ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਠੰਢੇ ਰੇਗਿਸਤਾਨ ਵਿਚ ਵਸਦੇ ਨਿੱਘੇ ਲੋਕ

Posted On September - 1 - 2019

ਡਾ. ਗੁਰਦੀਪ ਸਿੰਘ ਸੰਧੂ
ਸੈਰ ਸਫ਼ਰ

ਲੇਹ ਲੱਦਾਖ ਦਾ ਇਕ ਪਿੰਡ

ਜੂਨ 2018 ਦੀਆਂ ਛੁੱਟੀਆਂ ਦੌਰਾਨ ਹਿਮਾਚਲ ਪ੍ਰਦੇਸ਼ ਦੀ ਲਾਹੌਲ ਅਤੇ ਸਪਿਤੀ ਵੈਲੀ ਦੀ ਸੈਰ ਕਰਨ ਦਾ ਸਬੱਬ ਬਣਿਆ। ਲਾਹੌਲ ਅਤੇ ਸਪਿਤੀ, ਹਿਮਾਚਲ ਪ੍ਰਦੇਸ਼ ਦਾ ਵਿਸ਼ਾਲ ਖੇਤਰ ਵਿਚ ਫੈਲਿਆ ਹੋਇਆ ਜ਼ਿਲ੍ਹਾ ਹੈ ਜਿਸ ਦਾ ਸਦਰਮੁਕਾਮ ਕੇਅਲੌਂਗ ਸ਼ਹਿਰ ਹੈ। ਅਸਲ ਵਿਚ ਇਹ ਦੋ ਵੱਖ ਵੱਖ ਘਾਟੀਆਂ ਹਨ ਜੋ ਹਿਮਾਲਿਆ ਦੇ ਵਿਸ਼ਾਲ ਠੰਢੇ ਰੇਗਿਸਤਾਨ ਵਿਚ ਸਥਿਤ ਹਨ। ਇੱਥੇ ਸੜਕ ਮਾਰਗ ਸ਼ਿਮਲਾ-ਕਲਪਾ-ਕਾਜ਼ਾ-ਮਨਾਲੀ ਰਾਹੀਂ ਪਹੁੰਚਿਆ ਜਾ ਸਕਦਾ ਹੈ। ਇਸ ਸੜਕ ’ਤੇ ਪੂਹ ਤੋਂ ਕਾਜ਼ਾ ਦੇ ਰਸਤੇ ਵਿਚ ਆਉਂਦੇ ਪਿੰਡ ਖਾਬ, ਜਿੱਥੇ ਸਪਿਤੀ ਦਰਿਆ ਸਤਲੁਜ ਵਿਚ ਜਜ਼ਬ ਹੋ ਜਾਂਦਾ ਹੈ, ਨੂੰ ਸਪਿਤੀ ਵਾਦੀ ਦਾ ਆਰੰਭ ਬਿੰਦੂ ਮੰਨਿਆ ਜਾਂਦਾ ਹੈ। ਇੱਥੋਂ ਕੁੰਜ਼ੁਮ ਦੱਰੇ ਤੱਕ, ਜਿੱਥੋਂ ਸਪਿਤੀ ਦਰਿਆ ਦਾ ਆਰੰਭ ਹੁੰਦਾ ਹੈ, ਦੇ ਸਮੁੱਚੇ ਖੇਤਰ ਨੂੰ ਸਪਿਤੀ ਘਾਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕੁੰਜ਼ੁਮ ਦੱਰੇ ਤੋਂ ਕੇਅਲੌਂਗ ਤੱਕ ਫੈਲੇ ਖੇਤਰ ਨੂੰ ਲਾਹੌਲ ਘਾਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਸਾਰੇ ਖੇਤਰ ਨੂੰ ਜੋੜਨ ਵਾਲਾ ਸੰਪਰਕ ਮਾਰਗ ਅਤਿ ਔਖਾ ਅਤੇ ਜੋਖ਼ਮ ਭਰਪੁੂਰ ਪਹਾੜੀ ਰਸਤਾ ਹੈ। ਇਸ ਰਸਤੇ ’ਤੇ ਇਕ ਪਾਸੇ ਉੱਪਰੋਂ ਝੁਕੇ ਹੋਏ ਪਹਾੜ ਹਨ ਕਿਉਂਕਿ ਜ਼ਿਆਦਾਤਰ ਸੜਕ ਪਹਾੜ ਕੱਟ ਕੇ ਹੀ ਬਣਾਈ ਗਈ ਹੈ ਅਤੇ ਦੂਜੇ ਪਾਸੇ ਡੂੰਘੀ ਖਾਈ ਵਿਚ ਵਹਿੰਦਾ ਦਰਿਆ ਹੈ। ਉੱਪਰੋਂ ਹਮੇਸ਼ਾ ਪੱਥਰ ਡਿੱਗਣ ਦੀ ਭਰਪੂਰ ਸੰਭਾਵਨਾ ਸਦਾ ਰਹਿੰਦੀ ਹੈ। ਇਨ੍ਹਾਂ ਔਖੇ ਪੈਂਡਿਆਂ ’ਤੇ ਚਲਦਿਆਂ ਕੁਦਰਤ ਦੀ ਵੰਨ-ਸੁਵੰਨਤਾ ਅਤੇ ਖ਼ੂਬਸੂਰਤੀ ਦਾ ਆਨੰਦ ਮਾਣਦਿਆਂ ਮਨ ਨੂੰ ਇਹ ਸਭ ਤੋਂ ਸੁਖਦ ਅਨੁਭਵ ਹੋਇਆ, ਉਹ ਸੀ ਇੱਥੋਂ ਦੇ ਪਹਾੜੀ ਲੋਕਾਂ ਦੀ ਸਾਫ਼ਗੋਈ, ਮਿਲਣਸਾਰਤਾ, ਨਿਰਛਲਤਾ, ਸਾਦਗੀ, ਸਹਿਜ ਅਤੇ ਸੰਤੁਸ਼ਟ ਵਿਵਹਾਰ।
ਇਸ ਪੂਰੇ ਖੇਤਰ ਵਿਚ ਵਿਚਰਦਿਆਂ ਗੁਜ਼ਾਰੇ ਲਗਭਗ ਇਕ ਹਫ਼ਤੇ ਵਿਚ ਅਨੇਕਾਂ ਸਥਾਨਕ ਲੋਕਾਂ ਨਾਲ ਵਾਹ ਪਿਆ। ਜਿਵੇਂ ਪੰਜਾਬੀ ਕਹਾਵਤ ਹੈ ਕਿ ‘ਵਾਹ ਪਿਆਂ ਜਾਣੀਏ ਜਾਂ ਰਾਹ ਪਿਆਂ ਜਾਣੀਏ’। ਰਾਹ ਬਾਰੇ ਪਹਿਲਾਂ ਹੀ ਗੱਲ ਹੋ ਚੁੱਕੀ ਹੈ, ਹੁਣ ਲੋਕਾਂ ਨਾਲ ਪਏ ਵਾਹ ਦੀ ਗੱਲ ਕਰਨੀ ਬਣਦੀ ਹੈ। ਅਸੀਂ ਕਲਪਾ ਤੋਂ ਨਾਕੋ ਪਿੰਡ ਲਈ ਆਪਣੀ ਯਾਤਰਾ ਸ਼ੁਰੂ ਕੀਤੀ। ਇਸ ਰਸਤੇ ਵਿਚ ਆਮ ਪਹਾੜੀ ਵਰਤਾਰੇ ਵਾਂਗ ਹੀ ਰਾਹ ਵਿਚ ਪੈਂਦੇ ਪਿੰਡ ਸੜਕ ਤੋਂ ਜ਼ਿਆਦਾਤਰ ਹਟਵੇਂ ਹੀ ਹਨ। ਪਿੰਡ ਅਕਸਰ ਪਹਾੜ ਦੀ ਦਰਿਆ ਵੱਲ ਨੂੰ ਜਾਂਦੀ ਢਲਾਣ ’ਤੇ ਹੀ ਵਸੇ ਹੁੰਦੇ ਹਨ। ਇਸੇ ਕਾਰਨ ਬਹੁਤ ਘੱਟ ਪਿੰਡ ਮੁੱਖ ਰਸਤੇ ’ਤੇ ਆਉਂਦੇ ਹਨ। ਸਾਡੇ ਇਸ ਦਿਨ ਦੇ ਸਫ਼ਰ ਦੌਰਾਨ ਰਾਹ ਵਿਚ ਦੋ ਹੀ ਪਿੰਡ ਆਏ। ਦੋਵਾਂ ਪਿੰਡਾਂ ਵਿਚਦੀ ਲੰਘਦਿਆਂ ਇਕ ਅਸਲੋਂ ਅਜੀਬ ਵਰਤਾਰਾ ਵੇਖਣ ਨੂੰ ਮਿਲਿਆ। ਦੋਵਾਂ ਪਿੰਡਾਂ ਵਿਚੋਂ ਹੀ ਅਸੀਂ ਦੁਪਹਿਰ ਦੇ ਸਮੇਂ ਲੰਘੇ। ਦੋਵਾਂ

ਪਿੰਡ ਦੇ ਬੱਚੇ

ਪਿੰਡਾਂ ਵਿਚ ਸੰਨਾਟਾ ਪੱਸਰਿਆ ਹੋਇਆ ਸੀ। ਸਭ ਘਰਾਂ ਨੂੰ ਜੰਦਰੇ ਲੱਗੇ ਹੋਏ ਸਨ। ਕਿਸੇ ਵੀ ਗਲੀ ਵਿਚ ਕੋਈ ਬੱਚਾ, ਬੁੱਢਾ, ਜਵਾਨ ਔਰਤ, ਮਰਦ ਨਜ਼ਰ ਨਹੀਂ ਸੀ ਆ ਰਿਹਾ। ਇਸ ਦਾ ਕਾਰਨ ਜਾਣਨ ਦੀ ਜਗਿਆਸਾ ਹੋਣੀ ਸੁਭਾਵਿਕ ਸੀ। ਇਸ ਰਹੱਸ ਦਾ ਭੇਤ ਜਾਣ ਕੇ, ਇੱਥੇ ਵਸਦੇ ਪਹਾੜੀ ਲੋਕਾਂ ਦੀ ਅਸਲੀ ਜ਼ਿੰਦਗੀ ਦੀ ਸਮਝ ਆਈ। ਪਤਾ ਲੱਗਿਆ ਕਿ ਦਿਨ ਵੇਲੇ ਬੱਚਿਆਂ ਅਤੇ ਬਜ਼ੁਰਗਾਂ ਸਮੇਤ ਸਾਰੇ ਲੋਕ ਆਪਣੀ ਰੋਜ਼ੀ ਰੋਟੀ ਦੇ ਵੱਖ ਵੱਖ ਵਸੀਲਿਆਂ ਨਾਲ ਸਬੰਧਿਤ ਕੰਮਾਂ ਧੰਦਿਆਂ ਲਈ ਸਵੇਰੇ ਹੀ ਘਰਾਂ ਤੋਂ ਚਲੇ ਜਾਂਦੇ ਹਨ ਅਤੇ ਸ਼ਾਮ ਪੈਣ ’ਤੇ ਹੀ ਪਰਤਦੇ ਹਨ। ਕੋਈ ਬੱਕਰੀਆਂ, ਭੇਡਾਂ ਅਤੇ ਹੋਰ ਪਸ਼ੂਆਂ ਨੂੰ ਲੈ ਕੇ ਬਾਹਰ ਪਹਾੜ ਦੀਆਂ ਵਾਦੀਆਂ ਵਿਚ ਚਲਾ ਜਾਂਦਾ ਹੈ, ਕੋਈ ਆਪਣੇ ਸੀਮਿਤ ਖੇਤੀ ਵਸੀਲਿਆਂ ਨਾਲ ਜੁੜੇ ਕੰਮਾਂ ਧੰਦਿਆਂ ਵਿਚ ਰੁੱਝਿਆ ਰਹਿੰਦਾ ਹੈ। ਆਉਣ ਵਾਲੀ ਲੰਮੀ ਸਰਦੀ ਦੇ ਦਿਨਾਂ ਵਿਚ ਗੁਜ਼ਾਰੇ ਲਈ ਪਸ਼ੂਆਂ ਦਾ ਚਾਰਾ, ਆਪਣੇ ਗੁਜ਼ਾਰੇ ਲਈ ਸਾਧਨ ਅਤੇ ਸਮੱਗਰੀ ਪੈਦਾ ਕਰਨ ਲਈ ਇਨ੍ਹਾਂ ਲੋਕਾਂ ਨੂੰ ਅਪਰੈਲ ਤੋਂ ਅਕਤੂਬਰ ਤੱਕ ਦਾ ਸਮਾਂ ਹੀ ਮਿਲਦਾ ਹੈ। ਇਹੀ ਸਮਾਂ ਹੁੰਦਾ ਹੈ ਜਦੋਂ ਇਹ ਲੋਕ ਕੰਮ ਕਰ ਸਕਦੇ ਹਨ। ਬਾਕੀ ਸਮਾਂ ਤਾਂ ਇੱਥੋਂ ਦਾ ਮੌਸਮ ਜੀਵਨ ਨੂੰ ਸੁੰਨ ਅਵਸਥਾ ਵਿਚ ਲੈ ਜਾਂਦਾ ਹੈ। ਤਾਪਮਾਨ ਮਨਫ਼ੀ 25 ਤੋਂ 35 ਡਿਗਰੀ (ਸੈਲਸੀਅਸ) ਤੱਕ ਚਲਾ ਜਾਂਦਾ ਹੈ। ਇਹ ਲੋਕ ਇਸ ਸਮੇਂ ਦਾ ਭਰਪੂਰ ਲਾਹਾ ਲੈਂਦੇ ਹਨ। ਔਖੇ ਹਾਲਾਤ ਵਿਚ ਵੀ ਸਹਿਜ ਰਹਿ ਕੇ ਜਿਉਣਾ ਅਤੇ ਕੰਮ ਪ੍ਰਤੀ ਇਨ੍ਹਾਂ ਲੋਕਾਂ ਦੇ ਜਨੂੰਨੀ ਜਜ਼ਬੇ ਨੂੰ ਸਲਾਮ ਕਰਨੀ ਬਣਦੀ ਹੈ।
ਅਜਿਹਾ ਨਹੀਂ ਕਿ ਕੰਮ ਲਈ ਮਿਲੇ ਇਨ੍ਹਾਂ ਦਿਨਾਂ ਵਿਚ ਇਹ ਲੋਕ ਸਿਰਫ਼ ਕੰਮ ਵਿਚ ਹੀ ਮਸਤ ਰਹਿੰਦੇ ਹਨ। ਇਸ ਯਾਤਰਾ ਦੌਰਾਨ ਹੀ ਇਕ ਦਿਨ ਇਕ ਹੋਰ ਪਿੰਡ ਵਿਚੋਂ ਲੰਘਦਿਆਂ ਦੇਖਿਆ ਕਿ ਇਹ ਲੋਕ ਭਰਪੂਰ ਮੌਜ ਮਸਤੀ ਅਤੇ ਮਨੋਰੰਜਨ ਕਰਦੇ ਹਨ। ਐਤਵਾਰ ਦਾ ਦਿਨ ਸੀ। ਪਿੰਡ ਦੇ ਬਾਹਰਵਾਰ ਸੜਕ ਕਿਨਾਰੇ ਖੁੱਲ੍ਹੇ ਪੱਧਰੇ ਥਾਂ ’ਤੇ ਸਥਾਨਕ ਲੋਕਾਂ ਦਾ ਬਹੁਤ ਵੱਡਾ ਇਕੱਠ ਸੀ। ਦੂਰੋਂ ਦੇਖਿਆਂ ਇਹ ਕਿਸੇ ਮੇਲੇ ਦਾ ਦ੍ਰਿਸ਼ ਲੱਗਦਾ ਸੀ, ਪਰ ਆਮ ਮੇਲਿਆਂ ਵਾਲਾ ਸ਼ੋਰ ਇਸ ਵਿਚੋਂ ਗਾਇਬ ਸੀ। ਨੇੜੇ ਹੋ ਕੇ ਤੱਕਿਆਂ ਪਤਾ ਲੱਗਿਆ ਕਿ ਕ੍ਰਿਕਟ ਮੈਚ ਚੱਲ ਰਿਹਾ ਸੀ। ਮੈਦਾਨ ਦੇ ਚਾਰੇ ਪਾਸੇ ਬੈਠੇ ਵੱਡੀ ਗਿਣਤੀ ਬੱਚੇ, ਔਰਤਾਂ, ਮਰਦ, ਬਜ਼ੁਰਗ ਸਭ ਆਪਣੇ ਬੈਠਣ ਅਤੇ ਧੁੱਪ ਤੋਂ ਬਚਣ ਲਈ ਪੂਰੇ ਪ੍ਰਬੰਧਾਂ ਨਾਲ ਆਏ ਸਨ। ਸਭ ਨੇ ਆਪਣੇ ਬੈਠਣ ਲਈ ਥੱਲੇ ਕੱਪੜਾ ਵਿਛਾਇਆ ਹੋਇਆ ਸੀ ਅਤੇ ਉੱਪਰ ਡੰਡਿਆਂ ਦੇ ਸਹਾਰੇ ਨਾਲ ਧੁੱਪ ਤੋਂ ਬਚਾਅ ਲਈ ਚਾਦਰਨੁਮਾ ਕੱਪੜੇ ਤਾਣੇ ਹੋਏ ਸਨ। ਇੱਥੇ ਦਿਨ ਵੇਲੇ ਧੁੱਪ ਬਹੁਤ ਤਿੱਖੀ ਪੈਂਦੀ ਹੈ। ਤਾਪਮਾਨ ਘੱਟ ਹੋਣ ਦੇ ਬਾਵਜੂਦ ਤਿੱਖੀ ਧੁੱਪ ਚਮੜੀ ਦਾ ਨੁਕਸਾਨ ਕਰ ਸਕਦੀ ਹੈ। ਧੁੱਪ ਦੇ ਤੇਜ਼ ਹੋਣ ਦਾ ਅਸਲ ਕਾਰਨ ਇੱਥੋਂ ਦੇ ਵਾਤਾਵਰਨ ਦੀ ਸ਼ੁੱਧਤਾ ਹੈ। ਏਨੇ ਸਲੀਕੇ ਅਤੇ ਉਤਸ਼ਾਹ ਨਾਲ ਜੁੜੀ ਭੀੜ ਨੂੂੰ ਵੇਖ ਸਾਡੇ ਮਨ ਵਿਚ ਵੀ ਉਤਸੁਕਤਾ ਜਾਗੀ ਕਿ ਇਸ ਵਿਸ਼ੇਸ਼ ਮੈਚ ਅਤੇ ਸਥਾਨਕ ਲੋਕਾਂ ਦੇ ਜੋਸ਼ ਨੂੰ ਕੁਝ ਸਮਾਂ ਮਾਣਿਆ ਜਾਵੇ। ਮੈਚ ਦੇਖਦਿਆਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਇਹ ਕੋਈ ਵਿਸ਼ੇਸ਼ ਟੀਮਾਂ ਦਾ ਮੈਚ ਨਹੀਂ ਸੀ ਸਗੋਂ ਪਿੰਡ ਦੇ ਹੀ ਮੁੰਡਿਆਂ ਵੱਲੋਂ ਬਣਾਈਆਂ ਦੋ ਟੀਮਾਂ ਦਾ ਮੈਚ ਸੀ। ਅਜਿਹੇ ਮੈਚ ਹਰ ਹਫ਼ਤੇ ਇਸੇ ਜੋਸ਼ ਅਤੇ ਜਜ਼ਬੇ ਨਾਲ ਖੇਡੇ ਤੇ ਮਾਣੇ ਜਾਂਦੇ ਹਨ। ਇਹ ਸਮੁੱਚਾ ਖੇਤਰ ਜ਼ਿੰਦਗੀ ਦੀਆਂ ਸਾਧਾਰਨ ਸੁਖ ਸਹੂਲਤਾਂ ਅਤੇ ਹੋਰ ਵਸੀਲਿਆਂ ਤੋਂ ਵਾਂਝਾ ਹੈ, ਪਰ ਇੱਥੇ ਜੁੜੇ ਲੋਕਾਂ ਦੇ ਚਿਹਰਿਆਂ ਦੀ ਖ਼ੁਸ਼ੀ, ਤਸੱਲੀ ਅਤੇ ਉਤਸ਼ਾਹ ਨੂੰ ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਖ਼ੁਸ਼ੀ ਤੇ ਆਨੰਦ ਮਨੁੱਖ ਦੇ ਅੰਦਰ ਹੁੰਦਾ ਹੈ ਅਤੇ ਇਨ੍ਹਾਂ ਨੂੰ ਮਾਣਨ ਦਾ ਸਲੀਕਾ ਤੇ ਜਾਚ ਆਉਣੀ ਚਾਹੀਦੀ ਹੈ।

ਡਾ. ਗੁਰਦੀਪ ਸਿੰਘ ਸੰਧੂ

ਇਸ ਯਾਤਰਾ ਦੌਰਾਨ ਇਹ ਅਨੁਭਵ ਵੀ ਪ੍ਰਾਪਤ ਹੋਇਆ ਕਿ ਇੱਥੋਂ ਦੇ ਲੋਕ ਬਹੁਤ ਹੀ ਮਿਲਣਸਾਰ ਅਤੇ ਦੂਜਿਆਂ ਦੇ ਕੰਮ ਆਉਣ ਦੀ ਭਾਵਨਾ ਨਾਲ ਭਰਪੂਰ ਹਨ। ਇਸ ਯਾਤਰਾ ਦੇ ਇਕ ਪੜਾਅ ਵਜੋਂ ਨਾਕੋ ਤੋਂ ਕਾਜ਼ਾ ਜਾਂਦਿਆਂ ਅਸੀਂ ਸੰਕਟਮਈ ਸਥਿਤੀ ਵਿਚ ਫਸੇ। ਇਸ ਸਥਿਤੀ ਨੇ ਸਥਾਨਕ ਲੋਕਾਂ ਦੀ ਅਸਲੀਅਤ ਨੂੰ ਜਾਣਨ ਦਾ ਮੌਕਾ ਦਿੱਤਾ। ਕਾਜ਼ਾ ਤੋਂ 45-50 ਕਿਲੋਮੀਟਰ ਪਹਿਲਾਂ ਸਾਡੇ ਡਰਾਈਵਰ ਨੇ ਐਲਾਨ ਕਰ ਦਿੱਤਾ ਕਿ ਗੱਡੀ ਕਾਜ਼ਾ ਨਹੀਂ ਪਹੁੰਚ ਸਕਦੀ। ਡੀਜ਼ਲ ਦਾ ਪ੍ਰਬੰਧ ਕਰਨਾ ਪਵੇਗਾ। ਅਜਿਹੇ ਸੁੰਨਸਾਨ ਠੰਢੇ ਰੇਗਿਸਤਾਨ ਵਿਚ ਡੀਜ਼ਲ ਦਾ ਪ੍ਰਬੰਧ ਕਿੱਥੋਂ ਹੋਵੇਗਾ? ਇਹ ਇਕ ਵੱਡਾ ਤੌਖ਼ਲਾ ਸੀ ਕਿਉਂਕਿ ਸਾਨੂੰ ਤੁਰਨ ਵੇਲੇ ਇਹ ਜਾਣਕਾਰੀ ਸੀ ਕਿ ਇੱਥੋਂ ਕਾਜ਼ਾ ਤੱਕ ਲਗਭਗ 250 ਕਿਲੋਮੀਟਰ ਦੇ ਖੇਤਰ ਵਿਚ ਕੋਈ ਪੈਟਰੋਲ ਪੰਪ ਨਹੀਂ ਹੈ। ਡਰਾਈਵਰ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਗੱਡੀ ਵਿਚ ਲੋੜ ਮੁਤਾਬਿਕ ਡੀਜ਼ਲ ਮੌਜੂਦ ਹੈ, ਪਰ ਬਹੁਤ ਹੀ ਖਰਾਬ ਰਸਤੇ ਕਰਕੇ ਗੱਡੀ ਲੋੜੋਂ ਵੱਧ ਡੀਜ਼ਲ ਖਾ ਗਈ। ਅਸੀਂ ਉਸ ਨੂੰ ਗੱਡੀ ਅੱਗੇ ਕਿਸੇ ਨੇੜਲੇ ਪਿੰਡ ਤੱਕ ਲੈ ਕੇ ਜਾਣ ਲਈ ਕਹਿ ਤੋਰ ਲਿਆ। ਚਾਰ ਪੰਜ ਕਿਲੋਮੀਟਰ ਦੇ ਸਫ਼ਰ ਤੋਂ ਬਾਅਦ ਇਕ ਛੋਟਾ ਜਿਹਾ ਪਿੰਡ ਆਇਆ। ਸਾਨੂੰ ਆਸ ਬੱਝੀ ਕਿ ਇੱਥੋਂ ਸ਼ਾਇਦ ਸਾਨੂੰ ਕਿਸੇ ਘਰ ਵਿਚੋਂ ਡੀਜ਼ਲ ਮਿਲ ਜਾਵੇਗਾ। ਆਮ ਵਰਤਾਰੇ ਵਾਂਗ ਇਹ ਪਿੰਡ ਵੀ ਸੁੰਨਾ ਪਿਆ ਸੀ। ਬੜੀ ਮੁਸ਼ਕਿਲ ਨਾਲ ਇਕ ਪਹਾੜੀ ਬੰਦਾ ਰਾਹ ਜਾਂਦਾ ਮਿਲਿਆ। ਉਸ ਨੇ ਸਾਡੀ ਸਮੱਸਿਆ ਸੁਣ ਹੱਲ ਕਰਨ ਦਾ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ‘ਮੇਰੇ ਪਿੰਡ ਵਿਚ ਇਕ ਬੰਦਾ ਸਰਕਾਰੀ ਟਰੈਕਟਰ ਚਲਾਉਂਦਾ ਹੈ, ਉਸ ਦੇ ਘਰੋਂ ਥੋੜ੍ਹਾ ਬਹੁਤ ਡੀਜ਼ਲ ਮਿਲ ਸਕਦਾ ਹੈ। ਤੁਸੀਂ ਇੱਥੇ ਰੁਕੋ, ਮੈਨੂੰ ਪਿੰਡ ਵਿਚ ਜਾ ਕੇ ਆਉਣ ਵਿਚ ਘੰਟਾ ਕੁ ਲੱਗ ਜਾਵੇਗਾ।’ ਉਡੀਕਣ ਤੋਂ ਬਿਨਾਂ ਸਾਡੇ ਕੋਲ ਕੋਈ ਹੋਰ ਚਾਰਾ ਵੀ ਨਹੀਂ ਸੀ। ਸੜਕ ’ਤੇ ਆਵਾਜਾਈ ਵੀ ਬਹੁਤ ਸੀਮਤ ਸੀ, ਕਿਸੇ ਰਾਹ ਜਾਂਦੇ ਗੱਡੀ ਵਾਲੇ ਤੋਂ ਡੀਜ਼ਲ ਮਿਲਣ ਦੀ ਸੰਭਾਵਨਾ ਵੀ ਬਹੁਤ ਘੱਟ ਸੀ। ਲਗਭਗ ਦੋ ਘੰਟੇ ਉਡੀਕਣ ਤੋਂ ਬਾਅਦ ਵੀ ਜਦ ਉਹ ਭਲਾ ਬੰਦਾ ਨਾ ਬਹੁੜਿਆ ਤਾਂ ਅਸੀਂ ਸ਼ਾਮ ਪੈਂਦੀ ਵੇਖ ਅੱਗੇ ਜਿੱਥੋਂ ਤੱਕ ਜਾਇਆ ਜਾ ਸਕਦਾ ਸੀ, ਜਾਣ ਦਾ ਫ਼ੈਸਲਾ ਕਰ ਤੁਰ ਪਏ। ਕੁਝ ਸਫ਼ਰ ਤੈਅ ਕਰਨ ਮਗਰੋਂ ਸਾਨੂੰ ਸੜਕ ’ਤੇ ਇਕ ਬੈਰੀਅਰ ਨਜ਼ਰ ਆਇਆ। ਇਹ ਇਕ ਛੋਟੀ ਪੁਲੀਸ ਚੌਕੀ ਸੀ। ਪੁਲੀਸ ਬਾਰੇ ਮਨ ਵਿਚ ਕੋਈ ਬਹੁਤੀ ਵਧੀਆ ਧਾਰਨਾ ਨਾ ਹੋਣ ਦੇ ਬਾਵਜੂਦ ਅਸੀਂ ਪੁਲੀਸ ਤੋਂ ਮਦਦ ਲੈਣ ਬਾਰੇ ਸੋਚਿਆ। ਚੌਕੀ ਦੇ ਸਾਹਮਣੇ ਇਕ ਸਿਪਾਹੀ ਦੋ ਤਿੰਨ ਬੱਚਿਆਂ ਨਾਲ ਕ੍ਰਿਕਟ ਖੇਡਣ ਦਾ ਆਨੰਦ ਲੈ ਰਿਹਾ ਸੀ। ਪਤਾ ਲੱਗਿਆ ਕਿ ਇਸ ਪੂਰੀ ਚੌਕੀ ਨੂੰ ਇਹ ਇਕੱਲਾ ਸਿਪਾਹੀ ਹੀ ਸੰਭਾਲ ਰਿਹਾ ਹੈ। ਸਿਪਾਹੀ ਤੋਂ ਚੌਕੀ ਇੰਚਾਰਜ ਤੱਕ ਦੀਆਂ ਸਭ ਜ਼ਿੰਮੇਵਾਰੀਆਂ ਉਹੀ ਨਿਭਾ ਰਿਹਾ ਸੀ। ਅਸੀਂ ਆਪਣੀ ਸਮੱਸਿਆ ਉਸ ਨੂੰ ਦੱਸੀ। ਉਸ ਨੇ ਪੈਂਦੀ ਸੱਟੇ ਕਿਹਾ, ‘‘ਕਹਾਂ ਫਸ ਗਏ ਸਰਦਾਰ ਜੀ ਆਪ। ਯਹਾਂ ਪਰ ਕਾਜ਼ਾ ਸੇ ਪਹਿਲੇ ਕਹੀਂ ਸੇ ਭੀ ਡੀਜ਼ਲ ਮਿਲਨੇ ਕੀ ਸੰਭਾਵਨਾ ਨਹੀਂ ਹੈ।’’ ਕੁਝ ਦੇਰ ਸੋਚਣ ਬਾਅਦ ਉਸ ਨੇ ਸਾਨੂੰ ਬੈਠਣ ਲਈ ਕਿਹਾ। ਇੰਨੇ ਵਿਚ ਪਿੰਡ ਵੱਲੋਂ ਮੋਟਰਸਾਈਕਲ ’ਤੇ ਦੋ ਲੜਕੇ ਆਏ ਜੋ ਕਾਜ਼ਾ ਜਾ ਰਹੇ ਸਨ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਪਿਛਲੇ ਪਿੰਡ ਇਕ ਭਲਾ ਆਦਮੀ ਡੀਜ਼ਲ ਦੀ ਭਰੀ ਕੈਨੀ ਲਈ ਸੜਕ ’ਤੇ ਖੜ੍ਹਾ ਤੁਹਾਨੂੰ ਲੱਭ ਰਿਹਾ ਸੀ। ਅਸੀਂ ਆਪਣੀ ਕਾਹਲੀ ਅਤੇ ਬੇਵਿਸ਼ਵਾਸੀ ’ਤੇ ਬਹੁਤ ਸ਼ਰਮਿੰਦਾ ਹੋਏ। ਅਸੀਂ ਉਸ ਬੰਦੇ ਦੀ ਸੰਜੀਦਗੀ ਨੂੰ ਐਵੇਂ ਹੀ ਲੈ ਲਿਆ ਸੀ ਤੇ ਇਹ ਸੋਚ ਅੱਗੇ ਆ ਗਏ ਸੀ ਕਿ ਉਸ ਨੇ ਕਿੱਥੇ ਆਉਣਾ ਹੈ। ਖ਼ੈਰ! ਪੁਲੀਸ ਮੁਲਾਜ਼ਮ ਨੇ ਸਾਨੂੰ ਹੌਸਲਾ ਦਿੱਤਾ ਕਿ ਕੋਈ ਗੱਲ ਨਹੀਂ, ਜੇਕਰ ਕੋਈ ਹੋਰ ਪ੍ਰਬੰਧ ਨਾ ਹੋਇਆ ਤਾਂ ਮੇਰਾ ਮੋਟਰਸਾਈਕਲ ਲੈ ਕੇ ਇਕ ਜਣਾ ਕਾਜ਼ਾ ਤੋਂ ਤੇਲ ਲੈ ਆਇਓ। ਪਰ ਸਾਨੂੰ ਇਸ ਦੀ ਲੋੜ ਨਾ ਪਈ ਕਿਉਂਕਿ ਉਸੇ ਸਮੇਂ ਇਕ ਟਰੈਕਟਰ ਵਾਲਾ ਆਦਮੀ ਉਸ ਰਾਹ ’ਤੇ ਸਾਡੇ ਲਈ ਫਰਿਸ਼ਤਾ ਬਣ ਕੇ ਪ੍ਰਗਟ ਹੋਇਆ। ਉਸ ਨੇ ਸਾਨੂੰ ਸਾਡੀ ਲੋੜ ਜੋਗਾ ਡੀਜ਼ਲ ਵੀ ਦਿੱਤਾ ਅਤੇ ਇਸ ਦੇ ਨਾਲ ਜੋ ਸਤਿਕਾਰ ਦਿੱਤਾ ਉਹ ਸਾਡੇ ਲਈ ਬੜਾ ਵੱਡਾ ਸਬਕ ਬਣਿਆ। ਉਹ ਡੀਜ਼ਲ ਦੇ ਪੈਸੇ ਲੈਣ ਤੋਂ ਇਨਕਾਰੀ ਸੀ। ਸਾਡੇ ਜ਼ੋਰ ਪਾਉਣ ’ਤੇ ਉਸ ਨੇ ਕਿਹਾ, ‘‘ਸਰਦਾਰ ਜੀ ਆਪ ਯਹਾਂ ਪਰ ਹਮਾਰੇ ਮਹਿਮਾਨ ਹੋ, ਪੰਜਾਬ ਮੇਂ ਆਪ ਜੋ ਮਹਿਮਾਨ ਨਿਵਾਜ਼ੀ ਕਰਤੇ ਹੋ, ਲੋਗੋਂ ਕੋ ਰਾਸਤੇ ਪਰ ਰੋਕ ਰੋਕ ਕਰ ਖਾਨਾ ਖਿਲਾਤੇ ਹੋ, ਦੂਧ ਪਿਲਾਤੇ ਹੋ, ਹਰ ਸੰਕਟ ਮੇ ਸਭ ਕੀ ਮਦਦ ਕਰਤੇ ਹੋ, ਯਹਾਂ ਮੈਂ ਆਪ ਸੇ ਇਸ ਡੀਜ਼ਲ ਕੇ ਪੈਸੇ ਲੇ ਲੂੰ? ਆਪ ਮਹਿਮਾਨ ਹੋ, ਬਸ ਆਪ ਕੋ ਡੀਜ਼ਲ ਮਿਲ ਗਯਾ, ਆਪ ਜਾਈਏ।’’ ਅਸੀਂ ਨਿਰਉੱਤਰ ਹੋਏ ਇਕ ਦੂਜੇ ਦੇ ਮੂੰਹ ਵੱਲ ਵੇਖ ਰਹੇ ਸੀ ਤੇ ਉਹ ਭਲਾ ਬੰਦਾ ਆਪਣਾ ਟਰੈਕਟਰ ਸਟਾਰਟ ਕਰ ਅੱਗੇ ਦੇ ਰਾਹ ਪੈ ਗਿਆ। ਕਿਸੇ ਕੌਮ ਦੀਆਂ ਚੰਗੀਆਂ ਰਵਾਇਤਾਂ ਅਤੇ ਇਤਿਹਾਸ ਉਸ ਕੌਮ ਨਾਲ ਜੁੜੇ ਬੰਦੇ ਨੂੰ ਕਿੱਥੇ ਕੀ ਸਤਿਕਾਰ ਦਿਵਾ ਦਿੰਦਾ ਹੈ? ਇਹ ਇਕ ਵੱਡਾ ਸਬਕ ਸੀ ਸਾਡੇ ਸਾਰਿਆਂ ਲਈ। ਪੰਜਾਬੀ ਲੋਕ ਕਹਾਵਤ ਹੈ ‘ਵੀਹੀਂ ਕੋਹੀਂ ਜਾ ਕੇ ਵੀ ਦੁੱਧ ਆਪਣੀ ਮੱਝ ਦਾ ਹੀ ਪੀਵੀਦੈ’, ਇਸ ਦੇ ਸਹੀ ਅਰਥ ਉਸ ਭਲੇ ਪਹਾੜੀ ਬੰਦੇ ਨੇ ਇਸ ਸੁੰਨਸਾਨ ਥਾਂ ਵਿਚ ਸਾਡੀ ਨਿਸ਼ਕਾਮ ਮਦਦ ਕਰਕੇ ਸਮਝਾਏ।
ਸੰਪਰਕ: 94173-75266


Comments Off on ਠੰਢੇ ਰੇਗਿਸਤਾਨ ਵਿਚ ਵਸਦੇ ਨਿੱਘੇ ਲੋਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.