ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਸਵਾਮੀ ਨੇ ਪੁਰਾਣਾ ਰਿਕਾਰਡ ਕੱਢ ਕਾਂਗਰਸ ’ਤੇ ਨਿਸ਼ਾਨਾ ਸਾਧਿਆ !    ਨਾਗਰਿਕਤਾ ਬਿੱਲ ਦਾ ਡੇਢ ਕਰੋੜ ਲੋਕਾਂ ਨੂੰ ਲਾਭ ਹੋਵੇਗਾ: ਸੰਘ !    ਹਾਈਪਰਲੂਪ ਪ੍ਰਾਜੈਕਟ ਬਾਰੇ ਊਧਵ ਨਾਲ ਮੁਲਾਕਾਤ ਕਰਨਗੇ ਬ੍ਰੈਨਸਨ !    ਵਕੀਲਾਂ ਵੱਲੋਂ ਲਾਹੌਰ ਦੇ ਹਸਪਤਾਲ ’ਚ ਭੰਨਤੋੜ, ਪੰਜ ਮਰੀਜ਼ਾਂ ਦੀ ਮੌਤ !    ਪਾਕਿ ਅਦਾਲਤ ਵੱਲੋਂ ਹਾਫ਼ਿਜ਼ ਸਈਦ ਖ਼ਿਲਾਫ਼ ਦੋਸ਼ ਆਇਦ !    

ਘੜਾ ਵੱਜਦਾ ਘੜੋਲੀ ਵੱਜਦੀ…

Posted On September - 7 - 2019

ਡਾ. ਪ੍ਰਿਤਪਾਲ ਸਿੰਘ ਮਹਿਰੋਕ

ਘੜਾ ਮਨੁੱਖ ਵੱਲੋਂ ਸਿਰਜੀ ਗਈ ਮਹੱਤਵਪੂਰਨ ਵਸਤੂ ਹੈ। ਘੜੇ ਦੀ ਸਿਰਜਣਾ ਮਨੁੱਖ ਦੀਆਂ ਬੁਨਿਆਦੀ ਲੋੜਾਂ ਵਿਚੋਂ ਕੁਝ ਅਹਿਮ ਲੋੜਾਂ ਦੀ ਪੂਰਤੀ ਕਰਨ ਲਈ ਇਕ ਸੰਦ ਵਜੋਂ ਕੀਤੀ ਗਈ ਹੋਵੇਗੀ। ਘੜੇ ਦਾ ਮਨੁੱਖੀ ਸਮਾਜ ਤੇ ਲੋਕ ਸੱਭਿਆਚਾਰ ਵਿਚ ਇਸ ਹੱਦ ਤਕ ਮਹੱਤਵ ਪਾਇਆ ਜਾਂਦਾ ਹੈ ਕਿ ਉਹ ਮਹਿਜ਼ ਇਕ ਵਸਤੂ ਨਾ ਰਹਿ ਕੇ ਆਪਣੀ ਕਾਇਆ ਅੰਦਰ, ਆਪਣੀ ਰੂਪ ਬਣਤਰ ਅੰਦਰ, ਆਪਣੇ ਵਜੂਦ ਅੰਦਰ ਤੇ ਆਪਣੇ ਗੁਣਾਂ ਆਦਿ ਸਦਕਾ ਬਹੁਤ ਡੂੰਘੇ ਅਰਥ ਗ੍ਰਹਿਣ ਕਰ ਜਾਂਦਾ ਹੈ। ਇਸੇ ਲਈ ਮਨੁੱਖ ਉਸ ਨੂੰ ਬਹੁਅਰਥੀ ਪ੍ਰਤੀਕ ਦੇ ਤੌਰ ’ਤੇ ਸਵੀਕਾਰ ਕਰ ਲੈਂਦਾ ਹੈ।
ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਅਨੁਸਾਰ ‘ਮਿੱਟੀ ਦੇ ਸਾਧਾਰਨ ਜਿਹੇ ਘੜੇ ਨਾਲ ਪੰਜਾਬੀਆਂ ਦੀ ਵੰਨ-ਸੁਵੰਨੀ ਸੱੱਭਿਆਚਾਰਕ ਪਛਾਣ ਤੇ ਲੋਕਧਾਰਾ ਜੁੜੀ ਹੋਈ ਹੈ। ਵਿਆਹ ਦੇ ਸਮੇਂ ਜਦੋਂ ਕੰਨਿਆ ਨੂੰ ਛੰਦੜੀਆਂ ’ਤੇ ਬਿਠਾਇਆ ਜਾਂਦਾ ਹੈ ਤਾਂ ਉਸ ਕੋਲ ਤਿੰਨ ਘੜੋਲੀਆਂ ਰੱਖੀਆਂ ਜਾਂਦੀਆਂ ਹਨ। ਵਿਆਹ ਨਾਲ ਸਬੰਧਤ ਕੁਝ ਹੋਰ ਰੀਤਾਂ-ਰਸਮਾਂ ਜਿਹਾ ਕਿ ਘੜੋਲੀ ਭਰਨੀ, ਘੜਾ-ਘੜੋਲੀ ਖੇਡਣਾ ਆਦਿ ਵੇਲੇ ਘੜੇ ਤੇ ਜਲ ਦਾ ਹੀ ਸ਼ਗਨ ਕੀਤਾ ਜਾਂਦਾ ਹੈ। ਪੰਜਾਬੀ ਲੋਕਧਾਰਾ ਵਿਚ ਘੜਾ ਜੀਵ ਦੇ ਸਰੀਰ ਦਾ ਬੋਧ ਵੀ ਕਰਵਾਉਂਦਾ ਹੈ, ਟੁੱਟਾ ਘੜਾ ਕਾਲ ਦਾ ਚਿੰਨ੍ਹ ਹੈ।’

ਡਾ. ਪ੍ਰਿਤਪਾਲ ਸਿੰਘ ਮਹਿਰੋਕ

ਹੁਣ ਘੜਾ ਅਤੇ ਘੜੇ ਦਾ ਪਾਣੀ ਬਹੁਤੀਆਂ ਹਾਲਤਾਂ ਵਿਚ ਬੇਸ਼ੱਕ ਸਮਾਜ ਦੇ ਕੁਝ ਹਿੱਸੇ ਦੇ ਜੀਵਨ ਦਾ ਭਾਗ ਨਹੀਂ ਰਿਹਾ, ਫਿਰ ਵੀ ਘੜੇ ਦਾ ਮਹੱਤਵ ਇਸ ਸਮਾਜ ਅਤੇ ਸੱਭਿਆਚਾਰ ਦੇ ਚੇਤਿਆਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਜ਼ਰੂਰ ਵਸਿਆ ਹੋਇਆ ਹੈ। ਘੜੇ ਦੇ ਪਰਿਵਾਰ ਵਿਚ ਮਟਕਾ, ਮੱਟੀ, ਝਾਰੀ, ਘੜੋਲੀ, ਮੱਟ, ਸੁਰਾਹੀ, ਘੜੀ, ਮੱਘੀ, ਝੱਜਰ, ਝੱਕਰਾ, ਚਾਟੀ, ਤੌੜੀ, ਕੁੱਜਾ, ਕੁੱਜੀ ਆਦਿ ਵੀ ਪਾਣੀ ਰੱਖਣ/ ਸਾਂਭਣ ਵਾਲੇ ਮਿੱਟੀ ਦੇ ਬਰਤਨ ਹਨ। ਇਨ੍ਹਾਂ ਵਿਚੋਂ ਕਈ ਬਰਤਨਾਂ ਵਿਚ ਕੋਈ ਜਿਣਸ ਪਾ ਕੇ ਵੀ ਰੱਖ ਲਈ ਜਾਂਦੀ ਹੈ। ਘੜੇ ਦੇ ਬੋਲ-ਬਾਲੇ ਦਾ ਜ਼ਮਾਨਾ ਬੀਤ ਚੁੱਕਿਆ ਹੈ, ਪਰ ਘੜਾ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਬਣਿਆ ਚਲਿਆ ਆ ਰਿਹਾ ਹੈ। ਪੰਜਾਬ ਦੀਆਂ ਲੋਕ ਗਾਥਾਵਾਂ ਵਿਚ ਘੜੇ ਦਾ ਜ਼ਿਕਰ ਕਿਸੇ ਨਾ ਕਿਸੇ ਰੂਪ ਵਿਚ ਹੁੰਦਾ ਆਇਆ ਹੈ। ਸੋਹਣੀ ਮਹੀਂਵਾਲ ਦੇ ਕਿੱਸੇ ਵਿਚ ਘੜਾ ਇਕ ਪਾਤਰ ਵਜੋਂ ਪੇਸ਼ ਹੋਇਆ ਕਿਆਸਿਆ ਜਾਂਦਾ ਹੈ। ਕੱਚਾ ਘੜਾ ਆਪਣੇ ਨਾਲ ਡੂੰਘੇ ਅਰਥ ਜੋੜੀ ਬੈਠਾ ਹੈ।
* ਘੜਿਆ ਵੇ ਮਿੱਟੀ ਦਿਆ ਘੜਿਆ
ਤੂੰ ਚੜ੍ਹਿਆ ਢਾਕ ਮਹਿਬੂਬ ਦੀ ਕਿਹੜੀ ਆਸੇ?
* ਘੜਾ ਵੱਜਦਾ ਘੜੋਲੀ ਵੱਜਦੀ
ਕਿਤੇ ਗਾਗਰ ਵੱਜਦੀ ਸੁਣ ਮੁੰਡਿਆ…
* ਮੈਨੂੰ ਪਾਰ ਲੰਘਾ ਦੇ ਵੇ
ਘੜਿਆ ਮਿੰਨਤਾਂ ਤੇਰੀਆਂ ਕਰਦੀ…
* ਨਦੀ ਆਰ ਸੋਹਣੀਏਂ
ਨਦੀ ਪਾਰ ਸੋਹਣੀਏਂ
ਘੜਾ ਚੁੱਕ ਲੈ ਦੰਦਾਂ ਦੇ
ਭਾਰ ਸੋਹਣੀਏਂ।
ਪੰਜਾਬੀ ਸੱਭਿਆਚਾਰ ਵਿਚ ਘੜਾ ਅਜਿਹੇ ਪ੍ਰਤੀਕ ਵਜੋਂ ਪੇਸ਼ ਹੁੰਦਾ ਆਇਆ ਹੈ, ਜਿਸ ਤੋਂ ਕਈ ਤਰ੍ਹਾਂ ਦੇ ਅਰਥਾਂ ਦਾ ਸੂਚਕ ਬਣ ਕੇ ਪ੍ਰਗਟ ਹੁੰਦਾ ਹੈ। ਘੜਾ ਮਨੁੱਖ ਨੂੰ ਆਪਣੀ ਮਿੱਟੀ ਦੀ ਅਵਸਥਾ ਤੋਂ ਲੈ ਕੇ ਟੁੱਟਣ ਤਕ ਵਿਭਿੰਨ ਅਰਥਾਂ ਦਾ ਬੋਧਕ ਬਣਦਾ ਹੈ। ਘੜਾ ਮਨੁੱਖ ਨੂੰ ਸੱਚੀ-ਸੁੱਚੀ ਜੀਵਨ ਜਾਚ ਨਾਲ ਜੁੜਨ ਦਾ ਸੰਕੇਤ ਦਿੰਦਾ ਹੈ। ਜੀਵਨ ਦੀ ਹਰੇਕ ਸਥਿਤੀ ਵਿਚ ਵਿਸ਼ੇਸ਼ ਕਰਕੇ ਦੁੱਖਾਂ ਦੇ ਸਮੇਂ ਕਸ਼ਟਦਾਇਕ ਸਥਿਤੀ ਵਿਚ ਵੀ ਹੌਸਲਾ ਨਾ ਹਾਰਨ ਦਾ ਸੰਦੇਸ਼ ਦਿੰਦਾ ਹੈ। ਮਨੁੱਖਾ ਜੀਵਨ ਵੀ ਤਾਂ ਘੜੇ ਦੀ ਨਿਆਈਂ ਹੈ। ਘੜੇ ਵਾਂਗ ਮਨੁੱਖ ਵੀ ਤਪਦਾ ਹੈ, ਘੜੇ ਵਾਂਗ ਮਨੁੱਖੀ ਸਰੀਰ ਵੀ ਨਾਸ਼ਵਾਨ ਹੈ। ਮਨੁੱਖ ਦੀ ਅੰਤਿਮ ਯਾਤਰਾ ਸਮੇਂ ਵੀ ਘੜਾ ਮਨੁੱਖ ਦਾ ਸਾਥ ਨਿਭਾਉਂਦਾ ਹੈ। ਘੜਾ ਭੰਨ੍ਹਣ ਦੀ ਰਸਮ ਮਨੁੱਖੀ ਸਰੀਰ ਦੀ ਨਾਸ਼ਵਾਨਤਾ ਦੀ ਪ੍ਰਤੀਕ ਹੁੰਦੀ ਹੈ। ਕੱਚੇ ਘੜੇ ਨੇ ਸੋਹਣੀ ਨੂੰ ਅਮਰ ਬਣਾ ਦਿੱਤਾ ਹੈ। ਕੱਚਾ ਘੜਾ ਮਨੁੱਖ ਨੂੰ ਕਿਸੇ ਵਾਸਤੇ ਕੁਰਬਾਨੀ ਕਰਨ, ਨੇਕੀ ਕਮਾਉਣ, ਕਿਸੇ ਦੇ ਕੰਮ ਆਉਣ, ਕੀਤੇ ਹੋਏ ਕੌਲ-ਕਰਾਰ ਨੂੰ ਨਿਭਾਉਣ ਦਾ ਪ੍ਰਤੀਕ ਬਣਦਾ ਹੈ। ਕੱਚਾ ਘੜਾ ਦਗ਼ਾ ਕਮਾਉਣ, ਧੋਖਾ ਦੇਣ ਦਾ ਪ੍ਰਤੀਕ ਬਣ ਕੇ ਵੀ ਉੱਭਰਦਾ ਹੈ। ਪੰਜਾਬ ਦੀਆਂ ਕਈ ਲੋਕ ਕਹਾਣੀਆਂ ਵਿਚ ਘੜਾ ਮਹੱਤਵਪੂਰਨ ਤੇ ਉਪਯੋਗੀ ਵਸਤੂ ਦੇ ਰੂਪ ਵਿਚ ਪੇਸ਼ ਹੁੰਦਾ ਹੈ। ਸਮਾਜ ਅਤੇ ਲੋਕ ਸਾਹਿਤ ਵਿਚ ਮਿੱਟੀ, ਘੜਾ, ਕੱਚਾ ਘੜਾ, ਤਿੜਕਿਆ ਘੜਾ, ਟੁੱਟਿਆ ਘੜਾ ਵਿਭਿੰਨ ਤਰ੍ਹਾਂ ਦੇ ਪ੍ਰਤੀਕਾਂ ਵਜੋਂ ਜਾਣਿਆ ਜਾਂਦਾ ਹੈ।
ਘੜਿਆਂ ਵਿਚ ਭਰ ਕੇ ਰੱਖੇ ਪਾਣੀ ਨੂੰ ਪੀਣ ਵਾਲੇ ਸਮੇਂ ਹੁਣ ਬੀਤੇ ਦੀ ਬਾਤ ਬਣ ਕੇ ਰਹਿ ਗਏ ਹਨ। ਪਿਛਲੇ ਕੁਝ ਸਾਲਾਂ ਤੋਂ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਕਰਨ ਵੱਲ ਲੋਕਾਂ ਦਾ ਰੁਝਾਨ ਮੁੜ ਵਧ ਰਿਹਾ ਹੈ। ਫਰਿੱਜ ਦੇ ਪਾਣੀ ਦੀ ਥਾਂ ’ਤੇ ਕੁਝ ਲੋਕ ਮਿੱਟੀ ਦੇ ਘੜੇ ਦਾ ਪਾਣੀ ਪੀਣ ਨੂੰ ਤਰਜੀਹ ਦੇਣ ਲੱਗੇ ਹਨ। ਕਈਆਂ ਨੂੰ ਡਾਕਟਰ ਮਿੱਟੀ ਦੇ ਘੜੇ ਦਾ ਪਾਣੀ ਪੀਣ ਦੀ ਸਲਾਹ ਦੇਣ ਲੱਗੇ ਹਨ। ਘੜੇ ਦੇ ਪਾਣੀ ਨੂੰ ਸਿਹਤ ਲਈ ਗੁਣਕਾਰੀ ਸਮਝਿਆ ਜਾਂਦਾ ਹੈ। ਵਿਗਿਆਨੀਆਂ ਅਨੁਸਾਰ ਜਦੋਂ ਮਿੱਟੀ ਪਾਣੀ ਦੇ ਸੰਪਰਕ ਵਿਚ ਆਉਂਦੀ ਹੈ ਤਾਂ ਪ੍ਰਦੂਸ਼ਿਤ ਪਾਣੀ ਵਿਚਲੇ ਨਾਇਟਰੇਟ ਅੰਸ਼ ਵੱਖ ਹੋ ਜਾਂਦੇ ਹਨ। ਇਹ ਕੁਦਰਤੀ ਕਿਰਿਆ ਸਿਰਫ਼ ਘੜੇ ਦੇ ਪਾਣੀ ਵਿਚ ਹੀ ਹੁੰਦੀ ਹੈ। ਇਸ ਪੱਖ ਤੋਂ ਘੜੇ ਦਾ ਪਾਣੀ ਪੀਣ ਵਾਸਤੇ ਸ਼ੁੱਧ ਸਮਝਿਆ ਜਾਂਦਾ ਹੈ। ਘੜੇ ਦੇ ਪਾਣੀ ਦੀ ਲਗਾਤਾਰ ਵਰਤੋਂ ਕਰਨ ਨਾਲ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਿਚ ਵਾਧਾ ਹੁੰਦਾ ਹੈ। ਘੜੇ ਦਾ ਪਾਣੀ ਪੀਣ ਨਾਲ ਪਾਚਣ ਪ੍ਰਣਾਲੀ ਵੀ ਠੀਕ ਤੇ ਚੁਸਤ-ਦਰੁਸਤ ਰਹਿੰਦੀ ਹੈ। ਘੜੇ ਦਾ ਪਾਣੀ ਗਲੇ ’ਤੇ ਮਾੜਾ ਪ੍ਰਭਾਵ ਨਹੀਂ ਪਾਉਂਦਾ। ਘੜੇ ਦਾ ਪਾਣੀ ਕੁਦਰਤੀ ਤੌਰ ’ਤੇ ਠੰਢਾ ਹੁੰਦਾ ਹੈ ਤੇ ਕੁਦਰਤੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਸਮੇਂ ਦਾ ਗੇੜ ਅਤੇ ਵਕਤ ਦੀਆਂ ਲੋੜਾਂ ਕਾਰਨ ਹੁਣ ਮਿੱਟੀ ਦੇ ਭਾਂਡਿਆਂ ਦੀ ਥਾਂ ’ਤੇ ਰਸੋਈ ਵਿਚ ਸਟੀਲ, ਪਿੱਤਲ, ਨੌਨ-ਸਟਿੱਕ, ਅਲੂਮੀਨੀਅਮ ਤੇ ਹੋਰ ਧਾਤਾਂ ਦੇ ਬਰਤਨਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ।
ਕਹਿੰਦੇ ਹਨ ਅਜੇ ਵੀ ਮਿੱਟੀ ਦੇ ਭਾਂਡੇ ਵਿਚ ਜਮਾਏ ਗਏ ਦਹੀਂ ਨੂੰ ਗੁਣਾਂ ਦੇ ਹਿਸਾਬ ਨਾਲ ਬਿਹਤਰ ਸਮਝਿਆ ਜਾਂਦਾ ਹੈ। ਵੇਖਣ ਵਿਚ ਆਉਂਦਾ ਹੈ ਕਿ ਲੋਕ ਜੀਵਨ ਤੇ ਲੋਕ ਸਾਹਿਤ ਵਿਚ ਘੜੇ ਬਣਾਉਣ ਵਾਲੇ ਕਾਰੀਗਰ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈ। ਮਾਣ-ਸਤਿਕਾਰ ਵਜੋਂ ਉਸ ਨੂੰ ਸਿਰਜਕ ਕਿਹਾ ਜਾਂਦਾ ਹੈ। ਵਧੀਆ ਕਾਰੀਗਰ ਆਪਣੇ ਹੱਥੀਂ ਬਣਾਏ ਘੜਿਆਂ ਨੂੰ ਵੇਲ-ਬੂਟਿਆਂ, ਆਕ੍ਰਿਤੀਆਂ ਆਦਿ ਨਾਲ ਸਜਾਉਂਦੇ ਹਨ ਤੇ ਰੰਗਾਂ ਨਾਲ ਸ਼ਿੰਗਾਰਦੇ ਹਨ। ਹੁਣ ਘੜੇ ਤੇ ਮਿੱਟੀ ਦੇ ਹੋਰ ਬਰਤਨ ਬਣਾਉਣ ਵਾਲੇ ਕਾਰੀਗਰ ਘਟ ਰਹੇ ਹਨ। ਉਨ੍ਹਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਉਚਿੱਤ ਮੁੱਲ ਨਹੀਂ ਮਿਲਦਾ। ਇਸੇ ਕਰਕੇ ਹੀ ਇਸ ਪਿਤਾ-ਪੁਰਖੀ ਲੋਕ ਕਿੱਤੇ ਨੂੰ ਨਵੀਂ ਪੀੜ੍ਹੀ ਅਪਣਾਉਣ ਤੋਂ ਮੂੰਹ ਮੋੜ ਰਹੀ ਹੈ।
ਹੁਣ ਦੇ ਸਮਿਆਂ ਵਿਚ ਵੀ ਗਰਮੀ ਦੇ ਮੌਸਮ ਵਿਚ ਘੜਿਆਂ ਦੀ ਮੰਗ ਵਧ ਜਾਂਦੀ ਹੈ। ਭਾਵੇਂ ਕਿ ਕਾਰੀਗਰਾਂ ਨੇ ਮਿੱਟੀ ਦੇ ਵਾਟਰ ਕੂਲਰ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਘੜੇਨੁਮਾ ਵਾਟਰ ਕੂਲਰਾਂ ਵਿਚੋਂ ਪਾਣੀ ਦੀ ਨਿਕਾਸੀ ਲਈ ਅਗਲੇ ਪਾਸੇ ਇਕ ਟੂਟੀ ਲਗਾ ਦਿੱਤੀ ਗਈ ਹੈ। ਉਂਜ ਕਾਰੀਗਰਾਂ ਦੀ ਘਾਟ ਕਾਰਨ ਇਸ ਕਿੱਤੇ ਨੂੰ ਢਾਹ ਲੱਗੀ ਹੈ, ਪਰ ਪੰਜਾਬੀ ਲੋਕ ਗੀਤਾਂ ਵਿਚ ਘੜੇ ਦੀ ਗੱਲ ਕਿਸੇ ਨਾ ਕਿਸੇ ਪ੍ਰਸੰਗ ਵਿਚ ਹੁੰਦੀ ਰਹਿਣੀ ਹੈ:
ਲੋਕਾਂ ਦੀਆਂ ਕੁੜੀਆਂ ਤਾਂ ਦੋ ਦੋ ਘੜੇ ਚੁੱਕਦੀਆਂ
ਮੇਰਾ ਘੜਾ ਕਿਉਂ ਡੋਲਦਾ ਨੀਂ
ਮੇਰਾ ਮਾਹੀ ਬੰਗਲੇ ਵਿਚ ਬੋਲਦਾ ਨੀਂ

ਸੰਪਰਕ: 98885-10185


Comments Off on ਘੜਾ ਵੱਜਦਾ ਘੜੋਲੀ ਵੱਜਦੀ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.