ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਜੋ ਸੁੱਖ ਛੱਜੂ ਦੇ ਚੁਬਾਰੇ…

Posted On September - 28 - 2019

ਜੱਗਾ ਸਿੰਘ ਆਦਮਕ
ਪੁਰਾਤਨ ਸਮਿਆਂ ਤੋਂ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿਚ ਚੁਬਾਰਾ ਭਵਨ ਨਿਰਮਾਣ ਦਾ ਹਿੱਸਾ ਰਿਹਾ ਹੈ। ਇਨ੍ਹਾਂ ਭਵਨਾਂ ਵਿਚੋਂ ਕੁਝ ਦਾ ਇਤਿਹਾਸ ਨਾਲ ਸਬੰਧ ਵੀ ਰਿਹਾ ਹੈ। ਉੱਤਰੀ ਭਾਰਤ ਤੇ ਖ਼ਾਸ ਕਰਕੇ ਪੰਜਾਬੀਆਂ ਦੇ ਘਰ ਦਾ ਚੁਬਾਰਾ ਮਹੱਤਵਪੂਰਨ ਹਿੱਸਾ ਰਿਹਾ ਹੈ। ਚੁਬਾਰਾ ਆਮ ਕਰਕੇ ਪੰਜਾਬ ਦੇ ਪਿੰਡਾਂ ਵਿਚ ਗਿਣੇ ਚੁਣੇ ਘਰਾਂ ਵਿਚ ਹੀ ਹੁੰਦਾ ਸੀ। ਜਿੱਥੇ ਸਰਦੇ ਪੁੱਜਦੇ ਘਰ ਚੁਬਾਰਾ ਪਾ ਕੇ ਆਪਣੀ ਸ਼ਾਨੋ ਸ਼ੌਕਤ ਦਾ ਪ੍ਰਗਟਾਵਾ ਕਰਦੇ ਸਨ, ਉੱਥੇ ਤੰਗ ਘਰਾਂ ਵਾਲੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਚੁਬਾਰਾ ਪਾਉਂਦੇ ਸਨ। ਸ਼ਹਿਰਾਂ ਵਿਚ ਵੀ ਭੀੜੇ ਘਰਾਂ ਵਿਚ ਵਰਤੋਂ ਲਈ ਚੁਬਾਰਾ ਬਣਾਇਆ ਜਾਂਦਾ ਹੈ। ਚੁਬਾਰਾ ਗਲੀ ਉੱਪਰਲੇ ਦਰਵਾਜ਼ੇ, ਵਰਾਂਡੇ ਜਾਂ ਕਿਸੇ ਕਮਰੇ ਉੱਪਰ ਪਾਇਆ ਜਾਂਦਾ ਹੈ। ਜਿਵੇਂ ਚੁਬਾਰੇ ਦੇ ਨਾਂ ਤੋਂ ਸਪੱਸ਼ਟ ਹੈ ਕਿ ਇਹ ਅਜਿਹਾ ਢਾਂਚਾ ਹੈ ਜਿਸਦੇ ਆਸੇ ਪਾਸੇ ਤਾਕੀਆਂ ਦਰਵਾਜ਼ੇ ਹੋਣ। ਅਜਿਹਾ ਹੋਣ ਕਾਰਨ ਗਰਮੀ ਦੇ ਮੌਸਮ ਵਿਚ ਚੁਬਾਰਾ ਹਵਾਦਾਰ ਹੁੰਦਾ ਹੈ।
ਲਾਹੌਰ ਵਿਚ ਸਥਿਤ ਭਗਤ ਛੱਜੂ ਦਾ ਚੁਬਾਰਾ ਕਾਫ਼ੀ ਪ੍ਰਸਿੱਧ ਹੈ। ਲਾਹੌਰ ਦੇ ਅਨਾਰਕਲੀ ਬਾਜ਼ਾਰ ਵਿਚ ਸਥਿਤ ਭਗਤ ਛੱਜੂ ਦੇ ਚੁਬਾਰੇ ਵਾਲੇ ਸਥਾਨ ’ਤੇ ਉਸਦੀ ਸਮਾਧ ਅੱਜ ਵੀ ਮੌਜੂਦ ਹੈ। ਭਗਤ ਛੱਜੂ ਦੇ ਚੁਬਾਰੇ ਵਿਚ ਆਨੰਦ ਨਾਲ ਰਹਿਣ ਕਾਰਨ ਇਸਦੇ ਆਨੰਦ ਨੂੰ ਬਲਖ ਬੁਖਾਰੇ ਦੇ ਆਨੰਦ ਤੋਂ ਚੰਗਾ ਦਰਸਾਉਂਦਾ ਅਖਾਣ ਪ੍ਰਸਿੱਧ ਹੈ:
ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ ਨਾ ਬੁਖਾਰੇ।
ਗੋਇੰਦਵਾਲ ਸਾਹਿਬ ਵਿਖੇ ਸਥਿਤ ਗੁਰੂ ਅਮਰਦਾਸ ਜੀ ਤੇ ਗੁਰੂ ਰਾਮ ਦਾਸ ਜੀ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਚੁਬਾਰਾ ਸਾਹਿਬ ਪ੍ਰਸਿੱਧ ਹੈ। ਚੁਬਾਰਾ ਘਰ ਤੋਂ ਉੱਪਰ ਹੋਣ ਕਾਰਨ ਕਿਸੇ ਵਿਅਕਤੀ ਵਿਸ਼ੇਸ਼ ਨੂੰ ਲੁਕਾਉਣ ਜਾਂ ਸ਼ਰਨ ਦੇਣ ਵਿਚ ਵੀ ਆਪਣੀ ਭੂਮਿਕਾ ਨਿਭਾਉਂਦਾ ਹੈ। ਇਸੇ ਤਰ੍ਹਾਂ ਭਾਰਤ ਦੇ ਆਜ਼ਾਦੀ ਸੰਗਰਾਮ ਸਮੇਂ ਦੇਸ਼ ਭਗਤ ਚੁਬਾਰਿਆਂ ਵਿਚ ਸ਼ਰਨ ਲੈਂਦੇ ਰਹੇ ਹਨ। ਇਕਾਂਤ ਅਤੇ ਸ਼ਾਂਤ ਵਾਤਾਵਰਨ ਹੋਣ ਕਾਰਨ ਚੁਬਾਰੇ ਕਲਾਕਾਰਾਂ ਤੇ ਸਾਹਿਤਕਾਰਾਂ ਦੀ ਪਸੰਦ ਅਤੇ ਠਾਹਰ ਰਹੇ ਹਨ। ਚੁਬਾਰਿਆਂ ਨਾਲ ਉਨ੍ਹਾਂ ਦੀਆਂ ਅਨੇਕਾਂ ਯਾਦਾਂ ਜੁੜੀਆਂ ਹੋਈਆਂ ਹਨ। ਚੁਬਾਰੇ ਦੀ ਮਹੱਤਤਾ ਦਾ ਅਨੁਮਾਨ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਅਨੇਕਾਂ ਗੀਤਾਂ ਤੇ ਲੋਕ ਗੀਤਾਂ ਵਿਚ ਚੁਬਾਰੇ ਦਾ ਜ਼ਿਕਰ ਆਉਂਦਾ ਹੈ। ਚੁਬਾਰੇ ਦੇ ਬਹੁਪੱਖੀ ਮਹੱਤਵ ਕਾਰਨ ਹਰ ਕਿਸੇ ਦੀ ਦਿਲੀ ਇੱਛਾ ਹੁੰਦੀ ਕਿ ਉਨ੍ਹਾਂ ਦੇ ਘਰ ਵੀ ਚੁਬਾਰਾ ਹੋਵੇ। ਇਸੇ ਕਰਕੇ ਚੁਬਾਰੇ ਪਾਉਣ ਦੀ ਇੱਛਾ ਪਤਨੀ ਵੱਲੋਂ ਆਪਣੇ ਪਤੀ ਅੱਗੇ ਕੁਝ ਇਸ ਤਰ੍ਹਾਂ ਰੱਖੀ ਜਾਂਦੀ ਹੈ:
ਮੈਨੂੰ ’ਕੱਲੀ ਨੂੰ ਚੁਬਾਰਾ ਪਾ ਦੇ
ਰੋਹੀ ਵਾਲਾ ਜੰਡ ਵੱਢ ਕੇ।
ਚੁਬਾਰੇ ਦੇ ਨਿਰਮਾਣ ਵਿਚ ਜੰਡ ਦੇ ਰੁੱਖ ਦਾ ਖ਼ਾਸ ਮਹੱਤਵ ਮੰਨਿਆ ਜਾਂਦਾ ਹੈ। ਇਸੇ ਕਰਕੇ ਜੰਡ ਦਾ ਜ਼ਿਕਰ ਚੁਬਾਰੇ ਨਾਲ ਅਕਸਰ ਹੀ ਆਉਂਦਾ ਹੈ:
ਰੋਹੀ ਵਾਲਾ ਜੰਡ ਵੱਢ ਕੇ
ਤੈਨੂੰ ਕੱਲ੍ਹ ਨੂੰ ਪਵਾ ਦੂੰ ਚੁਬਾਰਾ।
-ਰਾਇਆ ਰਾਇਆ ਰਾਇਆ
ਜਿਉਣ ਯੋਗੇ ਕਾਰੀਗਰ ਨੇ
ਜੰਡ ਵੱਢ ਕੇ ਚੁਬਾਰਾ ਪਾਇਆ
ਜਿੱਥੇ ਹਰ ਕਿਸੇ ਦੀ ਖਵਾਹਿਸ਼ ਹੁੰਦੀ ਕਿ ਉਸਦੇ ਘਰ ਚੁਬਾਰਾ ਹੋਵੇ, ਉੱਥੇ ਦੂਸਰਿਆਂ ਵੱਲੋਂ ਚੁਬਾਰਾ ਬਣਾਉਣਾ ਕੁਝ ਲੋਕਾਂ ਨੂੰ ਰੜਕਣਾ ਵੀ ਲਾਜ਼ਮੀ ਹੈ :
ਰੋਹੀ ਵਾਲਾ ਜੰਡ ਵੱਢ ਕੇ
ਲੰਡੇ ਚਿੜੇ ਨੇ ਚੁਬਾਰਾ ਪਾਇਆ।
ਚੁਬਾਰੇ ਚੜ੍ਹ ਕੇ ਪੈਣਾ ਬੇਫਿਕਰੇ ਹੋਣ ਦਾ ਵੀ ਪ੍ਰਤੀਕ ਹੈ। ਇਸੇ ਕਾਰਨ ਇਕ ਧੀ ਆਪਣੇ ਪਿਤਾ ਨੂੰ ਕੁਝ ਇਸ ਤਰ੍ਹਾਂ ਸੁਚੇਤ ਕਰਦੀ ਹੈ:
ਚੜ੍ਹ ਚੁਬਾਰੇ ਸੁੱਤਿਆ ਬਾਬਲ
ਆਈ ਬਨੇਰੇ ਦੀ ਛਾਂ।
ਤੂੰ ਸੁੱਤਾ ਲੋਕੀ ਜਾਗਦੇ,
ਘਰ ਬੇਟੜੀ ਹੋਈ ਮੁਟਿਆਰ।
ਚੁਬਾਰੇ ਪਾਉਣ ਦੀ ਚਾਹਤ ਵਿਚ ਲੋਕ ਗੀਤਾਂ ਵਿਚ ਕਈ ਵਾਰ ਕਲਪਨਾ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਲਈਆਂ ਜਾਂਦੀਆਂ ਹਨ:
ਤੇਰੀ ਮੁੱਛ ’ਤੇ ਚੁਬਾਰਾ ਪਾਉਂਦੀ,
ਜੇ ਮੈਂ ਹੁੰਦੀ ਜ਼ੈਲਦਾਰਨੀ।
ਚੁਬਾਰਾ ਕੁਝ ਲੋਕਾਂ ਦੀ ਆਜ਼ਾਦ ਹੋਂਦ ਅਤੇ ਦੂਸਰਿਆਂ ਨੂੰ ਆਪਣੀ ਹੋਂਦ ਵਿਖਾਉਣ ਦਾ ਵੀ ਸਾਧਨ ਮੰਨਿਆ ਜਾਂਦਾ ਹੈ:
ਅਸਾਂ ਤਾਂ ਮਾਹੀਆ ਦਰ ਦੇ ਸਾਹਮਣੇ
ਉੱਚਾ ਚੁਬਾਰਾ ਪਾਉਣਾ।
ਵੱਖਰੇ ਹੋ ਕੇ ਮਰਜ਼ੀ ਕਰਨੀ
ਆਪਣਾ ਹੁਕਮ ਚਲਾਉਣਾ।
ਬਈ ਰੱਖਣਾ ਤਾਂ ਤੇਰੀ ਮਰਜ਼ੀ
ਪੇਕੇ ਜਾ ਕੇ ਮੜ੍ਹਕ ਨਾਲ ਆਉਣਾ।
ਰੱਖਣਾ ਤਾਂ ਤੇਰੀ ਮਰਜ਼ੀ…
ਜਿੱਥੇ ਮੁਟਿਆਰਾਂ ਨੂੰ ਚੁਬਾਰੇ ਦੀ ਇਕਾਂਤ ਤੇ ਖੁੱਲ੍ਹੇ ਵਾਤਾਵਰਨ ਵਿਚ ਬੈਠ ਕੇ ਕੱਤਣਾ, ਕੱਢਣਾ ਚੰਗਾ ਲੱਗਦਾ, ਉੱਥੇ ਮੁਟਿਆਰ ਧੀਆਂ ਦਾ ਇਕੱਲੇ ਚੁਬਾਰੇ ਚੜ੍ਹਣਾ ਮਾਪਿਆਂ ਨੂੰ ਚਿੰਤਤ ਵੀ ਕਰਦਾ। ਇਸ ਸਬੰਧੀ ਮਾਪੇ ਪੂਰੇ ਸੁਚੇਤ ਹੋ ਕੇ ਰਹਿੰਦੇ ਅਤੇ ਕਿਸੇ ਕਿਸਮ ਦਾ ਸ਼ੱਕ ਪੈਣ ’ਤੇ ਕੁਝ ਇਸ ਤਰ੍ਹਾਂ ਪੁੱਛਦੇ :
ਛੋਲੇ ਛੋਲੇ ਛੋਲੇ
ਧੀਏ ਕੌਣ ਨੀਂ ਚੁਬਾਰੇ ਵਿਚ ਬੋਲੇ।
ਅੱਗੋਂ ਚੁਬਾਰੇ ਚਰਖਾ ਡਾਹ ਕੇ ਕੱਤਦੀ ਧੀ ਦਾ ਜਵਾਬ ਕੁਝ ਇਸ ਤਰ੍ਹਾਂ ਹੁੰਦਾ:
ਛੋਲੇ ਛੋਲੇ ਛੋਲੇ
ਬਾਪੂ ਜੀ ਨੂੰ ਭਰਮ ਪਿਆ
’ਕੱਲੀ ਬਾਪੂ ਮੈਂ ਹੋਵਾਂ
ਦੂਜੀ ਗੁੱਝ ਚਰਖੇ ਦੀ ਬੋਲੇ।
ਚੁਬਾਰੇ ਵਿਚ ਖ਼ਾਸ-ਮ-ਖ਼ਾਸ ਮਹਿਮਾਨਾਂ ਨੂੰ ਠਹਿਰਾਉਣ ਦਾ ਵੀ ਮਹੱਤਵ ਹੈ:
ਲੱਡੂ ਖਾ ਕੇ ਚੁਬਾਰੇ ਵਿਚੋਂ ਨਿਕਲੀ,
ਮੱਖੀਆਂ ਨੇ ਪੈੜ ਨੱਪ ਲਈ।
ਜਿੱਥੇ ਚੁਬਾਰੇ ਵਿਚੋਂ ਸਾਰਾ ਆਲਾ ਦੁਆਲਾ ਵਿਖਾਈ ਦਿੰਦਾ, ਉੱਥੇ ਨੇੜੇ ਤੇੜੇ ਦੇ ਲੋਕਾਂ ਨੂੰ ਚੁਬਾਰੇ ਚੜ੍ਹਣ ਉੱਤਰਨ ਵਾਲੇ ਲੋਕ ਵਿਖਾਈ ਦਿੰਦੇ ਹਨ। ਨਵ ਵਿਆਹੁਤਾ ਮੁਟਿਆਰਾਂ ਦਾ ਚੁਬਾਰੇ ਚੜ੍ਹਦੀਆਂ ਦਾ ਹਾਰ ਸ਼ਿੰਗਾਰ ਵੀ ਅਜਿਹੇ ਲੋਕਾਂ ਦਾ ਧਿਆਨ ਖਿੱਚਦਾ:
ਉੱਚਾ ਚੁਬਾਰਾ
ਕੂਚੀਆਂ ਅੱਡੀਆਂ
ਝਾਂਜਰ ਪਾ ਪਾ ਚੜ੍ਹਦੀ।

ਜੱਗਾ ਸਿੰਘ ਆਦਮਕ

ਜਿੱਥੇ ਚੁਬਾਰਾ ਹੋਣਾ ਮਾਨ ਸਨਮਾਨ ਤੇ ਸੁੱਖ ਸਹੂਲਤਾਂ ਦਾ ਪ੍ਰਤੀਕ ਹੈ, ਉੱਥੇ ਇਸਦਾ ਢਹਿਣਾ ਸਬੰਧਿਤ ਮਾਲਕ ਦਾ ਵੱਡਾ ਨੁਕਸਾਨ ਹੋਣਾ ਹੈ। ਇਸੇ ਕਰਕੇ ਕਿਸੇ ਨੂੰ ਹਾਨੀ ਪਹੁੰਚਾਉਣ ਲਈ ਚੁਬਾਰਾ ਢਹਿਣ ਦੀ ਇੱਛਾ ਦਾ ਜ਼ਿਕਰ ਲੋਕ ਗੀਤਾਂ ਵਿਚ ਮਿਲਦਾ ਹੈ:
ਜੇਠ ਜਠਾਣੀ ਮਿੱਟੀ ਲਾਉਂਦੇ
ਮੈਂ ਢੋਂਦੀ ਸੀ ਗਾਰਾ
ਮੇਰੀ ਹਾਅ ਲੱਗ ਜੇ
ਸਿਖਰੋਂ ਡਿੱਗੇ ਚੁਬਾਰਾ।
ਚੁਬਾਰਾ ਅੱਜ ਵੀ ਘਰਾਂ ਦੇ ਨਿਰਮਾਣ ਦਾ ਅਹਿਮ ਹਿੱਸਾ ਹੈ, ਪਰ ਅੱਜ ਉਸ ਦੇ ਨਿਰਮਾਣ ਲਈ ਜੰਡ ਦਾ ਰੁੱਖ ਵੱਢਣ ਦੀ ਜ਼ਰੂਰਤ ਨਹੀਂ ਪੈਂਦੀ। ਸਗੋਂ ਪਹਿਲਾਂ ਵਾਲੇ ਕੱਚੇ ਚੁਬਾਰਿਆਂ ਦੀ ਬਜਾਏ ਸੁੰਦਰ ਬਣਤਰ ਵਾਲੇ ਚੁਬਾਰੇ ਬਣਾਏ ਜਾ ਰਹੇ ਹਨ। ਅੱਜ ਦੀਆਂ ਕੋਠੀਆਂ ਦੇ ਉੱਪਰ ਵਿਸ਼ਾਲ ਹਿੱਸੇ ਨੂੰ ਚੁਬਾਰੇ ਦਾ ਰੂਪ ਦਿੱਤਾ ਜਾਂਦਾ ਹੈ। ਇਨ੍ਹਾਂ ਚੁਬਾਰਿਆਂ ਨੂੰ ਪੌੜੀਆਂ ਵੀ ਅੰਦਰੋਂ ਚੜ੍ਹਦੀਆਂ ਹਨ। ਸਾਦੇ ਘਰਾਂ ਵਿਚ ਵੀ ਚੁਬਾਰਾ ਪਾਉਣ ਦਾ ਰਿਵਾਜ ਬਰਕਰਾਰ ਹੈ। ਅੱਜ ਵੀ ਚੁਬਾਰਾ ਪਾਉਣਾ ਸੁੱਖ ਦੇ ਸਾਧਨ ਅਤੇ ਸ਼ਾਨ ਦਾ ਪ੍ਰਤੀਕ ਹੈ। ਲੋਕ ਦਿਲਾਂ ਵਿਚ ਚੁਬਾਰਾ ਪਾਉਣ ਅਤੇ ਉਸ ਦਾ ਆਨੰਦ ਲੈਣ ਦੀਆ ਖਵਾਹਿਸ਼ਾਂ ਬਰਕਰਾਰ ਹਨ।
ਸੰਪਰਕ: 94178-32908


Comments Off on ਜੋ ਸੁੱਖ ਛੱਜੂ ਦੇ ਚੁਬਾਰੇ…
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.