ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਸਵਾਮੀ ਨੇ ਪੁਰਾਣਾ ਰਿਕਾਰਡ ਕੱਢ ਕਾਂਗਰਸ ’ਤੇ ਨਿਸ਼ਾਨਾ ਸਾਧਿਆ !    ਨਾਗਰਿਕਤਾ ਬਿੱਲ ਦਾ ਡੇਢ ਕਰੋੜ ਲੋਕਾਂ ਨੂੰ ਲਾਭ ਹੋਵੇਗਾ: ਸੰਘ !    ਹਾਈਪਰਲੂਪ ਪ੍ਰਾਜੈਕਟ ਬਾਰੇ ਊਧਵ ਨਾਲ ਮੁਲਾਕਾਤ ਕਰਨਗੇ ਬ੍ਰੈਨਸਨ !    ਵਕੀਲਾਂ ਵੱਲੋਂ ਲਾਹੌਰ ਦੇ ਹਸਪਤਾਲ ’ਚ ਭੰਨਤੋੜ, ਪੰਜ ਮਰੀਜ਼ਾਂ ਦੀ ਮੌਤ !    ਪਾਕਿ ਅਦਾਲਤ ਵੱਲੋਂ ਹਾਫ਼ਿਜ਼ ਸਈਦ ਖ਼ਿਲਾਫ਼ ਦੋਸ਼ ਆਇਦ !    

ਗੁਰੂ ਨਾਨਕ ਦਾ ਵਿਆਹ ਪੁਰਬ

Posted On September - 4 - 2019

5 ਸਤੰਬਰ ਨੂੰ ਵਿਆਹ ਪੁਰਬ ’ਤੇ ਵਿਸ਼ੇਸ਼

ਅੰਮ੍ਰਿਤਦੀਪ ਸਿੰਘ
ਗੁਰੂ ਨਾਨਕ ਦੇਵ ਦਾ ਜਨਮ ਜਿਸ ਵੇਲੇ ਹੋਇਆ, ਉਸ ਵੇਲੇ ਉਪਦੇਸ਼ ਕੀਤਾ ਜਾਂਦਾ ਸੀ ਕਿ ਜੇਕਰ ਪ੍ਰਮਾਤਮਾ ਨੂੰ ਪਾਉਣਾ ਹੈ ਤਾਂ ਗ੍ਰਹਿਸਥ ਤਿਆਗ ਕੇ ਉਦਾਸੀ ਜੀਵਨ ਧਾਰਨ ਕਰੋ। ਇਸ ਲਈ ਉਸ ਸਮੇਂ ਦੇ ਜੋਗੀ ਘਰ ਪਰਿਵਾਰ ਨੂੰ ਛੱਡ ਕੇ ਜੰਗਲਾਂ ਪਰਬਤਾਂ ਵਿੱਚ ਜਾਂਦੇ ਅਤੇ ਗ੍ਰਹਿਸਥੀ ਜੀਵਨ ਨਕਾਰਦੇ। ਗੁਰੂ ਨਾਨਕ ਦੇਵ ਜੀ ਨੇ ਇਸ ਸਿਧਾਂਤ ਦੀ ਮਨਾਹੀ ਕੀਤੀ। ਗੁਰੂ ਜੀ ਨੇ ਸਮਝਾਇਆ ਕਿ ਮਨੁੱਖ ਗ੍ਰਹਿਸਥ ਵਿਚ ਰਹਿ ਕੇ ਵੀ ਉਦਾਸੀ ਧਾਰਨ ਕਰ ਸਕਦਾ ਹੈ ਭਾਵ ਗ੍ਰਹਿਸਥ ਜੀਵਨ ਬਿਤਾਉਂਦਾ ਵੀ ਪ੍ਰਮਾਤਮਾ ਨੂੰ ਪਾ ਸਕਦਾ ਹੈ। ਗੁਰੂ ਜੀ ਨੇ ਫੁਰਮਾਇਆ :
ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਾਗਾਈ ਨੈ ਸਾਣੇ॥
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ॥
(ਗੁਰੂ ਗ੍ਰੰਥ ਸਾਹਿਬ, ਅੰਗ-938)
ਭਾਵ ਜਿਸ ਪ੍ਰਕਾਰ ਪਾਣੀ ’ਚ ਉੱਗਿਆ ਕਮਲ ਦਾ ਫੁੱਲ ਪਾਣੀ ਤੋਂ ਅਭਿਜ ਰਹਿੰਦਾ ਹੈ ਅਤੇ ਨਦੀ ਵਿਚ ਤਰਦੀ ਮੁਰਗਾਈ ਦੇ ਖੰਭ ਪਾਣੀ ਨਾਲ ਨਹੀਂ ਭਿੱਜਦੇ, ਇਸੇ ਤਰ੍ਹਾਂ ਮਨੁੱਖ ਗੁਰੂ ਦੇ ਸ਼ਬਦ ’ਚ ਸੁਰਤਿ ਜੋੜ ਕੇ ਨਾਮ ਜਪਦਿਆਂ ਸੰਸਾਰ ਸਾਗਰ ਤਰ ਸਕਦਾ ਹੈ।
ਗੁਰੂ ਜੀ ਦੀ ਕੁੜਮਾਈ: ਗੁਰੂ ਜੀ ਜਦੋਂ 16 ਸਾਲ ਦੇ ਸਨ ਤਾਂ ਉਸ ਵੇਲੇ ਗੁਰੂ ਜੀ ਸੁਲਤਾਨਪੁਰ ਵਿਚ ਆਪਣੀ ਭੈਣ ਬੇਬੇ ਨਾਨਕੀ ਨਾਲ ਰਹਿੰਦੇ ਅਤੇ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੱਚ ਕੰਮ ਕਰਦੇ। ਜੈ ਰਾਮ ਨੂੰ ਆਪਣੇ ਮਹਿਕਮੇ ਦੇ ਕੰਮ ਲਈ ਬਟਾਲੇ ਗੁਰਦਾਸਪੁਰ ਆਦਿ ਇਲਾਕਿਆਂ ਵਿਚ ਜਾਣਾ ਪੈਂਦਾ ਸੀ, ਜਿੱਥੇ ਉਨ੍ਹਾਂ ਦੀ ਸਾਂਝ ਮੂਲ ਚੰਦ, ਵਾਸੀ ਪੱਖੋ ਕੇ ਰੰਧਾਵਾ ਨਾਲ ਪੈ ਗਈ। ਜੈ ਰਾਮ ਜੀ ਨੇ ਬਾਬਾ ਨਾਨਕ ਦੇ ਵਿਆਹ ਦੀ ਗੱਲ ਮੂਲ ਚੰਦ ਨਾਲ ਕੀਤੀ। ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਜ਼ਿਕਰ ਆਉਂਦਾ ਹੈ ਕਿ ਪੱਖੋ ਕੇ ਰੰਧਾਵੇ ਦੇ ਰਹਿਣ ਵਾਲੇ ਮੂਲੇ ਖੱਤਰੀ ਦੇ ਲਾਗੀ ਸੁਲਤਾਨਪੁਰ ਜੈ ਰਾਮ ਜੀ ਕੋਲ ਸਗਾਈ ਲੈ ਕੇ ਆਏ ਅਤੇ ਸਗਾਈ ਦੀ ਖਬਰ ਸੁਣ ਕੇ ਬੇਬੇ ਨਾਨਕੀ ਜੀ ਨੂੰ ਬੜੀ ਖੁਸ਼ੀ ਹੋਈ।
ਪੱਖੋ ਕੇ ਰੰਧਾਵੇ ਗ੍ਰਾਮ ਬਸੈ ਤਹਿ ਮੂਲਾ ਨਾਮ,
ਨੇਗੀ ਲੈ ਸਗਾਈ ਆਏ ਪੁਿਰ ਸੁਲਤਾਨ ਹੈ॥
ਬੂਝਤਿ ਜੈਰਾਮ ਨਾਮ ਆਨਿ ਮਿਲੇ ਧਾਮ ਸੋਊ,
ਭਲੇ ਸਨਮਾਣ ਕੈ ਬੈਸਾਏ ਸੁਭ ਥਾਨ ਹੈਂ॥
(ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ)
ਤਲਵੰਡੀ ਸੁਨੇਹਾ ਭੇਜਣਾ: ਭਾਈ ਜੈ ਰਾਮ ਨੇ ਛੇਤੀ ਹੀ ਇਹ ਖਬਰ ਤਲਵੰਡੀ ਵਿਚ ਬਾਬਾ ਨਾਨਕ ਦੇ ਦੇ ਮਾਤਾ-ਪਿਤਾ ਕੋਲ ਪਹੁੰਚਾ ਦਿੱਤੀ ਅਤੇ ਛੇਤੀ ਹੀ ਉਹ ਗੁਰੂ ਜੀ ਦੇ ਨਾਨਾ ਰਾਮਾ ਜੀ, ਨਾਨੀ ਭੈਰਾਈ ਜੀ, ਮਾਮਾ ਕ੍ਰਿਸ਼ਨਾ ਜੀ, ਚਾਚਾ ਲਾਲੂ ਜੀ ਅਤੇ ਹੋਰ ਸੰਬੰਧੀਆਂ ਨੂੰ ਨਾਲ ਲੈ ਸੁਲਤਾਨਪੁਰ ਚੱਲ ਪਏ। ਜਦੋਂ ਸੁਲਤਾਨਪੁਰ ਪਹੁੰਚੇ ਤਾਂ ਭਾਈ ਜੈਰਾਮ ਜੀ ਨੇ ਆਓ ਭਗਤ ਕੀਤੀ ਅਤੇ ਉਹ ਸਾਰੇ ਚੌਕੜ ਰਸਮ ਕਰਨ ਲਈ ਬਟਾਲੇ ਚੱਲ ਪਏ। ਰਸਮ ਕਰਨ ਪਿੱਛੋਂ ਮਹਿਤਾ ਕਾਲੂ ਜੀ ਦੇ ਕਹਿਣ ’ਤੇ ਜੈ ਰਾਮ ਜੀ ਦੇ ਪਿਤਾ ਪਰਮਾਨੰਦ ਜੀ ਨੇ ਮੂਲ ਚੰਦ ਨਾਲ ਗੱਲ ਕੀਤੀ, ‘‘ਕੰਨਿਆ ਅਤੇ ਲਾੜੇ ਦੀ ਉਮਰ ਹੁਣ ਜਵਾਨ ਹੋ ਗਈ ਹੈ। ਰੀਤੀ ਅਨੁਸਾਰ ਠੀਕ ਸਮਝ ਕੇ ਸਾਹਾ ਲਿਖ ਦੇਹੁ।’’ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਜ਼ਿਕਰ ਮਿਲਦਾ ਹੈ ਕਿ ਇਹ ਸੁਣ ਕੇ ਮੂਲ ਚੰਦ ਨੇ ਕਿਹਾ,‘‘ਮੈਂ ਤੁਹਾਡੇ ਬਚਨਾਂ ਨਾਲ ਸਹਿਮਤ ਨਹੀਂ ਹਾਂ ਜਦ ਇਕ ਸਾਲ ਬੀਤ ਜਾਵੇਗਾ ਤਾਂ ਮੈਂ ਆਪ ਤੁਹਾਨੂੰ ਸਾਹਾ ਲਿਖ ਕੇ ਭੇਜ ਦੇਵਾਂਗਾ।’’
ਸੁਨਿ ਮੂਲੇ ਬਚਨ ਉਚਾਰੇ॥
ਨਹਿ ਮਾਨੋ ਮਨ ਬੈਨ ਤੁਮਾਰੇ॥
ਏਕ ਬਰਸ ਬੀਤੇ ਤਹਿ ਪਾਛੇ॥
ਲਿਖ ਭੇਜੋਂ ਸਾਹਾ ਮੈਂ ਆਛੇ॥
(ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ)
ਇਸ ਪਿੱਛੋ ਉਹ ਸੁਲਤਾਨਪੁਰ ਵਾਪਿਸ ਪਰਤ ਆਏ।
ਗੁਰੂ ਜੀ ਦਾ ਵਿਆਹ: ਮੋਦੀਖਾਨੇ ਦਾ ਕਾਰ ਵਿਹਾਰ ਕਰਦਿਆਂ ਗੁਰੂ ਜੀ ਦੀ ਸਗਾਈ ਹੋਈ ਨੂੰ ਪੂਰਾ ਇਕ ਸਾਲ ਬੀਤ ਗਿਆ ਅਤੇ ਮੂਲ ਚੰਦ ਨੇ ਇਕ ਲਾਗੀ ਹੱਥ ਸਾਹਾ ਲਿਖ ਕੇ ਸੁਲਤਾਨਪੁਰ ਭੇਜ ਦਿੱਤਾ। ਇਹ ਖਬਰ ਸੁਣ ਬੇਬੇ ਨਾਨਕੀ ਅਤੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਦੌੜ ਪਈ। ਭਾਈ ਸੰਤੋਖ ਸਿੰਘ ਅਨੁਸਾਰ ਬਰਾਤ ਸੁਲਤਾਨਪੁਰ ਤੋਂ ਬਟਾਲੇ ਵੱਲ ਨੂੰ ਤੁਰੀ। ਬਰਾਤ ਲਈ ਰਾਇ-ਬੁਲਾਰ ਅਤੇ ਦੌਲਤ ਖਾਂ ਨੇ ਸਜਾਏ ਹੋਏ ਹਾਥੀ, ਘੋੜੇ, ਰੱਥ ਆਦਿ ਦਿੱਤੇ। ਬਰਾਤ ਬਿਆਸ ਦਰਿਆ ਪਾਰ ਕਰ ਕੇ ਖਡੂਰ, ਵੇਰਕਾ ਆਦਿ ਸਥਾਨਾਂ ’ਤੇ ਠਹਿਰਾਅ ਕਰਦੀ ਹੋਈ ਬਟਾਲੇ ਪਹੁੰਚੀ। ਬਟਾਲੇ, ਜਿਸ ਸਥਾਨ ’ਤੇ ਬਰਾਤ ਨੇ ਠਹਿਰਾਅ ਕੀਤਾ, ਉਥੇ ਗੁਰਦੁਆਰਾ ਕੰਧ ਸਾਹਿਬ ਸੁਸ਼ੋਭਿਤ ਹੈ, ਇੱਥੇ ਕੱਚੀ ਕੰਧ ਹੇਠਾਂ ਗੁਰੂ ਜੀ ਬਿਰਾਜੇ ਸਨ ਅਤੇ ਮੂਲ ਚੰਦ ਦੇ ਸਬੰਧੀਆਂ ’ਚੋਂ ਕਿਸੇ ਇਸਤਰੀ ਨੇ ਗੁਰੂ ਜੀ ਨੂੰ ਕਿਹਾ ‘‘ਇਹ ਕੰਧ ਡਿੱਗਣ ਵਾਲੀ ਹੈ, ਤੁਸੀਂ ਇੱਥੋਂ ਪਰ੍ਹੇ ਹੋ ਜਾਵੋ।’’, ਤਾਂ ਗੁਰੂ ਜੀ ਨੇ ਜਵਾਬ ਦਿੱਤਾ ਕਿ ਇਹ ਕੰਧ ਸਦੀਆਂ ਤੱਕ ਨਹੀਂ ਡਿਗਦੀ ਅਤੇ ਉਹ ਕੰਧ ਅੱਜ ਵੀ ਉਸੇ ਤਰ੍ਹਾਂ ਸ਼ੀਸ਼ੇ ਵਿਚ ਸੰਭਾਲ ਕੇ ਰੱਖੀ ਹੋਈ ਹੈ। ਜਿਸ ਸਥਾਨ ’ਤੇ ਗੁਰੂ ਜੀ ਦੇ ਫੇਰੇ ਹੋਏ ਉਥੇ ਗੁਰਦੁਆਰਾ ਡੇਹਰਾ ਸਾਹਿਬ ਸਥਿਤ ਹੈ। ਕੁਝ ਦਿਨ ਬਟਾਲੇ ਵਿਚ ਵਿਆਹ ਦੀਆਂ ਰਸਮਾਂ ਕਰਨ ਪਿੱਛੋਂ ਸਾਰੀ ਬਰਾਤ ਵਾਪਿਸ ਸੁਲਤਾਨਪੁਰ ਪਰਤ ਆਈ।
ਗੁਰੂ ਜੀ ਦੇ ਵਿਆਹ ਦੀ ਉਮਰ ਸਬੰਧੀ ਭਿੰਨ ਭਿੰਨ ਵਿਚਾਰ ਮਿਲਦੇ ਹਨ, ਜਿਵੇਂ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਵਿਚ 14 ਸਾਲ, ਮਿਹਰਵਾਨ ਵਾਲੀ ਜਨਮ ਸਾਖੀ ਵਿਚ 16 ਸਾਲ ਅਤੇ ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਉਨ੍ਹਾਂ ਦੀ ਉਮਰ 18 ਸਾਲ ਦੱਸੀ ਗਈ ਹੈ। ਵਿਦਵਾਨਾਂ ਨੇ ਖੋਜ ਅਨੁਸਾਰ ਗੁਰੂ ਜੀ ਦੇ ਵਿਆਹ ਦੀ ਉਮਰ 18 ਸਾਲ ਨੂੰ ਵਧੇਰੇ ਪ੍ਰਮਾਣਿਕ ਮੰਨਿਆ ਹੈ। ਉਨ੍ਹਾਂ ਅਨੁਸਾਰ 16-17 ਸਾਲ ਦੀ ਉਮਰ ਵਿਚ ਉਨ੍ਹਾਂ ਦੀ ਕੁੜਮਾਈ ਹੋਈ ਅਤੇ 18 ਸਾਲ ਦੀ ਉਮਰ ਭਾਵ 24 ਸਤੰਬਰ 1487 ਈ. ਨੂੰ ਉਨ੍ਹਾਂ ਦਾ ਵਿਆਹ ਬੀਬੀ ਸੁਲੱਖਣੀ ਜੀ ਨਾਲ ਹੋਇਆ। ਵਿਆਹ ਤੋਂ ਕੁਝ ਸਮਾਂ ਪਿੱਛੋ ਉਨ੍ਹਾਂ ਦੇ ਘਰ ਦੋ ਪੁੱਤਰ ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਨੇ ਜਨਮ ਲਿਆ। ਇਸ ਤਰ੍ਹਾਂ ਗੁਰੂ ਜੀ ਨੇ ਸੰਗਤ ਨੂੰ ਗ੍ਰਹਿਸਥ ਦੇ ਫਰਜ਼ ਨਿਭਾਉਂਦੇ ਹੋਏ ਪ੍ਰਮਾਤਮਾ ਦਾ ਸਿਮਰਨ ਕਰਨ ਦਾ ਉਪਦੇਸ਼ ਦਿੱਤਾ। ਭਾਈ ਗੁਰਦਾਸ ਜੀ ਵੀ ਲਿਖਦੇ ਹਨ:
ਗਿਆਨਨ ਮੈ ਗਿਆਨੁ ਅਰੁ ਧਿਆਨਨ ਮੈ ਧਿਆਨ
ਗੁਰ ਸਕਲ ਧਰਮ ਮੈ ਗ੍ਰਿਹਸਤੁ ਪਰਧਾਨ ਹੈ॥


Comments Off on ਗੁਰੂ ਨਾਨਕ ਦਾ ਵਿਆਹ ਪੁਰਬ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.