ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਸਵਾਮੀ ਨੇ ਪੁਰਾਣਾ ਰਿਕਾਰਡ ਕੱਢ ਕਾਂਗਰਸ ’ਤੇ ਨਿਸ਼ਾਨਾ ਸਾਧਿਆ !    ਨਾਗਰਿਕਤਾ ਬਿੱਲ ਦਾ ਡੇਢ ਕਰੋੜ ਲੋਕਾਂ ਨੂੰ ਲਾਭ ਹੋਵੇਗਾ: ਸੰਘ !    ਹਾਈਪਰਲੂਪ ਪ੍ਰਾਜੈਕਟ ਬਾਰੇ ਊਧਵ ਨਾਲ ਮੁਲਾਕਾਤ ਕਰਨਗੇ ਬ੍ਰੈਨਸਨ !    ਵਕੀਲਾਂ ਵੱਲੋਂ ਲਾਹੌਰ ਦੇ ਹਸਪਤਾਲ ’ਚ ਭੰਨਤੋੜ, ਪੰਜ ਮਰੀਜ਼ਾਂ ਦੀ ਮੌਤ !    ਪਾਕਿ ਅਦਾਲਤ ਵੱਲੋਂ ਹਾਫ਼ਿਜ਼ ਸਈਦ ਖ਼ਿਲਾਫ਼ ਦੋਸ਼ ਆਇਦ !    

ਗਡਵਾਸੂ ਦਾ ਖੇਤਰੀ ਖੇਤੀ ਤੇ ਪਸ਼ੂ ਪਾਲਣ ਮੇਲਾ

Posted On September - 7 - 2019

ਇਸ ਵਾਰ ਮੇਲਾ 20-22 ਸਤੰਬਰ ਨੂੰ ਲੱਗ ਰਿਹਾ ਹੈ

ਡਾ. ਹਰਪ੍ਰੀਤ ਸਿੰਘ ਹੀਰੋ
ਮੇਲਿਆਂ ਦੇ ਸਰੂਪ ਤੇ ਲੋਕਾਂ ਦੀਆਂ ਲੋੜਾਂ ਭਾਵੇਂ ਬਦਲ ਗਈਆਂ ਹਨ ਪਰ ਮੇਲੇ ਅਜੇ ਵੀ ਲੱਗਦੇ ਹਨ। ਮੇਲਿਆਂ ਵਿੱਚ ਨਵਾਂ ਰੂਪ ਜੁੜ ਗਿਆ ਹੈ ਵਿਗਿਆਨ, ਪਸ਼ੂ ਪਾਲਣ ਅਤੇ ਖੇਤੀ ਮੇਲਿਆਂ ਦਾ। ਅੱਜ ਦੇ ਦੌਰ ਵਿੱਚ ਗਿਆਨ ਅਤੇ ਵਿਗਿਆਨ ਨੂੰ ਪ੍ਰਦਰਸ਼ਿਤ ਕਰਨ ਵਾਲੇ ਮੇਲਿਆਂ ਵਿੱਚ ਹੀ ਹੈ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਾਲ ਵਿੱਚ ਦੋ ਵਾਰ ਮਾਰਚ ਅਤੇ ਸਤੰਬਰ ਦੇ ਮਹੀਨੇ ਲਗਾਇਆ ਜਾਣ ਵਾਲਾ ਮੇਲਾ। ਇਹ ਮੇਲਾ ਯੂਨੀਵਰਸਿਟੀ ਦੇ ਕੈਂਪਸ ਲੁਧਿਆਣਾ ਵਿਚ ਲਗਾਇਆ ਜਾਂਦਾ ਹੈ।
ਇਸ ਵਾਰ ਭਾਰਤ ਸਰਕਾਰ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਨੇ ਇਸ ਯੂਨੀਵਰਸਿਟੀ ਨੂੰ ਉੱਤਰੀ ਭਾਰਤ ਦਾ ‘ਖੇਤਰੀ ਖੇਤੀ ਤੇ ਪਸ਼ੂ ਪਾਲਣ ਮੇਲਾ’ ਲਗਾਉਣ ਲਈ ਚੁਣਿਆ ਹੈ। ਇਹ ਮੇਲਾ 20 ਤੋਂ 22 ਸਤੰਬਰ ਦਰਮਿਆਨ ਲਗਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਖੇਤੀਬਾੜੀ ਅਤੇ ਪਸ਼ੂ ਪਾਲਣ ਕਿੱਤਿਆਂ ਨਾਲ ਜੁੜੇ ਕਿਸਾਨਾਂ ਦੀ ਹਰ ਜ਼ਰੂਰਤ, ਮੁਸ਼ਕਿਲ ਅਤੇ ਜਗਿਆਸਾ ਦੇ ਹੱਲ ਲਈ ਭਿੰਨ ਭਿੰਨ ਤਕਨੀਕਾਂ ਅਤੇ ਗਿਆਨ ਪ੍ਰਦਰਸ਼ਿਤ ਕੀਤਾ ਜਾਵੇਗਾ। ਮੇਲੇ ਵਿਚ ਉਤਰੀ ਭਾਰਤ ਦੇ ਸਾਰੇ ਸੂਬਿਆਂ ਦੀਆਂ ਯੂਨੀਵਰਸਿਟੀਆਂ, ਖੇਤੀਬਾੜੀ ਨਾਲ ਸਬੰਧਿਤ ਵਿਭਾਗਾਂ ਅਤੇ ਪਸ਼ੂ ਪਾਲਣ ਅਤੇ ਖੇਤੀਬਾੜੀ ਸੰਸਥਾਵਾਂ ਨੂੰ ਸੱਦਾ ਦਿੱਤਾ ਗਿਆ ਹੈ।
ਮੇਲੇ ਵਿਚ ਖੇਤੀ ਵਿਭਿੰਨਤਾ, ਖੇਤੀ ਆਰਥਿਕਤਾ ਸਬੰਧੀ ਚਾਨਣਾ ਪਾਉਣ ਤੋਂ ਇਲਾਵਾ ਫ਼ਸਲਾਂ ਦੀ ਰਹਿੰਦ-ਖੂੰਹਦ ਤੇ ਖੇਤੀ ਅਤੇ ਪਸ਼ੂ ਪਾਲਣ ਕਿੱਤਿਆਂ ਨੂੰ ਵਿਗਿਆਨਕ ਵਿਧੀਆਂ ਨਾਲ ਕਰਨ ਸਬੰਧੀ ਮਾਹਿਰ ਕਿਸਾਨਾਂ ਨੂੰ ਗਿਆਨ ਦੇਣਗੇ। ਯੂਨੀਵਰਸਿਟੀ ਦੇ ਵਧੀਆ ਪਸ਼ੂ ਜਿਨ੍ਹਾਂ ਵਿੱਚ ਮੱਝਾਂ, ਗਾਂਵਾਂ, ਬੱਕਰੀਆਂ, ਮੁਰਗੀਆਂ, ਬਟੇਰ, ਖਰਗੋਸ਼, ਸੂਰ ਅਤੇ ਮੱਛੀਆਂ ਦੀਆਂ ਵੱਖ ਵੱਖ ਕਿਸਮਾਂ ਮੇਲੇ ਦਾ ਸ਼ਿੰਗਾਰ ਹੁੰਦੇ ਹਨ। ਪਸ਼ੂਆਂ ਦੇ ਵਧੀਆ ਨਸਲ ਦੇ ਬੱਚੇ ਲੈਣ ਲਈ ਕਿਸਾਨਾਂ ਨੂੰ ਕਿਹੜੇ ਤਰੀਕੇ ਅਤੇ ਨਸਲ ਸੁਧਾਰ ਦੇ ਢੰਗ ਵਰਤਣੇ ਚਾਹੀਦੇ ਹਨ, ਉਹ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਪਸ਼ੂਆਂ ਦੇ ਬਿਹਤਰ ਖ਼ੁਰਾਕੀ ਪ੍ਰਬੰਧ ਲਈ ਧਾਤਾਂ ਦਾ ਚੂਰਾ ਅਤੇ ਪਸ਼ੂ ਚਾਟ ਬਣਾਉਣ ਲਈ ਪੂਰਨ ਸਮੱਗਰੀ ਦਾ ਵੇਰਵਾ ਦੱਸਿਆ ਜਾਂਦਾ ਹੈ। ਪਸ਼ੂਆਂ ਦਾ ਉਤਪਾਦਨ ਵਧਾਉਣ ਲਈ ਕਿਹੜੀਆਂ ਖ਼ੁਰਾਕੀ ਵਸਤਾਂ ਦਾ ਉਪਯੋਗ ਲਾਹੇਵੰਦ ਹੁੰਦਾ ਹੈ, ਦੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਯੂਨੀਵਰਸਿਟੀ ਦੇ ਚਾਰ ਕਾਲਜ, ਕਾਲਜ ਆਫ ਵੈਟਨਰੀ ਸਾਇੰਸ, ਕਾਲਜ ਆਫ ਫ਼ਿਸ਼ਰੀਜ਼, ਡੇਅਰੀ ਸਾਇੰਸ ਤੇ ਤਕਨਾਲੋਜੀ ਕਾਲਜ ਅਤੇ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਦੇ ਡਾਕਟਰ ਅਤੇ ਸਾਇੰਸਦਾਨ ਆਪੋ ਆਪਣੇ ਵਿਭਾਗਾਂ ਦੀ ਨੁਮਾਇਸ਼ ਲਗਾਉਂਦੇ ਹਨ। ਇਸ ਨੁਮਾਇਸ਼ ਵਿੱਚ ਪਸ਼ੂਆਂ ਦੀ ਜਾਂਚ ਕਰਨ ਤੋਂ ਇਲਾਵਾ ਉਨ੍ਹਾਂ ਦੇ ਗੋਹੇ, ਥੁੱਕ, ਖ਼ੂਨ ਅਤੇ ਪਿਸ਼ਾਬ ਦੀ ਜਾਂਚ ਵੀ ਕੀਤੀ ਜਾਂਦੀ ਹੈ। ਇਸ ਜਾਂਚ ਰਾਹੀਂ ਬਿਮਾਰੀ ਦਾ ਪਤਾ ਲੱਗਣ ’ਤੇ ਉਨ੍ਹਾਂ ਨੂੰ ਸਹੀ ਤੇ ਸਟੀਕ ਇਲਾਜ ਬਾਰੇ ਮਾਹਿਰ ਡਾਕਟਰ ਆਪ ਦਵਾਈ ਦੱਸਦੇ ਹਨ। ਪਸ਼ੂ ਪਾਲਣ ਸਬੰਧੀ ਗਿਆਨ ਨੂੰ ਵਧਾਉਣ ਵਾਸਤੇ ਯੂਨੀਵਰਸਿਟੀ ਵੱਲੋਂ ਕਈ ਕਿਤਾਬਾਂ ਛਾਪੀਆਂ ਗਈਆਂ ਹਨ। ਉਹ ਕਿਤਾਬਾਂ ਬੜੀ ਸੌਖੀ ਪੰਜਾਬੀ ਅਤੇ ਘੱਟ ਕੀਮਤ ‘ਤੇ ਇਸ ਮੇਲੇ ਵਿੱਚ ਮਿਲ ਜਾਂਦੀਆਂ ਹਨ। ਯੂਨੀਵਰਸਿਟੀ ਵੱਲੋਂ ਛਾਪਿਆ ਜਾਂਦਾ ਮਹੀਨੇਵਾਰ ਰਸਾਲਾ ‘ਵਿਗਿਆਨਕ ਪਸ਼ੂ ਪਾਲਣ’ ਵੀ ਕਿਸਾਨ ਇੱਥੋਂ ਖ਼ਰੀਦ ਸਕਦੇ ਹਨ। ਅਜਿਹਾ ਰਸਾਲਾ ਸਾਲਾਨਾ ਜਾਂ ਜੀਵਨ ਚੰਦੇ ‘ਤੇ ਘਰ ਵੀ ਪਹੁੰਚਦਾ ਕੀਤਾ ਜਾਂਦਾ ਹੈ। ਪਸ਼ੂਆਂ ਦੇ ਦੁੱਧ ਅਤੇ ਮੀਟ ਤੋਂ ਨਵੀਆਂ ਵਸਤਾਂ ਤਿਆਰ ਕਰ ਕੇ ਉਨ੍ਹਾਂ ਨੂੰ ਬਾਜ਼ਾਰ ਵਿੱਚ ਵੇਚਣ ਸਬੰਧੀ ਸਿਖਲਾਈ ਦੀ ਨੁਮਾਇਸ਼ ਵੀ ਲਗਾਈ ਜਾਂਦੀ ਹੈ। ਪਸ਼ੂ ਪਾਲਕ, ਪਸ਼ੂ ਪਾਲਣ ਦੇ ਕਿਸੇ ਵੀ ਕਿੱਤੇ ਸਬੰਧੀ ਸਿਖਲਾਈ ਲੈਣ ਲਈ ਮੇਲੇ ਵਿੱਚ ਬਿਨਾਂ ਕਿਸੇ ਖ਼ਰਚ ਤੋਂ ਆਪਣਾ ਨਾਂ ਵੀ ਦਰਜ ਕਰਵਾ ਸਕਦੇ ਹਨ। ਜੋ ਕਿਸਾਨ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ ਉਨ੍ਹਾਂ ਨੇ ਆਪੋ ਆਪਣੀਆਂ ਜਥੇਬੰਦੀਆਂ ਵੀ ਬਣਾਈਆਂ ਹੋਈਆਂ ਹਨ। ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗ ਜਿਵੇਂ ਡੇਅਰੀ ਵਿਕਾਸ ਵਿਭਾਗ, ਮੱਛੀ ਪਾਲਣ ਵਿਭਾਗ, ਮਿਲਕਫੈੱਡ, ਮਾਰਕਫੈੱਡ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਵੀ ਉਚੇਚੇ ਤੌਰ ‘ਤੇ ਇੱਥੇ ਪਹੁੰਚਦੇ ਹਨ ਅਤੇ ਕਿਸਾਨਾਂ ਨੂੰ ਸਰਕਾਰੀ ਸਕੀਮਾਂ ਅਤੇ ਸਬਸਿਡੀਆਂ ਸਬੰਧੀ ਰੋਸ਼ਨੀ ਪਾਉਂਦੇ ਹਨ। ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਕਿਸਾਨਾਂ ਦੀਆਂ ਮੁਸ਼ਕਿਲਾਂ ਅਤੇ ਜਗਿਆਸਾਵਾਂ ਸਬੰਧੀ ਸੁਆਲ-ਜੁਆਬ ਸੈਸ਼ਨ ਵੀ ਰੱਖਿਆ ਜਾਂਦਾ ਹੈ। ਪਸ਼ੂਆਂ ਦੇ ਇਲਾਜ ਅਤੇ ਖ਼ੁਰਾਕ ਨਾਲ ਜੁੜੀਆਂ ਲਗਭਗ 60-70 ਕੰਪਨੀਆਂ ਆਪਣੀਆਂ ਦਵਾਈਆਂ ਅਤੇ ਉਤਪਾਦਾਂ ਦੀ ਨੁਮਾਇਸ਼ ਕਰਦੀਆਂ ਹਨ। ਇਨ੍ਹਾਂ ਕੰਪਨੀਆਂ ਦੀ ਨੁਮਾਇਸ਼ ਵਿੱਚ ਪਸ਼ੂਆਂ ਦੇ ਫੀਡ ਨਿਰਮਾਤਾ, ਪਸ਼ੂ ਪਾਲਣ ਧੰਦਿਆਂ ਦੀ ਮਸ਼ੀਨਰੀ ਬਣਾਉਣ ਵਾਲੇ, ਪਸ਼ੂ ਚਾਰੇ ਦੇ ਬੀਜਾਂ ਵਾਲੇ, ਬੈਂਕ ਅਤੇ ਹੋਰ ਵਿਤੀ ਸੰਸਥਾਵਾਂ ਕਿਸਾਨਾਂ ਵਾਸਤੇ ਲਾਹੇਵੰਦ ਜਾਣਕਾਰੀਆਂ ਦਿੰਦੀਆਂ ਹਨ।
ਬੱਚਿਆਂ ਲਈ ਜਿੱਥੇ ਇੱਕ ਖੁੱਲ੍ਹਾ ਖੁਲਾਸਾ ਪੇਂਡੂ ਦਿਖ ਵਾਲਾ ਮਾਹੌਲ ਉਨ੍ਹਾਂ ਨੂੰ ਨਵਾਂ ਸੁਆਦ ਦਿੰਦਾ ਹੈ, ਉੱਥੇ ਸਿਹਤਮੰਦ ਤੇ ਸੁੰਦਰ ਜਾਨਵਰ ਵੀ ਉਨ੍ਹਾਂ ਨੂੰ ਆਕਰਸ਼ਿਤ ਕਰਦੇ ਹਨ। ਕਈ ਬੱਚਿਆਂ ਦੀ ਪੜ੍ਹਾਈ ਦੇ ਕੋਰਸ ਵਿੱਚ ਖੇਤੀਬਾੜੀ ਅਤੇ ਪਸ਼ੂ ਪਾਲਣ ਵਿਸ਼ਾ ਪੜ੍ਹਾਇਆ ਜਾਂਦਾ ਹੈ, ਉਹ ਇੱਥੋਂ ਕਈ ਕਿਸਮ ਦੀ ਜਾਣਕਾਰੀ ਇਕੱਤਰ ਕਰ ਸਕਦੇ ਹਨ। ਘਰੇਲੂ ਸੁਆਣੀਆਂ ਕਈ ਤਰ੍ਹਾਂ ਦੇ ਪਕਵਾਨ ਅਤੇ ਪੀਣ ਵਾਲੇ ਪਦਾਰਥ ਬਣਾਉਣ ਦੀਆਂ ਤਕਨੀਕਾਂ ਸਬੰਧੀ ਗਿਆਨ ਹਾਸਲ ਕਰ ਸਕਦੀਆਂ ਹਨ।
*ਸੰਪਾਦਕ ਅਤੇ ਲੋਕ ਸੰਪਰਕ ਅਧਿਕਾਰੀ
ਸੰਪਰਕ: 98159-09003


Comments Off on ਗਡਵਾਸੂ ਦਾ ਖੇਤਰੀ ਖੇਤੀ ਤੇ ਪਸ਼ੂ ਪਾਲਣ ਮੇਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.