ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਗੁਆਂਢ ਦੀਆਂ ਗੱਲਾਂ

Posted On September - 11 - 2019

ਜਸਬੀਰ ਕੇਸਰ

ਪੰਜਾਬੀ ਦਾ ਅਖਾਣ ਹੈ: ਚੰਦਰਾ ਗੁਆਂਢ ਬੁਰਾ ਲਾਈਲੱਗ ਨਾ ਹੋਵੇ ਘਰਵਾਲਾ। ਲਾਈਲੱਗ ਘਰਵਾਲੇ ਨੂੰ ਪਾਸੇ ਰੱਖਦਿਆਂ ਹਾਲੇ ਚੰਦਰੇ ਗੁਆਂਢ ਬਾਰੇ ਕੁਝ ਗੱਲਾਂ…। ਕਿਸੇ ਮੁਹੱਲੇ ਵਿਚ ਦੋ ਗੁਆਂਢੀਆਂ ਦਾ ਜੇ ਕਿਸੇ ਗੱਲੋਂ ਆਪਸ ਵਿਚ ਇੱਟ ਖੜੱਕਾ ਰਹਿੰਦਾ ਹੋਵੇ ਤਾਂ ਉਹ ਸਦਾ ਬਾਹਾਂ ਚੜ੍ਹਾਈ ਰੱਖਦੇ ਹਨ- ਲੜਨ ਲਈ ਤਿਆਰ-ਬਰ-ਤਿਆਰ। ਨਾਲ ਹੀ ਇਕ-ਦੂਜੇ ਦੀਆਂ ਬਦਖੋਹੀਆਂ ਵੀ ਚਲਦੀਆਂ ਰਹਿੰਦੀਆਂ। ਮੁਹੱਲੇ ਦੇ ਲੋਕਾਂ ਵਿਚੋਂ ਕੁਝ ਤਮਾਸ਼ਬੀਨ ਬਣ ਜਾਂਦੇ ਹਨ, ਕੁਝ ਕੰਨ ਵਲ੍ਹੇਟ ਕੇ ਅੰਦਰ ਵੜ ਜਾਂਦੇ ਹਨ ਤੇ ਕੁਝ ਇਕ-ਦੂਜੇ ਗੁਆਂਢੀ ਨੂੰ ਹੋਰ ਲੂਤੀ ਲਾ ਕੇ ਹੱਲਾਸ਼ੇਰੀ ਦੇ ਕੇ ਪੰਚਾਇਤ, ਥਾਣੇ, ਕਚਹਿਰੀ ਲੈ ਵੜਦੇ ਹਨ। ਫਿਰ ਦੋਵੇਂ ਧਿਰਾਂ ਪੰਚਾਂ, ਸਰਪੰਚਾਂ, ਪੁਲੀਸ ਤੋਂ ਵਾਹਵਾ ਖੱਚ ਜਿਹੀ ਕਰਵਾ ਕੇ ਚੁੱਪ ਕਰਕੇ ਘਰ ਬਹਿ ਜਾਂਦੀਆਂ ਹਨ।
ਕੁਝ ਇਹੋ ਜਿਹੇ ਹਾਲਾਤ ਅੱਜਕੱਲ੍ਹ ਗੁਆਂਢੀ ਮੁਲਕਾਂ ਭਾਰਤ ਤੇ ਪਾਕਿਸਤਾਨ ਵਿਚ ਬਣੇ ਹੋਏ ਹਨ। ਸੋਸ਼ਲ ਮੀਡੀਆ ‘ਤੇ ਖ਼ਬਰ ਆਈ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਮਰੀਕਾ ਦੇ ਸਰਬਰਾਹ ਡੋਨਲਡ ਟਰੰਪ ਕੋਲ ਕਸ਼ਮੀਰ ਮਸਲੇ ਦੇ ਹੱਲ ਲਈ ਸਲਾਹ-ਮਸ਼ਵਰਾ ਕਰਨ ਜਾਂ ਮਦਦ ਲੈਣ ਗਏ ਤੇ ਅੱਗਿਓਂ ਟਰੰਪ, ਜਿਸ ਨੇ ਆਪਣੇ ਦੇਸ਼ ਵਿਚ ਕਈ ਛਿੰਗੜੀਆਂ ਛੇੜੀਆਂ ਹੋਈਆਂ ਹਨ, ਲੂਤੀ ਲਾ ਦਿੱਤੀ ਕਿ ਕੁਝ ਦਿਨ ਪਹਿਲਾਂ ਮਿਸਟਰ ‘ਮੂਡੀ’ (ਮੋਦੀ) ਨੇ ਵੀ ਇਸ ਮਸਲੇ ਬਾਰੇ ਉਸ ਨੂੰ ‘ਮੀਡੀਏਟ’ (ਵਿਚੋਲਗਿਰੀ) ਕਰਨ ਨੂੰ ਕਿਹਾ ਸੀ। ਭਾਰਤ ਵਿਚ ਰੱਫੜ ਪੈ ਗਿਆ। ਮੋਦੀ ਭਗਤਾਂ ਨੇ ਇਸ ‘ਇਲਜ਼ਾਮ’ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵਰਗਾ ਸਿਰੇ ਦਾ ਦੇਸ਼ਭਗਤ ‘ਘਰ ਦੀ ਗੱਲ’ ਬਾਹਰ ਕਿਵੇਂ ਕੱਢ ਸਕਦਾ ਹੈ; ਤੇ ਪ੍ਰਧਾਨ ਮੰਤਰੀ ਆਮ ਵਾਂਗ ਚੁੱਪ ਰਹੇ।
ਪਰ ‘ਬਾਤ ਨਿਕਲੇਗੀ ਤੋ ਫਿਰ ਦੂਰ ਤਲਕ ਜਾਏਗੀ’, ਕੁਝ ਦਿਨਾਂ ਮਗਰੋਂ ਇਕ ਅਖ਼ਬਾਰ ਵਿਚ ਕਾਂਗਰਸੀ ਨੇਤਾ ਮਣੀ ਸ਼ੰਕਰ ਅਈਅਰ ਨੇ ਆਪਣੇ ਲੇਖ ਦੇ ਆਰੰਭ ਵਿਚ ਲਿਖਿਆ ਕਿ ਨਵੀਂ ਦਿੱਲੀ ਵਿਚ ਚੁੰਝ-ਚਰਚਾ ਚਲ ਰਹੀ ਹੈ- ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਉਨ੍ਹਾਂ ਟਰੰਪ ਨੂੰ ‘ਮੀਡੀਏਟ’ (ਵਿਚੋਲਗਿਰੀ) ਕਰਨ ਨੂੰ ਨਹੀਂ ਸਗੋਂ ਕਸ਼ਮੀਰ ਵਿਚ ‘ਮੈਡੀਟੇਟ’ (ਧਿਆਨ ਲਾਉਣ) ਲਈ ਕਿਹਾ ਸੀ। ਯੋਗ ਦੀ ਪ੍ਰੀਭਾਸ਼ਾ ਅਨੁਸਾਰ ਮੈਡੀਟੇਟ ਕਰਨਾ ਮਨ ਨੂੰ ਇਕਾਗਰ ਕਰਨਾ ਹੁੰਦਾ ਹੈ ਤਾਂ ਕਿ ਉਹ ਭਟਕੇ ਨਾ ਪਰ ਸ਼ਬਦ ਕੋਸ਼ ਅਨੁਸਾਰ ਮੈਡੀਟੇਟ ਕਰਨ ਦਾ ਅਰਥ ‘ਸੋਚਣਾ’, ‘ਚਿੰਤਨ’ ਕਰਨਾ ਵੀ ਹੈ। ਟਰੰਪ ਨੂੰ ਯੋਗ ਵਾਲਾ ਧਿਆਨ ਲਾਉਣ ਦੀ ਸਲਾਹ ਭਲਾ ਪ੍ਰਧਾਨ ਮੰਤਰੀ ਨੇ ਕਿਉਂ ਦਿੱਤੀ? ਕੀ ਟਰੰਪ ਕਿਸੇ ਮਾਨਸਿਕ ਭਟਕਣ ਜਾਂ ਮਾਨਸਿਕ ਸੰਤਾਪ ਤੋਂ ਪੀੜਤ ਹਨ? ਸੋ, ਪ੍ਰਧਾਨ ਮੰਤਰੀ ਨੇ ਟੇਢੇ ਢੰਗ ਨਾਲ ਜਾਂ ਸਰਸਰੀ ਕਿਹਾ ਹੋ ਸਕਦਾ ਹੈ- ‘ਹਮਾਰੇ ਉਸਤਾਦ ਜੀ, ਕਸ਼ਮੀਰ ਵੱਲ ਵੀ ਧਿਆਨ ਦਿਓ ਅਤੇ ਸਾਨੂੰ ਕੋਈ ਸਲਾਹ ਦਿਓ।’ ਇਹ ਰੌਲਾ 25 ਜੁਲਾਈ ਨੂੰ ਪਿਆ ਅਤੇ 5 ਅਗਸਤ ਨੂੰ ਬਿਨਾ ਕਿਸੇ ਨਾਲ ਸਲਾਹ ਕੀਤਿਆਂ ਕਸ਼ਮੀਰ ਦੀ ਮੁਕੰਮਲ ਤਾਲਾਬੰਦੀ ਕਰ ਕੇ ਤਾਨਾਸ਼ਾਹੀ ਅੰਦਾਜ਼ ਵਿਚ ਧਾਰਾ 370 ਮਨਸੂਖ ਕਰ ਦਿੱਤੀ ਗਈ।
ਉੱਧਰ, ਇਸ ਘਟਨਾ-ਚੱਕਰ ਤੋਂ ਘਬਰਾ ਕੇ ਜਾਂ ਫੌਜ ਦੇ ਦਬਾਅ ਥੱਲੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਯੂਐੱਨਓ ਕੋਲ ਜਾ ਫਰਿਆਦੀ ਹੋਇਆ ਕਿ ਕਸ਼ਮੀਰ ਵਾਸੀਆਂ ਦੇ ਮਨੁੱਖੀ ਅਧਿਕਾਰਾਂ ਦੀ ਹਿਫ਼ਾਜ਼ਤ ਕੀਤੀ ਜਾਵੇ। ਦੋਹਾਂ ਪਾਸਿਓਂ ਤੋਂ ਅੱਗ-ਲਾਊ ਬਿਆਨ ਸ਼ੁਰੂ ਹੋ ਗਏ। ਮਸਲੇ ਦੀ ਗੰਭੀਰਤਾ ਨੂੰ ਸਮਝਣ ਦੀ ਥਾਂ ਪਰਮਾਣੂ ਹਥਿਆਰਾਂ ਨਾਲ ਲੈਸ ਦੋਹਾਂ ਦੇਸ਼ਾਂ ਦੇ ਮੰਤਰੀਆਂ-ਸੰਤਰੀਆਂ ਨੇ ਆਪੋ-ਆਪਣੀ ਪਰਮਾਣੂ ਸ਼ਕਤੀ ਦੀਆਂ ਫੜ੍ਹਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਸਿਆਣੇ-ਬਿਆਣੇ ਵਿਧਾਇਕਾਂ, ਸੰਸਦ ਮੈਂਬਰਾਂ, ਮੰਤਰੀਆਂ ਨੇ ਅਜਿਹੇ ਗ਼ੈਰ-ਜ਼ਿੰਮੇਵਾਰਾਨਾ ਤੇ ਬਚਕਾਨਾ ਬਿਆਨ ਦਿੱਤੇ, ਜਿਵੇਂ ਕਿਸੇ ਗੰਭੀਰ ਮਸਲੇ ਦੇ ਹੱਲ ਲਈ ਪਿੰਡ ਵਿਚ ਜੁੜੀ ਸੱਥ ਵਿਚ ਕੋਈ ਅਮਲੀ ਨਸ਼ੇ ਦੀ ਲੋਰ ਵਿਚ ਕੋਈ ਤੂਤਕੜਾ ਛੱਡ ਦਿੰਦਾ ਹੈ ਅਤੇ ਗੱਲ ਹਾਸੇ ਵਿਚ ਪੈ ਜਾਂਦੀ ਹੈ।
ਸਾਡੀ ਤ੍ਰਾਸਦੀ ਇਹ ਹੈ ਕਿ ਦੋਹਾਂ ਦੇਸ਼ਾਂ ਦੀ ਆਰਥਿਕ ਹਾਲਤ ਨਿਘਾਰ ਅਵਸਥਾ ’ਚ ਹੈ। ਲੋਕ ਅਮਨ ਚਾਹੁੰਦੇ ਹਨ। ਇਕ ਪਾਸੇ ਹਿੰਦ-ਪਾਕਿ ਦੋਸਤੀ ਦੀਆਂ ਗੱਲਾਂ ਹੁੰਦੀਆਂ ਹਨ, ਦੂਜੇ ਪਾਸੇ ਜੇਬਾਂ ਵਿਚ ਪਾਈ ਪਰਮਾਣੂ ਸ਼ਕਤੀ ਦੇ ਡਰਾਵੇ ਦੇ ਕੇ ਇਕ-ਦੂਜੇ ਨੂੰ ਨੇਸਤੋ-ਨਾਬੂਦ ਕਰਨ ਦੇ ਬਿਆਨ ਦਾਗ਼ੇ ਜਾ ਰਹੇ ਹਨ। ਪਾਕਿਸਤਾਨ ਹਿੰਦੋਸਤਾਨੀ ਕਸ਼ਮੀਰ ਅਤੇ ਹਿੰਦੋਸਤਾਨ ‘ਮਕਬੂਜ਼ਾ’ ਕਸ਼ਮੀਰ ਨੂੰ ਖੋਹਣ ਦੀ ਗੱਲ ਕਰਦਾ ਹੈ। ਇਥੇ ਲਾਲਾ ਧਨੀ ਰਾਮ ਚਾਤ੍ਰਿਕ ਦੀਆਂ ਪੌਣੀ ਸਦੀ ਪਹਿਲਾਂ ਲਿਖੀਆਂ ਸਤਰਾਂ ਯਾਦ ਆਉਂਦੀਆਂ ਹਨ:
ਯਾਰੋ! ਮਰਨ ਮਿੱਟੀ ਕਾਹਦੀ ਚੜ੍ਹ ਗਈ ਜੇ?
ਤੁਹਾਨੂੰ ਕੋਈ ਨਹੀਂ ਰਿਹਾ ਸਮਝਾਉਣ ਵਾਲਾ?
ਕੋਈ ਅੱਗ ਨੂੰ ਨਹੀਂ ਬੁਝਾਉਣ ਜੋਗਾ,
ਜਿਹੜਾ ਉੱਠਦਾ ਹੈ ਤੇਲ ਪਾਉਣ ਵਾਲਾ।
ਪਿੱਛੇ ਜਿਹੇ ਮਾਲਦੀਵ ਵਿਚ ਹੋਈ ‘ਸਾਊਥ ਏਸ਼ੀਅਨ ਸਪੀਕਰਜ਼ ਮੀਟ’ ਵਿਚ ਪਾਕਿਸਤਾਨ ਦੇ ਡਿਪਟੀ ਸਪੀਕਰ ਕਾਸਮ ਖਾਨ ਸੂਰੀ ਅਤੇ ਭਾਰਤੀ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰਿਵੰਸ਼ ਮਾੜੇ ਗੁਆਂਢੀਆਂ ਵਾਂਗ ਖਹਿਬੜ ਪਏ, ਤੇ ਚਾਰ-ਪੰਜ ਦਿਨਾਂ ਬਾਅਦ ਅਮਰੀਕਾ ਨੇ ਭਾਰਤ ਨੂੰ ਪਾਕਿਸਤਾਨ ਨਾਲ ਗੱਲਬਾਤ ਦਾ ਰਾਹ ਖੋਲ੍ਹਣ ਅਤੇ ਕਸ਼ਮੀਰ ਵਿਚ ਚੋਣਾਂ ਕਰਵਾਉਣ ਦੀ ਹਦਾਇਤ ਕਰ ਦਿੱਤੀ। ਸੋ, ਕੌਮਾਂਤਰੀ ਫਰੰਟ ’ਤੇ ਰੌਲਾ ਤਾਂ ਪੈ ਗਿਆ।
ਖ਼ਦਸ਼ਾ ਹੈ ਕਿ ਹਿੰਦ-ਪਾਕਿ ਦੀ ਹਾਲਤ ਕਿਤੇ ਬਚਪਨ ਵਿਚ ਸੁਣੀ ‘ਦੋ ਬਿੱਲੀਆਂ ਦੀ ਲੜਾਈ ਤੇ ਬਾਂਦਰ ਮੁਨਸਫ਼’ ਦੀ ਕਹਾਣੀ ਵਰਗੀ ਨਾ ਹੋ ਜਾਵੇ ਅਤੇ ਦੋਵੇਂ ਕਸ਼ਮੀਰ ਸੀਰੀਆ ਜਾਂ ਅਫਗਾਨਿਸਤਾਨ ਨਾ ਬਣ ਜਾਣ।… ਅਮਰੀਕਾ ਨੇ ਜਿਹੜੀਆਂ ਫੌਜਾਂ ਅਫਗਾਨਿਸਤਾਨ ਵਿਚ ਵਿਚੋਂ ਕੱਢਣੀਆਂ ਹਨ, ਉਨ੍ਹਾਂ ਨੂੰ ਵੀ ਤਾਂ ਕਿਸੇ ਆਹਰੇ ਲਾਉਣਾ ਹੈ!

ਸੰਪਰਕ: 95010-01396


Comments Off on ਗੁਆਂਢ ਦੀਆਂ ਗੱਲਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.