕਿਉਂਕਿ ਸਾਡੇ ਲਈ ਤਾਂ ਹੁਣ ਇਸ ਗੱਲ ਦਾ ਫ਼ੈਸਲਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ ਕਿ ਕੀ ਗ਼ਲਤ ਹੋ ਰਿਹਾ ਹੈ ਅਤੇ ਕੀ ਠੀਕ। ਸਾਡਾ ਮਾਨਸਿਕ ਸੰਤੁਲਨ ਇਸ ਹੱਦ ਤਕ ਤਬਾਹ ਹੋ ਚੁੱਕਿਆ ਹੈ ਕਿ ਅਸੀਂ ਜੋ ਵੀ ਕਰਦੇ ਹਾਂ, ਉਸ ਤੋਂ ਕਦੇ ਵੀ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੁੰਦੇ। ਸਾਡਾ ਵਾਰ ਵਾਰ ਗ਼ਲਤੀਆਂ ਕਰ ਕੇ ਪਛਤਾਉਣ ਦਾ ਕਾਰਨ ਵੀ ਤਾਂ ਇਹੋ ਹੀ ਹੈ ਕਿ ਹੁਣ ਸਾਡੇ ਕੋਲੋਂ ਕੁਝ ਵੀ ਠੀਕ ਨਹੀਂ ਹੋ ਰਿਹਾ ਕਿਉਂਕਿ ਅਸੀਂ ਆਪਣੀ ਮਰਜ਼ੀ ਨਾਲ ਤਾਂ ਕੁਝ ਕਰਦੇ ਹੀ ਨਹੀਂ। ਅਸੀਂ ਤਾਂ ਆਪਣੀ ਵੋਟ ਪਾਉਣ ਲਈ ਵੀ ਹੋਰਨਾਂ ’ਤੇ ਨਿਰਭਰ ਰਹਿੰਦੇ ਹਾਂ।
ਆਤਮ ਵਿਸ਼ਵਾਸ ਦੀ ਬਹਾਲੀ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਜੀਵਨ ਵਿਚ ਵਾਪਰਨ ਵਾਲੇ ਵਰਤਾਰਿਆਂ ਸਬੰਧੀ ਚਿੰਤਾ ਕਰਨੀ ਛੱਡ ਕੇ, ਚਿੰਤਨ ਕਰਨ ਦਾ ਰਾਹ ਅਖ਼ਤਿਆਰ ਕਰੀਏ। ਇਸ ਮਕਸਦ ਲਈ ਸਾਡੇ ਵਿਰਸੇ ਵਿਚ ਮੌਜੂਦ ਨਾਇਕਾਂ ਜਾਂ ਨਾਇਕਾਵਾਂ ਦੇ ਸੰਘਰਸ਼ਮਈ ਜੀਵਨ ਸਾਡੇ ਲਈ ਮਦਦਗਾਰ ਸਾਬਤ ਹੋ ਸਕਦੇ ਹਨ। ਉਸਾਰੂ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਲਿਖਿਆ ਸਾਹਿਤ ਵੀ ਸਾਨੂੰ ਇਸ ਪੱਖੋਂ ਅਮੀਰ ਕਰਨ ਦੀ ਸਮਰੱਥਾ ਰੱਖਦਾ ਹੈ। ਜ਼ਰੂਰਤ ਤਾਂ ਇਸ ਗੱਲ ਦੀ ਹੈ ਕਿ ਸਾਨੂੰ ਹਰ ਹਾਲਤ ਵਿਚ ਆਪਣੀ ਚੜ੍ਹਦੀ ਕਲਾ ਦਾ ਜਜ਼ਬਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਦੋਂ ਸਾਡੇ ਜੀਵਨ ਵਿਚ ਚਿੰਤਾ ਦੀ ਜਗ੍ਹਾ ਚਿੰਤਨ ਆ ਜਾਵੇਗਾ ਤਾਂ ਅਸੀਂ ਆਪਣੀਆਂ ਗ਼ਲਤੀਆਂ ਦੀ ਪੜਚੋਲ ਕਰਨੀ ਸ਼ੁਰੂ ਕਰ ਦੇਵਾਂਗੇ ਅਤੇ ਉਨ੍ਹਾਂ ਤੋਂ ਸਬਕ ਸਿੱਖਣ ਦਾ ਹੁਨਰ ਹਾਸਲ ਕਰ ਲਵਾਂਗੇ। ਅਸਲ ਵਿਚ ਇਹ ਹੁਨਰ ਹੀ ਹਰ ਸਮੇਂ ਸਾਡੇ ਜੀਵਨ ਦੇ ਅੰਗ-ਸੰਗ ਰਹਿੰਦੇ ਤਣਾਓ ਤੋਂ ਮੁਕਤ ਹੋਣ ਦਾ ਮਾਰਗ ਹੈ। ਇਸ ਮਾਰਗ ’ਤੇ ਤੁਰਦਿਆਂ ਵਿਅਕਤੀ ਆਪਣੇ ਜੀਵਨ ਦਾ ਮਾਲਕ ਆਪ ਬਣ ਜਾਂਦਾ ਹੈ ਅਤੇ ਫਿਰ ਦੁਨੀਆਂ ਦੀ ਕੋਈ ਵੀ ਤਾਕਤ ਉਸ ਨੂੰ ਵਰਤਣ ਜਾਂ ਭਰਮਾਉਣ ਵਿਚ ਕਾਮਯਾਬ ਨਹੀਂ ਹੋ ਸਕਦੀ। ਅਜਿਹੇ ਆਤਮ-ਵਿਸ਼ਵਾਸ ਨਾਲ ਭਰਪੂਰ ਵਿਅਕਤੀ ਹੀ ਆਪਣੇ ਜੀਵਨ ਨੂੰ ਸੰਗਰਾਮ ਸਮਝ ਕੇ ਜੂਝ ਸਕਦਾ ਹੈ ਅਤੇ ਆਪਣੀ ਹੀਣ ਭਾਵਨਾ ਤੋਂ ਰਹਿਤ ਹੋ ਕੇ ਲੋਕਾਂ ਲਈ ਇਕ ਮਿਸਾਲ ਬਣ ਸਕਦਾ ਹੈ। ਜੀਵਨ ਵਿਚ ਕੁਝ ਵੀ ਅਸੰਭਵ ਨਹੀਂ ਹੁੰਦਾ ਅਤੇ ਅਸੰਭਵ ਨੂੰ ਸੰਭਵ ਬਣਾ ਦੇਣ ਵਾਲੀ ਸ਼ਕਤੀ ਦਾ ਹੀ ਦੂਜਾ ਨਾਂ ਆਤਮ ਵਿਸ਼ਵਾਸ ਹੈ। ਆਤਮ ਵਿਸ਼ਵਾਸ ਹੀ ਵਿਅਕਤੀ ਨੂੰ ਚੜ੍ਹਦੀ ਕਲਾ ਵਿਚ ਜਿਊਣਾ ਸਿਖਾਉਂਦਾ ਹੈ ਅਤੇ ਚੜ੍ਹਦੀ ਕਲਾ ਵਿਚ ਜਿਊਣਾ ਹੀ ਤਣਾਓ ਮੁਕਤ ਮਾਰਗ ਹੈ।

ਸੰਪਰਕ: 98146-28027


Comments Off on ਤਣਾਓ ਤੋਂ ਮੁਕਤੀ ਦਾ ਰਾਹ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.