ਗੁਰੂ ਨਾਨਕ ਚਿੰਤਨਧਾਰਾ ਵਿਚ ਕਿਰਤ ਦਾ ਸੰਕਲਪ !    ਚੜਿਆ ਸੋਧਣਿ ਧਰਿਤੀ ਲੁਕਾਈ !    ਅਫ਼ਗਾਨ ਚੋਣਾਂ: ਵੋਟਾਂ ਦੀ ਗਿਣਤੀ ਮੁੜ ਸ਼ੁਰੂ !    ਹਾਂਗਕਾਂਗ ’ਚ ਪੁਲੀਸ ਨੇ ਪ੍ਰਦਰਸ਼ਨਕਾਰੀ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦੋ ਦਹਿਸ਼ਤਗਰਦ ਹਲਾਕ !    ਚੱਕਰਵਾਤੀ ਤੂਫ਼ਾਨ: ਮਮਤਾ ਵੱਲੋਂ ਮ੍ਰਿਤਕਾਂ ਦੇ ਵਾਰਿਸਾਂ ਦੀ ਮਾਲੀ ਮਦਦ !    ਕਰਨਾਟਕ ਦੇ ਅਯੋਗ ਵਿਧਾਇਕਾਂ ਦੀ ਅਰਜ਼ੀ ’ਤੇ ਫ਼ੈਸਲਾ ਭਲਕੇ !    ਭਾਸ਼ਾ ਵਿਭਾਗ ਲਈ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਕੋਹਾਂ ਦੂਰ !    ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ‘ਬਾਬਾ ਨਾਨਕ 550 ਸਰਵੋਤਮ ਟਰਾਫ਼ੀ’ ਜਿੱਤੀ !    ਹਰਿਆਣਾ ਤੇ ਹਿਮਾਚਲ ਦੇ ਮੁੱਖ ਮੰਤਰੀ ਬੇਰ ਸਾਹਿਬ ਨਤਮਸਤਕ !    

ਡਾਕ ਐਤਵਾਰ ਦੀ

Posted On September - 8 - 2019

ਖੋਜ ਪੱਤ੍ਰਿਕਾ ਵਿਸ਼ੇਸ਼ ਅੰਕ
ਇਕ ਸਤੰਬਰ ਦੇ ਦਸਤਕ ਅੰਕ ਵਿਚ ਡਾ. ਰਵੇਲ ਸਿੰਘ ਦਾ ਲਿਖਿਆ ਖੋਜ ਪੱਤ੍ਰਿਕਾ ਵਿਸ਼ੇਸ਼ ਅੰਕ ਦਾ ਸ਼ਾਨਦਾਰ ਰੀਵਿਊ ਪੜ੍ਹ ਕੇ ਪੰਜਾਬੀ ਯੂਨੀਵਰਸਿਟੀ ’ਤੇ ਮਾਣ ਹੋਇਆ ਜਿਸ ਦਾ ਮੈਂ ਵਿਦਿਆਰਥੀ ਅਤੇ ਅਧਿਆਪਕ ਰਿਹਾ। ਇਸ ਵੱਡੇ ਕਾਰਜ ਦਾ ਸਿਹਰਾ ਡਾ. ਗੁਰਨਾਇਬ ਸਿੰਘ, ਡਾ. ਹਰਜੋਧ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀ ਸਹਿਕਰਮੀਆਂ ਨੂੰ ਜਾਂਦਾ ਹੈ। ਕਦੀ ਇਸੇ ਤਰ੍ਹਾਂ ਦਾ ਇਕ ਵੱਡ-ਆਕਾਰੀ ਮੈਗਜ਼ੀਨ ਭਾਰਤੀ ਅਤੇ ਵਿਦੇਸ਼ੀ ਸਾਹਿਤ ਪ੍ਰਕਾਸ਼ਿਤ ਹੋਇਆ ਕਰਦਾ ਸੀ, ਸੰਪਾਦਨਾ ਪ੍ਰੋ. ਗੁਲਵੰਤ ਸਿੰਘ ਕਰਿਆ ਕਰਦੇ ਸੀ, ਹੁਣ ਉਹ ਦਹਾਕਿਆਂ ਤੋਂ ਬੰਦ ਪਿਆ ਹੈ। ਕਾਸ਼! ਉਹ ਵੀ ਛਪਣ ਲੱਗੇ।
ਇਸ ਯੂਨੀਵਰਸਿਟੀ ਵਿਚ ਵਿਵਾਦਜਨਕ ਪ੍ਰਕਾਸ਼ਨਾਵਾਂ ਘੱਟ ਹੋਈਆਂ ਹਨ। 1980 ਵਿਚ ਡਾ. ਨਿਰਭੈ ਸਿੰਘ ਦੀ ਲਿਖਤ ਭਗਤ ਨਾਮਦੇਵ ਉੱਪਰ ਪਾਬੰਦੀ ਲੱਗੀ ਸੀ ਅਤੇ ਹੁਣੇ ਭਾਈ ਕਾਨ੍ਹ ਸਿੰਘ ਦੇ ਨਵ-ਪ੍ਰਕਾਸ਼ਿਤ ਮਹਾਨ ਕੋਸ਼ ਦੀਆਂ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਪ੍ਰਕਾਸ਼ਨਾਵਾਂ ਬੈਨ ਹੋਈਆਂ ਹਨ ਜੋ ਮੰਦਭਾਗੀਆਂ ਘਟਨਾਵਾਂ ਹਨ। ਇਕ ਵਿਅਕਤੀ ਦੀ ਲਾਪ੍ਰਵਾਹੀ ਪੂਰੀ ਸੰਸਥਾ ਨੂੰ ਦਾਗ਼ੀ ਕਰ ਦਿੰਦੀ ਹੈ। ਖੋਜ ਪੱਤ੍ਰਿਕਾ ਲਈ ਪੰਜਾਬੀ ਸਾਹਿਤ ਅਧਿਐਨ ਵਿਭਾਗ ਨੂੰ ਵਧਾਈ।
ਡਾ. ਹਰਪਾਲ ਸਿੰਘ ਪੰਨੂ, ਬਠਿੰਡਾ
(2)
1 ਸਤੰਬਰ ਨੂੰ ਡਾ. ਰਵੇਲ ਸਿੰਘ ਦਾ ਲੇਖ ‘ਪੰਜਾਬੀ ਸਾਹਿਤ ਆਲੋਚਨਾ ਦਾ ਅਮੁੱਲਾ ਦਸਤਾਵੇਜ਼’ ਪੜ੍ਹਿਆ। ਇਸ ਰਾਹੀਂ ਜਾਣਕਾਰੀ ਮਿਲੀ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉੱਦਮਾਂ ਸਦਕਾ ਖੋਜ ਪੱਤ੍ਰਿਕਾ ਦੀਆਂ ਪੰਜ ਜਿਲਦਾਂ ਡਾ. ਹਰਜੋਧ ਸਿੰਘ ਦੀ ਨਿਗਰਾਨੀ ਹੇਠ ਤਿਆਰ ਕਰਵਾਈਆਂ ਗਈਆਂ। ਇਹ ਖੋਜ ਕਾਰਜ ਸਾਹਿਤ ਦੇ ਵਿਦਿਆਰਥੀਆਂ ਤੇ ਖੋਜਾਰਥੀਆਂ ਲਈ ਮੀਲ ਪੱਥਰ ਸਾਬਤ ਹੋਵੇਗਾ। ਇਸ ਕਾਰਜ ਲਈ ਯੂਨੀਵਰਸਿਟੀ ਤੇ ਖੋਜ ਪੱਤ੍ਰਿਕਾ ਦੇ ਸੰਪਾਦਕ ਸ਼ਾਲਾਘਾ ਦੇ ਹੱਕਦਾਰ ਹਨ।
ਡਾ. ਹਰਦੀਪ ਸਿੰਘ, ਚੰਡੀਗੜ੍ਹ

ਖ਼ੂਬਸੂਰਤ ਸੁਨੇਹੇ
25 ਅਗਸਤ ਨੂੰ ‘ਅਦਬੀ ਪਰਿਕਰਮਾ’ ’ਚ ਅਲੀ ਅਕਬਰ ਨਾਤਿਕ ਦੀ ਕਹਾਣੀ ‘ਸ਼ੇਰ ਮੁਹੰਮਦ ਚੌਕ’ ਬੜੀ ਉਮਦਾ ਰਚਨਾ ਹੈ। ਮਨੁੱਖ ਤੇ ਰੁੱਖ ਦੇ ਮੋਹ ਦੀ ਬਾਤ ਪਾਉਂਦੀ, ਪਾਠਕ ਮਨ ਨੂੰ ਟੁੰਬਦੀ, ਰੂਹ ਨੂੰ ਪੂਰਨ ਸਾਹਿਤਕ ਤ੍ਰਿਪਤੀ ਦਿੰਦੀ ਹੈ। ਲੇਖਕ ਨੇ ਕਹਾਣੀ ਜ਼ਰੀਏ ਜੋ ਸੁਨੇਹਾ ਦਿੱਤਾ ਹੈ, ਕਾਬਿਲੇ ਗੌਰ ਤੇ ਇਨਸਾਨੀਅਤ ਦੇ ਭਲੇ ਹਿੱਤ ਹੈ। ਅੰਤ ’ਚ ਲਾਈਨ ਹੈ: ਜਿਹੜੇ ਛਾਵਾਂ ਦੀ ਰਖਵਾਲੀ ਕਰਦੇ ਨੇ, ਛਾਵਾਂ ਉਨ੍ਹਾਂ ਦੀਆਂ ਕਬਰਾਂ ਦੀ ਰਾਖੀ ਬਹਿ ਜਾਂਦੀਆਂ ਨੇ। ਰੁੱਖ ਲਾਉਣ ਵਾਲੇ ਇਨਸਾਨ ਸਚਮੁੱਚ ਸਦੀਵੀ ਯਾਦ ਕੀਤੇ ਜਾਂਦੇ ਨੇ। ਆਪਣੇ ਨਿੱਜੀ ਮੁਫ਼ਾਦ ਲਈ ਰੁੱਖਾਂ ਦੀ ਬਲੀ ਕਿਉਂ? ਸੱਸਾਂ-ਨੂੰਹਾਂ ਕਵਿਤਾ ਰਾਹੀਂ ਜਰਨੈਲ ਸਿੰਘ ਨੇ ਖ਼ੂਬਸੂਰਤ ਸੁਨੇਹਾ ਦਿੱਤਾ। ਹਰ ਰਚਨਾ ਦੀ ਆਪਣੀ ਖਾਸੀਅਤ ਹੈ।
ਜਸਬੀਰ ਦੱਧਾਹੂਰ, ਦੱਧਾਹੂਰ (ਲੁਧਿਆਣਾ)

ਵਿਰਾਸਤ ਦੀ ਸੰਭਾਲ
25 ਅਗਸਤ ਦੇ ਦਸਤਕ ਵਿਚ ਪੰਜਾਬੀ ਦੀ ਬਹੁਮੁੱਲੀ ਵਿਰਾਸਤ ਤੇ ਇਤਿਹਾਸ ਨੂੰ ਸੰਭਾਲਣ ਲਈ ਡਿਜੀਟਲ ਲਾਇਬਰੇਰੀ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ ਗਈ ਹੈ। ਇਹ ਕੰਮ ਬਹੁਤ ਮਿਹਨਤ ਦਾ ਹੈ ਤੇ ਇਸ ਕੰਮ ਲਈ ਲੰਮੀ ਯੋਜਨਾ ਤੇ ਧਨ ਰਾਸ਼ੀ ਦੀ ਲੋੜ ਹੈ। ਕਾਗਜ਼ ਦੀ ਉਮਰ ਨਿਸ਼ਚਿਤ ਹੈ। ਕੁਝ ਸਾਲਾਂ ਬਾਅਦ ਕਾਗਜ਼ ਆਮ ਤੌਰ ’ਤੇ ਪੀਲਾ ਪੈ ਜਾਂਦਾ ਹੈ ਜਾਂ ਫਿਰ ਭੁਰਨਾ ਸ਼ੁਰੂ ਹੋ ਜਾਂਦਾ ਹੈ, ਸਿੱਲ੍ਹਾ ਹੋ ਕੇ ਸਿਉਂਕ ਲੱਗਣ ਦਾ ਡਰ ਵੀ ਰਹਿੰਦਾ ਹੈ। ਡਿਜੀਟਲ ਰਿਕਾਰਡ ਹਮੇਸ਼ਾਂ ਲਈ ਸੰਭਾਲਿਆ ਜਾਂਦਾ ਹੈ। ਇਸ ਲਾਇਬਰੇਰੀ ਦੇ ਸੰਚਾਲਕ ਤੇ ਹੋਰ ਸਾਰਾ ਅਮਲਾ ਇਸ ਕਾਰਜ ਲਈ ਮੁਬਾਰਕ ਦਾ ਹੱਕਦਾਰ ਹੈ। ਬਹੁਤ ਸਾਰਾ ਵੱਡਮੁੱਲਾ ਪੰਜਾਬੀ ਸਾਹਿਤ ਤੇ ਹੱਥ ਲਿਖਤਾਂ ਵੀ ਇਸ ਲਇਬਰੇਰੀ ਵਿਚ ਸਾਂਭੀਆਂ ਜਾ ਸਕਦੀਆਂ ਹਨ।
ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ, ਫ਼ਾਜ਼ਿਲਕਾ

ਮਹਾਮਤਾ ਨਹੀਂ, ਮਹਾਤਮਾ
18 ਅਗਸਤ ਦੇ ਪਰਚੇ ਵਿਚ ਸੰਪਾਦਕੀ ਪੰਨੇ ’ਤੇ ਰਾਮਚੰਦਰ ਗੁਹਾ ਦੀ ਗਾਂਧੀਵਾਦੀ ਸੋਚ ਵਾਲੀ ਰਚਨਾ ਪੜ੍ਹ ਰਿਹਾ ਸੀ। ਪੰਜਵੀਂ ਜਮਾਤ ’ਚ ਪੜ੍ਹਦਾ ਮੇਰਾ ਪੋਤਾ ਕਹਿਣ ਲੱਗਿਆ ਕਿ ਲੇਖ ਦੇ ਸਿਰਲੇਖ ਵਿਚ ਗ਼ਲਤੀ ਹੈ; ਇੱਥੇ ਮਹਾਮਤਾ ਨਹੀਂ, ਮਹਾਤਮਾ ਹੋਣਾ ਚਾਹੀਦਾ ਹੈ। ਜਦੋਂ ਜੁਆਕ ਵੀ ਪਰਚੇ ਵਿਚ ਗ਼ਲਤੀਆਂ ਨੋਟ ਕਰਦੇ ਹੋਣ ਤਾਂ ਸਬੰਧਤ ਸਟਾਫ ਦੀ ਜ਼ਿੰਮੇਵਾਰੀ ਹੋਰ ਵਧ ਜਾਣੀ ਚਾਹੀਦੀ ਹੈ।
ਇੰਦਰਜੀਤ ਪ੍ਰੇਮੀ, ਈ-ਮੇਲ
– ਸਾਡੀ ਗ਼ਲਤੀ ਲਈ ਖਿਮਾ ਤੇ ਤੁਹਾਡੀ ਸੰਜੀਦਗੀ ਲਈ ਧੰਨਵਾਦ।

ਸਮਾਜ ਦੀ ਰੀੜ੍ਹ ਦੀ ਹੱਡੀ
ਸੁਪਿੰਦਰ ਰਾਣਾ ਦਾ ਮਿਡਲ ‘ਭੇਲੀ ਵਾਲੀ ਜੀਤੋ ਭੂਆ’ ਭਾਵਪੂਰਤ ਰਚਨਾ ਹੈ। ਸਚਮੁੱਚ ਹੀ ਪਿੰਡਾਂ ਦਾ ਸ਼ਹਿਰੀਕਰਨ ਹੋ ਰਿਹਾ ਹੈ। ਮੋਬਾਈਲ ਫੋਨ ਰਿਸ਼ਤੇ-ਨਾਤੇ ਤੇ ਲਾਗੀਆਂ ਨੂੰ ਹਾਸ਼ੀਏ ’ਚੋਂ ਬਾਹਰ ਕਰ ਰਿਹਾ ਹੈ।
ਜੀਤੋ ਭੂਆ ਵਰਗੇ ਦੁਖ-ਸੁਖ ਦੇ ਸਾਥੀ ਤੇ ਇਮਾਨਦਾਰ ਲੋਕ ਸਾਡੇ ਵਿਰਸੇ ਦੀ ਨਿਸ਼ਾਨੀ ਹਨ। ਲੇਖਕ ਵਾਂਗ ਇਹ ਲੋਕ ਸਾਰਿਆਂ ਨੂੰ ਆਪਣੇ ਖ਼ਾਸ ਰਿਸ਼ਤੇਦਾਰ ਤੋਂ ਘੱਟ ਨਹੀਂ ਲੱਗਦੇ ਜੋ ਦੁਖ-ਸੁਖ ਦੇ ਘਰੇਲੂ ਪ੍ਰੋਗਰਾਮਾਂ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ।
ਸਰਗਮ ਰੌਂਤਾ, ਮੋਗਾ

‘ਆਸ’ ਤੋਂ ਨਿਰਾਸ਼ਾ
ਐਤਵਾਰ 1 ਸਤੰਬਰ ਨੂੰ ਕਰਮਜੀਤ ਕੌਰ ਅੰਜੂ ਦੀ ਕਹਾਣੀ ‘ਆਸ’ ਪੜ੍ਹੀ। ਕਹਾਣੀ ਵਿਚ ਪਾਸ ਹੋਏ ਬੱਚੇ ਦੇ ਨਾਲ ਆਏ ਬਜ਼ੁਰਗ ਦਾ ਪਹਿਰਾਵਾ ਇਸ ਤਰ੍ਹਾਂ ਦਾ ਨਹੀਂ ਸੀ ਕਿ ਕਿਸੇ ਪ੍ਰਾਈਵੇਟ ਸਕੂਲ ਵਿਚ ਇਹ ਗੱਲ ਵਾਪਰੀ ਹੋਵੇ।
ਇਸ ਦੇ ਨਾਲ ਹੀ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਤਾਂ ਕਿਤਾਬਾਂ ਸਭ ਨੂੰ ਮੁਫ਼ਤ ਮਿਲਦੀਆਂ ਹਨ। ਕੋਈ ਵੀ ਫੰਡ ਨਹੀਂ ਲਿਆ ਜਾਂਦਾ ਤਾਂ ਫਿਰ ਇਹ ਸਾਰੀ ਕਥਾ ਕਿੱਥੇ ਵਾਪਰੀ? ਜਸਬੀਰ ਸਿੰਘ, ਧਰਮਕੋਟ (ਮੋਗਾ)


Comments Off on ਡਾਕ ਐਤਵਾਰ ਦੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.