ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਖ਼ੂਨੀ ਵਿਸਾਖੀ-ਤਣਾਅ ਤੇ ਦੁਖਾਂਤ ਦੀ ਪੇਸ਼ਕਾਰੀ

Posted On September - 21 - 2019

ਰਾਸ ਰੰਗ

ਡਾ. ਸਾਹਿਬ ਸਿੰਘ

ਪਿਛਲੇ ਦਿਨੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਾਅ ਆਡੀਟੋਰੀਅਮ ਵਿਚ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਨਾਨਕ ਸਿੰਘ ਦੀ ਕਵਿਤਾ ’ਤੇ ਆਧਾਰਿਤ ਨਾਟਕ ‘ਖ਼ੂਨੀ ਵਿਸਾਖੀ’ ਦਾ ਮੰਚਨ ਕੀਤਾ ਗਿਆ। ਅੰਮ੍ਰਿਤਸਰ ਸ਼ਹਿਰ ਅੰਦਰ ਅਪਰੈਲ, 1919 ਵਿਚ ਕਿਸ ਤਰ੍ਹਾਂ ਦਾ ਤਣਾਅ ਫਿਜ਼ਾ ’ਤੇ ਛਾਇਆ ਹੋਵੇਗਾ, 20-25 ਕਲਾਕਾਰ ਉਸ ਤਣਾਅ ਦਾ ਸੂਤਰ ਲੱਭਣ ਅਤੇ ਦਰਸ਼ਕਾਂ ਤਕ ਪਹੁੰਚਾਉਣ ਲਈ ਮੰਚ ’ਤੇ ਕੰਬ ਰਹੇ ਸਨ। ਸਰਕਾਰੀ ਐਲਾਨਾਂ ਦੇ ਸਮਾਨਅੰਤਰ ਮੰਚ ਤੋਂ ਲੋਕ ਸੰਗਰਾਮ ਦੇ ਪੀਪੇ ਖੜਕ ਰਹੇ ਸਨ ਤੇ ਵਿਸਾਖੀ ਵਾਲੇ ਦਿਨ ਵੱਡੀ ਗਿਣਤੀ ਵਿਚ ਇਕੱਤਰ ਹੋਣ ਲਈ ਲਲਕਾਰ ਰਹੇ ਸਨ। ਡਾ. ਸੈਫੂਦੀਨ ਕਿਚਲੂ ਤੇ ਸੱਤਪਾਲ ਦੇ ਜਜ਼ਬੇ ਅਵਾਮ ਦੇ ਜਜ਼ਬਿਆਂ ਸੰਗ ਘੁਲਮਿਲ ਗਏ ਸਨ।
ਦਰਸ਼ਕ ਦੇ ਮਨ ਵਿਚ ਇਹ ਸਵਾਲ ਸਿਰ ਚੁੱਕਦਾ ਹੈ ਕਿ ਜਦੋਂ 1919 ਵਿਚ ਅੰਮ੍ਰਿਤਸਰ ਸ਼ਹਿਰ ਦੀ ਅਬਾਦੀ ਮਸਾਂ ਇਕ ਲੱਖ ਸੱਠ ਹਜ਼ਾਰ ਦੇ ਕਰੀਬ ਸੀ, ਉਦੋਂ ਧਮਕੀਆਂ ਅਤੇ ਭੰਡਾਰੀ ਪੁਲ ’ਤੇ ਹੋਈਆਂ ਮੌਤਾਂ ਦੇ ਸਹਿਮ ਦੇ ਬਾਵਜੂਦ 30 ਮਾਰਚ ਤੋਂ 13 ਅਪਰੈਲ ਤਕ 30,000 ਲੋਕ ਜਲਸਿਆਂ ਵਿਚ ਸ਼ਾਮਲ ਹੋਏ। ਫਿਰ ਉਸ ਟਿੱਪਣੀ ਦੀ ਕੀ ਵਾਜਬੀਅਤ ਹੈ, ‘ਬਹੁਤੇ ਲੋਕ ਤਾਂ ਬਾਗ਼ ਵਿਚ ਤਾਸ਼ ਖੇਡਣ ਤੇ ਵਿਹਲਾ ਸਮਾਂ ਟਪਾਉਣ ਵਾਲੇ ਸਨ।’ ਜ਼ਾਹਰਾ ਤੌਰ ’ਤੇ ਲੜ ਮਰਨ ਦੇ ਜਜ਼ਬੇ ਨਾਲ ਗੜੁੱਚ ਇਕ ਲੋਕ ਤਹਿਰੀਰ ਨਾਲ ਇਹ ਮਜ਼ਾਕ ਕਰਕੇ ਕਿੱਡੀ ਵੱਡੀ ਸਾਜ਼ਿਸ਼ ਰਚੀ ਜਾਂਦੀ ਹੈ, ਇਸਨੂੰ ਸਮਝਣਾ ਕੋਈ ਔਖਾ ਨਹੀਂ। ਮੰਚ ’ਤੇ ਕਲਾਕਾਰ ਭਾਵਪੂਰਤ ਗੀਤ ਗਾ ਰਹੇ ਹਨ:
ਸੁਣੋ ਸੁਣਾਈਏ ਗਾਥਾ
ਇਹ ਦਰਦ ਦੀ ਗਾਥਾ
ਹਿੰਦੂ ਸਿੱਖ ਨਾ ਮੁਸਲਮਾਨ ਦੀ ਗਾਥਾ
ਇਹ ਹੈ ਇਨਸਾਨ ਦੀ ਗਾਥਾ।

ਡਾ. ਸਾਹਿਬ ਸਿੰਘ

ਸਰਕਾਰੀ ਢੋਲ ਅਤੇ ਲੋਕਾਈ ਦਾ ਪੀਪਾ, ਤਣਾਅ ਤੇ ਟੱਕਰ ਸਿਰਜ ਕੇ ਮੰਚ ਭਖਣ ਲਾ ਦਿੰਦੇ ਹਨ। ਦਰਸ਼ਕ ਜਾਣਦਾ ਹੈ ਕਿ ਹੁਣ ਅਗਲੇ ਪਲ ਦੁਖਾਂਤ ਪੇਸ਼ ਹੋਣ ਵਾਲਾ ਹੈ, ਪਰ ਉਹ ਕਿਸ ਸ਼ਿੱਦਤ ਨਾਲ ਰੰਗਮੰਚੀ ਜਾਮਾ ਅਖਤਿਆਰ ਕਰੇਗਾ, ਇਹ ਦੇਖਣ ਲਈ ਦਰਸ਼ਕ ਸਾਹ ਰੋਕੀ ਬੈਠੇ ਹਨ। ਜਨਰਲ ਡਾਇਰ ਬਣੇ ਰੰਗਕਰਮੀ ਦਾ ਪੱਥਰ ਚਿਹਰਾ ਤੇ ਲੋਕ ਆਗੂ ਬਣੇ ਕਲਾਕਾਰਾਂ ਦੀਆਂ ਜੋਸ਼ ਨਾਲ ਕੰਬਦੀਆਂ ਗੱਲ੍ਹਾਂ ਦਰਸ਼ਕਾਂ ਨੂੰ ਖਿੱਚ ਕੇ ਕੁਰਸੀਆਂ ਦੇ ਕੰਢੇ ’ਤੇ ਲੈ ਆਈਆਂ। ਕਲਾਕਾਰ ਹਜੂਮ ਬਣ ਮੰਚ ’ਤੇ ਬਿਖਰ ਗਏ ਹਨ, ਡਾਇਰ ਵੱਲੋਂ ਬੀੜੀਆਂ ਤੋਪਾਂ ਦਾ ਅਕਸ ਸਿਰਜਦੀ ਰੰਗ ਪੱਟੀ ਮੰਚ ਦੇ ਉੱਪਰਲੇ ਅੱਧ ਵਿਚ ਸੱਜਿਉਂ ਖੱਬੇ ਫੈਲ ਗਈ ਹੈ। ਦਰਸ਼ਕ ਤੋਪਾਂ ਦੇ ਮੂੰਹ ਵਿਚੋਂ ਨਿਕਲਦੀ ਅੱਗ ਮਹਿਸੂਸ ਕਰ ਰਿਹਾ ਹੈ, ਗਾਇਕ ਮੰਡਲੀ ਦੇ ਦਰਦ ਵਿੰਨੇ ਅਲਾਪ, ਲਾਲ ਰੌਸ਼ਨੀ, ਮੰਚ ’ਤੇ ਡਿੱਗ ਰਹੇ ਧੜ, ਚੀਕਾਂ ਕੁਰਲਾਹਟਾਂ ਦਾ ਸ਼ੋਰ, ਯੂਨੀਵਰਸਿਟੀ ਦੀ ਸਟੇਜ ਜੱਲ੍ਹਿਆਂਵਾਲਾ ਬਾਗ਼ ਵਿਚ ਪਲਟ ਗਈ ਹੈ। ਫਿਰ ਆਵਾਜ਼ਾਂ ਬੰਦ, ਕੁਝ ਪਲਾਂ ਦੀ ਸੁੰਨ, ਚਿੱਟਾ ਕੱਪੜਾ ਗੁੱਛ ਮੜੁੱਛ ਹੋ ਕੇ ਮੰਚ ’ਤੇ ਫੈਲ ਗਿਆ ਹੈ। ਵਿਚ ਵਿਚ ਕੋਈ ਸਿਰ ਹਿੱਲ ਰਿਹਾ ਹੈ, ਕੋਈ ਹੱਥ ਲਾਸ਼ਾਂ ਤੋਂ ਉੱਪਰ ਉੱਠਣ ਲਈ ਤੜਪ ਰਿਹਾ ਹੈ, ਕੋਈ ਧੜ ਸਾਰੀ ਤਾਕਤ ਇਕੱਠੀ ਕਰ ਕੇ ਸਿੱਧਾ ਹੋਣ ਲਈ ਸਹਿਕ ਰਹੀ ਹੈ, ਇਕ ਮਾਂ ਆਪਣੇ ਬੱਚੇ ਲਈ ਪਾਣੀ ਮੰਗ ਰਹੀ ਹੈ, ਇਕ ਔਰਤ ਆਪਣੇ ਮੋਏ ਪਤੀ ਦੀ ਲਾਸ਼ ਦੀ ਰਾਖੀ ਕਰ ਰਹੀ ਹੈ, ਉਸਨੂੰ ਡਰ ਹੈ ਕਿ ਇੱਥੋਂ ਹਿੱਲੀ ਤਾਂ ਕੁੱਤੇ, ਗਿੱਦੜ ਉਸਦੇ ਸੁਹਾਗ ਨੂੰ ਝਰੂੰਡਣਗੇ, ਇਕ ਬੱਚਾ ਆਪਣੇ ਬਾਪ ਨੂੰ ਆਵਾਜ਼ ਮਾਰ ਰਿਹਾ ਹੈ, ਦਰਸ਼ਕ ਗ਼ਮਗੀਨ ਹੈ। ਅਗਲੇ ਦ੍ਰਿਸ਼ ਜ਼ੁਲਮ ਦੀ ਇੰਤਹਾ ਪੇਸ਼ ਕਰ ਰਹੇ ਹਨ, ਅਜੀਬ ਲਾਚਾਰੀ ਦਾ ਮਾਹੌਲ ਹੈ, ਪਰ ਦਰਸ਼ਕ ਦਾ ਦਿਲ ਦਿਮਾਗ਼ ਬਦਲੇ ਦੀ ਘੜੀ ਦੇਖਣ ਵੱਲ ਉਲਰਿਆ ਹੋਇਆ ਹੈ। ਨਿਰਦੇਸ਼ਕ ਇਹ ਗੱਲ ਜਾਣਦਾ ਹੈ, ਇਸ ਲਈ ਉਹ ਨਾਟਕ ਨੂੰ ਤੇਜ਼ੀ ਨਾਲ ਉਸ ਪਾਸੇ ਮੋੜਦਾ ਹੈ।
ਪੰਜਾਬ, ਪੰਜਾਬੀਆਂ ਦਾ ਇਹ ਖਾਸਾ ਹੈ ਕਿ ਦੁਖਾਂਤ ਦਾ ਬੋਝ ਜ਼ਿਆਦਾ ਦੇਰ ਮੋਢਿਆਂ ’ਤੇ ਟੰਗਿਆ ਨਹੀਂ ਰਹਿਣ ਦਿੰਦੇ ਤੇ ਸੁਖਾਂਤ ਵੱਲ ਸਰਪਟ ਦੌੜਦੇ ਹਨ, ਪੰਜਾਬੀ ਨਾਟਕ ਵੀ ਇਵੇਂ ਹੀ ਦੌੜਦਾ ਹੈ। ਊਧਮ ਸਿੰਘ ਇੰਗਲੈਂਡ ਪਹੁੰਚ ਗਿਆ ਹੈ, ਆਪਣੀ ਦੋਸਤ ਸੋਫੀ ਰਾਹੀਂ ਡਾਇਰ ਤਕ ਰਸਾਈ ਕਰਦਾ ਹੈ। ਇਹ ਜਾਣ ਕੇ ਨਿਰਾਸ਼ ਹੁੰਦਾ ਹੈ ਕਿ ਡਾਇਰ ਕੁਦਰਤੀ ਮੌਤ ਮਰ ਚੁੱਕਾ ਹੈ, ਹੁਣ ਬਦਲੇ ਦੀ ਅੱਗ ਦਾ ਕੀ ਕਰੇ? ਸੱਚ ਜ਼ਾਹਰ ਹੁੰਦਾ ਹੈ ਕਿ ਫ਼ੈਸਲਾ ਲੈਣ ਵਾਲੀ ਉੱਚੀ ਧਿਰ ਦਾ ਪ੍ਰਤੀਨਿਧ ਮਾਈਕਲ ਓਡਵਾਇਰ ਅਜੇ ਜ਼ਿੰਦਾ ਹੈ। ਊਧਮ ਸਿੰਘ ਦੇ ਮੱਥੇ ਅੰਦਰ ਸੱਜਰਾ ਸੁਪਨਾ ਜਾਗਦਾ ਹੈ, ਕਿਤਾਬ ਵਿਚ ਰਿਵਾਲਵਰ ਫਿੱਟ ਕਰਦਾ ਹੈ, ਸ਼ਬਦ ਤੇ ਸ਼ਕਤੀ ਦੀ ਜੱਫੀ ਪੈ ਗਈ ਹੈ, ਵਿਚਾਰ ਤੇ ਹਥਿਆਰ ਇਕਮਿਕ ਹੋ ਗਏ ਹਨ। ਕਿਤਾਬ ਇਕ ਖ਼ੂਬਸੂਰਤ ਮੈਟਾਫਰ ਬਣਦਾ ਹੈ। ਵਿਚਾਰਾਂ ਦੀ ਪਕਿਆਈ ਤੋਂ ਸੱਖਣਾ ਹਥਿਆਰ ਕਤਲ ਕਰਦਾ ਹੈ, ਪਰ ਬਾਬੇ ਨਾਨਕ ਦੇ ਸ਼ਬਦ ਨਾਲ ਲੈਸ ਹਥਿਆਰ ਕ੍ਰਾਂਤੀ ਕਰਦਾ ਹੈ। ਓਡਵਾਇਰ ਭਾਸ਼ਨ ਦੇ ਰਿਹਾ ਹੈ, ਊਧਮ ਸਿੰਘ ਦਰਸ਼ਕਾਂ ਵਿਚ ਆ ਛੁਪਦਾ ਹੈ, ਲੋਕਾਂ ਦਾ ਨਾਇਕ ਲੋਕਾਈ ਦੀਆਂ ਬਾਹਾਂ ਵਿਚ ਹੀ ਪਨਾਹ ਲੈ ਸਕਦਾ ਹੈ। ਓਡਵਾਇਰ ਗਰੂਰ ਵਿਚ ਬੋਲ ਰਿਹਾ ਹੈ, ਊਧਮ ਸਿੰਘ ਦੇ ਹੱਥਾਂ ਵਿਚ ਫੜਿਆ ਰਿਵਾਲਵਰ ਗੁੱਸੇ ਨਾਲ ਕੰਬ ਰਿਹਾ ਹੈ। ਇਉਂ ਜਾਪਦਾ ਹੈ ਕਿ ਜਿਵੇਂ ਦਰਸ਼ਕ ਵੀ ਬਾਗ਼ ਵਿਚੋਂ ਉੱਠ ਕੇ ਹੁਣ ਲੰਡਨ ਦੀ ਅਸੈਂਬਲੀ ਵਿਚ ਪਹੁੰਚ ਗਏ ਹਨ, ਰਿਵਾਲਵਰ ਇਕ ਨਹੀਂ ਅਨੇਕਾਂ ਹਨ, ਦੋ ਢਾਈ ਸੌ ਊਧਮ ਸਿੰਘ ਕੁਰਸੀਆਂ ’ਤੇ ਬੈਠੇ ਹੱਥਾਂ ਵਿਚ ਰਿਵਾਲਵਰ ਮਹਿਸੂਸ ਕਰਦੇ ਹਨ। ਓਡਵਾਇਰ ਦੇ ਬੁੱਲ੍ਹਾਂ ’ਤੇ ਜੱਲ੍ਹਿਆਂਵਾਲਾ ਬਾਗ਼ ਦਾ ਨਾਂ, ਫਾਇਰ, ਛਾਲ ਮਾਰ ਕੇ ਸੂਰਮਾ ਓਡਵਾਇਰ ਦੀ ਛਾਤੀ ’ਤੇ ਪੈਰ ਧਰਦਾ ਹੈ। ਇਹ ਰੰਗਮੰਚ ਹੈ, ਅਸਲ ਨਹੀਂ, ਅਸਲ ਦਾ ਅਕਸ ਸਿਰਜਦਾ ਹੈ। ਦਰਸ਼ਕ ਬਦਲਾ ਲਿਆ ਮਹਿਸੂਸ ਕਰਦਾ ਹੈ, ਗਾਇਕ ਆਵਾਜ਼ ਚੁੱਕਦੇ ਹਨ, ਕਲਾਕਾਰ ਸਾਥ ਦਿੰਦੇ ਹਨ:
ਜਿੱਥੇ ਡੁੱਲ੍ਹਦਾ ਖ਼ੂਨ ਸ਼ਹੀਦਾਂ ਦਾ
ਤਕਦੀਰ ਬਦਲਦੀ ਕੌਮਾਂ ਦੀ!!

ਸੰਪਰਕ: 98880-11096


Comments Off on ਖ਼ੂਨੀ ਵਿਸਾਖੀ-ਤਣਾਅ ਤੇ ਦੁਖਾਂਤ ਦੀ ਪੇਸ਼ਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.