ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਢਾਡੀ ਕਲਾ ਦੇ ਇਤਿਹਾਸ ਦਾ ਵਿਸ਼ੇਸ਼ ਪੰਨਾ

Posted On September - 7 - 2019

ਹਰਦਿਆਲ ਸਿੰਘ ਥੂਹੀ

ਜਿੱਥੇ ਵੀ ਕਿਤੇ ਢਾਡੀ ਰਾਗ ਦੀ ਗੱਲ ਹੋਵੇਗੀ ਉੱਥੇ ਪਾਲ ਸਿੰਘ ਪੰਛੀ ਦਾ ਨਾਂ ਸਤਿਕਾਰ ਨਾਲ ਲਿਆ ਜਾਵੇਗਾ। ਪੰਛੀ ਢਾਡੀ ਕਲਾ ਦੇ ਇਤਿਹਾਸ ਦਾ ਇਕ ਵਿਸ਼ੇਸ਼ ਪੰਨਾ ਹੈ। ਵੱਖ ਵੱਖ ਰਿਕਾਰਡਿੰਗ ਕੰਪਨੀਆਂ ਜਿਵੇਂ ਹਿੰਦੁਸਤਾਨ ਰਿਕਾਰਡਜ਼, ਕੋਲੰਬੀਆ, ਐੱਚ.ਐੱਮ.ਵੀ. ਆਦਿ ਨੇ ਉਸਦੀ ਆਵਾਜ਼ ਵਿਚ ਤਵੇ ਰਿਕਾਰਡ ਕੀਤੇ। ਕੁੱਲ ਮਿਲਾ ਕੇ ਇਨ੍ਹਾਂ ਤਵਿਆਂ ਦੀ ਗਿਣਤੀ ਵੀਹ ਕੁ ਦੇ ਲਗਪਗ ਹੈ।
ਪਾਲ ਸਿੰਘ ਦਾ ਜਨਮ 1918 ਵਿਚ ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਦੇ ਪਿੰਡ ਤਲਵੰਡੀ ਮੱਲ੍ਹੀਆਂ ਵਿਖੇ ਪਿਤਾ ਪੂਰਨ ਸਿੰਘ ਤੇ ਮਾਤਾ ਆਸ ਕੌਰ ਦੇ ਘਰ ਹੋਇਆ। ਬਚਪਨ ਤੋਂ ਹੀ ਪਾਲ ਸਿੰਘ ਨੂੰ ਵਿਦਿਆ ਪ੍ਰਾਪਤ ਕਰਨ ਦਾ ਚਾਅ ਸੀ। ਪਿੰਡ ਦੇ ਡੇਰੇ ਤੋਂ ਸੰਤ ਕਰਮ ਦਾਸ ਪਾਸੋਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਅਤੇ ਹੌਲੀ ਹੌਲੀ ਗ੍ਰੰਥਾਂ ਦਾ ਅਧਿਐਨ ਕੀਤਾ। ਇਨ੍ਹਾਂ ਗ੍ਰੰਥਾਂ ਨੂੰ ਵਾਚਦਿਆਂ ਅਤੇ ਕਵੀਸ਼ਰਾਂ ਨੂੰ ਸੁਣ ਕੇ ਉਸਨੂੰ ਆਪ ਗਾਉਣ ਦੀ ਚੇਟਕ ਲੱਗ ਗਈ। ਆਪਣੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਉਹ ਮਾਲਵੇ ਦੇ ਪ੍ਰਸਿੱਧ ਕਵੀਸ਼ਰ ਤਖਤੂਪੁਰੀਏ ਸ਼ੇਰ ਸਿੰਘ ਸੰਦਲ ਦੇ ਚਰਨੀਂ ਜਾ ਪਿਆ ਅਤੇ ਕਵੀਸ਼ਰੀ ਦੀ ਦੀਖਿਆ ਪ੍ਰਾਪਤ ਕੀਤੀ। ਕਾਵਿ ਉਡਾਰੀਆਂ ਲਾਉਣ ਦੀ ਤਮੰਨਾ ਕਾਰਨ ਆਪਣੇ ਨਾਂ ਨਾਲ ਪੰਛੀ ਜੋੜ ਲਿਆ।
ਕੁਝ ਚਿਰ ਕਵੀਸ਼ਰੀ ਕਰਨ ਤੋਂ ਬਾਅਦ ਢੱਡ ਸਾਰੰਗੀ ਨਾਲ ਗਾਉਣ ਲੱਗ ਪਿਆ। ਸ਼ੁਰੂ ਵਿਚ ਇਹ ਜ਼ਿਆਦਾਤਰ ਹਜ਼ੂਰਾ ਸਿੰਘ ਬੁਟਾਹਰੀ ਵਾਲੇ ਦੀ ਹੀਰ ਗਾਉਂਦਾ ਸੀ। ਬਾਅਦ ਵਿਚ ਪੰਛੀ ਨੇ ਆਪ ਵੀ ਕਲੀਆਂ ਵਿਚ ਹੀਰ ਰਚੀ। ਇਸਦਾ ਵੀ ਇਕ ਕਾਰਨ ਸੀ ਜਿਸਤੋਂ ਲੋਕ ਢਾਡੀ ਕਲਾ ਪ੍ਰਤੀ ਪੁਰਾਣੀ ਪੀੜ੍ਹੀ ਦੀ ਆਸਥਾ ਪ੍ਰਗਟ ਹੁੰਦੀ ਹੈ। ਕਹਿੰਦੇ, ਪੰਛੀ ਦੇ ਪਿੰਡ ਦਾ ਇਕ ਬਜ਼ੁਰਗ ਆਖਰੀ ਸਾਹ ਗਿਣ ਰਿਹਾ ਸੀ। ਜਦੋਂ ਉਸਨੂੰ ਸੁਖਮਣੀ ਸਾਹਿਬ ਦਾ ਪਾਠ ਸੁਣਾਉਣ ਲੱਗੇ ਤਾਂ ਉਸਨੇ ਨਾਂਹ ਵਿਚ ਸਿਰ ਹਿਲਾਉਂਦੇ ਹੋਏ ਕਿਹਾ ਕਿ ਪੰਛੀ ਨੂੰ ਬੁਲਾ ਕੇ ਕਹੋ ਕਿ ਮੈਨੂੰ ਹਜ਼ੂਰਾ ਸਿੰਘ ਦੀ ਹੀਰ ਦੀਆਂ ਕਲੀਆਂ ਸੁਣਾਏ। ਇਹੀ ਮੇਰੀ ਆਖਰੀ ਇੱਛਾ ਹੈ। ਘਰ ਵਾਲਿਆਂ ਨੇ ਇਸੇ ਤਰ੍ਹਾਂ ਕੀਤਾ ਅਤੇ ਬਜ਼ੁਰਗ ਕਲੀਆਂ ਸੁਣਦਾ ਆਰਾਮ ਨਾਲ ਸਦਾ ਦੀ ਨੀਂਦ ਸੌਂ ਗਿਆ। ਇਸਤੋਂ ਬਾਅਦ ਪੰਛੀ ਨੇ ਆਪ ‘ਹੀਰ’ ਲਿਖੀ ਜਿਸਨੂੰ ਉਹ ਪਿੱਛੋਂ ਲੰਮਾ ਸਮਾਂ ਗਾਉਂਦਾ ਰਿਹਾ।

ਹਰਦਿਆਲ ਸਿੰਘ ਥੂਹੀ

ਪਾਲ ਸਿੰਘ ਪੰਛੀ ਤਜਰਬੇਕਾਰ ਅਤੇ ਪੁਖਤਾ ਢਾਡੀ ਸੀ। ਉਸਨੇ ਆਪਣੇ ਜਥੇ ਨਾਲ ਪੂਰੇ ਪੰਜਾਬ ਨੂੰ ਗਾਹਿਆ। ਉਸਦੇ ਰਿਕਾਰਡ ਹੋਏ ਤਵਿਆਂ ਵਿਚ ਹੀਰ, ਸੋਹਣੀ, ਮਿਰਜ਼ਾ, ਪੂਰਨ, ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਮਹਾਰਾਜਾ ਰਣਜੀਤ ਸਿੰਘ, ਸਿੱਖ ਇਤਿਹਾਸ ਅਤੇ ਉਪਦੇਸ਼ਆਤਮਕ ਰਚਨਾਵਾਂ ਨਾਲ ਸਬੰਧਿਤ ਤਵੇ ਸ਼ਾਮਲ ਹਨ ਜਿਨ੍ਹਾਂ ਨੂੰ ਵੱਖ-ਵੱਖ ਰਿਕਾਰਡਿੰਗ ਕੰਪਨੀਆਂ ਨੇ ਰਿਕਾਰਡ ਕੀਤਾ। ਇਨ੍ਹਾਂ ਤਵਿਆਂ ਦੀ ਰਿਕਾਰਡਿੰਗ ਵਿਚ ਪੰਛੀ ਦਾ ਸਾਥ ਸੋਹਣ ਸਿੰਘ ਰੁੜਕਾ, ਮਲਕੀਤ ਸਿੰਘ ਪੰਧੇਰ, ਦਲੀਪ ਸਿੰਘ, ਅਜੀਤ ਸਿੰਘ ਨਵਾਂ ਸ਼ਹਿਰ, ਭਗਤ ਸਿੰਘ, ਗੁਰਬਖਸ਼ ਸਿੰਘ, ਗੁਰਨਾਮ ਸਿੰਘ ਆਦਿ ਸਾਥੀਆਂ ਨੇ ਵੱਖ ਵੱਖ ਸਮੇਂ ’ਤੇ ਦਿੱਤਾ। ਕੁਝ ਪੇਸ਼ਕਾਰੀਆਂ ਹਨ:
* ਲੈ ਚੱਲਿਆ ਸੁੰਦਰਾਂ ਨੂੰ,
ਜੋਗੀ ਪਿਆਰ ਦੀ ਉਂਗਲੀ ਲਾ ਕੇ
* ਖਿੱਦੂ ਮਜ਼੍ਹਬੀ ਰੋਂਦਾ ਧੋਂਦਾ,
ਇੱਛਰਾਂ ਕੋਲ ਅਖੀਰ ਗਿਆ
* ਪੂਰਨ ਲੈ ਕੇ ਗੋਰਖ ਤੋਂ ਆਗਿਆ,
ਬਾਗ਼ ਵਿਚ ਆ ਗਿਆ
* ਜੇ ਤੂੰ ਨੇਕੀ ਖੱਟਣੀ ਨਾਥ ਜੀ
* ਹਾਏ ਵੇ ਮਿਰਜ਼ਿਆ ਜਾਨੀਆਂ ਵੇ
ਤੂੰ ਕਿਤ ਵੱਲ ਕਰੇ ਚੜ੍ਹਾਣ
ਮੈਨੂੰ ਛੱਡ ਗਿਓਂ ਵਿਚ ਉਜਾੜ ਦੇ, ਮੈਨੂੰ ਰੋਹੀ ਆਉਂਦੀ ਖਾਣ।
* ਲੱਕ ਬੰਨ੍ਹ ਬੱਧੀ ਕੌਲ ਦੀ, ਉੱਠ ਘਰ ਤੋਂ ਧਾਈ
* ਚੜ੍ਹੀ ਸੀ ਝਨਾਂ, ਵੇਲਾ ਹੈ ਸੀ ਰਾਤ ਦਾ
* ਦੇਖ ਕੇ ਤੇ ਮੁੱਖ ਨਿਆਣੇ ਕਰਤਾਰ ਦਾ
ਟੁੱਟ ਗਿਆ ਬੰਨ੍ਹ, ਭੈਣ ਦੇ ਪਿਆਰ ਦਾ
* ਗੋਰਾ ਚੰਦ ਵਾਂਗ ਨਿਕਲਿਆ ਦਫ਼ਤਰੋਂ,
ਜਿਵੇਂ ਹੱਟੀ ਵਿਚੋਂ ਲਾਲਚੀ ਕਰਿਆੜ
* ਮੇਰੀ ਮੇਰੀ ਕਰਨੀ ਛੱਡਦੇ ਬੰਦਿਆ ਮੂਰਖਾ
* ਚਲੋ ਚਲੀ ਦਾ ਮੇਲਾ ਇੱਥੇ ਜਗਤ ਮੁਸਾਫ਼ਿਰ ਖਾਨਾ
* ਬਲੀ ਬਲਾਕਾ ਸਿੰਘ ਜੀ, ਜਾ ਪਹੁੰਚਿਆ ਬੀਕਾਨੇਰ
* ਖੰਡਾ ਖਿੱਚਿਆ ਮਤਾਬ ਸਿੰਘ ਸੂਰਮੇਂ
* ਨੀ ਵਾਹ ਗੜ੍ਹੀਏ ਚਮਕੌਰ ਦੀਏ
* ਫਤਿਹ ਪਿਤਾ ਨੂੰ ਬੁਲਾ ਕੇ ਆਖਰੀ,
ਚੜ੍ਹੇ ਜੰਗ ਨੂੰ ਅਜੀਤ ਸਿੰਘ ਬੀਰ।
ਪੰਛੀ ਦਾ ਗੱਲ ਕਰਨ ਦਾ ਢੰਗ ਬੜਾ ਪ੍ਰਭਾਵਸ਼ਾਲੀ ਸੀ। ਉਹ ਸੰਖੇਪ, ਕਾਵਿਮਈ ਅਤੇ ਚੁਸਤ ਵਾਰਤਾਲਾਪ ਰਾਹੀਂ ਸਰੋਤਿਆਂ ਨੂੰ ਕੀਲ ਕੇ ਬਿਠਾਉਣ ਦੇ ਸਮਰੱਥ ਸੀ। ਪਾਲ ਸਿੰਘ ਪੰਛੀ ਨੇ ਬਹੁਤ ਸਾਰੀਆਂ ਰਚਨਾਵਾਂ ਦੀ ਰਚਨਾ ਕੀਤੀ ਜਿਸ ਵਿਚੋਂ ਕੁਝ ਪ੍ਰਕਾਸ਼ਿਤ ਹੋਈਆਂ ਤੇ ਕੁਝ ਅਣਪ੍ਰਕਾਸ਼ਿਤ ਰਹਿ ਗਈਆਂ। ਇਨ੍ਹਾਂ ਵਿਚ ਪ੍ਰਕਾਸ਼ਿਤ ਰਚਨਾਵਾਂ ਹਨ ‘ਪੰਛੀ ਪੀਘਾਂ’, ‘ਪੰਛੀ ਕਿਰਨਾਂ’, ‘ਪੰਛੀ ਪੈਲਾਂ’, ‘ਪੰਛੀ ਕਲੋਲਾਂ’ (ਤਿੰਨ ਹਿੱਸੇ), ‘ਪੰਛੀ ਪੈੜਾਂ’, ‘ਗਵਾਚੀਆਂ ਖੁਸ਼ੀਆਂ’, ‘ਪੰਛੀ ਪ੍ਰਸੰਗ’, ‘ਪੰਛੀ ਪੀੜਾਂ’, ‘ਪੰਛੀ ਪੁਕਾਰਾਂ’, ‘ਹੀਰ ਰਾਂਝੇ ਦੀਆਂ ਕਲੀਆਂ’, ‘ਪੰਛੀ ਦੇ ਲੋਕਗੀਤ’, ‘ਗੀਤਾਂ ਦੇ ਗੱਫੇ’, ‘ਮੋਤੀਆਂ ਦੀ ਮਾਲਾ’।
ਅਣਪ੍ਰਕਾਸ਼ਿਤ ਰਚਨਾਵਾਂ ਵਿਚ ਹਨ ‘ਅੰਮ੍ਰਿਤ ਦਾ ਪ੍ਰਸੰਗ’, ‘ਪੰਛੀ ਪੱਤਣ’, ‘ਪੰਛੀ ਪਾਲਾਂ’, ‘ਪੰਛੀ ਪੌਣਾਂ’, ‘ਪੰਛੀ ਕਲੋਲਾਂ’ (ਚੌਥਾ ਹਿੱਸਾ), ‘ਚਾਲੀ ਮੁਕਤੇ’। ਅਣਪ੍ਰਕਾਸ਼ਿਤ ਵਾਰਤਕ ਰਚਨਾਵਾਂ ‘ਲੰਡਨ ਦੀ ਲੀਲ੍ਹਾ’ (ਸਫ਼ਰਨਾਮਾ), ‘ਪੰਛੀ ਸਫ਼ਰਨਾਮਾ’, ‘ਵਿਚੋਲਾ ਨਾਵਲ’, ‘ਤੇਰਾ ਮੇਰਾ ਪਿਆਰ ਨਾਵਲ’ ਆਦਿ ਹਨ।
ਪੰਜਾਬ ਤੋਂ ਬਾਹਰ ਭਾਰਤ ਦੇ ਦੂਜੇ ਸੂਬਿਆਂ ਅਤੇ ਵਿਦੇਸ਼ਾਂ ਸਿੰਘਾਪੁਰ, ਮਲਾਇਆ, ਥਾਈਲੈਂਡ, ਇੰਗਲੈਂਡ ਆਦਿ ਵਿਚ ਵੀ ਪੰਛੀ ਨੇ ਢਾਡੀ ਕਲਾ ਦੀ ਮਹਿਕ ਨੂੰ ਖਿੰਡਾਇਆ। ਢਾਡੀਆਂ ਦੇ ਵੱਖ-ਵੱਖ ਮੁਕਾਬਲਿਆਂ ਵਿਚ ਪੰਛੀ ਨੇ ਭਾਗ ਲਿਆ। ਲੁਧਿਆਣਾ ਵਿਖੇ ਹੋਏ ਮੁਕਾਬਲੇ ਵਿਚ ਪਹਿਲੇ ਸਥਾਨ ’ਤੇ ਰਿਹਾ। 1965 ਵਿਚ ਪਾਲ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਚੁਣਿਆ ਗਿਆ। ਉਸਨੇ ਪੰਜਾਬੀ ਸੂਬੇ ਦੇ ਵੱਖ-ਵੱਖ ਮੋਰਚਿਆਂ ਵਿਚ ਕੈਦ ਵੀ ਕੱਟੀ। ਉਹ ਪੰਜਾਬੀ ਢਾਡੀ ਸਭਾ ਦਾ ਪ੍ਰਧਾਨ ਵੀ ਰਿਹਾ। ਢਾਡੀ ਕਲਾ ਦੇ ਇਸ ਅਨਮੋਲ ਹੀਰੇ ਦਾ ਦੇਹਾਂਤ 14 ਅਪਰੈਲ 1978 ਨੂੰ ਇੰਗਲੈਂਡ ਵਿਖੇ ਹੋਇਆ ਜਦੋਂ ਇਹ ਉੱਥੇ ਵਿਸਾਖੀ ਦੇ ਪ੍ਰੋਗਰਾਮ ਸਬੰਧੀ ਗਿਆ ਹੋਇਆ ਸੀ।

ਸੰਪਰਕ: 84271-00341


Comments Off on ਢਾਡੀ ਕਲਾ ਦੇ ਇਤਿਹਾਸ ਦਾ ਵਿਸ਼ੇਸ਼ ਪੰਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.