ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਛੋਟੇ ਮਨ ਦੀ ਬੇਚੈਨੀ

Posted On September - 1 - 2019

ਕਹਾਣੀਆਂ ਵਰਗੇ ਲੋਕ-9

ਪ੍ਰੇਮ ਗੋਰਖੀ

ਮੈਂ ਬਚਨੀ ਵੱਲ ਦੇਖ ਕੇ ਕੁਲਫੀਆਂ ਵੇਚਣੀਆਂ ਸ਼ੁਰੂ ਕੀਤੀਆਂ। ਬਚਨੀ ਕੋਲ ‘ਸ਼ਿਮਲਾ’ ਵਾਲਿਆਂ ਦੀ ਰੇਹੜੀ ਸੀ ਤੇ ਮੇਰੇ ਕੋਲ ‘ਜੈਂਟਲਮੈਨ’ ਵਾਲਿਆਂ ਦੀ। ਫੈਕਟਰੀਆਂ ਦੋਵੇਂ ਹੀ ਕਪੂਰਥਲਾ ਚੌਕ ਕੋਲ ਸਨ। ਮੈਂ ਅੱਠਵੀਂ ਦੇ ਪੇਪਰ ਦੇ ਕੇ ਵਿਹਲਾ ਸੀ, ਫਿਰ ਨਾਲ ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ। ਭਾਈਆ ਕਹਿੰਦਾ, ਤੂੰ ਮਿਸਤਰੀ ਚਰਨ ਸਿੰਹੁ ਨਾਲ ਕੰਮ ’ਤੇ ਜਾਇਆ ਕਰ, ਤੈਨੂੰ ਇੱਟਾਂ ਲਾਉਣੀਆਂ ਆਉਣ ਤੇ ਪਲੱਸਤਰ ਕਰਨਾ ਸਿੱਖ ਲਵੇਂ.. ਕਿੱਦਾਂ ਰਦੇ ਲਾਉਣੇ ਆਂ, ਸਾਲ੍ਹ ਕਿੱਦਾਂ ਫੜਨੀ ਆ, ਕਿੱਦਾਂ ਕੋਈ ਚੀਜ਼ ਗੁਣੀਏ ’ਚ ਰੱਖੀਦੀ ਆ, ਇਹ ਸਿੱਖ ਜਾਵੇਂ। ਪਰ ਮੈਨੂੰ ਮਿੱਟੀ-ਗਾਰੇ ਦਾ ਕੰਮ ਚੰਗਾ ਨਹੀਂ ਸੀ ਲੱਗਦਾ। ਕੁਲਫੀਆਂ ਵੇਚਣ ਵਾਲਾ ਸੁਥਰਾ ਕੰਮ ਸੀ, ਨਾਲ ਆਲਾ-ਦੁਆਲਾ ਘੁੰਮ-ਫਿਰ ਲੈਣਾ। ਫਾਟਕ ਤੋਂ ਲੈ ਕੇ ਚੁੂੰਗੀ ਤਕ ਘੁੰਮਣਾ, ਫਿਰ ਤਿੰਨ-ਚਾਰ ਮੁਹੱਲੇ ਗਾਹ ਲੈਣੇ।
ਉਦੋਂ ਮੈਨੂੰ ਇਕ ਗੱਲ ਦੀ ਸਮਝ ਨਹੀਂ ਸੀ ਆਉਂਦੀ ਕਿ ਬਚਨੀ ਦੀਆਂ ਕੁਲਫੀਆਂ ਦਿਨ ਖੜ੍ਹੇ ਖੜ੍ਹੇ ਹੀ ਕਿੱਦਾਂ ਵਿਕ ਜਾਂਦੀਆਂ ਹਨ। ਮੈਂ ਇਹੋ ਸਮਝਦਾ ਸੀ ਕਿ ਸ਼ਾਇਦ ‘ਸ਼ਿਮਲਾ’ ਵਾਲਿਆਂ ਦੀ ਕੁਲਫੀ ਬਹੁਤੀ ਸੁਆਦ ਹੁੰਦੀ ਹੈ। ਮੈਂ ਤੇ ਢੇਰੇ ਨੇ ਬਥੇਰੀ ਕੋਸ਼ਿਸ਼ ਕੀਤੀ (ਢੇਰਾ ਵੀ ਕੁਝ ਦਿਨ ਪਹਿਲਾਂ ਹੀ ਮੇਰੇ ਨਾਲ ਕੁਲਫੀ ਦੀ ਰੇਹੜੀ ਲਾਉਣ ਲੱਗਾ ਸੀ। ਮੈਂ ਤੇ ਢੇਰੇ ਨੇ ਬੜੀ ਭੱਜ-ਨੱਠ ਕੀਤੀ ਸੀ ਕਿ ਸਾਨੂੰ ‘ਸ਼ਿਮਲਾ’ ਵਾਲਿਆਂ ਦੀ ਰੇਹੜੀ ਮਿਲ ਜਾਏ, ਪਰ ਮਿਲੀ ਨਹੀਂ ਸੀ। ਮੇਰੇ ਕੋਲ ਰੋਜ਼ ਹੀ ਸ਼ਾਮ ਸਮੇਂ ਕੁਝ ਕੁਲਫੀਆਂ ਬਚ ਜਾਂਦੀਆਂ। ਤ੍ਰਿਕਾਲਾਂ ਤਕ ਰੇਹੜੀ ਵਿਚਲੀ ਬਰਫ਼ ਵੀ ਅਖੀਰ ਪਿਘਲ ਕੇ ਖੁਰ ਚੁੱਕੀ ਹੁੰਦੀ ਜਿਸ ਕਰਕੇ ਕੁਲਫੀਆਂ ਵੀ ਖੁਰਨੀਆਂ ਸ਼ੁਰੂ ਹੋ ਜਾਂਦੀਆਂ। ਮੈਨੂੰ ਨਹੀਂ ਸੀ ਪਤਾ ਮੇਰੇ ਕੋਲ ਕੁਲਫੀਆਂ ਬਚ ਕਿਉਂ ਰਹਿੰਦੀਆਂ ਹਨ। ਇਸ ਗੱਲ ਦਾ ਭੇਤ ਤਾਂ ਕਈ ਸਾਲਾਂ ਬਾਅਦ ਖਾਨੇ ਵਿਚ ਪਿਆ। ਬਚਨੀ ਦੀਆਂ ਕੁਲਫੀਆਂ ਕੋਈ ਬਹੁਤੀਆਂ ਸੁਆਦੀ ਨਹੀਂ ਸੀ ਹੁੰਦੀਆਂ। ਉਹ ਤਾਂ ਇਕ ਹੋਰ ਕਾਰਨ ਵਿਕਦੀਆਂ ਸਨ। (ਬਚਨੀ) ਅਰੋੜਿਆਂ ਦਾ ਮੁੰਡਾ ਸੀ, ਦੁਕਾਨ ਵਾਲੇ ਸੁੰਦਰ ਸਿੰਹੁ ਦਾ। ਉਹ ਸੁੰਦਰ ਸਿੰਘ ਦਾ ਵੱਡਾ ਮੁੰਡਾ ਸੀ। ਛੋਟਾ ਜੱਸਾ ਸੀ, ਜਸਵੰਤ ਸਿੰਘ। ਬਚਨੀ ਦਾ ਵੀ ਪੂਰਾ ਨਾਂ ਗੁਰਬਚਨ ਸਿੰਘ ਸੀ। ਸੁੰਦਰ ਸਿੰਘ ਤੇ ਉਹਦਾ ਛੋਟਾ ਭਰਾ ਹਰਬੰਸ ਦੇਸ਼ਵੰਡ ਵੇਲੇ ਪਾਕਿਸਤਾਨ ਤੋਂ ਉੱਜੜ ਕੇ ਮਾੜੇ ਹਾਲੀਂ ਇੱਧਰ ਆਏ ਸਨ। ਹਰਬੰਸ ਚਾਹ ਤੇ ਕਰਿਆਨੇ ਦੀ ਦੁਕਾਨ ਕਰਨ ਲੱਗਾ। ਸੁੰਦਰ ਸਿੰਘ ਨੇ ਵੀ ਕਰਿਆਨੇ ਦੀ ਦੁਕਾਨ ਪਾ ਲਈ। ਸੁੰਦਰ ਸਿੰਘ ਦਾ ਘਰ ਸੜਕ ਦੇ ਉਪਰ ਸੀ ਤੇ ਹਰਬੰਸ ਦਾ ਗਲੀ ਦੇ ਅੰਦਰ।
ਬਚਨੀ ਦੀ ਮਾਂ ਲਾਜੋ ਜਿਵੇਂ ਬਚਨੀ ਦੀ ਝਾਈ ਸੀ, ਸਾਡੀ ਸਾਰਿਆਂ ਦੀ ਵੀ ਝਾਈ ਸੀ। ਉਹ ਸਿੱਧੜ ਜਿਹੀ ਔਰਤ ਸੀ ਜਿਹੜੀ ਗਲੀ ਵਿਚ ਖਲੋ ਕੇ ਉੱਚੀ ਆਵਾਜ਼ ਵਿਚ ਗੱਲਾਂ ਕਰਦੀ, ਨਿਆਣਿਆਂ ਨੂੰ ਪਿਆਰ ਕਰਦੀ ਤੇ ਗਾਲ੍ਹਾਂ ਵੀ ਕੱਢਦੀ।

ਪ੍ਰੇਮ ਗੋਰਖੀ

ਸੁੰਦਰ ਸਿਹੁੰ ਦੀ ਦੁਕਾਨ ਤਾਂ ਕੋਈ ਬਹੁਤੀ ਨਹੀਂ ਸੀ ਚੱਲਦੀ, ਪਰ ਉਹਦਾ ਹੋਰ ਵੀ ਕਾਰੋਬਾਰ ਅੰਦਰਖਾਤੇ ਚੱਲਦਾ ਸੀ, ਪੈਸੇ ਵਿਆਜ ’ਤੇ ਦੇਣ ਦਾ। ਉਹ ਟੁੰਬ-ਛੱਲਾ ਰੱਖ ਕੇ ਵੀ ਪੈਸਾ ਦਿੰਦਾ ਸੀ। ਸਾਰੇ ਪਿੰਡ ਦੇ ਲੋੜਵੰਦਾਂ ਦੀਆਂ ਗਰਜ਼ਾਂ ਪੂਰੀਆਂ ਕਰਦਾ, ਪੈਸੇ ਦੇ ਸਿਰ ’ਤੇ। ਸੁੰਦਰ ਸਿੰਹੁ ਦੀ ਏਸੇ ਕਮਾਈ ਨੇ ਬਚਨੀ ਦੇ ਪੈਰ ਬੰਨ੍ਹ ਦਿੱਤੇ।
ਬਚਨੀ ਦੇਖਣ ਨੂੰ ਤਾਂ ਢਿੱਲੜ ਜਿਹਾ ਲੱਗਦਾ ਸੀ। ਪੜ੍ਹਿਆ ਵੀ ਐਵੇਂ ਗੁਜ਼ਾਰੇ ਜੋਗਾ ਹੀ ਸੀ। ਉਹਨੇ ਖਰਾਦ ਦਾ ਕੰਮ ਸਿੱਖਿਆ ਹੋਇਆ ਸੀ। ਸੁੰਦਰ ਸਿਹੁੰ ਨੇ ਪੈਸੇ ਖਰਚ ਕੇ ਉਹਨੂੰ ਖਰਾਦ ਲਾ ਦਿੱਤੀ, ਪਰ ਆਪਣੀ ਕਰਿਆਨੇ ਦੀ ਦੁਕਾਨ ਖਾਲੀ ਕਰਕੇ। ਸਾਲ ਕੁ ਬਾਅਦ ਹੀ ਬਚਨੀ ਨੇ ਇਕ ਭਾਈਵਾਲ ਨੂੰ ਨਾਲ ਲਿਆ ਕੇ ਇਕ ਖਰਾਦ ਹੋਰ ਲਾ ਲਈ। ਦੋ ਸਾਲਾਂ ਬਾਅਦ ਹੀ ਬਚਨੀ ਨੇ ਸੁੰਦਰ ਸਿਹੁੰ ਕੋਲੋਂ ਘਰ ਦਾ ਇਕ ਕਮਰਾ ਹੋਰ ਖਾਲੀ ਕਰਵਾ ਲਿਆ। ਉਸ ਕਮਰੇ ਵਿਚ ਦਫ਼ਤਰ ਬਣਾ ਲਿਆ। ਭਾਵੇਂ ਬਚਨੀ ਘੱਟ ਹੀ ਪੜ੍ਹਿਆ ਹੋਇਆ ਸੀ, ਪਰ ਉਹਨੇ ਕੰਮ ਪ੍ਰਤੀ ਅਜਿਹੀ ਨਿਸ਼ਠਾ ਦਿਖਾਈ ਸੀ ਕਿ ਕਾਮਯਾਬੀ ਉਹਦੇ ਪੈਰ ਚੁੰਮ-ਚੁੰਮ ਉਹਨੂੰ ਅੱਗੇ ਵਧਣ ਲਈ ਉਕਸਾਉਂਦੀ ਰਹਿੰਦੀ। ਰੱਬ ਜਾਣੇ ਕਿਹੜਾ ਅਲਾਦੀਨ ਦਾ ਚਿਰਾਗ਼ ਉਹਦੇ ਹੱਥ ਆ ਗਿਆ ਸੀ ਕਿ ਸਾਰਾ ਪਿੰਡ ਲਾਡੋਵਾਲੀ ਦੇਖਦਾ ਰਹਿ ਗਿਆ ਸੀ। ਹੁਣ ਤਾਂ ਉਹਨੇ ਆਪਣੇ ਘਰ ਤੋਂ ਲੈ ਕੇ ਵੱਡੀ ਗਲੀ ਤਕ ਲੱਗਦੀ ਜ਼ਮੀਨ ਖਰੀਦ ਲਈ। ਨਾਲ ਹੀ ਘਰਾਂ ਵਿਚਾਲੇ ਪਏ ਵੱਡੇ ਤੌੜ ਨੂੰ ਖਰੀਦ ਕੇ ਉੱਥੇ ਆਪਣੇ ਰਹਿਣ ਲਈ ਕੋਠੀ ਖੜ੍ਹੀ ਕਰ ਲਈ। ਲੋਕ ਕਹਿੰਦੇ ਸਨ ਕਿ ਬਚਨੀ ਦੀ ਵਹੁਟੀ ਕ੍ਰਿਸ਼ਨਾ ਹੀ ਭਾਗਾਂ ਵਾਲੀ ਆਈ ਹੈ ਜਿਹਦੇ ਪੈਰ ਘਰ ਵਿਚ ਪੈਂਦਿਆਂ ਹੀ ਘਰ ਦੀ ਮਿੱਟੀ ਵੀ ਸੋਨਾ ਬਣ ਗਈ ਹੈ।
ਬਚਨੀ ਪੂਰੇ ਸ਼ਹਿਰ ਲਈ ਬਾਬੂ ਗੁਰਬਚਨ ਸਿੰਘ ਸੀ ਜਾਂ ਕ੍ਰਿਸ਼ਨਾ ਫੈਕਟਰੀ ਦਾ ਮਾਲਕ, ਪਰ ਲਾਡੋਵਾਲੀ ਵਾਲਿਆਂ ਲਈ ਉਹ ਹਮੇਸ਼ਾ ਬਚਨੀ ਹੀ ਰਿਹਾ। ਉਹਦੇ ਘਰ ਜੁੱਤੀਆਂ ਗੰਢਣ ਵਾਲਾ ਹਰਾ ਤੇ ਪੈਂਚਰ ਲਾਉਣ ਵਾਲਾ ਜਿੰਦੂ ਕਦੇ ਵੀ ਆ ਜਾ ਸਕਦੇ ਸਨ।
ਬਚਨੀ ਦੇ ਘਰ ਦੀ ਪਿਛਲੀ ਗਲੀ ਵਿਚ ਰਹਿੰਦੇ ਈਸ਼ਰ ਦੀ ਗੱਲ ਸੁਣ ਲਓ। ਉਹ ਲੰਮੇ ਅਮਰੂ ਦਾ ਮੁੰਡਾ ਸੀ। ਲੰਮੇ ਅਮਰੂ ਨੇ ਲੰਮਾ ਸਮਾਂ ਰੇਲਵੇ ਵਿਚ ਨੌਕਰੀ ਕੀਤੀ। ਉਹਨੂੰ ਕੋਈ ਐਬ ਨਹੀਂ ਸੀ। ਉਹ ਪੂਰਨ ਹੋਰਾਂ ਦਾ ਭਾਣਜਾ ਲੱਗਦਾ ਸੀ ਜਿਨ੍ਹਾਂ ਨੇ ਉਹਨੂੰ ਜੰਡੂ ਸਿੰਘਾ ਤੋਂ ਲਿਆ ਕੇ ਰੇਲਵੇ ਵਿਚ ਭਰਤੀ ਕਰਾਇਆ। ਪਹਿਲਾਂ ਕਈ ਸਾਲ ਅਮਰੂ ਪੂਰਨ ਦੇ ਘਰ ਹੀ ਰਹਿੰਦਾ ਰਿਹਾ। ਵਿਆਹੇ ਜਾਣ ਤੋਂ ਬਾਅਦ ਉਹਨੇ ਪਲਾਟ ਲੈ ਕੇ ਘਰ ਬਣਾ ਲਿਆ। ਫਿਰ ਉਹਦੇ ਘਰ ਦੋ ਮੁੰਡੇ ਤੇ ਇਕ ਕੁੜੀ ਪੈਦਾ ਹੋਏ। ਉਹਦਾ ਵੱਡਾ ਮੁੰਡਾ ਈਸ਼ਰ ਬੜਾ ਲਾਇਕ ਨਿਕਲਿਆ। ਗਿਆਰਵੀਂ ਕਰਨ ਪਿੱਛੋਂ ਉਹ ਵਿਦੇਸ਼ ਵੱਲ ਨਿਕਲ ਗਿਆ ਤੇ ਨਿੱਠ ਕੇ ਪੈਸਾ ਕਮਾਇਆ। ਇਧਰ ਅਮਰੂ ਸੇਵਾਮੁਕਤ ਹੋ ਗਿਆ। ਈਸ਼ਰ ਕੋਲ ਜ਼ਰੂਰ ਲੱਖਾਂ ਰੁਪਿਆ ਜੁੜ ਗਿਆ ਹੋਣਾ ਜਿਹੜਾ ਉਹਨੇ ਜਲੰਧਰ ਪਹੁੰਚ ਕੇ ਬਾਡੀ ਬਿਲਡਰ ਦਾ ਕੰਮ ਸ਼ੁਰੂ ਕਰ ਲਿਆ। ਉਧਰ ਬਚਨੀ ਨੇ ਵੀ ਈਸ਼ਰ ਨਾਲ ਸਾਂਝ ਵਧਾ ਲਈ। ਈਸ਼ਰ ਨੇ ਚੌਗਿੱਟੀ ਪਿੰਡ ਦੇ ਕੋਲ ਕਨਾਲ ਸਾਰੀ ਥਾਂ ਲੈ ਕੇ ਬੱਸਾਂ ਦੀ ਵਰਕਸ਼ਾਪ ਖੋਲ੍ਹ ਲਈ। ਈਸ਼ਰ ਤਾਂ ਸਾਲਾਂ ਵਿਚ ਲੱਖਾਂਪਤੀ ਬਣ ਗਿਆ। ਇਹ ਜਿਹੜਾ ਪੈਸਾ ਹੈ ਇਹ ਚੰਗਿਆਂ ਨੂੰ ਚੰਗਾ ਬੜਾ ਬਣਾਉਂਦਾ ਹੈ ਤੇ ਮਾੜਿਆਂ ਦੇ ਪੈਰ ਵੀ ਛੇਤੀ ਉਖਾੜ ਦਿੰਦਾ ਹੈ। ਈਸ਼ਰ ਸ਼ਰਾਬ ਦਾ ਪਿਆਕੜ ਹੋ ਨਿਕਲਿਆ ਤੇ ਨਾਲ ਹੀ ਔਰਤ ਵੀ ਉਹਦੀ ਕਮਜ਼ੋਰੀ ਬਣ ਗਈ। ਉਹਨੇ ਗੁਆਂਢੀ ਤੇ ਧਨਾਢ ਹੋ ਚੁੱਕੇ ਬਚਨੀ ਵੱਲ ਦੇਖ ਕੇ ਵੀ ਕੋਈ ਸਮਝਦਾਰੀ ਨਹੀਂ ਸਿੱਖੀ।
ਲਓ ਤੁਹਾਨੂੰ ਇਕ ਦਿਨ ਦੀ ਗੱਲ ਦੱਸਾਂ। ਈਸ਼ਰ ਨੇ ਨਵੀਂ ਕਾਰ ਖਰੀਦੀ ਸੀ। ਮੂਰਖ ਬੰਦੇ ਨੇ ਕਾਰ ਗਲੀ ਦੇ ਮੂਹਰੇ ਅੜਾ ਦਿੱਤੀ। ਈਸ਼ਰ ਕੇ ਘਰ ਵੱਲ ਸਿਰਫ਼ ਬਚਨੀ ਕੋਲ ਹੀ ਦੋ ਕਾਰਾਂ ਸਨ। ਈਸ਼ਰ ਨੂੰ ਪਤਾ ਸੀ ਹੁਣ ਬਚਨੀ ਦਾ ਡਰਾਈਵਰ ਹੀ ਕਾਰ ਲੈ ਕੇ ਗਲੀ ’ਚੋਂ ਲੰਘੇਗਾ। ਉਹੀ ਗੱਲ ਹੋਈ। ਬਚਨੀ ਦਾ ਡਰਾਈਵਰ ਕਾਰ ਲੈ ਕੇ ਆ ਗਿਆ, ਪਰ ਕਾਰ ਲੰਘੇ ਕਿੱਧਰ ਦੀ? ਡਰਾਈਵਰ ਈਸ਼ਰ ਕੋਲ ਗਿਆ, ਈਸ਼ਰ ਪੂਰਾ ਸ਼ਰਾਬੀ। ਉਹ ਤਾਂ ਗੱਲ ਹੀ ਨਾ ਕਰੇ, ਐਵੇਂ ਯੱਭਲੀਆਂ ਮਾਰੀ ਜਾਵੇ। ਡਰਾਈਵਰ ਨੇ ਫੈਕਟਰੀ ਜਾ ਕੇ ਬਚਨੀ ਨੂੰ ਈਸ਼ਰ ਦੀ ਇਸ ਮਾੜੀ ਹਰਕਤ ਬਾਰੇ ਦੱਸਿਆ। ਬਚਨੀ ਸੁਣ ਕੇ ਬੋਲਣ ਲੱਗ ਪਿਆ। ਉਹ ਤਾਂ ਖੜ੍ਹਾ ਕਾਰ ਹੀ ਉਡੀਕ ਰਿਹਾ ਸੀ। ਫਿਰ ਉਹ ਗੁੱਸੇ ਵਿਚ ਡਰਾਈਵਰ ਨਾਲ ਤੁਰ ਪਿਆ, ਨਾਲ ਹੀ ਤਿੰਨ ਚਾਰ ਹੋਰ ਬੰਦੇ ਤੁਰ ਪਏ ਕਿ ਈਸ਼ਰ ਕਿਤੇ ਗੱਲ ਨਾ ਵਧਾ ਲਏ। ਲੱਗਦਾ ਇਉਂ ਸੀ ਕਿ ਅੱਜ ਈਸ਼ਰ ਦਾ ਕੁਟਾਪਾ ਹੋਇਆ ਲਓ। ਅੱਜ ਉਹਦਾ ਜ਼ਰੂਰ ਮੱਛਰ ਝਾੜਿਆ ਜਾਊ।
ਬਚਨੀ ਨੇ ਆ ਕੇ ਦੋਵੇਂ ਕਾਰਾਂ ਵੱਲ ਦੇਖਿਆ, ਘੜੀ ਭਰ ਖੜ੍ਹਾ ਦੇਖਦਾ ਰਿਹਾ। ਫਿਰ ਡਰਾਈਵਰ ਨੂੰ ਕੋਲ ਸੱਦਿਆ ਤੇ ਦੂਜੀ ਗਲੀ ’ਚੋਂ ਘੁੰਮ ਕੇ ਆਉਣ ਲਈ ਕਹਿ ਕੇ ਚੁੱਪ ਕਰਕੇ ਫੈਕਟਰੀ ਵੱਲ ਤੁਰ ਪਿਆ।
ਹੁਣ ਈਸ਼ਰ ਨੇ ਹੈਰਾਨ ਹੋ ਕੇ ਸ਼ਰਾਬੀ ਅੱਖਾਂ ’ਚੋਂ ਤੁਰੇ ਜਾਂਦੇ ਬਚਨੀ ਵੱਲ ਦੇਖਿਆ ਤੇ ਹੌਲੀ ਹੌਲੀ ਕਾਰ ’ਚੋਂ ਬਾਹਰ ਆ ਗਿਆ… ਸ਼ਰਾਬੀ ਹੋਏ ਦੀਆਂ ਅੱਖਾਂ ਵੀ ਖੁੱਲ੍ਹ ਨਹੀਂ ਸਨ ਰਹੀਆਂ। ਉਹਨੇ ਹੁਣ ਪਿਛਾਂਹ ਪਰਤ ਕੇ ਦੇਖਿਆ ਤੇ ਉੱਚੀ ਉੱਚੀ ਰੋਣ ਲੱਗ ਪਿਆ। ਉਹਨੂੰ ਐਵੇਂ ਲੱਗਿਆ ਜਿਵੇਂ ਕਈ ਜਣਿਆਂ ਨੇ ਉਹਦੇ ਮੂੰਹ ’ਤੇ ਚਪੇੜਾਂ ਮਾਰੀਆਂ ਹੋਣ।
ਸੰਪਰਕ: 98555-91762


Comments Off on ਛੋਟੇ ਮਨ ਦੀ ਬੇਚੈਨੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.