ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਚਿੜੀ ਵਿਚਾਰੀ ਕੀ ਕਰੇ!

Posted On September - 15 - 2019

ਜਗਦੀਸ਼ ਕੌਰ ਮਾਨ
ਘਰ ਦਾ ਮੁੱਖ ਦਰਵਾਜ਼ਾ ਹੀ ਘਰ ਦੀ ਤਰਸਯੋਗ ਹਾਲਤ ਬਿਆਨ ਕਰਦਾ ਸੀ। ਐਵੇਂ ਤਿੰਨ ਕੁ ਮੰਜਿਆਂ ਜੋਗਾ ਵਿਹੜਾ। ਵਿਹੜੇ ’ਚ ਖੜ੍ਹਾ ਜਾਮਣ ਦਾ ਦਰੱਖਤ ਤੇ ਨਲਕੇ ਕੋਲ ਆਪੇ ਉੱਗਿਆ ਤੂਤ ਦਾ ਦਰੱਖਤ। ਬਿਨਾਂ ਗਾਰੇ ਚੂਨੇ ਤੋਂ ਇੱਟਾਂ ਚਿਣ ਕੇ ਕੀਤੀ ਹੋਈ ਛੋਟੀ ਬੇਢੱਬੀ ਜਿਹੀ ਕੰਧ ਇਸ ਘਰ ਨੂੰ ਗੁਆਂਢੀਆਂ ਦੇ ਵਿਹੜੇ ਤੋਂ ਵੱਖ ਕਰਦੀ ਸੀ।
ਇਹ ਮਕਾਨ ਮੇਰੇ ਭਰਾ ਦੇ ਘਰ ਦੇ ਬਿਲਕੁਲ ਸਾਹਮਣੇ ਸੀ, ਪਰ ਮੈਂ ਕਦੇ ਉਸ ਵੱਲ ਧਿਆਨ ਨਹੀਂ ਸੀ ਦਿੱਤਾ। ਬੱਸ ਭਰਾ ਦੇ ਘਰ ਜਾਣਾ ਤੇ ਉੱਥੋਂ ਹੀ ਮੁੜ ਆਉਣਾ। ਇਕ ਦਿਨ ਅਸੀਂ ਨਣਦ-ਭਰਜਾਈ ਘਰੇਲੂ ਦੁੱਖ-ਸੁੱਖ ਕਰਨ ਵਿਚ ਮਗਨ ਸਾਂ ਕਿ ਮੇਰੀ ਭਾਬੀ ਦੇ ਫੋਨ ਦੀ ਘੰਟੀ ਵੱਜੀ। ਹੈਲੋ ਕਹਿਣ ’ਤੇ ਦੂਜੇ ਪਾਸਿਉਂ ਲੰਮੀ ਗੱਲਬਾਤ ਸ਼ੁਰੂ ਹੋ ਗਈ। ਉਹ ਲੰਮੀ ਕਾਲ ਮੇਰਾ ਸਮਾਂ ਚੁਰਾ ਰਹੀ ਸੀ। ਮੇਰੀ ਝੁੰਜਲਾਹਟ ਨੂੰ ਮਹਿਸੂਸ ਕਰਦਿਆਂ ਭਰਜਾਈ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਘਰ ਮਹਿਮਾਨ ਆਏ ਹੋਏ ਹਨ, ਬਾਕੀ ਗੱਲਾਂ ਆਪਾਂ ਫੇਰ ਕਰਾਂਗੇ।
ਮੇਰੇ ਪੁੱਛਣ ’ਤੇ ਭਰਜਾਈ ਨੇ ਦੱਸਿਆ, ‘‘ਆਪਣੀ ਸਾਹਮਣੇ ਵਾਲੀ ਗੁਆਂਢਣ ਦਾ ਫੋਨ ਸੀ। ਇਨ੍ਹਾਂ ਦਾ ਪਿੰਡ ਤੁਹਾਡੇ ਪਿੰਡ ਦੇ ਨੇੜੇ ਹੀ ਹੈ। ਵਿਚਾਰਿਆਂ ਨੇ ਮਸਾਂ ਇਹ ਸੌ ਕੁ ਗਜ਼ ਦਾ ਪਲਾਟ ਲੈ ਕੇ ਸਿਰ ਢਕਣ ਜੋਗੀ ਛੱਤ ਪਾਈ ਸੀ। ਅਖੇ, ਸ਼ਹਿਰ ਵਿਚ ਨਾਲੇ ਤਾਂ ਨਿਆਣੇ ਪੜ੍ਹ ਜਾਣਗੇ ਤੇ ਨਾਲੇ ਨਸ਼ਿਆਂ ਤੋਂ ਬਚੇ ਰਹਿਣਗੇ। ਸਾਰੇ ਬੱਚੇ ਪੜ੍ਹਾਈ ਵਿਚ ਹੁਸ਼ਿਆਰ ਹਨ। ਵੱਡੇ ਮੁੰਡੇ ਨੇ ਪਿਛਲੇ ਸਾਲ ਬਾਰ੍ਹਵੀਂ ਬਹੁਤ ਵਧੀਆ ਨੰਬਰ ਲੈ ਕੇ ਪਾਸ ਕਰ ਲਈ ਸੀ ਤੇ ਆਈਲੈਟਸ ਕਰਨ ਦੀ ਜ਼ਿੱਦ ਕਰਨ ਲੱਗਿਆ। ਇਹਨੇ ਔਖੀ ਸੌਖੀ ਨੇ ਆਈਲੈਟਸ ਕਰਾ ਦਿੱਤੀ। ਮੁੰਡੇ ਦੇ ਕੈਨੇਡਾ ਪਹੁੰਚਣ ਦੀ ਸ਼ਰਤ ਜੋਗੇ ਬੈਂਡ ਆ ਗਏ। ਘਰ ਵਿਚ ਅਤਿ ਦੀ ਤੰਗੀ ਸੀ। ਵਿਚਾਰੀ ਵਿਧਵਾ ਔਰਤ ਨੇ ਕੋਈ ਰਿਸ਼ਤੇਦਾਰੀ ਨਹੀਂ ਛੱਡੀ ਜਿੱਥੋਂ ਪੈਸੇ ਉਧਾਰ ਨਾ ਲਏ ਹੋਣ। ਔਖੀ ਸੌਖੀ ਨੇ ਮੁੰਡਾ ਕੈਨੇਡਾ ਤੋਰ ਦਿੱਤਾ। ਅਜੇ ਮੁੰਡੇ ਗਏ ਨੂੰ ਦੋ ਮਹੀਨੇ ਵੀ ਨਹੀਂ ਹੋਏ ਕਿ ਦੂਜੇ ਸਮੈਸਟਰ ਦੀ ਫੀਸ ਭਰਨ ਦਾ ਸੁਨੇਹਾ ਆ ਗਿਆ। ਮਾਂ ਦੇ ਸਾਹ ਸੂਤੇ ਪਏ ਹਨ। ਕਿਤੇ ਵੀ ਹੱਥ ਨਾ ਪੈਂਦਾ ਦੇਖ ਕੇ ਉਸ ਨੇ ਇਹ ਮਕਾਨ ਵੇਚਣ ਦੀ ਸੋਚ ਲਈ। ਆਪ ਉਹ ਨਿਆਣੇ ਲੈ ਕੇ ਪਿੰਡ ਵਾਲੇ ਘਰ ਚਲੀ ਗਈ ਹੈ। ਚਾਬੀ ਮੈਨੂੰ ਫੜਾ ਗਈ ਸੀ ਕਿ ਭੈਣ ਜੇ ਕੋਈ ਗਾਹਕ ਆਵੇ ਤਾਂ ਜਿੰਦਾ ਖੋਲ੍ਹ ਕੇ ਮਕਾਨ ਵਿਖਾ ਦਿਆ ਕਰੀਂ। ਹੁਣ ਇਸੇ ਬਾਰੇ ਉਸ ਦਾ ਫੋਨ ਆਇਆ ਸੀ। ਫੋਨ ਤਾਂ ਉਹ ਰੋਜ਼ ਹੀ ਕਰਦੀ ਐ। ਏਧਰ ਮਕਾਨ ਨਹੀਂ ਵਿਕਦਾ ਤੇ ਉਧਰੋਂ ਮੁੰਡੇ ਦੇ ਫੀਸ ਭਰਨ ਬਾਬਤ ਰੋਜ਼ ਫੋਨ ਆਉਂਦੇ ਨੇ।’’
‘‘ਮਕਾਨ ਦੇ ਕਿੰਨੇ ਕੁ ਪੈਸੇ ਮੰਗਦੀ ਹੈ?’’ ਮੇਰੇ ਪੁੱਛਣ ’ਤੇ ਭਾਬੀ ਨੇ ਦੱਸਿਆ, ‘‘ਉਹ ਤਾਂ ਪੰਜ ਲੱਖ ਮੰਗਦੀ ਏ, ਪਰ ਜਾਇਦਾਦ ਦੇ ਭਾਅ ਲਗਾਤਾਰ ਡਿੱਗ ਰਹੇ ਨੇ। ਸਾਢੇ ਚਾਰ ਲੱਖ ਦੇ ਇਕ ਦੋ ਗਾਹਕ ਆਏ ਸਨ। ਬੱਸ ਦੇਖ ਕੇ ਹੀ ਮੁੜ ਗਏ। ਹੁਣ ਸਾਡੇ ਘਰਾਂ ਕੋਲ ਟਰੀਟਮੈਂਟ ਪਲਾਂਟ ਬਣ ਰਿਹਾ ਹੈ, ਇਸ ਲਈ ਕੀਮਤਾਂ ਹੋਰ ਥੱਲੇ ਚਲੀਆਂ ਗਈਆਂ ਹਨ। ਹੁਣ ਤਾਂ ਤਿੰਨ ਲੱਖ ਦੇ ਗਾਹਕ ਹੀ ਆਉਂਦੇ ਹਨ। ਉਧਰੋਂ ਮੁੰਡੇ ਦੀ ਫੀਸ ਚਾਰ ਲੱਖ ਭਰਨੀ ਹੈ, ਵਿਚਾਰੀ ਬਹੁਤ ਫ਼ਿਕਰਮੰਦ ਹੈ।’’
ਭਾਬੀ ਅੱਗੋਂ ਬੋਲੀ, ‘‘ਉਹ ਮੈਨੂੰ ਕਹਿ ਕੇ ਗਈ ਸੀ ਕਿ ਤੂਤ ਤੇ ਜਾਮਣ ਨੂੰ ਪਾਣੀ ਪਾ ਦਿਆਂ ਕਰੀਂ। ਚੱਲ ਆ! ਆਪਾਂ ਦੋ ਬਾਲਟੀਆਂ ਪਾਣੀ ਦੀਆਂ ਪਾ ਆਈਏ।’’ ਅਸੀਂ ਪਹਿਲਾਂ ਪਾਣੀ ਪਾ ਕੇ ਨਲਕੇ ਦਾ ਉਤਰਿਆ ਹੋਇਆ ਪਾਣੀ ਚੜ੍ਹਾਇਆ। ਜ਼ੋਰ ਜ਼ੋਰ ਨਾਲ ਪੰਪ ਗੇੜ ਕੇ ਪਾਣੀ ਚਾਲੂ ਕੀਤਾ। ਨਲਕਾ ਬੜਾ ਸੋਹਣਾ ਚੱਲ ਪਿਆ। ਦੋਵੇਂ ਦਰੱਖਤਾਂ ਨੂੰ ਦੋ ਦੋ ਬਾਲਟੀਆਂ ਪਾਣੀ ਦੀਆਂ ਪਾ ਕੇ ਅਸੀਂ ਘਰ ਪਹੁੰਚ ਗਈਆਂ, ਪਰ ਮੇਰੇ ਜ਼ਿਹਨ ਵਿਚ ਉਸ ਗੁਆਂਢਣ ਔਰਤ ਦੀ ਮਜਬੂਰੀ ਘੁੰਮਦੀ ਰਹੀ।
ਮਹੀਨੇ ਕੁ ਬਾਅਦ ਫਿਰ ਭਰਾ ਦੇ ਘਰ ਜਾਣ ਦਾ ਸਬੱਬ ਬਣ ਗਿਆ। ਮੈਂ ਮਕਾਨ ਵਿਕਣ ਬਾਰੇ ਪੁੱਛਿਆ ਤਾਂ ਭਾਬੀ ਨੇ ਦੱਸਿਆ, ‘‘ਭੈਣੇ! ਗਰੀਬਣੀ ਦੀ ਰੱਬ ਨੇ ਸੁਣ ਲਈ ਹੈ। ਇਹ ਮਕਾਨ ਨਾਲ ਦੇ ਗੁਆਂਢੀਆਂ ਨੇ ਹੀ ਖਰੀਦ ਲਿਆ। ਸੋਚਦੇ ਹੋਣਗੇ, ਖੌਰੇ ਕਿਹੋ ਜਿਹੇ ਬੰਦੇ ਨੇ ਖਰੀਦਣਾ ਹੈ, ਕਿਹੋ ਜਿਹਾ ਗੁਆਂਢ ਆਵੇ। ਇਸ ਨਾਲੋਂ ਤਾਂ ਚਾਰ ਪੈਸੇ ਵੱਧ ਖਰਚੇ ਹੀ ਚੰਗੇ ਰਹਿਣਗੇ। ਉਨ੍ਹਾਂ ਨੇ ਸਾਢੇ ਚਾਰ ਲੱਖ ’ਚ ਖਰੀਦ ਲਿਆ। ਜੁਆਕ ਦੀ ਫੀਸ ਦਾ ਪ੍ਰਬੰਧ ਹੋ ਗਿਆ। ਬੱਸ ਏਨਾ ਹੀ ਬਹੁਤ ਹੈ ਕਿ ਹਾਲ ਦੀ ਘੜੀ ਕੰਮ ਸਰ ਗਿਆ। ਫੇਰ ਦੀ ਫੇਰ ਦੇਖੀ ਜਾਊ।’’
ਮੈਂ ਮਨ ’ਚ ਹਿਸਾਬ ਕਿਤਾਬ ਲਾਉਣ ਲੱਗੀ ਕਿ ਇਹ ਤਾਂ ਦੂਜੇ ਸਮੈਸਟਰ ਦੀ ਫੀਸ ਹੈ ਤੇ ਦੋ ਸਮੈਸਟਰ ਅਜੇ ਹੋਰ ਪਏ ਹਨ। ਉਸ ਕੋਲ ਤਾਂ ਕੋਈ ਹੋਰ ਜਾਇਦਾਦ ਵੀ ਨਹੀਂ। ਕੀ ਕਰੇਗੀ ਵਿਚਾਰੀ! ਉਹਨੇ ਕਾਹਨੂੰ ਅੱਡੀਆਂ ਚੁੱਕ ਕੇ ਫਾਹਾ ਲੈਣਾ ਸੀ? ਉਹਨੇ ਕਾਹਨੂੰ ਮੁੰਡਾ ਕੈਨੇਡਾ ਭੇਜਣਾ ਸੀ! ਇਨਸਾਨ ਨੂੰ ਆਪਣੀ ਪਰੋਖੋਂ ਦਾ ਪਤਾ ਹੀ ਹੁੰਦਾ ਹੈ। ਪਰ ਦੂਜੇ ਹੀ ਪਲ ਦਿਮਾਗ਼ ਨੇ ਮਨ ਨੂੰ ਲਾਹਣਤ ਭੇਜੀ, ਹੋਰ ਕੀ ਕਰਦੀ ਵਿਚਾਰੀ? ਇੱਥੇ ਕਿਹੜਾ ਪੜ੍ਹੇ-ਲਿਖੇ ਨੌਜਵਾਨਾਂ ਨੂੰ ਸਰਕਾਰ ਨੌਕਰੀਆਂ ਦਿੰਦੀ ਹੈ? ਨਹੀਂ ਤਾਂ ਕਿਸ ਦਾ ਦਿਲ ਕਰਦਾ ਹੈ ਨਿਆਣਿਆਂ ਨੂੰ ਘਰੋਂ ਕੱਢਣ ਨੂੰ? ਮਜ਼ਬੂਰ ਹੋਏ ਮਾਪਿਆਂ ਨੇ ਬੱਚਿਆਂ ਨੂੰ ਸੈੱਟ ਕਰਨ ਲਈ ਕੋਈ ਖੂਹ ਤਾਂ ਪੁੱਟਣਾ ਹੀ ਹੋਇਆ।
ਸੰਪਰਕ: 98722-21504


Comments Off on ਚਿੜੀ ਵਿਚਾਰੀ ਕੀ ਕਰੇ!
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.