ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    

ਗੁਰਸ਼ਰਨ ਭਾਅ ਜੀ ਯਾਦਗਾਰੀ ਨਾਟ ਉਤਸਵ ਸ਼ੁਰੂ

Posted On September - 17 - 2019

ਹਰਦੇਵ ਚੌਹਾਨ
ਚੰਡੀਗੜ੍ਹ, 16 ਸਤੰਬਰ

ਗੁਰਸ਼ਰਨ ਭਾਅ ਜੀ ਯਾਦਗਾਰੀ ਨਾਟ ਉਤਸਵ ਮੌਕੇ ਮੰਚ ’ਤੇ ਬੈਠੇ ਪਤਵੰਤੇ।

‘ਰੰਗਮੰਚ ਹੁਨਰਾਂ ਦਾ ਹੁਨਰ ਹੈ, ਜਿਸ ਵਿਚ ਸਾਰੀਆਂ ਕਲਾਵਾਂ ਸਮਾਈਆਂ ਹੋਈਆਂ ਹਨ। ਗੁਰਸ਼ਰਨ ਸਿੰਘ ਆਪਣੇ ਰੰਗਮੰਚ ਰਾਹੀਂ ਉਨ੍ਹਾਂ ਲੋਕਾਂ ਤੱਕ ਪਹੁੰਚੇ, ਜਿੱਥੇ ਆਮ ਤੌਰ ’ਤੇ ਸਾਹਿਤਕਾਰ ਨਹੀਂ ਪਹੁੰਚ ਸਕਦਾ। ਗੁਰਸ਼ਰਨ ਭਾਅ ਜੀ ਦੁੱਬੇ ਕੁਚਲੇ ਅਤੇ ਨਿਮਾਣੇ ਲੋਕਾਂ ਦੀ ਆਵਾਜ਼ ਬਣ ਕੇ ਪੰਜਾਬ ਦੀ ਸਰ ਜ਼ਮੀਨ ’ਤੇ ਉੱਭਰੇ।’ ਇਹ ਸ਼ਬਦ ਸੁਰਜੀਤ ਪਾਤਰ ਨੇ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਪੰਜਾਬ ਕਲਾ ਭਵਨ ਵਿਚ ਗੁਰਸ਼ਰਨ ਭਾਅ ਜੀ ਦੇ 90ਵੇਂ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਨਾਟ ਉਤਸਵ ਦੀ ਸ਼ੁਰੂਆਤ ਮੌਕੇ ਕੌਮੀ ਰੰਗਮੰਚ ਸੈਮੀਨਾਰ ਦੌਰਾਨ ਆਪਣੇ ਉਦਘਾਟਨੀ ਭਾਸ਼ਣ ਵਿਚ ਕਹੇ। ਇਸ ਸੈਮੀਨਾਰ ਦਾ ਉਦਘਾਟਨ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ ਨੇ ਕੀਤਾ, ਜਦਕਿ ਪਦਮਸ੍ਰੀ ਰਾਮ ਗੋਪਾਲ ਬਜਾਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੈਮੀਨਾਰ ਦੀ ਪ੍ਰਧਾਨਗੀ ਪੰਜਾਬ ਕਲਾ ਪਰਿਸ਼ਦ ਦੀ ਵਾਈਸ ਚੇਅਰਪਰਸਨ ਡਾ. ਨੀਲਮ ਮਾਨ ਸਿੰਘ ਨੇ ਕੀਤੀ।
ਨੈਸ਼ਨਲ ਸਕੂਲ ਆਫ਼ ਡਰਾਮਾ ਨਵੀਂ ਦਿੱਲੀ ਦੇ ਅਧਿਆਪਕ ਅਤੇ ਰੰਗਕਰਮੀ ਪਦਮਸ੍ਰੀ ਬੰਸੀ ਕੌਲ ਨੇ ਕਿਹਾ ਕਿ ਅਜੋਕੇ ਦੌਰ ਵਿਚ ਸਾਡੇ ਰੰਗਕਰਮੀਆਂ ਅਤੇ ਨੌਜਵਾਨ ਨਾਟਕਕਾਰਾਂ ਨੂੰ ਨਵੇਂ ਵਿਸ਼ੇ ਲੱਭਣੇ ਪੈਣਗੇ। ਗੁਰਸ਼ਰਨ ਸਿੰਘ ਦੀ ਵਿਚਾਰਧਾਰਾ ਅਤੇ ਨਾਟ ਸ਼ੈਲੀ ਅਜੋਕੇ ਦੌਰ ਵਿਚ ਪੂਰੀ ਤਰ੍ਹਾਂ ਸਾਰਥਕ ਹੈ ਕਿਉਂਕਿ ਉਨ੍ਹਾਂ ਦੀ ਇਹ ਧਾਰਨਾ ਸੀ ਕਿ ਨਾਟਕ ਰਾਹੀਂ ਆਮ ਲੋਕਾਂ ਨਾਲ ਸੰਵਾਦ ਰਚਾਉਣਾ ਜ਼ਰੂਰੀ ਹੈ। ਨਾਟਕਕਾਰ ਡਾ. ਸਵਰਾਜਬੀਰ ਨੇ ਪੱਛਮੀ ਨਾਟਕ ਦਾ ਲੇਖਾ-ਜੋਖਾ ਕਰਦਿਆਂ ਕਿਹਾ ਕਿ ਉੱਥੋਂ ਦੇ ਨਾਟਕ ਲੋਕ ਯੁੱਗ ਦੀ ਤਰਜ਼ਮਾਨੀ ਕਰਦੇ ਰਹੇ ਹਨ। ਬਰੈਖ਼ਤ ਤੋਂ ਵੱਡਾ ਵਿਦਰੋਹੀ ਅਤੇ ਲੋਕ ਪੱਖੀ ਨਾਟਕਕਾਰ ਹੋਰ ਨਹੀਂ ਹੋਇਆ। ਦੂਜੇ ਪਾਸੇ ਰਾਜ ਨੇਤਾਵਾਂ ਵੱਲ ਗੁੱਝਾ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਤ੍ਰਾਸਦੀ ਰਹੀ ਹੈ ਕਿ ਹੁਣ ਅਸੀਂ ਅਜਿਹੇ ਨਾਟਕਕਾਰ ਚੁਣਨ ਲੱਗ ਪਏ ਹਾਂ ਜੋ ਸਾਡੇ ਗਲੀ, ਮੁਹੱਲਿਆਂ ਵਿਚ ਰੋਜ਼ ਅਣਚਾਹੇ ਅਤੇ ਦੁਖਦ ਨਾਟਕ ਕਰ ਰਹੇ ਹਨ। ਘੱਟ ਗਿਣਤੀਆਂ ‘ਤੇ ਹੋ ਰਿਹਾ ਨਿਰੰਤਰ ਤਸ਼ੱਦਦ ਤੇ ਕਰੂਰਤਾ ਉਸ ਨਾਟਕ ਦਾ ਨਵਾਂ ਰੂਪ ਵੇਖਣ ਨੂੰ ਮਿਲ ਰਿਹਾ ਹੈ। ਅੱਜ ਸਾਡੇ ਦੇਸ਼ ਨੂੰ ਮੌਜੂਦਾ ਤਰਸਯੋਗ ਸਥਿਤੀ ‘ਚੋਂ ਬਾਹਰ ਕੱਢਣ ਲਈ ਨਵੇਂ ਨਾਟ ਕਰਮੀਆਂ ਦੀ ਫੌਰੀ ਲੋੜ ਹੈ। ਗੁਰਸ਼ਰਨ ਸਿੰਘ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਡਾ. ਸਵਰਾਜਬੀਰ ਨੇ ਕਿਹਾ ਕਿ ਇਪਟਾ ਲਹਿਰ ਤੋਂ ਬਾਅਦ ਗੁਰਸ਼ਰਨ ਸਿੰਘ ਪੰਜਾਬ ਦੇ ਧਰਾਤਲ ਉੱਪਰ ਲੋਕ ਲਹਿਰ ਬਣ ਕੇ ਉੱਭਰੇ, ਜਿਨ੍ਹਾਂ ਨੇ ਰੰਗਮੰਚ ਦੇ ਮਾਧਿਆਮ ਰਾਹੀਂ ਸਾਰੇ ਅਵਾਮ ਤੱਕ ਨਿਰਧਨ ਲੋਕਾਂ ਦੀ ਆਵਾਜ਼ ਪਹੁੰਚਾਈ ਅਤੇ ਪੂਰੀ ਦਲੇਰੀ ਨਾਲ ਹੱਕ ਸੱਚ ਲਈ ਮੈਦਾਨ ਵਿਚ ਨਿੱਤਰਦੇ ਰਹੇ।
ਮੁੱਖ ਮਹਿਮਾਨ ਅਤੇ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਸਾਬਕਾ ਡਾਇਰੈਕਟਰ ਪਦਮਸ੍ਰੀ ਰਾਮ ਗੋਪਾਲ ਬਜਾਜ ਨੇ ਕਿਹਾ ਕਿ ਰੰਗਮੰਚ ਨੂੰ ਜ਼ਿੰਦਾ ਰੱਖਣ ਲਈ ਇਸ ਨੂੰ ਸਕੂਲਾਂ ਅਤੇ ਕਾਲਜ ਪੱਧਰ ਦੇ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ ਅਤੇ ਗਰਾਮ ਪੰਚਾਇਤ ਤੋਂ ਲੈ ਕੇ ਹਰ ਸ਼ਹਿਰ ਵਿਚ ਆਡੀਟੋਰੀਅਮ ਬਣਨੇ ਚਾਹੀਦੇ ਹਨ।
ਗੁਰਸ਼ਰਨ ਸਿੰਘ ਦੀ ਵੱਡੀ ਪੁੱਤਰੀ ਡਾ. ਨਵਸ਼ਰਨ ਨੇ ਕਿਹਾ ਕਿ ਅਜੋਕੇ ਦੌਰ ਵਿਚ ਰੰਗਕਰਮੀਆਂ ਨੂੰ ਹੋਰ ਵੀ ਵਧੇਰੇ ਦਲੇਰੀ ਨਾਲ ਕੰਮ ਕਰਨਾ ਪਏਗਾ ਕਿਉਂਕਿ ਹੁਣ ਘੱਟ ਗਿਣਤੀਆਂ ਅਤੇ ਲੋਕ ਪੱਖੀ ਤਾਕਤਾਂ ਨੂੰ ਸੱਤਾ ਵੱਲੋਂ ਜਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਰੰਗਮੰਚ ਅਤੇ ਲੋਕਾਂ ਦੀ ਸਾਂਝ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਵਿਚ ਗੁਰਸ਼ਰਨ ਸਿੰਘ ਅਤੇ ਪ੍ਰੋ. ਅਜਮੇਰ ਸਿੰਘ ਔਲਖ ਅਜਿਹੇ ਨਾਟਕਕਾਰ ਹੋਏ ਹਨ, ਜਿਨ੍ਹਾਂ ਨੂੰ ਅੱਜ ਵੀ ਪਿੰਡਾਂ ਦੇ ਲੋਕ ਸਤਿਕਾਰ ਨਾਲ ਯਾਦ ਕਰਦੇ ਹਨ। ਸੈਮੀਨਾਰ ਦੇ ਸ਼ੁਰੂ ਵਿਚ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਕਿਹਾ ਕਿ ਅੱਜ ਦੇ ਇਸ ਸੈਮੀਨਾਰ ਦਾ ਮਕਸਦ ਅਜੋਕੇ ਦੌਰ ਵਿਚ ਰੰਗਮੰਚ ਦੀ ਭੂਮਿਕਾ ਦੀ ਨਿਸ਼ਾਨਦੇਹੀ ਕਰਨਾ ਹੈ। ਸੈਮੀਨਾਰ ਦਾ ਸੰਚਾਲਨ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਕੱਤਰ ਪ੍ਰੀਤਮ ਸਿੰਘ ਰੁਪਾਲ ਨੇ ਕੀਤਾ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥੀਏਟਰ ਤੇ ਟੀਵੀ ਵਿਭਾਗ ਦੀ ਮੁਖੀ ਡਾ. ਜਸਪਾਲ ਕੌਰ ਨੇ ਵੀ ਸੰਬੋਧਨ ਕੀਤਾ।
ਇਸ ਤਿੰਨ ਦਿਨਾਂ ਨਾਟ ਉਤਸਵ ਦੇ ਪਹਿਲੇ ਦਿਨ ਅੱਜ ਮੰਚ ਰੰਗਮੰਚ ਅੰਮ੍ਰਿਤਸਰ ਵੱਲੋਂ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਬਰਤੋਲਤ ਬਰੈਖ਼ਤ ਦਾ ਨਾਟਕ ‘ਬਾਲਾ ਕਿੰਗ’ ਖੇਡਿਆ ਗਿਆ।


Comments Off on ਗੁਰਸ਼ਰਨ ਭਾਅ ਜੀ ਯਾਦਗਾਰੀ ਨਾਟ ਉਤਸਵ ਸ਼ੁਰੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.