ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਗਲਹਿਰੀ ਦੇ ਬੱਚੇ

Posted On September - 14 - 2019

ਬਾਲ ਕਹਾਣੀ

ਓਮਕਾਰ ਸੂਦ ਫ਼ਰੀਦਾਬਾਦ
ਪੰਕਜ ਦੀ ਉਮਰ ਅੱਠ ਸਾਲ ਦੀ ਸੀ। ਉਹ ਦੂਜੀ ਜਮਾਤ ਵਿਚ ਪੜ੍ਹਦਾ ਸੀ। ਪੜ੍ਹਨ ਵਿਚ ਹੁਸ਼ਿਆਰ ਤੇ ਬੋਲਚਾਲ ਵਿਚ ਵੀ ਸਿਆਣਾ ਮੁੰਡਾ ਸੀ। ਉਹ ਜਦੋਂ ਵੀ ਗੱਲ ਕਰਦਾ ਸੀ, ਬੜੀ ਸਿਆਣੀ ਤੇ ਮਿੱਠੀ ਆਵਾਜ਼ ਵਿਚ ਕਰਦਾ ਸੀ।
ਕੁਝ ਦਿਨਾਂ ਤੋਂ ਉਨ੍ਹਾਂ ਦੇ ਘਰ ਮਿਸਤਰੀ ਲੱਗੇ ਹੋਏ ਸਨ। ਉਂਜ ਮਕਾਨ ਤਾਂ ਉਨ੍ਹਾਂ ਦਾ ਪੱਕਾ ਹੀ ਸੀ, ਪਰ ਪਲੱਸਤਰ ਅਜੇ ਤਕ ਇਕ ਹੀ ਕਮਰੇ ਨੂੰ ਕਰਾਇਆ ਹੋਇਆ ਸੀ। ਬਾਕੀ ਦੋ ਕਮਰੇ ਅਤੇ ਇਕ ਬਰਾਂਡਾ ਪਲੱਸਤਰ ਕਰਨ ਲਈ ਹੁਣ ਮਿਸਤਰੀ ਤੇ ਮਜ਼ਦੂਰ ਲਾਏ ਹੋਏ ਸਨ। ਪੰਕਜ ਸਕੂਲੋਂ ਆ ਕੇ ਮਿਸਤਰੀਆਂ ਕੋਲ ਆ ਬੈਠਾ। ਉਹ ਕੰਧਾਂ ’ਤੇ ਪਲੱਸਤਰ ਹੁੰਦਾ ਵੇਖ ਰਿਹਾ ਸੀ। ਮਿਸਤਰੀ ਪਹਿਲਾਂ ਕੰਧ ’ਤੇ ਕਰੰਡੀ ਨਾਲ ਮਸਾਲਾ ਚੇਪ ਦਿੰਦਾ ਤੇ ਬਾਅਦ ਵਿਚ ਲੱਕੜੀ ਦਾ ਚਾਰ ਕੁ ਫੁੱਟਾ ਗਜ਼ ਫੇਰ ਕੇ ਮਸਾਲੇ ਨੂੰ ਪੱਧਰ ਕਰਦਾ। ਫਿਰ ਹੋਰ ਪੱਧਰਾ ਕਰਨ ਲਈ ਲੱਕੜੀ ਦਾ ਗੁਰਮਾਲਾ ਫੇਰਦਾ ਤੇ ਅਖੀਰ ਵਿਚ ਲੋਹੇ ਦਾ ਗੁਰਮਾਲਾ ਫੇਰ ਕੇ ਕੰਧ ਇਕਦਮ ਚਿਕਨੀ ਕਰ ਦਿੰਦਾ ਸੀ। ਪੰਕਜ ਬੈਠਾ ਮਿਸਤਰੀ ਨੂੰ ਕੰਮ ਕਰਦਿਆਂ ਵੇਖ ਰਿਹਾ ਸੀ। ਇਹ ਸਭ ਵੇਖ ਕੇ ਉਸ ਨੂੰ ਬੜਾ ਮਜ਼ਾ ਆ ਰਿਹਾ ਸੀ।
ਦੁਪਹਿਰੇ ਮਿਸਤਰੀ ਤੇ ਮਜ਼ਦੂਰ ਰੋਟੀ ਖਾਣ ਚਲੇ ਗਏ। ਪੰਕਜ ਉੱਥੇ ਹੀ ਬੈਠਾ-ਬੈਠਾ ਖੇਡਣ ਲੱਗਾ। ਖੇਡਦਿਆਂ-ਖੇਡਦਿਆਂ ਪੰਕਜ ਦਾ ਧਿਆਨ ਕੰਧ ਕੋਲ ਚੱਕਰ ਕੱਟ ਰਹੀ ਇਕ ਗਲਹਿਰੀ ਵੱਲ ਗਿਆ। ਉਹ ਬੜੀ ਬੇਚੈਨੀ ਨਾਲ ਅੰਦਰ-ਬਾਹਰ ਚੱਕਰ ਲਗਾ ਰਹੀ ਸੀ। ਉਹ ਕੰਧ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਸੀ। ਪੰਕਜ ਦਾ ਧਿਆਨ ਖੇਡਣ ਵੱਲੋਂ ਹਟ ਕੇ ਗਲਹਿਰੀ ’ਤੇ ਕੇਂਦਰਿਤ ਹੋ ਗਿਆ। ਉਹ ਗਲਹਿਰੀ ਦੀਆਂ ਬੇਚੈਨ ਹਰਕਤਾਂ ਨੂੰ ਬੜੀ ਉਤਸੁਕਤਾ ਨਾਲ ਵੇਖਣ ਲੱਗਾ। ਉਸ ਨੂੰ ਯਾਦ ਆਇਆ ਕਿ ਕੰਧ ਦੀ ਇਕ ਤਰੇੜ ਵਿਚ ਗਲਹਿਰੀ ਦੇ ਬੱਚੇ ਸਨ। ਉਹ ਮੋਰੀ ਪਲੱਸਤਰ ਹੋਣ ਕਰਕੇ ਬੰਦ ਹੋ ਗਈ ਸੀ। ਬੱਚੇ ਮੋਰੀ ਦੇ ਅੰਦਰ ਹੀ ਸਨ, ਜਿਸ ਕਰਕੇ ਬੱਚਿਆਂ ਕੋਲ ਪਹੁੰਚਣ ਦੀ ਤਾਂਘ ਗਲਹਿਰੀ ਦੀ ਬੇਚੈਨੀ ਦਾ ਕਾਰਨ ਸੀ। ਗਲਹਿਰੀ ਨੂੰ ਉਹ ਰੋਜ਼ਾਨਾ ਵੇਖਦਾ ਸੀ। ਉਨ੍ਹਾਂ ਦੇ ਘਰ ਕਈ ਗਲਹਿਰੀਆਂ ਘੁੰਮਦੀਆਂ ਰਹਿੰਦੀਆਂ ਸਨ। ਕਦੇ ਉਹ ਉਨ੍ਹਾਂ ਦੇ ਵਿਹੜੇ ਵਿਚ ਉੱਗੇ ਤੂਤ ’ਤੇ ਚੜ੍ਹ ਜਾਂਦੀਆਂ। ਕਦੇ ਗੁਆਂਢੀਆਂ ਦੇ ਘਰ ਚਲੀਆਂ ਜਾਂਦੀਆਂ। ਜ਼ਿਆਦਾ ਸਮਾਂ ਉਨ੍ਹਾਂ ਦੀ ਕੰਧ ’ਚ ਬਣੀਆਂ ਮੋਰੀਆਂ ਵਿਚ ਛੁਪਦੀਆਂ-ਨਿਲਕਦੀਆਂ ਰਹਿੰਦੀਆਂ ਸਨ। ਕੰਧਾਂ ’ਤੇ ਪਲੱਸਤਰ ਨਾ ਹੋਇਆ ਹੋਣ ਕਰਕੇ ਕੰਧਾਂ ਵਿਚ ਕਈ ਵੱਡੀਆਂ-ਛੋਟੀਆਂ ਖੋੜਾਂ ਸਨ। ਉਨ੍ਹਾਂ ਖੋੜਾਂ ਵਿਚ ਗਲਹਿਰੀਆਂ ਦੇ ਘਰ ਸਨ। ਉੱਪਰ ਛੱਤ ਦੇ ਲੈਂਟਰ ਦੇ ਨਾਲ ਇਕ ਵੱਡੀ ਸਾਰੀ ਮੋਰੀ ਵਿਚ ਗਲਹਿਰੀ ਦੇ ਬੱਚਿਆਂ ਦਾ ਉਸ ਨੂੰ ਪਤਾ ਸੀ। ਹੁਣ ਉਹ ਮੋਰੀ ਪਲੱਸਤਰ ਹੋਣ ਕਰਕੇ ਬੰਦ ਹੋ ਗਈ ਸੀ। ਉਸ ਨੇ ਸੋਚਿਆ ਕਿ ਜੇ ਪਲੱਸਤਰ ਸੁੱਕ ਗਿਆ ਤਾਂ ਬੱਚੇ ਵਿਚ ਹੀ ਦਮ ਘੁੱਟ ਕੇ ਮਰ ਜਾਣਗੇ। ਉਹ ਕਿਸੇ ਤਰ੍ਹਾਂ ਗਲਹਿਰੀ ਦੇ ਬੱਚਿਆਂ ਨੂੰ ਬਚਾਉਣ ਦੀ ਤਰਕੀਬ ਸੋਚਣ ਲੱਗਾ। ਮੋਰੀ ਬਹੁਤ ਉੱਚੀ ਛੱਤ ਦੇ ਨਜ਼ਦੀਕ ਸੀ। ਪੰਕਜ ਅਜੇ ਬਹੁਤ ਛੋਟਾ ਸੀ। ਮੋਰੀ ਤਕ ਪਹੁੰਚਣਾ ਉਸ ਲਈ ਬੜਾ ਮੁਸ਼ਕਿਲ ਸੀ। ਉਸ ਨੇ ਸੋਚਿਆ ਕਿ ਉਹ ਮਿਸਤਰੀ ਅਤੇ ਮਜ਼ਦੂਰਾਂ ਨੂੰ ਕਹਿ ਕੇ ਗਲਹਿਰੀ ਦੇ ਬੱਚੇ ਮੋਰੀ ਵਿਚੋਂ ਬਾਹਰ ਕਢਵਾ ਦੇਵੇਗਾ। ਇਸ ਲਈ ਜਦੋਂ ਮਿਸਤਰੀ-ਮਜ਼ਦੂਰ ਰੋਟੀ ਖਾ ਕੇ ਵਾਪਸ ਆਏ ਤਾਂ ਉਸ ਨੇ ਕਿਹਾ, ‘ਅੰਕਲ ਜੀ, ਉੱਥੇ ਮੋਰੀ ਵਿਚ ਗਲਹਿਰੀ ਦੇ ਬੱਚੇ ਹਨ। ਪਲੱਸਤਰ ਨਾਲ ਮੋਰੀ ਬੰਦ ਹੋ ਗਈ ਹੈ।’
‘ਫਿਰ ਅਸੀਂ ਕੀ ਕਰੀਏ ? ਗਲਹਿਰੀ ਦੇ ਬੱਚੇ ਹੀ ਹਨ, ਹੋਰ ਤਾਂ ਕੁਝ ਨਹੀਂ ਹੈ।’ ਮਿਸਤਰੀ ਉਸ ਦੀ ਗੱਲ ਵਿਚੋਂ ਹੀ ਕਟਦਿਆਂ ਰੁੱਖੇ ਜਿਹੇ ਅੰਦਾਜ਼ ਵਿਚ ਬੋਲ ਕੇ ਹੱਸ ਪਿਆ। ਕੋਲ ਖੜ੍ਹੇ ਮਜ਼ਦੂਰ ਵੀ ਹੱਸਣ ਲੱਗੇ। ਪੰਕਜ ਰੋਣਹਾਕਾ ਜਿਹਾ ਹੋ ਗਿਆ। ਕੋਈ ਵਾਹ ਨਾ ਚੱਲਦੀ ਵੇਖ ਉਹ ਦੁਖੀ ਮਨ ਨਾਲ ਆਪਣੇ ਪਾਪਾ ਕੋਲ ਆ ਗਿਆ। ਉਸ ਨੂੰ ਕੁਝ ਚਿਰ ਪਹਿਲਾਂ ਜਿਹੜੇ ਮਜ਼ਦੂਰ ਕੰਮ ਕਰਦੇ ਚੰਗੇ ਲੱਗ ਰਹੇ ਸਨ, ਹੁਣ ਉਹੀ ਭੈੜੇ ਜਾਪਣ ਲੱਗ ਪਏ ਸਨ। ਉਸ ਦੇ ਪਾਪਾ ਅਖ਼ਬਾਰ ਪੜ੍ਹ ਰਹੇ ਸਨ। ਉਹ ਆਉਂਦਿਆਂ ਹੀ ਨਿਮਰਤਾ ਨਾਲ ਬੋਲਿਆ, ‘ਪਾਪਾ ਜੀ!
‘ਦੱਸ ਪੁੱਤਰ ?’ ਕਹਿ ਕੇ ਉਸ ਦੇ ਪਾਪਾ ਨੇ ਅਖ਼ਬਾਰ ਤੋਂ ਧਿਆਨ ਹਟਾ ਕੇ ਉਸ ਦੇ ਮੋਢੇ ’ਤੇ ਹੱਥ ਰੱਖ ਲਿਆ। ਪਿਓ ਦੇ ਮਿੱਠੇ ਬੋਲਾਂ ਅਤੇ ਪਿਆਰ ਨਾਲ ਮੋਢੇ ’ਤੇ ਰੱਖੇ ਹੱਲਾਸ਼ੇਰੀ ਵਰਗੇ ਹੱਥ ਨੇ ਉਸ ਨੂੰ ਬੋਲਣ ਦਾ ਹੌਸਲਾ ਦਿੱਤਾ। ਉਹ ਬੋਲਿਆ, ‘ਪਾਪਾ ਜੀ, ਉੱਥੇ ਜਿਹੜੇ ਮੋਰੀ ਵਿਚ ਕਾਟੋ ਦੇ ਬੱਚੇ ਹਨ, ਉਨ੍ਹਾਂ ਦੀ ਮੋਰੀ ਆਪਣੇ ਮਿਸਤਰੀ ਨੇ ਬੰਦ ਕਰ ਦਿੱਤੀ ਹੈ। ਬੱਚੇ ਵਿਚ ਹੀ ਹਨ ,ਵਿਚਾਰੇ ਮਰ ਜਾਣਗੇ।’
ਪਾਪਾ ਪੰਕਜ ਦੀ ਗੱਲ ਦੀ ਅਸਲੀਅਤ ਸਮਝ ਗਏ। ਬੋਲੇ, ‘ਚੱਲ ਪੁੱਤਰ, ਹੁਣੇ ਹੀ ਆਪਾਂ ਕਢਵਾ ਦਿੰਦੇ ਹਾਂ।’ ਉਸਦੇ ਪਾਪਾ ਉੱਠ ਕੇ ਉਸ ਨਾਲ ਦੂਜੇ ਕਮਰੇ ਵਿਚ ਚਲੇ ਗਏ। ਪੰਕਜ ਨੇ ਆਪਣੀ ਨਿੱਕੀ ਜਿਹੀ ਉਂਗਲੀ ਨਾਲ ਇਸ਼ਾਰਾ ਕਰਕੇ ਬੱਚਿਆਂ ਬਾਰੇ ਦੱਸਿਆ। ਪਾਪਾ ਨੇ ਕੋਲ ਪਈ ਲੱਕੜ ਦੀ ਪੌੜੀ ਕੰਧ ਨਾਲ ਲਗਾ ਦਿੱਤੀ। ਮਿਸਤਰੀ ਨੂੰ ਕਹਿ ਕੇ ਪਲੱਸਤਰ ਝੜਵਾ ਦਿੱਤਾ। ਫਿਰ ਇਕ ਡੱਕੇ ਨਾਲ ਮੋਰੀ ਖੁਰਚ ਕੇ ਵਿਚ ਫਸਿਆ ਗਿੱਲਾ ਮਸਾਲਾ ਵੀ ਕਢਵਾ ਦਿੱਤਾ। ਮੋਰੀ ਵਿਚੋਂ ਗਲਹਿਰੀ ਦੇ ਬੱਚੇ ਬਾਹਰ ਛਾਲਾਂ ਮਾਰ ਗਏ। ਉਹ ਬੇਚੈਨ ਹੋਈ ਫਿਰਦੀ ਆਪਣੀ ਮਾਂ ਦੇ ਸੰਗ ਜਾ ਰਲੇ। ਮਿਸਤਰੀ ਤੇ ਮਜ਼ਦੂਰ ਚੁੱਪਚਾਪ ਖੜ੍ਹੇ ਪੰਕਜ ਦੀ ਦਿਆਲਤਾ ਬਾਰੇ ਸੋਚ ਰਹੇ ਸਨ। ਮਿਸਤਰੀ ਨੂੰ ਸੰਬੋਧਿਤ ਹੋ ਕੇ ਪੰਕਜ ਦੇ ਪਾਪਾ ਬੋਲੇ, ‘ਮਿਸਤਰੀ ਸਾਬ੍ਹ ,ਉੱਪਰ ਦੁਬਾਰਾ ਪਲੱਸਤਰ ਮਾਰ ਦੇਣਾ।’ ਇਹ ਸੁਣਦੇ ਹੀ ਮਿਸਤਰੀ ਬੱਠਲ ਵਿਚਲੇ ਮਸਾਲੇ ਵਿਚ ਕਰੰਡੀ ਫੇਰਨ ਲੱਗ ਪਿਆ। ਪੰਕਜ ਮੁਸਕਰਾਉਂਦਾ ਕਿਸੇ ਜੇਤੂ ਵਾਂਗ ਆਪਣੇ ਪਾਪਾ ਦੇ ਨਾਲ ਹੀ ਕਮਰੇ ਵਿਚੋਂ ਬਾਹਰ ਨਿਕਲ ਆਇਆ।
ਸੰਪਰਕ: 96540-36080


Comments Off on ਗਲਹਿਰੀ ਦੇ ਬੱਚੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.