ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਜਦੋਂ ਅਸੀਂ ਭੂਤ ਫੜਿਆ…

Posted On September - 16 - 2019

ਅਮਰੀਕ ਸਿੰਘ ਦਿਆਲ
ਬਰਸਾਤ ਦੇ ਮੌਸਮ ਵਿਚ ਜਦੋਂ ਫਸਲਾਂ, ਖਾਸ ਕਰਕੇ ਮੱਕੀ ਜਿਉਂ ਜਿਉਂ ਵਧਦੀ ਜਾਂਦੀ ਹੈ, ਅਫਵਾਹਾਂ ਵੀ ਤੇਜ਼ੀ ਨਾਲ ਵਧਣ ਲੱਗ ਪੈਂਦੀਆਂ ਹਨ। ਪਿੰਡਾਂ ਵਿਚ ਚੋਰੀਆਂ ਅਤੇ ਬੰਦੇ ਘੁੰਮਣ ਦੀਆਂ ਸੁਣੀਆਂ-ਸੁਣਾਈਆਂ ਖਬਰਾਂ ਅਗਾਂਹ ਤੋਂ ਅਗਾਂਹ ਵੱਡੀਆਂ ਹੁੰਦੀਆਂ ਜਾਂਦੀਆਂ ਹਨ। ਠੀਕਰੀ ਪਹਿਰੇ ਦੇ ਹੁਕਮ ਵੀ ਆ ਜਾਂਦੇ ਹਨ। ਐਤਕੀਂ ਬੱਚੇ ਚੁੱਕਣ ਦੀਆਂ ਘਟਨਾਵਾਂ ਬਾਬਤ ਬਹੁਤ ਵਾਰ ਸੁਣਨ ਨੂੰ ਮਿਲਿਆ। ਪਿੰਡਾਂ ਦੇ ਸਪੀਕਰਾਂ ਤੋਂ ਮਾਪਿਆਂ ਨੂੰ ਅਜਿਹੀਆਂ ਘਟਨਾਵਾਂ ਤੋਂ ਖਬਰਦਾਰ ਰਹਿਣ ਦੇ ਹੋਕੇ ਵੀ ਦਿੱਤੇ ਗਏ। ਕਿਤੇ ਕਿਤੇ ਵਿਚਾਰੇ ਫੇਰੀ ਵਾਲੇ ਅਤੇ ਅਜਨਬੀ ਇਨ੍ਹਾਂ ਅਫਵਾਹਾਂ ਦਾ ਸ਼ਿਕਾਰ ਵੀ ਬਣੇ ਜਿਨ੍ਹਾਂ ਦਾ ਭੀੜ ਨੇ ਕੁੱਟ ਕੁੱਟ ਕੇ ਬੁਰਾ ਹਾਲ ਕਰ ਦਿੱਤਾ। ਇਨ੍ਹਾਂ ਘਟਨਾਵਾਂ ਦੀਆਂ ਨਵੀਆਂ-ਪੁਰਾਣੀਆਂ ਵੀਡੀਓਜ਼ ਦਾ ਵੀ ਆਦਾਨ-ਪ੍ਰਦਾਨ ਸੋਸ਼ਲ-ਮੀਡੀਆ ‘ਤੇ ਚੱਲਦਾ ਰਿਹਾ। ਇਨ੍ਹਾਂ ਅਫਵਾਹਾਂ ਦੌਰਾਨ ਪਿਛਲੇ ਸਾਲਾਂ ਦੀ ਘਟਨਾ ਮੇਰੇ ਚੇਤਿਆਂ ਵਿਚ ਤਾਜ਼ਾ ਹੋ ਗਈ।
ਬਰਸਾਤ ਦਾ ਮੌਸਮ ਸੀ। ਰਾਤ ਦੀ ਰੋਟੀ ਖਾ ਕੇ ਵਿਹਲੇ ਹੋ ਗਏ ਸਾਂ। ਸਮੇਂ ਦੀ ਸੂਈ ਸਾਢੇ ਨੌਂ ਅਤੇ ਦਸ ਵਿਚਕਾਰ ਸੀ। ਮੈਂ ਸੌਣ ਤੋਂ ਪਹਿਲਾਂ ਕੁੱਝ ਪੜ੍ਹਨ-ਲਿਖਣ ਦੇ ਮੂਡ ਵਿਚ ਸੀ। ਛੋਟਾ ਭਰਾ ਆਪਣੇ ਕੰਮ ਤੋਂ ਆ ਕੇ ਕੱਪੜੇ ਬਦਲ ਰਿਹਾ ਸੀ। ਭਾਦੋਂ ਦੇ ਮਹੀਨੇ ਦਾ ਮੁੜ੍ਹਕਾ ਆਪਣੇ ਰੰਗ ਦਿਖਾ ਰਿਹਾ ਸੀ। ਆਸਮਾਨ ‘ਤੇ ਬੱਦਲ ਸਨ ਪਰ ਮੌਸਮ ਗੁੰਮ-ਸੁੰਮ ਸੀ। ਗੁਆਂਢ ਵਾਲੇ ਪਾਸਿਓਂ ਕਿਸੇ ਨੇ ਆ ਕੇ ਦੱਸਿਆ ਕਿ ਅਬਾਦੀਆਂ ਤੋਂ ਹੇਠਲੇ ਕੱਚੇ ਗੋਹਰ ਵਾਲੇ ਖੇਤ ਵਿਚ ਕੋਈ ਸ਼ੈਅ ਹੈ; ਕਦੇ ਲਾਈਟ ਬਲ਼ ਜਾਂਦੀ ਹੈ, ਕਦੇ ਮੱਧਮ ਪੈ ਜਾਂਦੀ ਹੈ, ਤੇ ਕਦੇ ਇੰਜ ਲਗਦਾ ਹੈ ਕਿ ਬੁਝ ਗਈ ਹੈ, ਅਗਲੇ ਪਲ ਫਿਰ ਜਗ ਪੈਂਦੀ ਹੈ। ਪਿਛਲੇ ਦੋ ਘੰਟੇ ਤੋਂ ਇਹੀ ਹੋ ਰਿਹਾ ਹੈ। ਕੋਈ ਡਰਦਾ ਉੱਧਰ ਜਾ ਨਹੀਂ ਰਿਹਾ। ਦੱਬਵੀਂ ਆਵਾਜ਼ ਵਿਚ ਉਸ ਨੇ ਦੱਸਿਆ, “ਮੈਨੂੰ ਤਾਂ ਕੋਈ ਓਪਰੀ ਸ਼ੈਅ ਲਗਦੀ ਹੈ।” ਇੱਥੇ ਪਹਿਲਾਂ ਵੀ ਜਿੰਨ-ਭੂਤਾਂ ਦਾ ਵਾਸਾ ਸੁਣਦੇ ਹਾਂ।
ਓਪਰੀ ਸ਼ੈਅ ਵਾਲੀ ਗੱਲ ਸੁਣਦਿਆਂ ਸਾਰ ਅਸੀਂ ਦੋਵੇਂ ਭਰਾ ਜਿਸ ਪੁਜੀਸ਼ਨ ਵਿਚ ਸਾਂ, ਉੱਧਰ ਤੁਰ ਪਏ। ਪੈਰੀਂ ਚੱਪਲ, ਗਲ਼ ਬਨੈਣ, ਲੱਤਾਂ ਨੰਗੀਆਂ। ਕਾਹਲੀ ਵਿਚ ਇਹ ਵੀ ਭੁੱਲ ਗਏ ਕਿ ਬਰਸਾਤ ਦੇ ਮੌਸਮ ਵਿਚ ਸੌ ਕੀੜੇ-ਕੰਡੇ ਦਾ ਡਰ ਹੁੰਦਾ ਹੈ। ਮੱਕੀ ਦੇ ਖੇਤਾਂ ਵਿਚ ਤਾਂ ਦਿਨੇ-ਦੀਵੀਂ ਹਨ੍ਹੇਰਾ ਜਾਪਦਾ ਸੀ, ਹੁਣ ਤਾਂ ਫਿਰ ਵੀ ਰਾਤ ਸੀ। ਮੱਕੀ ਕੋਠੇ ਕੋਠੇ ਜਿੱਡੀ ਹੋ ਗਈ ਸੀ। ਸਾਡਾ ਬਚਪਨ ਭੂਤਾਂ-ਪ੍ਰੇਤਾਂ ਦੀਆਂ ਗੱਲਾਂ ਸੁਣਦਿਆਂ ਹੀ ਬੀਤਿਆ ਸੀ। ਸਕੂਲੀ ਪੜ੍ਹਾਈ ਦੌਰਾਨ ਇਹੋ-ਜਿਹੀਆਂ ਕਹਾਣੀਆਂ ਸਹਿਪਾਠੀਆਂ ਕੋਲੋਂ ਆਮ ਸੁਣਨ ਨੂੰ ਮਿਲ ਜਾਂਦੀਆਂ ਸਨ।
ਨੌਂਵੀਂ ਜਮਾਤ ਵਿਚ ਪੜ੍ਹਦਿਆਂ ਦੋ ਸੱਜਣ ਕਿਤਾਬਾਂ ਲੈ ਕੇ ਆਏ ਸਨ। ਸਾਡੇ ਅਧਿਆਪਕਾਂ ਦੀ ਇਜਾਜ਼ਤ ਨਾਲ ਉਨ੍ਹਾਂ ਨੌਂਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨਾਲ ਕੁੱਝ ਸਮਾਂ ਵਹਿਮਾਂ-ਭਰਮਾਂ ਬਾਰੇ ਗੱਲਾਂ ਕੀਤੀਆਂ ਅਤੇ ਫਿਰ ਆਪਣੀ ਮਨਪਸੰਦ ਦੀਆਂ ਕਿਤਾਬਾਂ ਖਰੀਦਣ ਲਈ ਪ੍ਰੇਰਿਆ। ਇਹ ਵੀ ਛੋਟ ਦਿੱਤੀ ਗਈ ਕਿ ਜਿਨ੍ਹਾਂ ਕੋਲ਼ ਪੈਸੇ ਨਹੀਂ, ਉਹ ਕੱਲ੍ਹ ਲੈ ਆਉਣ। ਇਸ ਛੋਟ ਦਾ ਲਾਹਾ ਲੈਂਦਿਆਂ ਮੈਂ ਨੁਮਾਇਸ਼ ਵਿਚੋਂ ‘ਤੇ ਦੇਵ ਪੁਰਸ਼ ਹਾਰ ਗਏ’ ਕਿਤਾਬ ਖਰੀਦੀ। ਸਿਲੇਬਸ ਤੋਂ ਬਾਹਰੀ ਇਹ ਮੇਰੀ ਪਹਿਲੀ ਕਿਤਾਬ ਸੀ। ਇਹ ਕਿਤਾਬ ਪੜ੍ਹਨ ਤੋਂ ਬਾਅਦ ਮੇਰੀ ਵਹਿਮਾਂ-ਭਰਮਾਂ ਬਾਰੇ ਸੋਚ ਵਿਚ ਤਬਦੀਲੀ ਆਈ। ਫਿਰ ਹੋਰ ਕਿਤਾਬਾਂ ਵੀ ਪੜ੍ਹੀਆਂ। ਵਹਿਮਾਂ-ਭਰਮਾਂ ਬਾਰੇ ਬਹਿਸ ਵਿਚ ਪੂਰਾ ਹਿੱਸਾ ਲੈਣ ਲੱਗ ਪਿਆ। ਮੇਰਾ ਪੱਖ ਵਿਰੋਧ ਵਿਚ ਹੁੰਦਾ। ਮਾਂ ਬਹੁਤ ਵਾਰ ਵਰਜਦੀ ਕਿ ਤੂੰ ਇਨ੍ਹਾਂ ਵਿਰੁੱਧ ਨਾ ਬੋਲਿਆ ਕਰ, ਤੈਨੂੰ ਇਨ੍ਹਾਂ ਲੋਕਾਂ ਦਾ ਪਤਾ ਨਹੀਂ।
ਭੂਤ ਫੜਨ ਜਾਂਦਿਆਂ ਕੱਚੇ ਗੋਹਰ ਵਿਚ ਇਹ ਸਭ ਗੱਲਾਂ ਯਾਦਾਂ ਦੀ ਪਟਾਰੀ ਵਿਚੋਂ ਬਾਹਰ ਆ ਗਈਆਂ। ਹੁਣ ਅਸੀਂ ਉਸ ਖੇਤ ਦੇ ਬੰਨੇ ਉੱਤੇ ਪਹੁੰਚ ਚੁੱਕੇ ਸਾਂ ਜਿਸ ਵਿਚ ਓਪਰੀ ਸ਼ੈਅ ਵੜੀ ਹੋਈ ਸੀ। ਅਸੀਂ ਬਿਨਾ ਝਿਜਕ ਖੇਤ ਵੱਲ ਵਧੇ। ਸੱਚਮੁੱਚ ਖੇਤ ਦੇ ਵਿਚਕਾਰ ਰੋਸ਼ਨੀ ਜਗ ਰਹੀ ਸੀ। ਰੋਸ਼ਨੀ ਤੱਕ ਪੁੱਜਣ ਲਈ ਭਰਾ ਮੇਰੇ ਨਾਲੋਂ ਵੀ ਕਾਹਲ਼ਾ ਸੀ। ਮੈਂ ਬੈਟਰੀ ਰੋਸ਼ਨੀ ਵੱਲ ਸੇਧਿਤ ਕੀਤੀ ਤਾਂ ਉਹ ਸਰੀਰ ਦੇ ਨੰਗੇ ਹਿੱਸੇ ਨੂੰ ਛੁਰੀ ਵਾਂਗ ਪੱਛਦੇ ਸੰਘਣੇ ਟਾਂਢਿਆਂ ਦੇ ਪੱਤਿਆਂ ਨੂੰ ਆਪਣੇ ਦੋਹਾਂ ਹੱਥਾਂ ਨਾਲ਼ ਲਾਂਭੇ ਕਰਦਾ ਹੋਇਆ ਉਸ ਰੋਸ਼ਨੀ ਤੱਕ ਜਾ ਅੱਪੜਿਆ।
ਫਿਰ ਮੇਰੇ ਕੁੱਝ ਬੋਲਣ ਤੋਂ ਪਹਿਲਾਂ ਹੀ ਉਹ ਬੋਲ ਪਿਆ, “ਲਓ ਜੀ, ਫੜ ਲਿਆ ਭੂਤ।” ਜਦੋਂ ਉਹ ਖੇਤ ‘ਚੋਂ ਬਾਹਰ ਆਇਆ ਤਾਂ ਉਸ ਦੇ ਹੱਥ ਵਿਚ ਇੱਕ ਸੈੱਲ, ਛੋਟਾ ਜਿਹਾ ਬਲਬ ਅਤੇ ਤਾਰ ਸੀ। ਇਹ ਛੱਲੀ ਦੇ ਟਾਂਢੇ ਨੂੰ ਲੱਗੇ ਬੁੱਗ ਨਾਲ ਲਟਕਾਇਆ ਹੋਇਆ ਸੀ। ਟਾਂਢਿਆਂ ਦੇ ਹਵਾ ਨਾਲ਼ ਹਿੱਲਣ ਕਰਕੇ ਕਦੇ ਇਹ ਮੱਧਮ ਅਤੇ ਕਦੇ ਬੁਝਦਾ ਪ੍ਰਤੀਤ ਹੁੰਦਾ ਸੀ। ਪਿਛਲੇ ਢਾਈ-ਤਿੰਨ ਘੰਟਿਆਂ ਤੋਂ ਭੂਤ ਬਾਰੇ ਅਫਵਾਹ ਵਾਲੀ ਬਿੱਲੀ ਹੁਣ ਥੈਲਿਓਂ ਬਾਹਰ ਆ ਚੁੱਕੀ ਸੀ। ਸਵੇਰੇ ਪਤਾ ਲੱਗਿਆ ਕਿ ਖੇਤ ਵਾਲੇ ਨੇ ਇਹ ਸਭ ਫਸਲ ਦੇ ਬਚਾਅ ਲਈ ਜਾਨਵਰਾਂ ਨੂੰ ਡਰਾਉਂਣ ਵਾਸਤੇ ਕੀਤਾ ਹੋਇਆ ਸੀ। ਖੇਤ ਵਾਲੇ ਨੇ ਗਿਲਾ ਕੀਤਾ ਸੀ, “ਭਾਅਜੀ, ਤੁਸੀਂ ਤਾਂ ਮੇਰਾ ਸਾਰਾ ਕੰਮ ਹੀ ਵਿਗਾੜ ਦਿੱਤਾ।”
ਸੰਪਰਕ: 94638-51568


Comments Off on ਜਦੋਂ ਅਸੀਂ ਭੂਤ ਫੜਿਆ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.