‘ਗਿਆਨ ਉਤਸਵ’ ਤਹਿਤ ਵਿਦਿਅਕ ਮੁਕਾਬਲੇ ਕਰਵਾਏ !    ਐੱਸਐੱਮਓ ਵੱਲੋਂ ਲੋੜੀਦੀਆਂ ਸਾਵਧਾਨੀਆਂ ਵਰਤਣ ਦੇ ਨਿਰਦੇਸ਼ !    ਨਾਟਕ ‘ਦਮ ਤੋੜਦੇ ਰਿਸ਼ਤੇ’ ਨੇ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ !    ਸਟੋਕਸ ਨੇ ਫਿਰ ਨਿਊਜ਼ੀਲੈਂਡ ਨੂੰ ਵਖ਼ਤ ਪਾਇਆ !    ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ !    ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ !    ਚਾਨਣ ਦੇ ਰਾਹੀ !    ਗਿਆਨ ਦਾ ਭੰਡਾਰ ‘ਵਿਕੀਪੀਡੀਆ’ !    ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ? !    ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ !    

ਜ਼ਰਾਇਤੀ ਕਿੱਤੇ ਤੋਂ ਮੂੰਹ ਮੋੜ ਰਹੀ ਪੰਜਾਬ ਦੀ ਜਵਾਨੀ

Posted On September - 12 - 2019

ਰਘਵੀਰ ਸਿੰਘ ਚੰਗਾਲ
ਪੰਜਾਬ ਦੇ ਪੜ੍ਹੇ-ਲਿਖੇ ਨੌਜਵਾਨ ਵਰਗ ਲਈ ਸਮੁੱਚਾ ਆਲਮ ਨਿਰਾਸ਼ਾ ਭਰਿਆ ਹੈ। ਬੇਰੁਜ਼ਗਾਰੀ ਨੇ ਇਸ ਦੇ ਸੁਪਨਿਆਂ ਨੂੰ ਇਸ ਹੱਦ ਤੀਕ ਨਿਗਲ ਲਿਆ ਹੈ ਕਿ ਚੌਰਾਹੇ ’ਤੇ ਖੜ੍ਹਾ ਅੱਜ ਦਾ ਨੌਜਵਾਨ ਜ਼ਿੰਦਗੀ ਜਿਉਣ ਦੀ ਤੀਬਰ ਖ਼ਾਹਿਸ਼ ਦੇ ਬਾਵਜੂਦ ਕਈ ਵਾਰ ਆਰਥਿਕ ਤੰਗੀਆਂ ਤੇ ਹਾਲਾਤ ਅੱਗੇ ਹਾਰ ਮੰਨ ਬੈਠਦਾ ਹੈ। ਸਰਕਾਰਾਂ ਰੁਜ਼ਗਾਰ ਦੇ ਵਸੀਲੇ ਮੁਹੱਈਆ ਕਰਨ ਤੋਂ ਹੱਥ ਖੜ੍ਹੇ ਕਰ ਚੁੱਕੀਆਂ ਹਨ। ਪੰਜਾਬ ਦਾ ਮੁੱਖ ਕਿੱਤਾ ਖੇਤੀਬਾੜੀ ਹੈ, ਪਰ ਜ਼ਰਾਇਤ ਦਾ ਇਹ ਕਿੱਤਾ ਹੁਣ ਕਿਸੇ ਪੱਖੋਂ ਲਾਹੇਵੰਦ ਨਹੀਂ ਰਿਹਾ। ਹੁਣ ਕਿਸਾਨ ਦਾ ਪੁੱਤ ਵੀ ਇਹ ਕਿੱਤਾ ਅਪਣਾਉਣ ਤੋਂ ਕੰਨੀ ਕਤਰਾਉਂਦਾ ਹੈ। ਕੁਦਰਤੀ ਵਸੀਲਿਆਂ ਦੀ ਕਮੀ, ਉਪਜਾਈਆਂ ਜਿਣਸਾਂ ਦੇ ਲਾਹੇਵੰਦ ਭਾਅ ਨਾ ਮਿਲਣੇ, ਖੇਤੀ ਲਾਗਤਾਂ ਵਜੋਂ ਅਥਾਹ ਸਰਮਾਏ ਦਾ ਖ਼ਰਚ ਹੋਣਾ, ਨਵੇਂ ਬੀਜਾਂ ਤੇ ਨਵੇਂ ਖੇਤੀ ਤਜਰਬਿਆਂ ਵਿਚ ਖੇਤੀ ਮਾਹਰਾਂ ਦੀ ਦਿਲਚਸਪੀ ਦਾ ਘਟਣਾ, ਖੇਤਾਂ ਦੇ ਆਕਾਰਾਂ ਦਾ ਛੋਟੇ ਹੁੰਦੇ ਜਾਣਾ ਆਦਿ ਅਜਿਹੇ ਕਾਰਨ ਹਨ, ਜਿਹੜੇ ਵਾਹੀ ਤੋਂ ਕਿਸਾਨ ਨੌਜਵਾਨਾਂ ਦਾ ਮੂੰਹ ਮੋੜ ਰਹੇ ਹਨ।
ਭਾਰਤ ਵਿਚ ਖੇਤੀਬਾੜੀ ਦਾ ਸਿੱਧਾ ਸਬੰਧ ਪੇਂਡੂ ਤਬਕੇ ਨਾਲ ਹੈ। ਦੇਸ਼ ਦੀ 70 ਫੀਸਦੀ ਜਨਤਾ ਪਿੰਡਾਂ ਵਿਚ ਵਸਦੀ ਹੈ। ਭਾਰਤ ਦੇ ਪਿੰਡਾਂ ਦੀ ਗਿਣਤੀ 6 ਲੱਖ ਦੇ ਕਰੀਬ ਹੈ, ਜਿਨ੍ਹਾਂ ਵਿੱਚੋਂ ਅੱਧੇ ਭਾਵ 50 ਫੀਸਦੀ ਵਿਚ ਸੜਕਾਂ ਦੀ ਹਾਲਤ ਮਾੜੀ ਹੈ। ਚੌਥਾ ਹਿੱਸਾ ਪਿੰਡਾਂ ਵਿਚ ਪੀਣ ਵਾਲੇ ਪਾਣੀ ਦੀ ਕਮੀ ਹੈ ਤੇ ਜ਼ਮੀਨ ਹੇਠਲਾ ਪਾਣੀ ਸਹੀ ਨਹੀਂ ਹੈ। ਬਹੁਤੇ ਪੇਂਡੂ ਪਰਿਵਾਰਾਂ ਪਾਸ ਖੇਤੀ ਅਧੀਨ ਰਕਬਾ ਮਸਾਂ ਪੰਜ ਕੁ ਏਕੜ ਰਹਿ ਗਿਆ ਹੈ। ਬਹੁਤੇ ਕਿਸਾਨਾਂ ਦੀ ਇਹ ਜ਼ਮੀਨ ਵੀ ਅੱਗੇ ਛੋਟੇ ਛੋਟੇ ਟੁਕੜਿਆਂ ਵਿਚ ਵੰਡੀ ਹੋਈ ਹੈ। ਮਾਲ ਵਿਭਾਗ ਦੇ ਗੁੰਝਲਦਾਰ ਤੌਰ ਤਰਕਿਆਂ ਕਾਰਨ ਮੁਸ਼ਤਰਕਾ ਖਾਤਿਆਂ ਦੀ ਤਕਸੀਮ ਹਾਲੇ ਤੀਕ ਸੌਖੀ ਨਹੀਂ, ਜਿਸ ਰਾਹੀਂ ਇਨ੍ਹਾਂ ਟੁਕੜਿਆਂ ਨੂੰ ਇੱਕ ਖੇਤ ਵਿਚ ਤਬਦੀਲ ਕਰ ਲਿਆ ਜਾਵੇ। ਇਨ੍ਹਾਂ ਖੇਤਾਂ ਦੀ ਕੁੱਲ ਪੈਦਾਵਾਰ ਘੱਟ ਹੁੰਦੀ ਹੈ, ਜਿਸ ਕਰਕੇ ਇਹ ਪਰਿਵਾਰ ਖੇਤੀ ਲਈ ਲੋੜੀਂਦੀਆਂ ਵਸਤਾਂ ਖਰੀਦਣ ਅਤੇ ਉੱਨਤ ਤਕਨੀਕਾਂ ਅਪਣਾਉਣ ਦੇ ਸਮਰੱਥ ਨਹੀਂ ਰਹਿੰਦੇ।
ਪੰਜਾਬ ਵਿਚ ਵਾਹੀਯੋਗ ਰਕਬੇ ਦਾ ਇੱਕ ਹਿੱਸਾ ਸੜਕਾਂ ਤੇ ਕਲੋਨੀਆਂ ਨੇ ਦੱਬ ਲਿਆ ਹੈ। ਇਸ ਦਾ ਮਿਲਿਆ ਇਵਜ਼ਾਨਾ ਕਿਸਾਨਾਂ ਨੂੰ ਵਕਤੀ ਤੌਰ ’ਤੇ ਕੋਠੀਆਂ-ਕਾਰਾਂ ਦਾ ਮਾਲਕ ਤਾਂ ਬਣਾ ਗਿਆ, ਪਰ ਇਸ ਦੇ ਦੂਰਰਸ ਸਿੱਟੇ ਬਹੁਤੇ ਸਾਰਥਿਕ ਨਹੀਂ ਨਿਕਲਣੇ। ਵਧੇਰੇ ਜ਼ਰਖ਼ੇਜ਼ ਜ਼ਮੀਨਾਂ, ਜਿਨ੍ਹਾਂ ਵਿਚ ਰਾਜਪੁਰਾ ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ ਆਦਿ ਦੀਆਂ ਜ਼ਮੀਨਾਂ ਸ਼ਾਮਲ ਹਨ, ਚਹੁੰ ਮਾਰਗੀ ਸੜਕਾਂ ਥੱਲੇ ਆ ਗਈਆਂ ਹਨ। ਬਾਈਪਾਸ ਵਾਲੇ ਸ਼ਹਿਰਾਂ ਵਿਚ ਖੇਤਾਂ ਦੇ ਚਾਰ-ਚਾਰ ਟੋਟੇ ਹੋ ਗਏ ਹਨ। ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਸੜਕਾਂ ਜਾਂ ਕਲੋਨੀਆਂ ਹੇਠ ਆ ਗਈ, ਉਨ੍ਹਾਂ ਸੁਨਾਮ, ਮਾਨਸਾ, ਬੁਡਲਾਢਾ ਆਦਿ ਸ਼ਹਿਰਾਂ ਵਿਚ ਸਸਤੇ ਭਾਅ ਜ਼ਮੀਨਾਂ ਤਾਂ ਖਰੀਦ ਲਈਆਂ, ਪਰ ਖੇਤੀ ਸਾਧਨਾਂ ਦੀ ਕਿੱਲਤ ਅਜੇ ਰੜਕਦੀ ਹੈ ਤੇ ਉਨ੍ਹਾਂ ਜ਼ਮੀਨਾਂ ਵਿੱਚੋਂ ਖੇਤੀ ਦਾ ਲਾਹੇਵੰਦਾ ਝਾੜ ਹਾਲੇ ਦੂਰ ਦੀ ਗੱਲ ਹੈ। ਇਹ ਤਾਂ ਮਹਿਜ਼ ਇੱਕ ਮਿਸਾਲ ਹੈ ਤੇ ਸਮੁੱਚੇ ਦੇਸ਼ ਦੇ ਕਿਸਾਨਾਂ ਦਾ ਇਹੋ ਹਾਲ ਹੈ, ਕਿਉਂਕਿ ਸੜਕਾਂ ਦੀ ਵਿਉਂਤਬੰਦੀ ਤੇ ਕਲੋਨਾਈਜ਼ਰਾਂ ਵੱਲੋਂ ਮੁਨਾਫੇ ਅਧੀਨ ਕੱਟੀਆਂ ਕਲੋਨੀਆਂ ਦਾ ਸਮੁੱਚੇ ਦੇਸ਼ ਵਿਚ ਜਾਲ ਬੁਣਿਆ ਪਿਆ ਹੈ। ਖੇਤੀ ਹੇਠ ਘਟ ਗਏ ਰਕਬੇ ਨੇ ਖੇਤੀ ਨਾਲ ਜੁੜੇ ਪਰਿਵਾਰਾਂ ਦੇ ਰੁਜ਼ਗਾਰ ਵਸੀਲੇ ਹੀ ਖਤਮ ਕਰ ਦਿੱਤੇ ਹਨ। ਹਾਲੇ ਤਰੋਤਾਜ਼ਾ ਮਿਲੇ ਸਰਮਾਏ ਦੇ ਗੱਫਿਆਂ ਨੇ ਭਾਵੇਂ ਉਨ੍ਹਾਂ ਦੀ ਅੱਖਾਂ ਚੁੰਧਿਆ ਰੱਖੀਆਂ ਹਨ, ਇਹ ਚਮਕ ਬਹੁਤਾ ਚਿਰ ਨਹੀਂ ਰਹਿਣ ਵਾਲੀ।
ਇਨ੍ਹਾਂ ਹਾਲਾਤ ਵਿਚ ਦੇਸ਼ ਦਾ ਨੌਜਵਾਨ ਕਿਹੜੀਆਂ ਉਮੀਦਾਂ ਨਾਲ ਖੇਤ ’ਚ ਪੈਰ ਧਰੇ ਤੇ ਹਲ਼ ਦੀ ਮੁੰਨੀ ਫੜੇ ਕਿਉਂਕਿ ਖੇਤੀ ਲਈ ਯੋਗ ਜ਼ਮੀਨਾਂ ਤੇ ਸਾਧਨਾਂ ਤੱਕ ਪਹੁੰਚ ਹਰ ਕਿਸੇ ਕਿਸਾਨ ਦੇ ਵੱਸ ਨਹੀਂ। ਡੂੰਘੇ ਬੋਰ, ਮਹਿੰਗੀ ਮਸ਼ੀਨਰੀ ਜਿਵੇਂ ਟਰੈਕਟਰ, ਟਰਾਲੀ, ਸੀਡ ਡਰਿੱਲ, ਥਰੈਸ਼ਰ ਆਦਿ ਤੋਂ ਇਲਾਵਾ ਹਾਰਵੈਸਟਰ ਕੰਬਾਈਨਾਂ ਦੇ ਕਿਰਾਏ ਖੇਤੀ ਨੂੰ ਕਿਸਾਨ ਲਈ ਘਾਟੇ ਦਾ ਵਣਜ ਬਣਾ ਰਹੇ ਹਨ।
ਪਿੰਡਾਂ ਦੀ ਮਜ਼ਬੂਤੀ ਲਈ ਪਿੰਡਾਂ ਵਿਚ ਚੰਗਾ ਵਿਦਿਆ ਪ੍ਰਬੰਧ ਜ਼ਰੂਰੀ ਹੈ। ਜੇ ਪੇਂਡੂ ਖੇਤਰ ਵਿਚ ਵਿਦਿਆ ਦਾ ਮਿਆਰ ਸ਼ਹਿਰਾਂ ਵਰਗਾ ਹੋਵੇਗਾ ਤਾਂ ਬਿਨਾਂ ਸ਼ੱਕ ਪੇਂਡੂ ਵਿਦਿਆਰਥੀ ਖੇਤੀ ਯੂਨੀਵਰਸਿਟੀਆਂ ਵਿਚ ਦਾਖਲ ਦੇ ਯੋਗ ਹੋ ਸਕਣਗੇ। ਖੇਤੀ ਮਾਹਿਰਾਂ ਨੇ ਭਾਵੇਂ ਇਹ ਸੁਝਾਅ ਪਹਿਲਾਂ ਹੀ ਸਰਕਾਰਾਂ ਦੇ ਧਿਆਨ ਗੋਚਰੇ ਰੱਖਿਆ ਸੀ ਪਰ ਸਰਕਾਰਾਂ ਤਾਂ ਸਰਕਾਰਾਂ ਨੇ। ਖੇਤੀ ਵਿਚ ਚੰਗੇ ਲਿਆਉਣ ਜਾਂ ਇਸ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਜ਼ਰੂਰੀ ਹੈ ਕਿ ਖੇਤੀਬਾੜੀ ਖੋਜ ਕਾਰਜਾਂ ਵਿਚ ਉਨ੍ਹਾਂ ਵਿਦਿਆਰਥੀਆਂ ਦੀ ਸ਼ਮੂਲੀਅਤ ਹੋਵੇ, ਜੋ ਸੱਚਮੁੱਚ ਖੇਤੀਬਾੜੀ ਨਾਲ ਵਾਹ-ਵਾਸਤਾ ਤੇ ਇਸ ਵਿਚ ਦਿਲਚਸਪੀ ਰੱਖਦੇ ਹੋਣ। ਹਾਈ ਤੇ ਹਾਇਰ ਸੈਕੰਡਰੀ ਜਮਾਤਾਂ ਵਿਚ ਖੇਤੀਬਾੜੀ ਵਿਗਿਆਨ ਨੂੰ ਲਾਜ਼ਮੀ ਵਿਸ਼ੇ ਵਜੋਂ ਸਿਲੇਬਸ ’ਚ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਕਿ ਬੱਚੇ ਇਹੋ ਨਾ ਸਮਝਦੇ ਰਹਿ ਜਾਣ ਕਿ ਭੋਜਨ ਤੇ ਇਸ ਨਾਲ ਸਬੰਧਤ ਵਸਤਾਂ ਸਟੋਰਾਂ ਵਿਚ ਹੀ ਤਿਆਰ ਹੁੰਦੀਆਂ ਹਨ। ਖੇਤੀਬਾੜੀ ਵਿਗਿਆਨ ਵਿਸ਼ੇ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣ ਨਾਲ ਖੇਤੀਬਾੜੀ ਯੂਨੀਵਰਸਿਟੀਆਂ ਵਿਚ ਇਸ ਪੱਖੋਂ ਵੱਧ ਤਜਰਬੇਕਾਰ ਵਿਦਿਆਰਥੀ ਪੁੱਜਣਗੇ।
ਨੌਜਵਾਨਾਂ ਨੂੰ ਦੇਸ਼ ਦਾ ਅਸਲ ਸਰਮਾਇਆ ਬਣਾਉਣ ਲਈ ਉਨ੍ਹਾਂ ਨੂੰ ਨਸ਼ਾਮੁਕਤ ਕਰਨਾ ਪਹਿਲੀ ਜ਼ਰੂਰਤ ਹੈ। ਨਾਲ ਹੀ ਖੇਤੀ ਲਾਗਤਾਂ ’ਚ ਕਮੀ ਹੋਣੀ ਤੇ ਜਿਣਸਾਂ ਦਾ ਲਾਹੇਵੰਦ ਭਾਅ ਮਿਲਣਾ ਲਾਜ਼ਮੀ ਹੈ। ਖੇਤੀਬਾੜੀ ਯੂਨੀਵਰਸਿਟੀਆਂ ਦੇ ਮਾਹਿਰਾਂ ਦੀਆਂ ਖੋਜਾਂ ਸਦਕਾ ਦੇਸ਼ ਵਿਚ ਆਏ ਹਰੀ ਇਨਕਲਾਬ ਨਾਲ ਖੇਤੀ ਉਤਪਾਦਨ ਵਿਚ ਆਜ਼ਾਦੀ ਤੋਂ ਬਾਅਦ ਸੰਨ 1965-66 ਤੱਕ 5 ਗੁਣਾ ਵਾਧਾ ਹੋਇਆ ਹੈ। ਨਵੇਂ ਈਜ਼ਾਦ ਕੀਤੇ ਗਏ ਬੀਜਾਂ ਸਦਕਾ ਅਨਾਜ ਪੈਦਾਵਾਰ ਦੇ ਅਥਾਹ ਵਾਧੇ ਨਾਲ ਦੇਸ਼ ਦੇ ਅੰਨ ਭੰਡਾਰ ਨੱਕੋ ਨੱਕ ਭਰ ਗਏ। ਝੋਨੇ ਤੇ ਕਣਕ ਦੀਆਂ ਪ੍ਰਮੁੱਖ ਫਸਲਾਂ ਨੇ ਜਿੱਥੇ ਇੱਕ ਵਾਰ ਕਿਸਾਨਾਂ ਨੂੰ ਖੁਸ਼ਹਾਲ ਜ਼ਿੰਦਗੀ ਦਾ ਸਵਾਦ ਚਖਾ ਦਿੱਤਾ ਹੈ, ਉੱਥੇ ਨਾਲ ਹੀ ਨਾਲ ਫਸਲੀ ਚੱਕਰ ’ਚ ਲੋੜੀਂਦੀਆਂ ਤਬਦੀਲੀਆਂ ਨਾ ਕਰਨ ਕਰ ਕੇ ਪਾਣੀ ਦਾ ਪੱਧਰ ਬਹੁਤ ਨੀਵਾਂ ਚਲਾ ਗਿਆ ਹੈ। ਇਸ ਕਰ ਕੇ ਮਹਿੰਗੇ ਭਾਅ ਦੇ ਬੋਰਾਂ ਨਾਲ ਪਾਣੀ ਦੀ ਥੁੜ੍ਹ ਪੂਰੀ ਕਰਨੀ ਕਿਸਾਨ ਦੀ ਮਜਬੂਰੀ ਬਣ ਗਿਆ। ਭਾਵ ਖੇਤੀ ਉੱਪਰ ਖ਼ਰਚ ਬਹੁਤ ਵਧ ਗਿਆ ਹੈ ਤੇ ਖੇਤੀ ਜਿਣਸਾਂ ਦੇ ਭਾਅ ਬਹੁਤ ਨਿਗੂਣੇ ਰਹਿ ਗਏ ਹਨ। ਇਸ ਕਰਕੇ ਕਿਸਾਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਕੇ ਖੁਦਕੁਸ਼ੀਆਂ ਦੇ ਰਾਹੇ ਪਏ ਹੋਏ ਹਨ ਤੇ ਕਿਸਾਨ ਦਾ ਪੜ੍ਹਿਆ-ਲਿਖਿਆ ਖੇਤੀ ਦੇ ਨੇੜੇ ਵੀ ਨਹੀਂ ਜਾਣਾ ਚਾਹੁੰਦਾ।
ਦੇਸ਼ ਦੀ ਜਵਾਨੀ ਖਾਸ ਕਰ ਕਿਸਾਨਾਂ ਦੇ ਪੁੱਤਰਾਂ ਦਾ ਮੂੰਹ ਖੇਤੀ ਧੰਦੇ ਮੋੜਨ ਲਈ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣਾ ਪਵੇਗਾ। ਕਿਸਾਨ ਦੀ ਆਰਥਿਕ ਦਸ਼ਾ ਸੁਧਾਰਨੀ ਪਵੇਗੀ। ਉਨ੍ਹਾ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣੀਆਂ ਪੈਣਗੀਆਂ ਤੇ ਸਵੈਮਾਣ ਵਧਾਉਣਾ ਪਵੇਗਾ। ਨਵੀਂ ਪੀੜ੍ਹੀ ਨੂੰ ਭਰੋਸਾ ਦਿਵਾਉਣਾ ਪਵੇਗਾ ਕਿ ਖੇਤੀ ਲਾਹੇਵੰਦ ਧੰਦਾ ਹੋਣ ਦੇ ਨਾਲ ਨਾਲ ਬੌਧਿਕ ਤੌਰ ‘ਤੇ ਵੀ ਸੰਤੁਸ਼ਟ ਕਰਦੀ ਹੈ। ਖੇਤੀਬਾੜੀ ਨੂੰ ਇੱਕ ਵਪਾਰ ਦੇ ਤੌਰ ‘ਤੇ ਵੀ ਉਚਿਆਉਣਾ ਜ਼ਰੂਰੀ ਹੈ।
‘ਨੈਸ਼ਨਲ ਕਮਿਸ਼ਨ ਆਨ ਫਾਰਮਰਜ਼’ ਨੇ ਡਾ. ਐਮ.ਐਸ. ਸਵਾਮੀਨਾਥਨ ਦੀ ਅਗਵਾਈ ਹੇਠ ਜਿਹੜੀਆਂ ਸਿਫਾਰਸ਼ਾਂ ਕਿਸਾਨੀ ਹਿੱਤਾਂ ਲਈ ਕੀਤੀਆਂ, ਉਨ੍ਹਾਂ ਨੂੰ ਲਾਗੂ ਕਰਨ ਵਿਚ ਝਿਜਕ ਕਿਉਂ ਹੈ? ਸਿਫਾਰਸ਼ਾਂ ਮੁਤਾਬਕ ਕਿਸਾਨਾਂ ਨੂੰ ਉਨ੍ਹਾ ਦੀਆਂ ਜਿਣਸਾਂ ਦੇ ਲਾਹੇਵੰਦ ਭਾਅ ਮਿਲਣੇ ਚਾਹੀਦੇ ਹਨ। ਜੇ ਫਸਲ ਪੱਕਣ ਤੋਂ ਬਾਅਦ ਦੀ ਤਕਨਾਲੋਜੀ ਅਤੇ ਮਾਰਕੀਟਿੰਗ ਵੱਲ ਧਿਆਨ ਦਿੱਤਾ ਜਾਵੇ ਤਾਂ ਖੇਤੀ ਲਾਹੇਵੰਦ ਧੰਦਾ ਬਣ ਸਕਦੀ ਹੈ। ਖੇਤੀ ਸਾਧਨਾਂ ਦੀ ਵਰਤੋਂ ਦੇ ਖਰਚਿਆਂ ਵਿਚ ਕਟੌਤੀ ਲਈ ਇਕੱਠੇ ਹੋ ਕੇ ਮਸ਼ੀਨਰੀ ਖਰੀਦ ਕੇ ਉਸਨੂੰ ਕਿਰਾਏ ‘ਤੇ ਦਿੱਤਾ ਜਾ ਸਕਦਾ ਹੈ। ਇਸ ਲਈ ਸਹਿਕਾਰੀ ਸਭਾਵਾਂ ਵਧੀਆ ਰੋਲ ਨਿਭਾ ਸਕਦੀਆਂ ਹਨ। ਕੁੱਝ ਪਿੰਡਾਂ ਵਿਚ ਅਜਿਹੇ ਕੰਮ ਸ਼ੁਰੂ ਵੀ ਹੋਏ ਹਨ ਪਰ ਸਰਕਾਰ ਨੇ ਇਸ ਨੂੰ ਹੁਲਾਰਾ ਦੇਣ ਲਈ ਕੁਝ ਨਹੀਂ ਕੀਤਾ। ਅਜਿਹੇ ਜ਼ਰੂਰੀ ਕਦਮ ਉਠਾ ਕੇ ਹੀ ਦੇਸ਼ ਦੇ ਨੌਜਵਾਨ ਨੂੰ ਖੇਤੀ ਦੇ ਧੰਦੇ ਵੱਲ ਆਕਰਸ਼ਿਤ ਕੀਤਾ ਜਾ ਸਕਦਾ ਹੈ।
-ਧਨੌਲਾ, ਜ਼ਿਲ੍ਹਾ ਬਰਨਾਲਾ।
ਸੰਪਰਕ: 98552-64144


Comments Off on ਜ਼ਰਾਇਤੀ ਕਿੱਤੇ ਤੋਂ ਮੂੰਹ ਮੋੜ ਰਹੀ ਪੰਜਾਬ ਦੀ ਜਵਾਨੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.