ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਸਵਾਮੀ ਨੇ ਪੁਰਾਣਾ ਰਿਕਾਰਡ ਕੱਢ ਕਾਂਗਰਸ ’ਤੇ ਨਿਸ਼ਾਨਾ ਸਾਧਿਆ !    ਨਾਗਰਿਕਤਾ ਬਿੱਲ ਦਾ ਡੇਢ ਕਰੋੜ ਲੋਕਾਂ ਨੂੰ ਲਾਭ ਹੋਵੇਗਾ: ਸੰਘ !    ਹਾਈਪਰਲੂਪ ਪ੍ਰਾਜੈਕਟ ਬਾਰੇ ਊਧਵ ਨਾਲ ਮੁਲਾਕਾਤ ਕਰਨਗੇ ਬ੍ਰੈਨਸਨ !    ਵਕੀਲਾਂ ਵੱਲੋਂ ਲਾਹੌਰ ਦੇ ਹਸਪਤਾਲ ’ਚ ਭੰਨਤੋੜ, ਪੰਜ ਮਰੀਜ਼ਾਂ ਦੀ ਮੌਤ !    ਪਾਕਿ ਅਦਾਲਤ ਵੱਲੋਂ ਹਾਫ਼ਿਜ਼ ਸਈਦ ਖ਼ਿਲਾਫ਼ ਦੋਸ਼ ਆਇਦ !    

ਖਾਲਸਾ ਦੀਵਾਨ ਸੁਸਾਇਟੀ (ਵੈਨਕੂਵਰ) ਸੁਤੰਤਰਤਾ ਸੰਗਰਾਮੀਆਂ ਦੀ ਪਿੱਠ ਉੱਤੇ

Posted On September - 4 - 2019

ਗੁਰਦੇਵ ਸਿੰਘ ਸਿੱਧੂ
ਉੱਤਰੀ ਅਮਰੀਕਾ ਵਿਚ ਸਭ ਤੋਂ ਪਹਿਲਾ ਗੁਰਦੁਆਰਾ 1906 ਵਿਚ ਵੈਨਕੂਵਰ (ਕੈਨੇਡਾ) ਵਿਚ ਸਥਾਪਤ ਹੋਇਆ, ਜਿਸ ਦੇ ਪ੍ਰਬੰਧ ਲਈ ਖਾਲਸਾ ਦੀਵਾਨ ਸੁਸਾਇਟੀ, ਵੈਨਕੂਵਰ ਬਣਾਈ ਗਈ। ਵੈਨਕੂਵਰ ਵਸਦੇ ਸਿੱਖਾਂ ਦੀ ਸੰਗਠਿਤ ਤਾਕਤ ਨੂੰ ਵੇਖਦਿਆਂ ਉੱਤਰੀ ਅਮਰੀਕਾ ਵਿਚ ਰਹਿ ਰਹੇ ਦੇਸ਼ਭਗਤਾਂ ਤਾਰਨਾਥ ਦਾਸ, ਜੀ.ਡੀ ਕੁਮਾਰ ਆਦਿ ਨੇ ਖਾਲਸਾ ਦੀਵਾਨ ਦੇ ਮੁਖੀਆਂ ਭਾਈ ਭਾਗ ਸਿੰਘ ਪਿੰਡ ਭਿੱਖੀਵਿੰਡ (ਲਾਹੌਰ), ਭਾਈ ਬਲਵੰਤ ਸਿੰਘ ਪਿੰਡ ਖੁਰਦਪੁਰ (ਜਲੰਧਰ), ਭਾਈ ਅਰਜਨ ਸਿੰਘ ਪਿੰਡ ਮਲਕ (ਲੁਧਿਆਣਾ), ਭਾਈ ਭੋਲਾ ਸਿੰਘ ਪਿੰਡ ਬੂੜਾ ਗੁੱਜਰ (ਫਿਰੋਜ਼ਪੁਰ) ਆਦਿ ਨਾਲ ਸੰਪਰਕ ਬਣਾਇਆ ਤਾਂ ਇਹ ਸਾਰੇ ਉਨ੍ਹਾਂ ਦੇ ਹਮਰਾਹ ਬਣ ਗਏ। ਜਦ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਕੈਨੇਡਾ ਸਰਕਾਰ ਨੇ ਕੈਨੇਡਾ ਵਿਚ ਵਸਦੇ ਹਿੰਦੋਸਤਾਨੀਆਂ, ਜਿਨ੍ਹਾਂ ਵਿਚ ਬਹੁਗਿਣਤੀ ਸਿੱਖਾਂ ਦੀ ਸੀ, ਨੂੰ ਕੈਨੇਡਾ ’ਚੋਂ ਕੱਢ ਕੇ ਬ੍ਰਿਟਿਸ਼ ਹਾਂਡੂਰਸ ਵਿਚ ਵਸਾਉਣ ਦੀ ਸਾਜਿਸ਼ ਰਚੀ ਤਾਂ ਪ੍ਰੋਫੈਸਰ ਤੇਜਾ ਸਿੰਘ ਦੀ ਅਗਵਾਈ ਵਿਚ ਖਾਲਸਾ ਦੀਵਾਨ ਸੁਸਾਇਟੀ ਨੇ ਇਸ ਨੂੰ ਅਸਫ਼ਲ ਬਣਾਇਆ। 1914 ਵਿਚ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿਚ ਕਾਮਾਗਾਟਾ ਮਾਰੂ ਜਹਾਜ਼ ਦੇ 377 ਮੁਸਾਫਿਰ ਕੈਨੇਡਾ ਉਤਰਨ ਲਈ ਵੈਨਕੂਵਰ ਦੀ ਬੰਦਰਗਾਹ ’ਤੇ ਪਹੁੰਚੇ। ਕੈਨੇਡਾ ਸਰਕਾਰ ਨੇ ਇਨ੍ਹਾਂ ਨੂੰ ਉਤਰਨ ਦੀ ਆਗਿਆ ਨਾ ਦਿੱਤੀ ਤਾਂ ਮਜਬੂਰੀ ਵੱਸ ਜਹਾਜ਼ ਨੂੰ ਦੋ ਮਹੀਨੇ ਵੈਨਕੂਵਰ ਬੰਦਰਗਾਹ ਦੇ ਪਾਣੀਆਂ ਵਿਚ ਰੁਕਣਾ ਪਿਆ। ਇਸ ਮੌਕੇ ਖਾਲਸਾ ਦੀਵਾਨ ਸੁਸਾਇਟੀ ਨੇ ਨਾ ਕੇਵਲ ਇਨ੍ਹਾਂ ਬਦਕਿਸਮਤ ਮੁਸਾਫਿਰਾਂ ਨੂੰ ਲੋੜ ਅਨੁਸਾਰ ਅੰਨ ਪਾਣੀ ਹੀ ਪਹੁੰਚਾਇਆ ਸਗੋਂ ਉਨ੍ਹਾਂ ਨੂੰ ਕੈਨੇਡਾ ਵਿਚ ਦਾਖਲ ਕਰਵਾਉਣ ਲਈ ਕਾਨੂੰਨੀ ਲੜਾਈ ਵੀ ਲੜੀ। ਜਦ ਪਹਿਲੀ ਸੰਸਾਰ ਜੰਗ ਸ਼ੁਰੂ ਹੋਣ ਨੂੰ ਅੰਗਰੇਜ਼ ਸਾਮਰਾਜ ਦੀ ਗੁਲਾਮੀ ’ਚੋਂ ਹਿੰਦੋਸਤਾਨ ਦੀ ਆਜ਼ਾਦੀ ਲਈ ਹਥਿਆਰਬੰਦ ਜੱਦੋ-ਜਹਿਦ ਅਰੰਭ ਕਰਨ ਦਾ ਢੁੱਕਵਾਂ ਮੌਕਾ ਮੰਨਦਿਆਂ ਗ਼ਦਰ ਪਾਰਟੀ ਨੇ ਆਪਣੇ ਮੈਂਬਰਾਂ ਅਤੇ ਹਮਦਰਦਾਂ ਨੂੰ ਭਾਰਤ ਪੁੱਜਣ ਦਾ ਸੱਦਾ ਦਿੱਤਾ ਤਾਂ ਖਾਲਸਾ ਦੀਵਾਨ ਸੁਸਾਇਟੀ ਦੇ ਮੈਂਬਰ ਵੀ ਪਿੱਛੇ ਨਾ ਰਹੇ। ਅਮਰੀਕਾ ਵਿਚ ਰਹਿ ਗਏ ਗ਼ਦਰੀਆਂ ਨੇ ਦੇਸ਼ ਦੀ ਆਜ਼ਾਦੀ ਲਈ ਲੜੇ ਜਾਣ ਵਾਲੇ ਸੰਗਰਾਮ ਨੂੰ ਮੁੜ ਵਿਓਂਤਦਿਆਂ ਮਾਤ ਭੂਮੀ ਦੇ ਨੇੜਲੇ ਪੂਰਬੀ ਟਾਪੂਆਂ ਨੂੰ ਸਰਗਰਮੀ ਦਾ ਕੇਂਦਰ ਬਣਾਇਆ ਅਤੇ ਇਸ ਕਾਰਜ ਲਈ ਗਿਆਨੀ ਭਗਵਾਨ ਸਿੰਘ ‘ਪ੍ਰੀਤਮ’, ਭਾਈ ਸੰਤੋਖ ਸਿੰਘ, ਭਾਈ ਗੋਪਾਲ ਸਿੰਘ ਅਤੇ ਹੋਰ ਗਦਰੀ ਪੂਰਬੀ ਟਾਪੂਆਂ ਵਿਚ ਪਹੁੰਚ ਕੇ ਕਾਰਜਸ਼ੀਲ ਹੋ ਗਏ। ਪਿੱਛੇ ਕੈਲੇਫੋਰਨੀਆ ਸਥਿਤ ਪਾਰਟੀ ਦਫਤਰ ਦਾ ਕੰਟਰੋਲ ਰਾਮ ਚੰਦਰ ਪਿਸ਼ਾਵਰੀ ਦੇ ਹੱਥ ਸੀ ਜਿਸ ਕੋਲ ਫੰਡਾਂ ਦੀ ਘਾਟ ਨਹੀਂ ਸੀ ਪਰ ਉਸ ਨੇ ਪੂਰਬੀ ਟਾਪੂਆਂ ਵਿਚ ਜਥੇਬੰਦੀ ਖੜ੍ਹੀ ਕਰਨ ਲਈ ਯਤਨਸ਼ੀਲ ਆਗੂਆਂ ਨੂੰ ਪੈਸਾ ਭੇਜਣ ਦੀ ਥਾਂ ਪਾਰਟੀ ਫੰਡ ਨੂੰ ਨਿੱਜੀ ਗਰਜਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ। ਫਲਸਰੂਪ ਲੋੜੀਂਦੀ ਰਾਸ਼ੀ ਉਪਲਬਦ ਨਾ ਹੋਣ ਕਾਰਨ ਪੂਰਬੀ ਟਾਪੂਆਂ ਵਿਚ ਕੰਮ ਵਿਓਂਤ ਅਨੁਸਾਰ ਨਾ ਹੋ ਸਕਿਆ ਅਤੇ ਇਹ ਆਗੂ ਵਾਪਸ ਅਮਰੀਕਾ ਆ ਗਏ।
ਦੇਸ਼ ਭਗਤ ਤਾਕਤਾਂ ਨੇ ਗ਼ਦਰ ਲਹਿਰ ਦੀ ਅਸਫ਼ਲਤਾ ਤੋਂ ਦੋ ਸਬਕ ਸਿੱਖੇ। ਪਹਿਲਾ: ਸਾਮਰਾਜੀ ਅੰਗਰੇਜ਼ ਸਰਕਾਰ ਨਾਲ ਕੇਵਲ ਵਿਦੇਸ਼ਾਂ ਤੋਂ ਗਏ ਸਿਰਲੱਥ ਦੇਸ਼ਭਗਤਾਂ, ਜੋ ਭਾਵੇਂ ਹਜ਼ਾਰਾਂ ਦੀ ਗਿਣਤੀ ਵਿਚ ਹੋਣ, ਦੇ ਬਲਬੂਤੇ ਆਢਾ ਨਹੀਂ ਲਿਆ ਜਾ ਸਕਦਾ, ਤਲੀ ’ਤੇ ਸੀਸ ਰੱਖਣ ਵਾਲੇ ਸੂਰਬੀਰ ਦੇਸ਼ ’ਚੋਂ ਹੀ ਉੱਠਣੇ ਚਾਹੀਦੇ ਹਨ। ਦੂਜਾ: ਕਿਸੇ ਵੀ ਜਥੇਬੰਦੀ ਦੀ ਮਜ਼ਬੂਤੀ ਲਈ ਪ੍ਰਤੀਬੱਧ ਵਫਾਦਾਰ ਕਾਮਿਆਂ ਦੇ ਨਾਲ ਨਾਲ ਉਲੀਕੀਆਂ ਕਾਰਜ ਯੋਜਨਾਵਾਂ ਨੂੰ ਅਮਲ ਵਿਚ ਲਿਆਉਣ ਵਾਸਤੇ ਲੋੜੀਂਦੇ ਵਿੱਤੀ ਸਾਧਨਾਂ ਦੀ ਲੋੜ ਹੁੰਦੀ ਹੈ, ਨਹੀਂ ਤਾਂ ਵਿੱਤੀ ਸਾਧਨਾਂ ਦੀ ਘਾਟ ਪ੍ਰਤੀਬੱਧ ਕਾਮਿਆਂ ਦੀ ਕਾਰਜ ਕੁਸ਼ਲਤਾ ਨੂੰ ਪ੍ਰਭਾਵਿਤ ਕਰਦੀ ਹੈ।
ਅਮਰੀਕਾ ਸਰਕਾਰ ਵੱਲੋਂ ਕੈਲੇਫੋਰਨੀਆ ਵਿਚ ਚਲਾਏ ਗਏ ‘ਹਿੰਦੂ-ਜਰਮਨ ਸਾਜ਼ਿਸ਼ ਮੁਕੱਦਮੇ’ ਵਿਚ ਗ਼ਦਰੀ ਆਗੂਆਂ ਨੂੰ ਸਜ਼ਾਵਾਂ ਹੋ ਜਾਣ ਕਾਰਨ ਇਕ ਵਾਰ ਤਾਂ ਗ਼ਦਰੀ ਸਰਗਰਮੀਆਂ ਬਿਲਕੁਲ ਠੱਪ ਹੋ ਗਈਆਂ ਪਰ ਛੇਤੀ ਹੀ ਉੱਤਰੀ ਅਮਰੀਕਾ ਅਤੇ ਹੋਰ ਦੇਸ਼ਾਂ ਵਿਚ ਰਹਿ ਰਹੇ ਪੰਜਾਬੀ ਦੇਸ਼ ਭਗਤਾਂ ਨੇ ਦੇਸ਼ ਦੀ ਆਜ਼ਾਦੀ ਲਈ ਬਣਦਾ ਰੋਲ ਅਦਾ ਕਰਨਾ ਸ਼ੁਰੂ ਕਰ ਦਿੱਤਾ। ਉੱਤਰੀ ਅਮਰੀਕਾ ਵਿਚਲੇ ਦੇਸ਼ ਭਗਤ ਇਨ੍ਹਾਂ ਜਥੇਬੰਦੀਆਂ ਦੀਆਂ ਸਰਗਰਮੀਆਂ ਵਿਚ ਤੇਜ਼ੀ ਲਿਆਉਣ ਵਾਸਤੇ ਪੈਸੇ ਦੀ ਲੋੜ ਤੋਂ ਭਲੀ ਭਾਂਤ ਜਾਣੂ ਸਨ, ਇਸ ਲਈ ਉਹ ਪੰਜਾਬ ਵਿਚ ਵਿਦੇਸ਼ੀ ਸਰਕਾਰ ਦੀ ਗੁਲਾਮੀ ਵਿਰੁੱਧ ਜੂਝ ਰਹੀਆਂ ਲੋਕ ਹਿਤ ਜਥੇਬੰਦੀਆਂ ਨੂੰ ਇਸ ਪੱਖ ਤੋਂ ਹੱਥਲ ਹੋਣੋਂ ਬਚਾਉਣ ਲਈ ਹਰ ਹੀਲੇ ਖੁੱਲ੍ਹੇ ਦਿਲ ਨਾਲ ਆਰਥਿਕ ਮਦਦ ਭੇਜਦੇ ਰਹੇ। ਪੰਜਾਬ ਵਿਚ ਸਾਮਰਾਜੀ ਸਰਕਾਰ ਵਿਰੁੱਧ ਲੋਕ ਰਾਇ ਉਭਾਰਨ ਵਾਲੀਆਂ ਜਥੇਬੰਦੀਆਂ ਜਾਂ ਵਿਅਕਤੀਆਂ ਨੂੰ ਉੱਤਰੀ ਅਮਰੀਕਾ ਤੋਂ ਆਰਥਿਕ ਮਦਦ ਭੇਜਣ ਵਾਲੀਆਂ ਸੰਸਥਾਵਾਂ ਵਿਚ ਖਾਲਸਾ ਦੀਵਾਨ ਸੁਸਾਇਟੀ, ਵੈਨਕੂਵਰ ਮੋਹਰੀ ਸੀ। ਦੀਵਾਨ ਵੱਲੋਂ ਸਮੇਂ ਸਮੇਂ ਭੇਜੀ ਵਿੱਤੀ ਮਦਦ ਦੇ ਵੇਰਵੇ ਸੰਬੰਧੀ ਪੰਜਾਬ ਸਰਕਾਰ ਦੀਆਂ ਫਾਈਲਾਂ ’ਚੋਂ ਮਿਲਦੀ ਜਾਣਕਾਰੀ ਇਸ ਪ੍ਰਕਾਰ ਹੈ:
1924 ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਾਰਾਜਾ ਨਾਭਾ ਨੂੰ ਗੱਦੀ ਤੋਂ ਉਤਾਰੇ ਜਾਣ ਖ਼ਿਲਾਫ਼ ਜੈਤੋ ਦਾ ਮੋਰਚਾ ਚਲਾ ਰਹੀ ਸੀ ਜਿਸ ਕਾਰਨ ਪੈਸੇ ਦੀ ਨਿਹਾਇਤ ਲੋੜ ਸੀ। ਅਕਾਲੀਆਂ ਦੀ ਇਸ ਲੋੜ ਨੂੰ ਪੂਰਾ ਕਰਨ ਵਾਸਤੇ ਖਾਲਸਾ ਦੀਵਾਨ ਸੁਸਾਇਟੀ, ਵੈਨਕੂਵਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਰਚ 1924 ਵਿਚ 15,000 ਰੁਪਏ, ਸਤੰਬਰ 1924 ਵਿਚ 3,000 ਰੁਪਏ ਅਤੇ ਨਵੰਬਰ 1927 ਵਿਚ 242 ਰੁਪਏ ਭੇਜੇ।ਮਾਝੇ ਅਤੇ ਦੁਆਬੇ ਵਿਚ ਅਕਾਲੀ ਦਲ ਦੀਆਂ ਸਰਗਰਮੀਆਂ ਨੂੰ ਗਤੀ ਦੇਣ ਵਾਸਤੇ ਜੁਲਾਈ 1924 ਵਿਚ ਹਰਚੰਦ ਸਿੰਘ (ਸੰਭਵਤਾ ਹਰਚੰਦ ਸਿੰਘ ਲਾਇਲਪੁਰੀ) ਨੂੰ 16125 ਰੁਪਏ (ਕਨੇਡੀਅਨ ਬੈਂਕ, ਵੈਨਕੂਵਰ ਰਾਹੀਂ) ਅਤੇ ਮਾਰਚ 1926 ਵਿਚ ਦੁਆਬਾ ਖਾਲਸਾ ਦੀਵਾਨ ਜਲੰਧਰ ਨੂੰ 1364 ਰੁਪਏ ਭੇਜੇ। ਜੈਤੋ ਦੇ ਮੋਰਚੇ ਸਮੇਂ ਪਹਿਲੇ ਸ਼ਹੀਦੀ ਜਥੇ ’ਤੇ ਗੋਲੀ ਚਲਾਏ ਜਾਣ ਕਾਰਨ ਅਤੇ ਪਿਛਲੇਰੇ ਜਥਿਆਂ ਵਿਚੋਂ ਬਹੁਤ ਸਾਰੇ ਸਿੰਘ ਕਾਲ ਕੋਠੜੀਆਂ ਦੀਆਂ ਸਖਤੀਆਂ ਸਹਿੰਦਿਆਂ ਸ਼ਹੀਦ ਹੋਏ ਸਨ। ਪੰਥ ਨੇ ਇਨ੍ਹਾਂ ਦੇ ਆਸ਼੍ਰਿਤਾਂ ਦੀ ਦੇਖ ਭਾਲ ਵਾਸਤੇ ਫੰਡ ਕਾਇਮ ਕੀਤਾ ਤਾਂ ਖਾਲਸਾ ਦੀਵਾਨ ਸੁਸਾਇਟੀ, ਵੈਨਕੂਵਰ ਨੇ ਇਸ ਵਿਚ ਵੀ ਭਰਪੂਰ ਹਿੱਸਾ ਪਾਇਆ। ਨਵੰਬਰ 1925 ਦੌਰਾਨ ਭਾਗ ਸਿੰਘ ਕੈਨੇਡੀਅਨ ਰਾਹੀਂ 7000 ਰੁਪਏ ਅਕਾਲੀ ਰਲੀਫ ਫੰਡ ਅਤੇ ਛਾਪਾਖਾਨਾ ਲਾਉਣ ਵਾਸਤੇ ਭੇਜੇ ਗਏ। ਖਾਲਸਾ ਦੀਵਾਨ ਸੁਸਾਇਟੀ ਨੇ ਨਾਭਾ ਜਲਾਵਤਨ ਸਹਾਇਕ ਕਮੇਟੀ, ਅੰਮ੍ਰਿਤਸਰ ਨੂੰ ਸਤੰਬਰ 1927 ਵਿਚ 2733 ਰੁਪਏ ਅਤੇ ਨਵੰਬਰ 1927 ਵਿਚ 3000 ਰੁਪਏ ਭੇਜੇ। ਇਉਂ ਹੀ ਨਵੰਬਰ 1927 ਵਿਚ ਅਕਾਲੀ ਜਥੇ ਨੂੰ ਸਹਾਇਤਾ ਵਜੋਂ 82 ਰੁਪਏ ਭੇਜੇ ਗਏ ।ਫਰਵਰੀ 1926 ਵਿਚ ਬੱਬਰ ਅਕਾਲੀਆਂ ਦੇ ਆਸ਼੍ਰਿਤਾਂ ਲਈ ਭਾਗ ਸਿੰਘ ਕੈਨੇਡੀਅਨ ਨੂੰ 1363 ਰੁਪਏ ਭੇਜੇ। ਅਕਾਲੀ ਦਲ ਦੇ ਸਰਗਰਮ ਹੋਣ ਤੋਂ ਪਹਿਲਾਂ ਸਿੱਖ ਕੌਮ ਦੀ ਅਗਵਾਈ ਸਿੱਖ ਲੀਗ ਦੇ ਹੱਥ ਸੀ ਇਸ ਲਈ ਖਾਲਸਾ ਦੀਵਾਨ ਸੁਸਾਇਟੀ ਨੇ ਨਵੰਬਰ 1923 ਵਿਚ ਸਿੱਖ ਲੀਗ ਵਾਸਤੇ ਵੀ 3,000 ਰੁਪਏ ਭੇਜੇ ਸਨ।
1925 ਵਿਚ ਗੁਰਦੁਆਰਾ ਐਕਟ ਬਣ ਜਾਣ ਦੇ ਨਤੀਜੇ ਵਜੋਂ ਬਹੁਤੇ ਸਿੱਖ ਆਗੂ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਆਪਣੇ ਹੱਥ ਵਿਚ ਲੈਣ ਦੇ ਰਾਹ ਪੈ ਗਏ ਅਤੇ ਸੂਝਵਾਨ ਦੇਸ਼ ਭਗਤਾਂ ਨੇ ਨਵੀਆਂ ਜਥੇਬੰਦੀਆਂ ਖੜ੍ਹੀਆਂ ਕਰ ਲਈਆਂ ਤਾਂ ਖਾਲਸਾ ਦੀਵਾਨ ਸੁਸਾਇਟੀ ਇਨ੍ਹਾਂ ਦੀ ਮਾਇਕ ਮਦਦ ਕਰਨ ਵਿਚ ਵੀ ਪਿੱਛੇ ਨਾ ਰਹੀ।1926 ਵਿਚ ਅੰਗਰੇਜ਼ ਸਰਕਾਰ ਖਿਲਾਫ ਗਰਮ ਸੁਰ ਰੱਖਣ ਵਾਲੇ ਅਖਬਾਰ ਦੇਸ਼ ਸੇਵਕ ਨੂੰ 90 ਰੁਪਏ ਅਤੇ ਸਤੰਬਰ 1927 ਵਿਚ ਕਿਰਤੀ ਫੰਡ ਲਈ 104 ਰੁਪਏ ਭੇਜੇ।
ਸੁਸਾਇਟੀ ਨੇ ਸੰਸਥਾਵਾਂ ਤੋਂ ਬਿਨਾਂ ਕੁੱਝ ਵਿਅਕਤੀਆਂ ਨੂੰ ਵੀ ਮਾਇਕ ਸਹਾਇਤਾ ਭੇਜੀ। ਇਸ ਵਰਗ ਵਿਚ ਭਾਈ ਸਾਧੂ ਸਿੰਘ ਜਥੇਦਾਰ ਮਾਲਵਾ ਅਕਾਲੀ ਦਲ, ਖੜਕ ਸਿੰਘ ਅਤੇਗੋਪਾਲ ਸਿੰਘ ਸ਼ਾਮਲ ਹਨ, ਜਿਨ੍ਹਾਂ ਨੂੰ 82 ਰੁਪਏ (ਜੂਨ 1927), 101 ਰੁਪਏ (ਅਕਤੂਬਰ 1927) ਅਤੇ 500 ਰੁਪਏ (ਅਕਤੂਬਰ 1927) ਵਿਚ ਭੇਜੇ ਗਏ। ਇਹ ਜਾਣਕਾਰੀ ਮਿਲਣ ’ਤੇ ਹੀ ਹਿੰਦੁਸਤਾਨ ਸਰਕਾਰ ਨੇ ਪੱਤਰ ਨੰ: 147-ਗ੍ਰਹਿ ਰਾਜਸੀ ਸ਼ਾਖਾ, ਮਿਤੀ 11 ਨਵੰਬਰ 1926 ਰਾਹੀਂ ਸੈਕਟਰੀ ਆਫ ਸਟੇਟ, ਲੰਡਨ ਦੇ ਦਫਤਰ ਨੂੰ ਸੂਚਿਤ ਕੀਤਾ ਕਿ ‘ਇਹ ਜਾਣਿਆ ਜਾਂਦਾ ਹੈ ਕਿ ਖਾਲਸਾ ਦੀਵਾਨ ਸੁਸਾਇਟੀ, ਵੈਨਕੂਵਰ, ਪੈਸੇ ਭੇਜਣ ਪੱਖੋਂ ਗਤੀਸ਼ੀਲ ਹੈ।’
ਉਪਰੋਕਤ ਰਾਸ਼ੀਆਂ ਵਿਚ ਫਰਵਰੀ 1926 ਅਤੇ ਮਾਰਚ 1926 ਵਿਚ ਭੇਜੀ ਰਾਸ਼ੀ ਕ੍ਰਮਵਾਰ 1363 ਰੁਪਏ ਅਤੇ 1364 ਰੁਪਏ, ਜੋ ਚੈੱਕਾਂ ਦੇ ਰੂਪ ਵਿਚ ਸੀ, ਪੋਸਟ ਆਫਿਸ ਐਕਟ ਦੀ ਧਾਰਾ 25(1) ਅਧੀਨ ਰੋਕ ਲਈ ਗਈ। ਪੁਲੀਸ ਮੰਨਦੀ ਸੀ ਕਿ ਇਹ ਪੈਸਾ ਬੱਬਰ ਅਕਾਲੀਆਂ ਦੇ ਆਸ਼੍ਰਿਤਾਂ ਲਈ ਭੇਜਿਆ ਗਿਆ ਹੈ। ਇਉਂ ਹੀ ਦੇਸ਼ ਸੇਵਕ ਅਤੇ ਕਿਰਤੀ ਨੂੰ ਭੇਜੀ ਸਹਾਇਤਾ ਵੀ ਪੁਲੀਸ ਦੇ ਹੱਥ ਲੱਗਣ ’ਤੇ ਇਕ ਵਾਰ ਰੋਕ ਲਈ ਗਈ ਪਰ ਕੁੱਝ ਸਮਾਂ ਪਿੱਛੋਂ ਅਦਾ ਕਰ ਦਿੱਤੀ ਗਈ। ਇਨ੍ਹਾਂ ਵਿਚੋਂ ਕੇਵਲ ਇਕ ਅਦਾਇਗੀ ਜੋ ਸਤੰਬਰ 1924 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ ਕੀਤੀ ਗਈ, ਲਈ ਭੇਜਣ ਵਾਲੇ ਦਾ ਨਾਂ ‘ਵੈਨਕੂਵਰ ਦੇ ਸਿੱਖ’ ਲਿਖਿਆ ਗਿਆ ਹੈ, ਬਾਕੀ ਸਾਰੀਆਂ ਅਦਾਇਦੀਆਂ ਖਾਲਸਾ ਦੀਵਾਨ, ਵੈਨਕੂਵਰ ਜਾਂ ਖਾਲਸਾ ਦੀਵਾਨ ਸੁਸਾਇਟੀ, ਵੈਨਕੂਵਰ ਵੱਲੋਂ ਕੀਤੀਆਂ ਗਈਆਂ ਦੱਸੀਆਂ ਹਨ। ਖਾਲਸਾ ਦੀਵਾਨ ਸੁਸਾਇਟੀ, ਵੈਨਕੂਵਰ ਵੱਲੋਂ ਪੰਜਾਬ ਵਿਚ ਸਰਗਰਮ ਦੇਸ਼ਭਗਤ ਤਾਕਤਾਂ ਲਈ ਨਵੰਬਰ 1923 ਤੋਂ ਨਵੰਬਰ 1927 ਦੌਰਾਨ ਭੇਜੀ ਉਪਰੋਕਤ ਮਾਇਕ ਮਦਦ ਦੀ ਸੂਹ ਪੰਜਾਬ ਪੁਲੀਸ ਨੇ ਲਾ ਲਈ ਅਤੇ ਇਹ ਜਾਣਕਾਰੀ ਸਰਕਾਰੀ ਫਾਈਲਾਂ ਵਿਚ ਦਰਜ ਹੋ ਕੇ ਸਾਡੇ ਤੱਕ ਪੁੱਜ ਗਈ। ਯਕੀਨਨ ਹੀ ਇਸ ਦੌਰ ਤੋਂ ਪਹਿਲਾਂ ਅਤੇ ਪਿੱਛੋਂ ਦੀਆਂ ਬਹੁਤ ਸਾਰੀਆਂ ਹੋਰ ਰਾਸ਼ੀਆਂ ਵੀ ਹੋਣਗੀਆਂ, ਜਿਨ੍ਹਾਂ ਦਾ ਪੁਲੀਸ ਨੂੰ ਭੇਤ ਨਾ ਲੱਗਣ ਕਾਰਨ ਉਨ੍ਹਾਂ ਦੀ ਜਾਣਕਾਰੀ ਉਪਲਬਧ ਨਹੀਂ।
ਸੰਪਰਕ: 94170-49417


Comments Off on ਖਾਲਸਾ ਦੀਵਾਨ ਸੁਸਾਇਟੀ (ਵੈਨਕੂਵਰ) ਸੁਤੰਤਰਤਾ ਸੰਗਰਾਮੀਆਂ ਦੀ ਪਿੱਠ ਉੱਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.