ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਗਦਰ ਲਹਿਰ ਲਈ ਜ਼ਮੀਨ ਤਿਆਰ ਕਰਨ ’ਚ ਸੰਤ ਤੇਜਾ ਸਿੰਘ ਦਾ ਯੋਗਦਾਨ

Posted On September - 11 - 2019

ਗੁਰਦੇਵ ਸਿੰਘ ਸਿੱਧੂ

ਪਿੰਡ ਬੱਲੋਵਾਲੀ ਜ਼ਿਲ੍ਹਾ ਗੁੱਜਰਾਂਵਾਲਾ ਵਿਚ 14 ਮਈ 1877 ਨੂੰ ਮਾਤਾ ਸਦਾ ਕੌਰ ਅਤੇ ਪਿਤਾ ਰਲਾ ਸਿੰਘ ਦੇ ਘਰ ਜਨਮੇ ਬਾਲ ਦਾ ਨਾਂ ਨਿਰੰਜਨ ਸਿੰਘ ਰੱਖਿਆ ਗਿਆ। 1901 ਵਿਚ ਐੱਮਏ (ਅੰਗਰਜ਼ੀ) ਅਤੇ ਐੱਲਐੱਲਬੀ ਦੀ ਪੜ੍ਹਾਈ ਕਰਨ ਪਿੱਛੋਂ ਕੁੱਝ ਦੇਰ ਇਧਰ-ਉਧਰ ਨੌਕਰੀ ਕਰਨ ਮਗਰੋਂ ਉਸ ਨੂੰ 1904 ਵਿਚ ਖਾਲਸਾ ਕਾਲਜ, ਅੰਮ੍ਰਿਤਸਰ ਵਿਚ ਵਾਈਸ ਪ੍ਰਿੰਸੀਪਲ ਦੀ ਨਿਯੁਕਤੀ ਮਿਲੀ। ਅੰਮ੍ਰਿਤਸਰ ਦੇ ਅਧਿਆਤਮਕ ਮਾਹੌਲ ਵਿਚ ਉਸ ਨੂੰ ਆਪਣੀ ਮਾਤਾ ਅਤੇ ਨਾਨਕਾ ਪਰਿਵਾਰ ਤੋਂ ਮਿਲੇ ਗੁਰਮੁਖੀ ਸੰਸਕਾਰ ਪ੍ਰਫੁੱਲਤ ਹੋਏ। ਇੱਥੇ ਹੀ ਉਸ ਦੀ ਮੁਲਾਕਾਤ ਸੰਤ ਅਤਰ ਸਿੰਘ ਜੀ ਮਸਤੂਆਣਾ ਨਾਲ ਹੋਈ, ਜਿਨ੍ਹਾਂ ਤੋਂ ਅੰਮ੍ਰਿਤ ਛਕਣ ਮਗਰੋਂ ਉਸ ਦਾ ਨਾਂ ਤੇਜਾ ਸਿੰਘ ਹੋਇਆ।
ਅਮਰੀਕਾ ਨੂੰ ਜਾਂਦਿਆਂ ਪ੍ਰੋਫੈਸਰ ਤੇਜਾ ਸਿੰਘ 24 ਅਗਸਤ 1906 ਨੂੰ ਲੰਡਨ ਪੁੱਜਾ ਅਤੇ ਇੱਥੇ ਕੈਂਬਰਿਜ ਯੂਨੀਵਰਸਿਟੀ ਵਿਚ ਦਾਖਲਾ ਲੈ ਲਿਆ। ਲੰਡਨ ਵਿਚ ਰਹਿੰਦਿਆਂ ਪ੍ਰੋਫੈਸਰ ਤੇਜਾ ਸਿੰਘ ਨੇ ਗੁਰਮਤਿ ਦਾ ਪ੍ਰਚਾਰ ਕੀਤਾ ਅਤੇ ‘ਖਾਲਸਾ ਜਥਾ ਬ੍ਰਿਟਿਸ਼ ਆਈਲੈਂਡ’ ਦੀ ਨੀਂਹ ਰੱਖੀ। ਦੋ ਸਾਲ ਵਿਚ ਇਹ ਪੜ੍ਹਾਈ ਪੂਰੀ ਕਰ ਕੇ ਤੇਜਾ ਸਿੰਘ ਨੇ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਦੇ ਟੀਚਰਜ਼ ਕਾਲਜ ਵਿਚ ਦਾਖਲਾ ਲੈ ਲਿਆ। ਇਥੇ ਵੀ ਉਨ੍ਹਾਂ ਗੁਰਮਤਿ ਪ੍ਰਚਾਰ ਜਾਰੀ ਰੱਖਿਆ। ਵੈਨਕੂਵਰ ਵਿਚ ਭਾਈ ਵਰਿਆਮ ਸਿੰਘ ਪਿੰਡ ਨੱਥੋਕੇ (ਫਿਰੋਜ਼ਪੁਰ), ਭਾਈ ਅਰਜਨ ਸਿੰਘ ਪਿੰਡ ਮਲਕ (ਲੁਧਿਆਣਾ), ਭਾਈ ਭਾਗ ਸਿੰਘ ਪਿੰਡ ਭਿੱਖੀਵਿੰਡ (ਲਾਹੌਰ), ਭਾਈ ਬਲਵੰਤ ਸਿੰਘ ਪਿੰਡ ਖੁਰਦਪੁਰ (ਜਲੰਧਰ) ਆਦਿ ਦੀ ਅਗਵਾਈ ਵਿਚ ਗੁਰਦੁਆਰੇ ਦੀ ਸਥਾਪਨਾ ਕਰ ਚੁੱਕੀ ਸਿੱਖ ਸੰਗਤ ਨੂੰ ਉਸ ਦੇ ਪ੍ਰਚਾਰ ਦੀ ਖਬਰ ਮਿਲੀ ਤਾਂ ਉਨ੍ਹਾਂ ਪ੍ਰੋਫੈਸਰ ਤੇਜਾ ਸਿੰਘ ਨੂੰ ਕੈਨੇਡਾ ਆਉਣ ਦਾ ਸੱਦਾ ਦਿੱਤਾ। ਇਸ ਸੱਦੇ ਉੱਤੇ ਮਹੀਨਾ ਕੁ ਕੈਨੇਡਾ ’ਚ ਧਰਮ ਪ੍ਰਚਾਰ ਕਰ ਕੇ ਤੇਜਾ ਸਿੰਘ ਵਾਪਸ ਕੋਲੰਬੀਆ ਆ ਗਿਆ।

ਗੁਰਦੇਵ ਸਿੰਘ ਸਿੱਧੂ

ਕੋਲੰਬੀਆ ਵਿਚ ਪਹੁੰਚਣ ਵਾਲੇ ਦਿਨ ਤੋਂ ਹੀ ਪ੍ਰੋਫੈਸਰ ਤੇਜਾ ਸਿੰਘ ਐਤਵਾਰ ਨੂੰ ਗੁਰਮਤਿ ਅਭਿਲੰਭੀਆਂ, ਜਿਨ੍ਹਾਂ ਵਿਚ ਗੋਰੇ ਗੋਰੀਆਂ ਵੀ ਸ਼ਾਮਲ ਸਨ, ਨਾਲ ਵਿਚਾਰਾਂ ਕਰਿਆ ਕਰਦਾ ਸੀ। ਮਿਸਟਰ ਕਰਾਫੋਰਡ ਨੇ ਇਕ ਭਾਈਵਾਲ ਨਾਲ ਰਲ ਕੇ ਜੈਕਸਨ ਵਿਲ ਦਾ ਕੁਝ ਸੋਨੇ ਦੀ ਕਾਨ ਖਰੀਦੀ ਹੋਇਆ ਸੀ ਪਰ ਇਕ ਵੇਲਾ ਅਜਿਹਾ ਆਇਆ ਕਿ ਭਾਈਵਾਲ ਬੇਈਮਾਨ ਹੋ ਗਿਆ। ਉਸ ਨੇ ਮਿਸਟਰ ਕਰਾਫੋਰਡ ਦੀ ਮਾਲੀ ਕਮਜ਼ੋਰੀ ਦਾ ਫਾਇਦਾ ਉਠਾ ਕੇ ਸਾਰੀ ਕਾਨ ਉੱਤੇ ਕਬਜ਼ਾ ਕਰਨ ਦੀ ਵਿਓਂਤ ਬਣਾ ਲਈ। ਮਿਸਟਰ ਕਰਾਫੋਰਡ ਨੇ ਇਹ ਗੱਲ ਪ੍ਰੋਫੈਸਰ ਤੇਜਾ ਸਿੰਘ ਨਾਲ ਸਾਂਝੀ ਕੀਤੀ ਅਤੇ ਕਿਹਾ ਕਿ ਜੇ ਉਹ ਉਸ ਲਈ 50,000 ਡਾਲਰ ਦਾ ਪ੍ਰਬੰਧ ਕਰ ਦੇਣ ਤਾਂ ਉਹ ਆਪਣੇ ਹਿੱਸਿਆਂ ਵਿਚੋਂ ਕਾਨ ਦਾ ਚੌਥਾ ਹਿੱਸਾ ਢਾਈ ਲੱਖ ਡਾਲਰ ਵਿਚ ਉਨ੍ਹਾਂ ਨੂੰ ਦੇ ਦੇਵੇਗਾ। ਪ੍ਰੋਫੈਸਰ ਤੇਜਾ ਸਿੰਘ ਬਿਨਾਂ ਪਹਿਲਾਂ ਕੋਈ ਸੂਚਨਾ ਦਿੱਤਿਆਂ ਅਗਸਤ 1908 ਦੇ ਮਹੀਨੇ ਵੈਨਕੂਵਰ ਪਹੁੰਚ ਗਿਆ। ਇਹ ਉਹ ਦਿਨ ਸਨ ਜਦ ਕੈਨੇਡਾ ਸਰਕਾਰ ਕੈਨੇਡਾ ਵਿਚ ਹਿੰਦੋਸਤਾਨੀਆਂ ਦੇ ਦਾਖਲੇ ਨੂੰ ਰੋਕਣ ਵਾਸਤੇ ਕਈ ਕਿਸਮ ਦੀਆਂ ਪਾਬੰਦੀਆਂ ਲਾ ਚੁੱਕੀ ਸੀ। 8 ਜਨਵਰੀ 1908 ਦੇ ਇਕ ਆਰਡੀਨੈਂਸ ਦੁਆਰਾ ਪ੍ਰਵਾਸੀ ਨੂੰ ਆਪਣੇ ਮੁਲਕ ਤੋਂ ਸਿੱਧੀ ਯਾਤਰਾ ਰਾਹੀਂ ਕੈਨੇਡਾ ਆਉਣਾ ਲਾਜ਼ਮੀ ਕਰ ਦਿੱਤਾ ਗਿਆ ਸੀ ਅਤੇ 3 ਜੂਨ 1908 ਨੂੰ ਜਾਰੀ ਦੂਜੇ ਆਰਡੀਨੈਂਸ ਵਿਚ ਹਰ ਪ੍ਰਵਾਸੀ ਕੋਲ ਦੋ ਸੌ ਡਾਲਰ ਹੋਣੇ ਲਾਜ਼ਮੀ ਕਰ ਦਿੱਤੇ ਗਏ ਸਨ।
ਇਨ੍ਹੀਂ ਦਿਨੀਂ ਵੈਨਕੂਵਰ ਵਿਚ ਲੱਕੜੀ ਦਾ ਬਣਿਆ ਦੋ ਮੰਜ਼ਿਲਾ ਗੁਰਦੁਆਰਾ ਸਾਰੇ ਹਿੰਦੋਸਤਾਨੀਆਂ ਦੇ ਮਿਲ ਬੈਠਣ ਦਾ ਕੇਂਦਰ ਬਣ ਚੁੱਕਾ ਸੀ। ਉੱਪਰਲੀ ਮੰਜ਼ਲ ਵਿਚ ਮਹਾਰਾਜ ਦਾ ਪ੍ਰਕਾਸ਼ ਸੀ ਅਤੇ ਹੇਠਲੀ ਮੰਜ਼ਲ ਦਾ ਹਾਲ ਇਕੱਤਰਤਾ ਕਰਨ ਦੇ ਕੰਮ ਆਉਂਦਾ ਸੀ। ਪ੍ਰੋਫੈਸਰ ਤੇਜਾ ਸਿੰਘ ਨੇ ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ, ਭਾਈ ਵਰਿਆਮ ਸਿੰਘ ਅਤੇ ਹੋਰ ਸੱਜਣਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਮਿਸਟਰ ਕਰਾਫੋਰਡ ਵਾਲੇ ਪ੍ਰਸਤਾਵ ਤੋਂ ਜਾਣੂ ਕਰਵਾਇਆ। ਫੈਸਲਾ ਹੋਇਆ ਕਿ ਇਕ ਤਾਂ ਸਰਕਾਰ ਵੱਲੋਂ ਹਿੰਦੋਸਾਨੀਆਂ ਨੂੰ ਵਿਹਲੜ ਦੱਸੇ ਜਾਣ ਨੂੰ ਝੂਠਾ ਦੋਸ਼ ਸਿੱਧ ਕਰਨ ਵਾਸਤੇ ਜਾਇਦਾਦ ਖ੍ਰੀਦੀ ਜਾਵੇ ਅਤੇ ਦੂਜੇ ਪ੍ਰੋਫੈਸਰ ਤੇਜਾ ਸਿੰਘ ਆਪਣੇ ਭਾਸ਼ਨਾਂ ਦੁਆਰਾ ਸਥਾਨਕ ਲੋਕਾਂ ਨੂੰ ਅਸਲੀਅਤ ਤੋਂ ਜਾਣੂ ਕਰਵਾਏ।
ਬ੍ਰਿਟਿਸ਼ ਹਾਂਡੂਰਸ ਵਿਚ ਪ੍ਰਵਾਸ ਕਰਵਾਉਣ ਨੂੰ ਸੰਭਵ ਬਣਾਉਣ ਦੀ ਯੋਜਨਾ ਦੇ ਪੜਾਅ ਵਜੋਂ ਕਮਿਸ਼ਨਰ ਪੱਧਰ ਦਾ ਇਕ ਸਰਕਾਰੀ ਅਧਿਕਾਰੀ ਮਿਸਟਰ ਜੇ.ਬੀ. ਹਰਕਿਨ ਅਤੇ ਕੈਨੇਡਾ ਵਿਚ ਹਿੰਦੋਸਤਾਨੀਆਂ ਦੀਆਂ ਸਰਗਰਮੀਆਂ ਦਾ ਭੇਦ ਲੈਣ ਵਾਲਾ ਸੂਹੀਆ ਮਿਸਟਰ ਹਾਪਕਿਨਸਨ ਦੋ ਸਿੱਖਾਂ, ਭਾਈ ਸਤਨਾਗਰ ਸਿੰਘ ਅਤੇ ਭਾਈ ਸ਼ਾਮ ਸਿੰਘ, ਨੂੰ ਬ੍ਰਿਟਿਸ਼ ਹਾਂਡੂਰਸ ਦਿਖਾਉਣ ਵਾਸਤੇ ਆਪਣੇ ਨਾਲ ਲੈ ਕੇ 25 ਅਕਤੂਬਰ 1908 ਨੂੰ ਉੱਥੇ ਗਏ ਅਤੇ 7 ਨਵੰਬਰ 1908 ਨੂੰ ਪਰਤੇ। ਯੋਜਨਾ ਇਹ ਸੀ ਕਿ ਸਰਕਾਰੀ ਧੌਂਸ ਨਾਲ ਸਿੱਖ ਪ੍ਰਤੀਨਿਧੀਆਂ ਦੀ ਵਾਪਸੀ ਮਗਰੋਂ ਉਨ੍ਹਾਂ ਤੋਂ ਹਿੰਦੋਸਤਾਨੀ ਭਾਈਚਾਰੇ ਕੋਲ ਇਹ ਰਿਪੋਰਟ ਕਰਵਾਈ ਜਾਵੇ ਕਿ ਬ੍ਰਿਟਿਸ਼ ਹਾਂਡੂਰਸ ਵਸੇਵੇ ਲਈ ਢੁੱਕਵੀਂ ਥਾਂ ਹੈ ਤਾਂ ਜੋ ਇਸ ਰਿਪੋਰਟ ਦੇ ਆਧਾਰ ਉੱਤੇ ਕੈਨੇਡਾ ਸਰਕਾਰ ਹਿੰਦੋਸਤਾਨੀਆਂ ਨੂੰ ਓਥੇ ਜਾਣ ਲਈ ਮਜਬੂਰ ਕਰ ਸਕੇ। ਉਪਰੋਕਤ ਪਹਿਲੇ ਫੈਸਲੇ ਦੀ ਲੋਅ ਵਿਚ ਪ੍ਰੋਫੈਸਰ ਤੇਜਾ ਸਿੰਘ ਨੇ “ਗੁਰੂ ਨਾਨਕ ਮਾਈਨਿੰਗ ਐਂਡ ਟਰੱਸਟ ਕੰਪਨੀ” 29 ਨਵੰਬਰ 1908 ਨੂੰ ਰਜਿਸਟਰ ਕਰਵਾ ਕੇ ਮਿਸਟਰ ਕਰਾਫੋਰਡ ਦੀ ਪੇਸ਼ਕਸ਼ ਨੂੰ ਅਮਲ ਵਿਚ ਲੈ ਆਂਦਾ, ਗੁਰੂ ਨਾਨਕ ਟਾਊਨ ਵਸਾਉਣ ਵਾਸਤੇ ਈਗਲ ਹਾਰਬਰ ਵਿਚ ਸਮੁੰਦਰ ਦੇ ਕਿਨਾਰੇ ਢਾਈ ਸੌ ਏਕੜ ਜ਼ਮੀਨ ਦਾ ਸੌਦਾ ਕਰ ਲਿਆ ਅਤੇ ਇਕ ਏਕੜ ਦਾ ਹੋਰ ਟੁਕੜਾ ਗੁਰਦੁਆਰਾ ਸਾਹਿਬ ਉਸਾਰਨ ਵਾਸਤੇ ਖ੍ਰੀਦਿਆ। ਪ੍ਰੋਫੈਸਰ ਤੇਜਾ ਸਿੰਘ ਦੇ ਭਾਸ਼ਨਾਂ ਨੇ ਵੀ ਸਥਾਨਕ ਲੋਕਾਂ ਦੇ ਭੁਲੇਖੇ ਦੂਰ ਕੀਤੇ। ਇਨ੍ਹਾਂ ਕਾਰਵਾਈਆਂ ਸਦਕਾ ਕੈਨੇਡਾ ਵਿਚ ਵਸਦੇ ਹਿੰਦੋਸਤਾਨੀਆਂ ਦਾ ਹੌਸਲਾ ਵਧਿਆ ਜਿਸ ਨੂੰ ਵੇਖਦਿਆਂ ਬ੍ਰਿਟਿਸ਼ ਹਾਂਡੂਰਸ ਤੋਂ ਵਾਪਸ ਆਏ ਸਿੱਖਾਂ ਨੇ ਵੀ ਸਰਕਾਰੀ ਪ੍ਰਭਾਵ ਤੋਂ ਮੁਕਤ ਹੋ ਕੇ ਬ੍ਰਿਟਿਸ਼ ਹਾਂਡੂਰਸ ਦੀ ਅਸਲੀਅਤ ਬਿਆਨ ਕਰ ਦਿੱਤੀ। ਜਦ ਇਹ ਖਬਰ ਅਖਬਾਰਾਂ ਵਿਚ ਛਪੀ ਤਾਂ ਕਮਿਸ਼ਨਰ ਭੜਕ ਉੱਠਿਆ, ਉਸ ਨੇ ਸੁਨੇਹਾ ਭੇਜਿਆ ਕਿ ਰਿਪੋਰਟ ਸੁਣਾਉਣ ਵਾਸਤੇ ਉਹ ਖੁਦ ਆਵੇਗਾ। ਮਿਥੇ ਦਿਨ ਛੇ-ਸੱਤ ਹਜ਼ਾਰ ਹਿੰਦੋਸਤਾਨੀ ਗੁਰਦੁਆਰੇ ਵਿਚ ਇਕੱਠੇ ਹੋ ਗਏ। ਇਸ ਬਾਰੇ ਪਤਾ ਲੱਗਣ ’ਤੇ ਸਰਕਾਰੀ ਕਰਮਚਾਰੀਆਂ, ਜਿਨ੍ਹਾਂ ਵਿਚ ਮਿਸਟਰ ਡਬਲਿਊ. ਸੀ. ਹਾਪਕਿਨਸਨ ਵੀ ਸੀ, ਨੇ ਮਿਸਟਰ ਹਰਕਿਨ ਨੂੰ ਡਰਾ ਕੇ ਗੁਰਦੁਆਰੇ ਵਿਚ ਜਾਣ ਤੋਂ ਰੋਕ ਲਿਆ।
ਸਰਕਾਰ ਨੇ ਅਗਲੀ ਚਾਲ ਇਹ ਖੇਡੀ ਕਿ ਬ੍ਰਿਟਿਸ਼ ਹਾਂਡੂਰਸ ਦੇ ਗਵਰਨਰ ਮਿਸਟਰ ਜਰਨਲ ਸਨੇਵ ਨੂੰ ਵੈਨਕੂਵਰ ਬੁਲਾ ਲਿਆ। ਹਿੰਦੋਸਤਾਨ ਵਿਚ ਨੌਕਰੀ ਕਰ ਚੁੱਕਾ ਮਿਸਟਰ ਸਨੇਵ ਪੰਜਾਬੀ ਅਤੇ ਉਰਦੂ ਬੋਲ ਤੇ ਸਮਝ ਲੈਂਦਾ ਸੀ, ਇਸ ਲਈ ਸਰਕਾਰ ਸਮਝਦੀ ਸੀ ਕਿ ਉਹ ਹਿੰਦੋਸਤਾਨੀਆਂ ਨਾਲ ਵਿਅਕਤੀਗਤ ਮੁਲਾਕਾਤਾਂ ਕਰ ਕੇ ਉਨ੍ਹਾਂ ਨੂੰ ਬ੍ਰਿਟਿਸ਼ ਹਾਂਡੂਰਸ ਜਾਣ ਲਈ ਮਨਾ ਲਵੇਗਾ। ਮਿਸਟਰ ਸਨੇਵ ਨੇ ਕੁੱਝ ਦਿਨ ਮੇਲ ਮੁਲਾਕਾਤਾਂ ਕਰਨ ਮਗਰੋਂ ਇਹ ਰਿਪੋਰਟ ਦਿੱਤੀ ਕਿ ਹਿੰਦੋਸਤਾਨੀਆਂ ਵਿਰੁੱਧ ਲਾਏ ਜਾ ਰਹੇ ਦੋਸ਼ ਨਿਰਮੂਲ ਹਨ, ਉਨ੍ਹਾਂ ਵਿਚੋਂ ਕੋਈ ਵੀ ਵੈਨਕੂਵਰ ਨੂੰ ਛੱਡਣਾ ਨਹੀਂ ਚਾਹੁੰਦਾ।
ਇਉਂ ਵੈਨਕੂਵਰ ਵਿਚ ਵਸਦੇ ਸਿੱਖਾਂ ਦੇ ਸਿਰਾਂ ਉੱਤੇ ਧੱਕੇ ਨਾਲ ਬ੍ਰਿਟਿਸ਼ ਹਾਂਡੂਰਸ ਭੇਜੇ ਜਾਣ ਦੀ ਲਟਕ ਰਹੀ ਤਲਵਾਰ ਦਾ ਡਰ ਖਤਮ ਹੋਇਆ। ਇਸ ਬਾਰੇ ਵੈਨਕੂਵਰ ਤੋਂ ਤਾਰਕਨਾਥ ਦਾਸ ਦੀ ਸੰਪਾਦਨਾ ਹੇਠ ਅੰਗਰੇਜ਼ੀ ਵਿਚ ਛਪਦੇ ‘ਦਿ ਫਰੀ ਹਿੰੋੁਸਤਾਨ’ ਦੇ ਜਨਵਰੀ-ਫਰਵਰੀ 1909 ਵਾਲੇ ਅੰਕ ਵਿਚ ਲਿਖਿਆ ਹੈ, “ਹਿੰਦੋਸਤਾਨੀ ਸਰਕਾਰ ਅਤੇ ਮਿਸਟਰ ਮੌਰਲੇ ਵੱਲੋਂ ਉਕਸਾਏ ਜਾਣ ਉੱਤੇ ਕੈਨੇਡਾ ਸਰਕਾਰ ਨੇ ਸਿੱਖਾਂ ਨੂੰ ਬ੍ਰਿਟਿਸ਼ ਕੋਲੰਬੀਆ ਤੋਂ ਹਾਂਡੂਰਸ ਭੇਜਣ ਦਾ ਯਤਨ ਕੀਤਾ। ਚੰਗੇ ਭਾਗੀਂ, ਇਸ ਮੌਕੇ ਪ੍ਰੋਫੈਸਰ ਤੇਜਾ ਸਿੰਘ ਐੱਮ.ਏ., ਬੀ. ਐੱਲ. ਨੇ ਆ ਕੇ ਅਗਵਾਈ ਸੰਭਾਲੀ। ਇਕ ਸਿੱਖ ਅਤੇ ਇਕ ਜਮਾਂਦਰੂ ਆਗੂ ਵਜੋਂ ਗੁਣਵਾਨ ਪ੍ਰੋਫੈਸਰ ਨੇ ਸਹੀ ਹੌਸਲਾ ਵਿਖਾਇਆ ਅਤੇ ਆਪਣੇ ਸ਼ਰਧਾਲੂਆਂ ਨੂੰ ਹਾਲਾਤ ਦੀ ਸੋਝੀ ਕਰਵਾਈ। ਸਿੱਖਾਂ ਨੇ ਬ੍ਰਿਟਿਸ਼ ਕੋਲੰਬੀਆ ਛੱਡਣ ਤੋਂ ਇਨਕਾਰ ਕਰ ਦਿੱਤਾ ਅਤੇ ਮਰਦਾਂ ਵਾਂਗ ਆਪਣੇ ਹੱਕ ਲਈ ਡਟੇ ਅਤੇ ਹੱਕ ਪ੍ਰਾਪਤ ਕੀਤੇ।
ਕੈਨੇਡੀਅਨ ਸਰਕਾਰ ਅਤੇ ਬਰਤਾਨਵੀ ਸੂਹੀਏ ਸਿੱਖਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਰਹੇ ਹਨ ਅਤੇ ਪ੍ਰੋਫੈਸਰ ਤੇਜਾ ਸਿੰਘ ਨੂੰ ਇਕ ਭੜਕਾਊ ਭਾਸ਼ਨ ਦੇਣ ਦੇ ਦੋਸ਼ ਵਿਚ ਵੈਨਕੂਵਰ, ਬੀ.ਸੀ. ਦੀ ਇਕ ਅਦਾਲਤ ਵਿਚ ਸੱਦਿਆ ਗਿਆ।”
ਕੈਨੇਡੀਅਨ ਪ੍ਰਵਾਸੀ ਮਹਿਕਮੇ ਵਿਚ ਹਿੰਦੋਸਤਾਨੀਆਂ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖਣ ਲਈ ਤਾਇਨਾਤ ਮਿਸਟਰ ਹਾਪਕਿਨਸਨ ਨੇ ਪ੍ਰੋਫੈਸਰ ਤੇਜਾ ਸਿੰਘ ਵੱਲੋਂ ਉੱਤਰੀ ਅਮਰੀਕਾ ਵਿਚ ਵਸਦੇ ਹਿੰਦੋਸਤਾਨੀਆਂ ਨੂੰ ਜਾਗ੍ਰਿਤ ਕੀਤੇ ਜਾਣ ਵਾਸਤੇ ਕੀਤੇ ਜਾ ਰਹੇ ਕੰਮ ਦਾ ਮੁੱਲਾਂਕਣ ਕਰਦਿਆਂ ਕਮਿਸ਼ਨਰ ਹਰਕਿਨ ਨੂੰ ਲਿਖੇ ਪੱਤਰ ਮਿਤੀ 4 ਜਨਵਰੀ 1909 ਵਿਚ ਲਿਖਿਆ, ‘‘ਤੇਜਾ ਸਿੰਘ ਹਿੰਦੁਸਤਾਨ ਤੋਂ ਆ ਕੇ ਬ੍ਰਿਟਿਸ਼ ਕਾਲੋਨੀ ਦੇ ਕਿਸੇ ਵੀ ਹਿੱਸੇ ਵਿਚ ਵਸੇ ਹਿੰਦੋਸਤਾਨੀਆਂ ਨਾਲ ਸੰਪਰਕ ਬਣਾਉਣ ਦੀ ਲਹਿਰ ਸ਼ੁਰੂ ਕਰ ਰਿਹਾ ਹੈ। ਉਸ ਦਾ ਮਨੋਰਥ ਹਿੰਦੋਸਤਾਨੀ ਜਨਤਾ ਅਤੇ ਆਗੂਆਂ ਨੂੰ ਹਿੰਦੁਸਤਾਨ ਤੋਂ ਬਾਹਰ ਉਨ੍ਹਾਂ ਦੇ ਭਾਈਚਾਰੇ ਦੇ ਸਨਮੁੱਖ ਮੁਸ਼ਕਲਾਂ ਤੋਂ ਜਾਣੂ ਰੱਖਣਾ ਹੈ। ਇਹ ਉਨ੍ਹਾਂ ਅੰਦੋਲਨਕਾਰੀਆਂ ਦੀ ਇੱਛਾ ਅਨੁਸਾਰ ਹੈ ਜੋ ਸਮਝਦੇ ਹਨ ਕਿ ਹਿੰਦੋਸਤਾਨ ਤੋਂ ਬਾਹਰ ਦੇਸ਼ਵਾਸੀਆਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਬਿਆਨ ਅੰਦੋਲਨ ਅਤੇ ਇਨਕਲਾਬੀ ਗਤੀਵਿਧੀਆਂ ਨੂੰ ਜਾਰੀ ਰੱਖਣ ਲਈ ਹੋਰ ਮਸਾਲੇ ਦਾ ਕੰਮ ਦੇਣਗੇ।
ਅੰਤ ਵਿਚ ਮੈਂ ਇਸ ਗੱਲ ਉੱਤੇ ਜ਼ੋਰ ਦੇਵਾਂਗਾ ਕਿ ਪੂਰਬੀ ਹਿੰਦੁਸਤਾਨੀ ਕੌਮ ਨਾਲ ਸਬੰਧਿਤ ਮਾਮਲਿਆਂ ਲਈ ਵੈਨਕੂਵਰ ਨੂੰ ਹੈੱਡਕੁਆਟਰ ਬਣਾਇਆ ਜਾ ਰਿਹਾ ਹੈ ਅਤੇ ਤੇਜਾ ਸਿੰਘ ਨੇ ਦਫਤਰੀ ਕੰਮ ਨੁੰ ਆਪਣੇ ਹੱਥ ਵਿਚ ਲੈ ਲਿਆ ਹੈ। ਉਹ ਅਮਰੀਕਾ ਵਿਚਲੇ ਦੇਸ਼ ਵਾਸੀਆਂ ਦੇ ਸਲਾਹ ਮਸ਼ਵਰੇ ਨਾਲ ਚੱਲ ਰਿਹਾ ਹੈ।’’
ਠੀਕ ਕਹਿੰਦੇ ਹਨ, “ਜਾਦੂ ਉਹ ਜੋ ਸਿਰ ਚੜ੍ਹ ਬੋਲੇ।”
ਸੰਪਰਕ: 9417049417


Comments Off on ਗਦਰ ਲਹਿਰ ਲਈ ਜ਼ਮੀਨ ਤਿਆਰ ਕਰਨ ’ਚ ਸੰਤ ਤੇਜਾ ਸਿੰਘ ਦਾ ਯੋਗਦਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.