ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਖ਼ਤਰਨਾਕ ਹੋ ਸਕਦੇ ਹਨ ਰੋਬੋਟ

Posted On September - 8 - 2019

ਡਾ. ਕੁਲਦੀਪ ਸਿੰਘ ਧੀਰ*
ਵਿਗਿਆਨ ਵਿਕਾਸ

ਮਸਨੂਈ ਬ ਬੁੱਧੀ ਵਾਲੇ ਮਨੁੱਖ ਤੋਂ ਸਿਆਣੇ ਰੋਬੋਟਾਂ ਵਿਚ ਰੁਚੀ ਦਿਨੋ ਦਿਨ ਵਧ ਰਹੀ ਹੈ। ਸਾਡੇ ਦੇਸ਼ ਵਿਚ ਵੀ ਇੰਜੀਨੀਅਰਿੰਗ ਕਾਲਜ, ਕੰਪਿਊਟਰ/ਸੁਪਰ ਕੰਪਿਊਟਰ ਖੋਜ ਕੇਂਦਰ ਤੇ ਆਈਆਈਟੀ ਇਸ ਦੀਆਂ ਸੰਭਾਵਨਾਵਾਂ ਖੋਜਣ ਵਿਚ ਜੁਟ ਗਏ ਹਨ। ਕੁਝ ਦਿਨ ਪਹਿਲਾਂ ਚੰਡੀਗੜ੍ਹ ਵਿਚ ਇਸ ਵਿਸ਼ੇ ਉੱਤੇ ਇਕ ਵਰਕਸ਼ਾਪ ਕਰਵਾਈ ਗਈ। ਮਸਨੂਈ ਬੁੱਧੀ ਨਾਲ ਲੈਸ ਰੋਬੋਟ ਬਣਾਉਣ ਦੇ ਉੱਦਮ ਦੁਨੀਆਂ ਭਰ ਵਿਚ ਹੋ ਰਹੇ ਹਨ। ਔਖੇ, ਨੀਰਸ ਤੇ ਖ਼ਤਰਿਆਂ ਭਰੇ ਕੰਮ ਰੋਬੋਟ ਹਵਾਲੇ ਕਰਨਾ ਮਾੜੀ ਗੱਲ ਨਹੀਂ। ਰੋਜ਼ਾਨਾ ਦੇ ਨਿੱਕੇ-ਮੋਟੇ ਕੰਮ ਤਾਂ ਕੰਪਿਊਟਰ ਤਕਨਾਲੋਜੀ ਨੇ ਪਹਿਲਾਂ ਹੀ ਸਵੈਚਾਲਿਤ ਵਿਗਿਆਨਕ ਜੁਗਤਾਂ ਤੇ ਯੰਤਰਾਂ ਨੂੰ ਸੌਂਪ ਰੱਖੇ ਹਨ। ਇਹ ਸਾਰਾ ਕੁਝ ਇੰਨੇ ਸਹਿਜ ਤਰੀਕੇ ਨਾਲ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਰਿਹਾ ਹੈ ਕਿ ਸਾਨੂੰ ਇਸ ਦਾ ਅਹਿਸਾਸ ਹੀ ਨਹੀਂ ਹੁੰਦਾ।
ਕੋਈ ਵੇਲਾ ਸੀ ਟਾਈਮ ਪੀਸ ਉੱਤੇ ਅਲਾਰਮ ਲਾਈਦਾ ਸੀ। ਹੁਣ ਮੋਬਾਈਲ ਫੋਨ ਉੱਤੇ ਅਲਾਰਮ ਸੈੱਟ ਕਰੋ। ਸਵੇਰੇ ਬੋਲ ਉੱਠੇਗਾ: ‘‘ਪੌਣੇ ਚਾਰ ਵੱਜ ਗਏ ਹਨ। ਉੱਠੋ, ਜਾਗਣ ਦਾ ਸਮਾਂ ਹੋ ਗਿਆ ਹੈ।’’ ਇਹੀ ਨਹੀਂ ਥੋੜ੍ਹੀ ਥੋੜ੍ਹੀ ਦੇਰ ਬਾਅਦ ਇਹ ਆਵਾਜ਼ ਬੋਲ ਕੇ ਧੱਕੇ ਨਾਲ ਜਗਾਏਗੀ। ਮਿਥੇ ਸਮੇਂ ਤੋਂ ਬਾਅਦ ਲੰਘੇ ਮਿੰਟ-ਮਿੰਟ ਬਾਰੇ ਸੁਚੇਤ ਕਰੇਗੀ ਕਿ ਪੰਜ, ਦਸ, ਪੰਦਰਾਂ ਮਿੰਟ ਲੇਟ ਹੋ ਗਏ ਹੋ। ਉੱਠਣਾ ਨਹੀਂ। ਹੋਰ ਵੇਖੋ। ਪਾਣੀ ਦੀ ਟੈਂਕੀ ਨਾਲ ਜੁੜੀ ਬਿਜਲੀ ਦੀ ਤਾਰ ਸਵਿੱਚ ਬੋਰਡ ਕੋਲ ਲੱਗੇ ਯੰਤਰ ਜ਼ਰੀਏ ਵੇਲਾ ਆਉਣ ਉੱਤੇ ਰਸੋਈ ਘਰ ਜਾਂ ਮਹਿਮਾਨਾਂ ਕੋਲ ਬੈਠੀ ਘਰ ਦੀ ਮਾਲਕਣ ਨੂੰ ਬੁਲਾਉਂਦੀ ਹੈ: ‘‘ਸਾਵਧਾਨ, ਪਾਣੀ ਦੀ ਟੈਂਕੀ ਭਰ ਗਈ ਹੈ। ਮੋਟਰ ਬੰਦ ਕਰੋ।’’ ਬਹੁਤ ਕੁਝ ਅਜਿਹਾ ਹੋਰ ਸਾਡੇ ਆਸ-ਪਾਸ ਹੋ ਰਿਹਾ ਹੈ, ਪਰ ਗੱਲ ਇਸ ਸਾਧਾਰਨ ਲੱਗ ਰਹੇ ਵਰਤਾਰੇ ਤੋਂ ਕਿਤੇ ਅਗਾਂਹ ਵਧਣ ਦੇ ਰਾਹ ਪੈ ਚੁੱਕੀ ਹੈ। ਇਸ ਰਾਹ ਉੱਤੇ ਅਸੀਂ ਹੁਣੇ ਹੀ ਤੁਰਨਾ ਨਹੀਂ ਸ਼ੁਰੂ ਕੀਤਾ। ਬਹੁਤ ਲੰਬੇ ਸਮੇਂ ਤੋਂ ਇਸ ਖੇਤਰ ਵਿਚ ਕਦੇ ਤੇਜ਼, ਕਦੇ ਹੌਲੀ ਇਹ ਸਰਗਰਮੀ ਜਾਰੀ ਹੈ। ਵਿਗਿਆਨ ਤੇ ਤਕਨਾਲੋਜੀ ਦੀਆਂ ਹੋਰ ਲੱਭਤਾਂ ਵਾਂਗ ਇਸ ਦੇ ਵੀ ਫ਼ਾਇਦਿਆਂ ਦੇ ਨਾਲ ਨਾਲ ਨੁਕਸਾਨ ਦੇ ਖ਼ਤਰੇ ਵੀ ਹਨ ਜਿਨ੍ਹਾਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ।
ਇਲੈਕਟ੍ਰਾਨਿਕ ਦਿਮਾਗ਼ ਦੇ ਰੂਪ ਵਿਚ ਮਸਨੂਈ ਬੁੱਧੀ ਦੀ ਗੱਲ 1940 ਵਿਚ ਸ਼ੁਰੂ ਹੋਈ। ਇਸ ਪਿੱਛੇ ਮੂਲ ਨੁਕਤਾ ਇਹ ਸੀ ਕਿ ਜੇ ਮਨੁੱਖੀ ਦਿਮਾਗ਼ ਤੇ ਬੁੱਧੀ ਦੀ ਕੰਮ ਕਰਨ ਦੀ ਪ੍ਰਣਾਲੀ ਪਤਾ ਲੱਗ ਜਾਵੇ ਤਾਂ ਇਸ ਦੀਆਂ ਲੀਹਾਂ ਉੱਤੇ ਮਨੁੱਖੀ ਦਿਮਾਗ਼ ਵਰਗਾ ਇਲੈਕਟ੍ਰਾਨਿਕ ਦਿਮਾਗ਼ ਬਣਾਇਆ ਜਾ ਸਕਦਾ ਹੈ। ਮਨੁੱਖੀ ਦਿਮਾਗ਼ ਵਿਚ ਕੀ ਮੁੱਖ ਵਿਸ਼ੇਸ਼ਤਾਵਾਂ ਹਨ ਜੋ ਨਵੇਂ ਨਵੇਂ ਕੰਮ ਕਰਵਾਉਂਦੀਆਂ ਹਨ। ਮਹਿਸੂਸ ਕਰਨ ਦੀ ਸ਼ਕਤੀ, ਵੇਖੇ ਸੁਣੇ ਦੀ ਯਾਦ, ਭਾਸ਼ਾ ਦਾ ਬੋਧ, ਪ੍ਰਾਪਤ/ਸੰਚਿਤ ਗਿਆਨ ਦੀ ਵਾਰ ਵਾਰ ਨਵੀਂ ਤੋਂ ਨਵੀਂ ਵਿਵਸਥਾ, ਦਲੀਲਬਾਜ਼ੀ, ਯੋਜਨਾਬੰਦੀ, ਹੱਥਾਂ/ਪੈਰਾਂ ਗਿਆਨ ਇੰਦਰੀਆਂ ਨੂੰ ਕਿਸੇ ਕ੍ਰਮ ਵਿਚ ਵਰਤਣ ਲਈ ਹੁਕਮ ਦੇਣ ਦੀ ਯੋਗਤਾ, ਕਿਸੇ ਕਿਰਿਆ ਦੇ ਸਥੂਲ/ਸੂਖ਼ਮ ਪ੍ਰਤੀਕਰਮ, ਪਿਆਰ/ਨਫ਼ਰਤ/ਭੈਅ ਆਦਿ ਜਜ਼ਬਿਆਂ ਦਾ ਪ੍ਰਗਟਾਵਾ, ਗਿਣਤੀਆਂਂ/ਮਿਣਤੀਆਂ/ਅੰਕੜਿਆਂ ਸੂਚਨਾਵਾਂ ਸਟੋਰ ਕਰਨ ਤੇ ਵਰਤਣ ਦੀ ਯੋਗਤਾ। ਇਨ੍ਹਾਂ ਬਾਰੇ ਖੋਜ ਦੀ ਗੱਲ ਤੁਰੀ ਤਾਂ ਸਪਸ਼ਟ ਹੋਇਆ ਕਿ ਇਹ ਤਮਾਮ ਨੁਕਤੇ ਗਿਆਨ/ਵਿਗਿਆਨ ਦੇ ਵੱਖ ਵੱਖ ਖੇਤਰਾਂ ਤਕ ਫੈਲਦੇ ਹਨ। ਕੰਪਿਊਟਰ ਸਾਇੰਸ, ਗਣਿਤ, ਮਨੋਵਿਗਿਆਨ, ਫਿਲਾਸਫ਼ੀ, ਸਰੀਰ ਵਿਗਿਆਨ, ਇਲੈਕਟ੍ਰਾਨਿਕਸ, ਇੰਜੀਨੀਅਰਿੰਗ, ਨੈਨੋ-ਟੈਕਨੋਲੋਜੀ, ਡੀਐੱਨਏ ਆਦਿ ਕਈ ਖੇਤਰਾਂ ਵਿਚ ਸੰਗਠਿਤ ਕਾਰਜ ਨਾਲ ਹੀ ਕੁਝ ਹਾਸਲ ਹੋ ਸਕਦਾ ਹੈ। ਡਿਜੀਟਲ ਕੰਪਿਊਟਰਾਂ ਨੇ ਜ਼ੀਰੋ ਤੇ ਅੰਕ ਦੋ ਹੀ ਅੰਕਾਂ ਨਾਲ ਜਟਿਲ ਤੋਂ ਜਟਿਲ ਕਾਰਜ ਗਣਿਤਕ ਸਮੀਕਰਨਾਂ ਰਾਹੀਂ ਕਰਨ ਦੀ ਵਿਧੀ ਦੱਸੀ। ਗਣਿਤਕ ਲੌਜਿਕ ਨੇ ਦੱਸਿਆ ਕਿ ਹਰ ਕਾਰਜ ਲਈ ਡਿਜੀਟਲ ਕੰਪਿਊਟਰ ਮਦਦ ਕਰੇਗਾ। ਦਲੀਲਬਾਜ਼ੀ ਨੂੰ ਵੀ ਜੇ ਗਣਿਤਕ ਸਮੀਕਰਨਾਂ ਵਿਚ ਬੰਨ੍ਹ ਲਈਏ ਤਾਂ ਕੰਪਿਊਟਰ ਦਲੀਲਬਾਜ਼ੀ ਵੀ ਕਰੇਗਾ। ਨਿਊਰੋ ਬਾਇਓਲੋਜੀ, ਇਨਫਰਮੇਸ਼ਨ ਥਿਊਰੀ ਤੇ ਸਾਈਬਰ ਨੈਟਿਕਸ ਦੇ ਵਿਕਾਸ ਨੇ 20ਵੀਂ ਸਦੀ ਦੇ ਅੰਤ ਤਕ ਇਸ ਖੇਤਰ ਦਾ ਮੂੰਹ ਮੱਥਾ ਅਸਲੋਂ ਬਦਲ ਦਿੱਤਾ।

1990 ਤੋਂ ਨਵੀਂ ਸਦੀ ਦੇ ਆਰੰਭਿਕ ਸਾਲਾਂ ਤਕ ਮਾਹਰ ਨਵੇਂ ਰਾਹਾਂ ਦੀ ਤਲਾਸ਼ ਲਈ ਭਾਂਤ-ਭਾਂਤ ਦੇ ਵਿਗਿਆਨਕ ਗਿਆਨ ਨੂੰ ਸੰਗਠਿਤ ਕਰਕੇ ਵਰਤਦੇ ਰਹੇ। ਇਸ ਸਮੇਂ ਦੀ ਵੱਡੀ ਖ਼ਬਰ ਡੀਪ ਬਲੂ ਨਾਂ ਦਾ ਮਸ਼ੀਨੀ ਚੈੱਸ ਖਿਡਾਰੀ ਹੈ ਜਿਸ ਨੇ 1997 ਵਿਚ ਸ਼ਤਰੰਜ ਦੇ ਵਿਸ਼ਵ ਚੈਂਪੀਅਨ ਗੈਰੀ ਕੈਸਪਾਰੋਵ ਨੂੰ ਹਰਾਇਆ।

ਮਸਨੂਈ ਬੁੱਧੀ ਦੀ ਮੰਜ਼ਿਲ ਮਨੁੱਖ ਵਰਗੇ ਹੀ ਨਹੀਂ, ਮਨੁੱਖ ਤੋਂ ਵੀ ਸਿਆਣੇ ਰੋਬੋਟ ਵਿਕਸਿਤ ਕਰਨਾ ਬਣਦੀ ਲੱਗ ਰਹੀ ਹੈ। ਇਸੇ ਦੇ ਖ਼ਤਰਿਆਂ ਬਾਰੇ ਪਿੱਛੇ ਸੰਕੇਤ ਕੀਤਾ ਗਿਆ ਹੈ। ਜ਼ਰਾ ਸੋਚੋ ਕਿ ਬੰਦੇ ਵਰਗਾ ਦੈਂਤ ਆਕਾਰੀ ਲੋਹੇ ਦਾ ਮਨੁੱਖ ਤੁਹਾਡੇ ਵੱਲ ਵਧਦਾ ਆਵੇ ਅਤੇ ਤੁਹਾਡੇ ਉੱਤੇ ਗੋਲੀ ਦਾਗ ਦੇਵੇ। ਆਸ-ਪਾਸ ਦੇ ਵੀਹ ਪੰਜਾਹ ਬੰਦੇ ਮਾਰ ਦੇਵੇ। ਨੇੜੇ ਖੜ੍ਹੀ ਪੁਲੀਸ ਦੀ ਗੋਲੀ ਉਸ ਲੋਹੇ ਦੇ ਦੈਂਤ ਦਾ ਕੁਝ ਨਾ ਵਿਗਾੜ ਸਕੇ। ਉਹ ਪੁਲੀਸ ਦੇ ਘੇਰੇ ਨੂੰ ਚੀਰ ਕੇ ਸੁੱਕਾ ਲੰਘ ਜਾਵੇ। ਇਹ ਭਿਅੰਕਰ ਸਥਿਤੀ ਵੀ ਆ ਸਕਦੀ ਹੈ ਇਸ ਮੰਜ਼ਿਲ ਵੱਲ ਵਧਦਿਆਂ। ਅੰਗਰੇਜ਼ੀ ਨਾਵਲਕਾਰ ਮੈਰੀ ਵੌਲਸਟਨਕਰਾਫਟ ਸ਼ੈਲੇ (ਪ੍ਰਸਿੱਧ ਅੰਗਰੇਜ਼ੀ ਕਵੀ ਪੀ.ਬੀ. ਸ਼ੈਲੇ ਦੀ ਪਤਨੀ) ਨੇ 1818 ਵਿਚ ਆਪਣੇ ਨਾਵਲ ਵਿਚ ਫਰੈਂਕੈਸਟਾਈਨ ਦੀ ਕਥਾ ਕਹੀ ਸੀ। ਉਹ ਆਪਣੇ ਸਿਰਜਕ ਮਨੁੱਖ ਨੂੰ ਹੀ ਖਾ ਜਾਂਦਾ ਹੈ। ਦੋ ਸਦੀਆਂ ਪੁਰਾਣੀ ਇਹ ਗਲਪ ਕਥਾ ਇੱਕੀਵੀਂ ਸਦੀ ਦਾ ਸੱਚ ਬਣ ਸਕਦੀ ਹੈ। ਇਸ ਕਿਸਮ ਦੇ ਰੋਬੋਟਾਂ ਦੀ ਗੱਲ ਕਰਨ ਤੋਂ ਪਹਿਲਾਂ ਰੋਬੋਟਾਂ ਤੇ ਰੋਬੋਟ ਵਿਗਿਆਨ ਬਾਰੇ ਗੱਲ ਕਰਨੀ ਉਚਿਤ ਜਾਪਦੀ ਹੈ। ਉਸੇ ਨਾਲ ਜੋੜ ਕੇ ਹੀ ਫਿਰ ਮਸਨੂਈ ਬੁੱਧੀ ਤੇ ਰੋਬੋਟਾਂ ਬਾਰੇ ਚਰਚਾ ਛੇੜਾਂਗੇ।
ਰੋਬੋਟ ਮੂਲ ਰੂਪ ਵਿਚ ਕੰਪਿਊਟਰ ਨਾਲ ਪ੍ਰੋਗਰਾਮ ਚਲਾਉਣ ਯੋਗ ਅਜਿਹੀ ਮਸ਼ੀਨ ਹੈ ਜੋ ਸਵੈ-ਚਾਲਿਤ ਤਰੀਕੇ ਨਾਲ ਕੁਝ ਨਿਸ਼ਚਿਤ ਕੰਮ ਕਰ ਸਕੇ। ਇਸ ਨੂੰ ਕੰਟਰੋਲ ਇਸ ਦੇ ਬਾਹਰੋਂ ਚੱਲਣ ਵਾਲੀ ਕਿਸੇ ਜੁਗਤ ਨਾਲ ਕੀਤਾ ਜਾ ਸਕਦਾ ਹੈ। ਕਈ ਵਾਰ ਕੰਟਰੋਲ ਵੀ ਇਸ ਦੇ ਅੰਦਰ ਹੀ ਹੁੰਦੇ ਹਨ। ਇਹ ਪੂਰੀ ਤਰ੍ਹਾਂ ਆਪਣੇ ਫ਼ੈਸਲੇ ਕਰਕੇ ਕੰਮ ਸ਼ੁਰੂ ਕਰਕੇ ਖ਼ਤਮ ਕਰਦਾ ਹੈ। ਇਸ ਦੀ ਸ਼ਕਲ ਮਨੁੱਖ ਵਰਗੀ ਤੇ ਮਨੁੱਖ ਦੇ ਹੱਥਾਂ-ਪੈਰਾਂ ਵਰਗੀਆਂ ਜੁਗਤਾਂ ਨਾਲ ਲੈਸ ਮਨੁੱਖ ਵਰਗੀ ਹੋ ਸਕਦੀ ਹੈ। ਰੋਬੋਟ ਸ਼ਬਦ ਦਾ ਮੂਲ ਅਰਥ ਚੈੱਕ ਭਾਸ਼ਾ ਵਿਚ ਬੰਧੂਆ ਮਜ਼ਦੂਰ ਹੁੰਦਾ ਹੈ। ਇਸ ਸ਼ਬਦ ਨੂੰ ਪਹਿਲੀ ਵਾਰ ਚੈੱਕ ਨਾਟਕਕਾਰ ਕਾਰਲ ਕਾਪੇਕ ਨੇ 1920 ਵਿਚ ਆਪਣੇ ਨਾਟਕ ਰੋਜ਼ਮਜ਼ ਯੂਨੀਵਰਸਲ ਰੋਬੋਟਸ (ਆਰ.ਯੂ.ਆਰ.) ਵਿਚ ਕੀਤਾ। ਉਂਜ, ਉਸ ਨੇ ਇਸ ਸ਼ਬਦ ਦੀ ਸਿਰਜਨਾ ਦਾ ਮਾਣ ਆਪਣੇ ਭਰਾ ਜੋਜ਼ੇਫ ਕਾਪੇਕ ਨੂੰ ਦਿੱਤਾ। ਕਾਪੇਕ ਦੇ ਇਸ ਨਾਟਕ ਵਿਚ ਇਕ ਫੈਕਟਰੀ ਰੋਬੋਟ ਭਾਵ ਮਸ਼ੀਨੀ ਮਨੁੱਖ ਬਣਾਉਂਦੀ ਹੈ। ਇਹ ਰੋਬੋਟ ਬੰਦਿਆਂ ਵਾਂਗ ਸੋਚ ਤੇ ਕੰਮ ਕਰ ਸਕਦੇ ਹਨ। ਸ਼ੁਰੂ ਵਿਚ ਇਹ ਮਨੁੱਖ ਲਈ ਕੰਮ ਕਰਨ ਵਿਚ ਕੋਈ ਉਜਰ ਨਹੀਂ ਕਰਦੇ। ਪਰ ਇਕ ਦਿਨ ਇਹ ਬਾਗੀ ਹੋ ਕੇ ਮਨੁੱਖੀ ਨਸਲ ਨੂੰ ਹੀ ਖ਼ਤਮ ਕਰ ਦਿੰਦੇ ਹਨ। ਸੱਚ ਪੁੱਛੋ ਤਾਂ ਫਰੈਂਕੈਂਨਸਟਾਈਨ ਨਾਵਲ ਅਤੇ ਆਰ.ਯੂ.ਆਰ.  ਨਾਟਕ ਦੋਵੇਂ ਮਸਨੂਈ ਬੁੱਧੀ ਤੇ ਸੁਪਰ-ਇੰਟੈਲੀਜੈਂਟ ਰੋਬੋਟਾਂ ਦੇ ਖ਼ਤਰਿਆਂ ਦੀ ਪੂਰੀ ਤਸਵੀਰ ਸਮਝਾਉਣ ਲਈ ਕਾਫ਼ੀ ਹਨ। ਮੇਰੀ ਜਾਚੇ ਇਸ ਖੇਤਰ ਵਿਚ ਕਾਰਜ ਕਰਨ ਵਾਲੇ ਹਰ ਵਿਅਕਤੀ ਨੂੰ ਇਹ ਦੋਵੇਂ ਰਚਨਾਵਾਂ ਪਾਠ ਪੁਸਤਕ ਵਾਂਗ ਲਾਜ਼ਮੀ ਰੂਪ ਵਿਚ ਪੜ੍ਹਨੀਆਂ ਚਾਹੀਦੀਆਂ ਹਨ। ਖ਼ੈਰ! ਕਾਪੇਕ ਦੀ ਕਲਪਨਾ ਨੂੰ ਛੱਡ ਕੇ ਯਥਾਰਥ ਵੱਲ ਪਰਤੀਏ। 1948 ਵਿਚ ਇੰਗਲੈਂਡ ਵਿਚ ਬਰਿਸਟਲ ਵਿਖੇ ਵਿਲੀਅਮ ਗਰੇਵਾਲਟਰ ਨੇ ਸਵੈਚਾਲਿਤ ਇਲੈਕਟ੍ਰਾਨਿਕ ਰੋਬੋਟ ਬਣਾਇਆ। ਵਪਾਰਕ ਪੱਧਰ ਉੱਤੇ ਪਹਿਲਾ ਡਿਜੀਟਲ ਪ੍ਰੋਗਰਾਮੇਬਲ ਰੋਬੋਟ 1954 ਵਿਚ ਜਾਰਜ ਡੀਵੋਲ ਨੇ ਬਣਾਇਆ। ਨਾਂ ਰੱਖਿਆ ਯੂਨੀਮੇਟ। ਜਨਰਲ ਮੋਟਰਜ਼ ਵਾਲਿਆਂ ਨੇ ਇਸ ਨੂੰ ਸੜਦੇ ਬਲਦੇ ਧਾਤ ਦੇ ਟੋਟੇ ਚੁਕਵਾਉਣ ਲਈ ਵਰਤਿਆ। ਵਪਾਰਕ ਪੱਧਰ ਦੇ ਇਸ ਕਾਰਨਾਮੇ ਤੋਂ ਪਹਿਲਾਂ 1939 ਵਿਚ ਨਿਊਯਾਰਕ ਦੇ ਵਿਸ਼ਵ ਮੇਲੇ ਵਿਚ ਇਲੈਕਟਰੋ ਨਾਮ ਦਾ ਰੋਬੋਟ ਪ੍ਰਦਰਸ਼ਿਤ ਕੀਤਾ ਗਿਆ। ਮਨੁੱਖ ਵਰਗੀ ਸ਼ਕਲ। ਸੱਤ ਫੁੱਟ ਲੰਬਾ ਤੇ 120 ਕਿਲੋ ਭਾਰਾ ਇਹ ਰੋਬੋਟ 700 ਸ਼ਬਦ ਬੋਲ ਸਕਦਾ ਸੀ। ਸਿਰ ਤੇ ਬਾਹਾਂ ਹਿਲਾਉਂਦਾ, ਸਿਗਰਟ ਪੀਂਦਾ ਤੇ ਗੁਬਾਰੇ ਫੁਲਾਉਂਦਾ ਸੀ।
1954 ਵਿਚ ਪਹਿਲਾ ਡਿਜੀਟਲ ਰੋਬੋਟ ਬਣਨ ਤੋਂ ਦੋ ਸਾਲ ਪਿੱਛੋਂ ਮਸਨੂਈ ਬੁੱਧੀ ਦਾ ਜਨਮ ਇਕ ਅਨੁਸ਼ਾਸਨ ਵਜੋਂ ਹੋਇਆ ਮੰਨਿਆ ਜਾ ਸਕਦਾ ਹੈ। ਇਸੇ ਵਰ੍ਹੇ ਭਾਵ 1956 ਵਿਚ ਡਾਰਟ ਮਾਊਥ ਕਾਲਜ ਵਿਚ ਏ.ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਦੀ ਵਰਕਸ਼ਾਪ ਹੋਈ ਜਿਸ ਵਿਚ ਐਲਨ ਨੇਵੈਲ, ਹਰਬਰਟ ਸਾਈਮਨ, ਜਾਨ ਮੈਕਾਰਥੀ, ਮਾਰਵਿਨ ਮਿਨਸਕੀ ਤੇ ਆਰਥਰ ਸੈਮੂਅਲ ਵਰਗੇ ਇਸ ਖੇਤਰ ਦੇ ਮਹਾਂਰਥੀ ਸ਼ਾਮਲ ਹੋਏ। ਉਨ੍ਹਾਂ ਦੁਆਰਾ ਵਿਕਸਿਤ ਮਸ਼ੀਨਾਂ ਨੇ ਕਈ ਸਾਧਾਰਨ ਬੁੱਧ ਮਨੁੱਖਾਂ ਨਾਲੋਂ ਚੰਗੀ ਕਾਰਗੁਜ਼ਾਰੀ ਵਿਖਾਈ। ਹਿਸਾਬ, ਅਲਜਬਰੇ ਤੇ ਅੰਗਰੇਜ਼ੀ ਬੋਲਣ ਦੇ ਖੇਤਰ ਉਨ੍ਹਾਂ ਨੇ ਇਸ ਪਰਖ ਲਈ ਚੁਣੇ। ਸਰਕਾਰ ਨੇ ਉਨ੍ਹਾਂ ਦੇ ਕੰਮ ਨੂੰ ਸੈਨਿਕ ਖੇਤਰ ਲਈ ਲਾਹੇਵੰਦ ਸੰਭਾਵਨਾਵਾਂ ਵਾਲਾ ਮੰਨ ਕੇ ਉਨ੍ਹਾਂ ਨੂੰ ਖੁੱਲ੍ਹੀ ਗਰਾਂਟ ਦਿੱਤੀ। ਇਨ੍ਹਾਂ ਮਾਹਰਾਂ ਨੇ ਬੜੇ ਜੋਸ਼ ਨਾਲ ਐਲਾਨ ਕੀਤਾ ਕਿ ਪੰਝੀ ਕੁ ਸਾਲ ਵਿਚ ਮਸ਼ੀਨਾਂ ਲਗਪਗ ਹਰ ਉਹ ਕੰਮ ਕਰਨ ਯੋਗ ਹੋ ਜਾਣਗੀਆਂ ਜਿਸ ਲਈ ਬੁੱਧੀ ਦੀ ਲੋੜ ਹੋਵੇ। ਇਹ ਦਾਅਵੇ ਸੱਚੇ ਨਾ ਸਾਬਤ ਹੋਏ ਤੇ ਸਰਕਾਰ ਨੇ ਏ.ਆਈ. ਉੱਤੇ ਪੈਸਾ ਲਾਉਣ ਤੋਂ ਹੱਥ ਖਿੱਚ ਲਿਆ।

ਮਰਹੂਮ ਸਟੀਫਨ ਹਾਕਿੰਗ ਏਲੀਅਨਾਂ ਤੇ ਮਸਨੂਈ ਬੁੱਧੀ ਜਿਹੇ ਖੇਤਰਾਂ ਵਿਚ ਖੋਜਾਂ ਸਮੇਂ ਫੂਕ ਫੂਕ ਕੇ ਪੈਰ ਰੱਖਣ ਦੇ ਹੱਕ ਵਿਚ ਸੀ। ਆਪਣੇ ਜੀਵਨ ਦੇ ਅੰਤਲੇ ਵਰ੍ਹਿਆਂ ਵਿਚ ਬੀ.ਬੀ.ਸੀ. ਨਾਲ ਇਕ ਇੰਟਰਿਵਊ ਵਿਚ ਉਸ ਨੇ ਕਿਹਾ ਸੀ ਕਿ ਮਸਨੂਈ ਬੁੱਧੀ ਦੇ ਸਿਖਰ ਛੋਹਣ ਦਾ ਮਤਲਬ ਮਨੁੱਖੀ ਨਸਲ ਦਾ ਅੰਤ ਹੈ।

1980 ਦੇ ਆਸ-ਪਾਸ ਫਿਰ ਇਸ ਖੇਤਰ ਨੂੰ ਹੁਲਾਰਾ ਮਿਲਿਆ। ਜਾਪਾਨ ਦੇ ਫਿਫਥ ਜੈਨਰੇਸ਼ਨ ਕੰਪਿਊਟਰ ਪ੍ਰੋਜੈਕਟ ਨੇ ਇੰਗਲੈਂਡ ਤੇ ਅਮਰੀਕਾ ਨੂੰ ਮਸਨੂਈ ਬੁੱਧੀ ਬਾਰੇ ਖੋਜਾਂ ਲਈ ਪ੍ਰੇਰਿਤ ਕੀਤਾ। ਸਿੱਟੇ ਵਜੋਂ 1985 ਵਿਚ ਮਸਨੂਈ ਬੁੱਧੀ ਨਾਲ ਚੱਲਣ ਵਾਲੀਆਂ ਜੁਗਤਾਂ ਦੀ ਮਾਰਕੀਟ ਇਕ ਅਰਬ ਡਾਲਰ ਤਕ ਪਹੁੰਚ ਗਈ। 1987 ਵਿਚ ਲਿਸਪ ਮਸ਼ੀਨ (ਜੋ ਵੱਖਰੀ ਤਰ੍ਹਾਂ ਦਾ ਕਮਰਸ਼ੀਅਲ ਕੰਪਿਊਟਰ ਸੀ) ਦੀ ਮਾਰਕੀਟ ਢੇਰੀ ਹੋਈ ਤਾਂ ਇਹ ਖੇਤਰ ਨਵੇਂ ਸਿਰਿਓਂ ਸੰਕਟ ਦਾ ਸ਼ਿਕਾਰ ਹੋ ਗਿਆ। 1990 ਤੋਂ ਨਵੀਂ ਸਦੀ ਦੇ ਆਰੰਭਿਕ ਸਾਲਾਂ ਤਕ ਇਸ ਖੇਤਰ ਦੇ ਮਾਹਰ ਨਵੇਂ ਰਾਹਾਂ ਦੀ ਤਲਾਸ਼ ਲਈ ਭਾਂਤ-ਭਾਂਤ ਦੇ ਵਿਗਿਆਨਕ ਗਿਆਨ ਨੂੰ ਸੰਗਠਿਤ ਕਰਕੇ ਵਰਤਦੇ ਰਹੇ। ਇਸ ਸਮੇਂ ਦੀ ਵੱਡੀ ਖ਼ਬਰ ਡੀਪ ਬਲੂ ਨਾਂ ਦਾ ਮਸ਼ੀਨੀ ਚੈੱਸ ਖਿਡਾਰੀ ਹੈ ਜਿਸ ਨੇ 1997 ਵਿਚ ਸ਼ਤਰੰਜ ਦੇ ਵਿਸ਼ਵ ਚੈਂਪੀਅਨ ਗੈਰੀ ਕੈਸਪਾਰੋਵ ਨੂੰ ਹਰਾਇਆ। ਇਸੇ ਲੀਹ ਉੱਤੇ ਤੁਰਦੇ ਹੋਏ 2011 ਵਿਚ ਜਿਓਪਾਰਡੀ ਕੁਇਜ਼ ਵਿਚ ਵਾਟਸਨ ਦੇ ਮਸਨੂਈ ਮਨੁੱਖ ਨੇ ਬਰੈਡ ਰਟਰ ਅਤੇ ਕੈਨ ਜੈਨਿੰਗਜ਼ ਨੂੰ ਮਾਤ ਦਿੱਤੀ। 2016 ਵਿਚ ਗੋ ਨਾਂ ਦੀ ਖੇਡ ਵਿਚ ਐਲਫਾਗੋ ਨਾਮ ਦੇ ਮਸ਼ੀਨੀ ਜੁਗਾੜ ਨੇ ਇਸ ਖੇਡ ਦੇ ਚੈਂਪੀਅਨ ਲੀ ਸੀਡੋਲ ਨੂੰ ਹਰਾਇਆ।
ਪਿਛਲੇ ਪੰਦਰਾਂ ਸਾਲ ਵਿਚ ਮਸਨੂਈ ਬੁੱਧੀ ਨਾਲ ਚੱਲਣ ਵਾਲੇ ਸੌਫਟਵੇਅਰਾਂ ਦੀ ਗਿਣਤੀ ਢਾਈ ਹਜ਼ਾਰ ਤੋਂ ਵਧ ਗਈ ਹੈ। ਇਨ੍ਹਾਂ ਵੱਲੋਂ ਗ਼ਲਤੀਆਂ ਦੀ ਸੰਭਾਵਨਾ ਘਟੀ ਹੈ। ਕਲਾਊਂਡ ਕੰਪਿਊਟਿੰਗ ਨੈੱਟਵਰਕ ਨੇ ਸਸਤੇ ਨਿਊਰਲ ਨੈੱਟਵਰਕ ਬਣਾਉਣ ਵਿਚ ਮਦਦ ਕੀਤੀ ਹੈ। ਮਸਨੂਈ ਬੁੱਧੀ ਦੇ ਜੁਗਾੜ ਐਲਗੋਰਿਦਮ ਵਰਤਦੇ ਹਨ। ਐਲਗੋਰਿਦਮ ਸਪਸ਼ਟ ਰੂਪ ਵਿਚ ਲੜੀਵਾਰ ਲਿਖੀਆਂ ਹਦਾਇਤਾਂ ਦਾ ਸੈੱਟ ਹੈ ਜਿਸ ਦੀ ਪੂਰਤੀ ਕੋਈ ਜੁਗਤ ਕਰਦੀ ਹੈ। ਨਿੱਕੇ-ਨਿੱਕੇ ਐਲਗੋਰਿਦਮ ਜੋੜ ਕੇ ਵੱਡੇ ਵੱਡੇ ਐਲਗੋਰਿਦਮ ਬਣਾਏ ਜਾਂਦੇ ਹਨ। ਇਨ੍ਹਾਂ ਆਸਰੇ ਇਹ ਜੁਗਤਾਂ ਕਦਮ ਕਦਮ ਉੱਤੇ ਨਵੇਂ ਸੰਕਟਾਂ ਨੂੰ ਹੱਲ ਕਰਕੇ, ਪ੍ਰਾਪਤ ਵਿਕਲਪਾਂ ਵਿਚੋਂ ਸਹੀ ਰਾਹ ਚੁਣ ਕੇ ਅੱਗੇ ਤੁਰਦੀਆਂ ਹਨ। ਜਿੰਨੇ ਵੱਧ ਵਿਕਲਪ ਓਨਾ ਜਟਿਲ ਐਲਗੋਰਿਦਮ। ਲਰਨਿੰਗ ਐਲਗੋਰਿਦਮ ਇਸ ਖੇਤਰ ਦੀ ਨਵੀਂ ਪ੍ਰਾਪਤੀ ਹੈ। ਇਹ ਇਸ ਆਧਾਰ ਉੱਤੇ ਕੰਮ ਕਰਦਾ ਹੈ ਕਿ ਉੁਹ ਸਾਰੇ ਪੈਂਤੜੇ, ਐਲਗੋਰਿਦਮ ਤੇ ਨਿਰਣੇ ਜੋ ਹੁਣ ਤਕ ਕਿਸੇ ਕੰਪਿਊਟਰ ਨੇ ਵਰਤੇ ਹਨ, ਉਹ ਭਵਿੱਖ ਵਿਚ ਵੀ ਸੇਧ ਦੇਣ ਲਈ ਵਰਤੇ ਜਾਣ। ਮਸਨੂਈ ਬੁੱਧੀ ਦੇ ਜੁਗਾੜਾਂ ਤੇ ਰੋਬੋਟਾਂ ਵਿਚ ਆਮ ਸੂਝ, ਅਹਿਸਾਸ, ਭਾਵਨਾਵਾਂ ਤੇ ਅਚਾਨਕ ਦਰਪੇਸ਼ ਅਣਕਿਆਸੀਆਂ ਸਥਿਤੀਆਂ ਨਾਲ ਟੱਕਰ ਲੈਣ ਦੀ ਸਮਰੱਥਾ ਜਿਹੇ ਮਸਲੇ ਇਸ ਖੇਤਰ ਦੇ ਮਾਹਰਾਂ ਲਈ ਵੱਡੀਆਂ ਵੰਗਾਰਾਂ ਹਨ। ਉਹ ਇਨ੍ਹਾਂ ਨਾਲ ਟਕਰਾਉਂਦੇ ਹੋਏ, ਜਿਸ ਦ੍ਰਿੜ੍ਹ ਨਿਸ਼ਚੇ ਨਾਲ ਅੱਗੇ ਵਧ ਰਹੇ ਹਨ, ਉਸ ਦੀਆਂ ਪ੍ਰਾਪਤੀਆਂ ਫ਼ਾਇਦੇਮੰਦ ਹੋਣ ਦੇ ਨਾਲ ਨਾਲ ਖ਼ਤਰਨਾਕ ਵੀ ਹੋ ਸਕਦੀਆਂ ਹਨ।

ਡਾ. ਕੁਲਦੀਪ ਸਿੰਘ ਧੀਰ*

1994 ਵਿਚ ਮਾਰਵਿਨ ਮਿਨਸਕੀ ਨੇ ‘ਵਿਲ ਰੋਬੋਟਸ ਇਨਹੈਰਿਟ ਦਿ ਅਰਥ’ ਵਿਚ ਇਸ ਪ੍ਰਸ਼ਨ ਦਾ ਉੱਤਰ ਦਿੰਦਿਆਂ ਕਿਹਾ ਸੀ: ਹਾਂ, ਪਰ ਉਹ ਸਾਡੇ ਬੱਚੇ ਹੋਣਗੇ। ਪਰ ਅੱਜਕੱਲ੍ਹ ਤਾਂ ਬੱਚਿਆਂ ਤੋਂ ਵੀ ਸਾਡਾ ਵਿਸ਼ਵਾਸ ਉੱਠ ਰਿਹਾ ਹੈ। ਬੱਚਿਆਂ ਵੱਲੋਂ ਆਪਣੇ ਮਾਂ-ਬਾਪ ਨੂੰ ਕਤਲ ਕਰਨ ਦੀਆਂ ਖ਼ਬਰਾਂ ਆਮ ਹੋ ਗਈਆਂ ਹਨ। ਇਸ ਦੇ ਬਾਵਜੂਦ ਅਸੀਂ ਮਸਨੂਈ ਬੁੱਧੀ ਦੇ ਖੇਤਰ ਵਿਚ ਸਿੰਗੂਲੈਰਿਟੀ ਦੀ ਹੱਦ ਵੱਲ ਵਧ ਰਹੇ ਹਾਂ। ਕਦੇ ਸਿੰਗੂਲੈਰਿਟੀ ਦਾ ਸੰਕਲਪ ਪੁਲਾੜ ਵਿਗਿਆਨ ਤਕ ਸੀਮਿਤ ਸੀ। ਭੌਤਿਕ/ਤਾਰਾ ਤੇ ਪੁਲਾੜ ਵਿਗਿਆਨ ਵਿਚ ਸਿੰਗੂਲੈਰਿਟੀ ਉਹ ਕਲਪਿਤ ਬਿੰਦੂ ਹੈ ਜਿਸ ਉੱਤੇ ਦੇਸ਼/ਕਾਲ ਢਹਿ ਜਾਂਦੇ ਹਨ। ਭੌਤਿਕ ਵਿਗਿਆਨ ਦੇ ਸਾਰੇ ਕੰਮ/ਸੰਕਲਪ/ਸਮੀਕਰਨਾਂ ਲਾਗੂ ਹੋਣਾ ਬੰਦ ਕਰ ਦਿੰਦੀਆਂ ਹਨ। ਮਸਨੂਈ ਬੁੱਧੀ ਦੇ ਖੇਤਰ ਵਿਚ ਸਿੰਗੂਲੈਰਿਟੀ ਉਹ ਬਿੰਦੂ ਹੈ ਜਿੱਥੇ ਮਸ਼ੀਨ, ਮਨੁੱਖ ਦੀ ਬਰਾਬਰੀ ਕਰਕੇ ਅਗਾਂਹ ਨਿਕਲਣ ਲੱਗਦੀ ਹੈ। ਇਸ ਸ਼ਬਦ/ਸੰਕਲਪ ਦੀ ਵਰਤੋਂ 1958 ਵਿਚ ਪਹਿਲੀ ਵਾਰ ਜੌਨ ਨਿਊਮਨ ਨੇ ਸਟਾਨਿਸਲਾਅ ਉਲਾਮ ਨਾਲ ਬਹਿਸ ਦੌਰਾਨ ਕੀਤੀ। ਆਈ.ਜੀ. ਗੁਡਜ਼ ਨੇ ਇੰਟੈਲੀਜੈਂਸ ਐਕਸਪਲੋਜ਼ਨ ਵਿਚ ਗੱਲ ਅਗਾਂਹ ਤੋਰਦੇ ਹੋਏ ਕਿਹਾ ਹੈ ਕਿ ਜੇ ਮਸ਼ੀਨਾਂ ਇਕ ਵਾਰ ਮਨੁੱਖੀ ਬੁੱਧੀ ਤੋਂ ਰਤਾ ਵੀ ਵੱਧ ਸਿਆਣੀਆਂ ਹੋ ਗਈਆਂ ਤਾਂ ਉਹ ਆਪਣੇ ਆਪ ਨੂੰ ਜਿਸ ਹੱਦ ਤਕ ਸੁਧਾਰਨਗੀਆਂ, ਉਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਮਸ਼ੀਨਾਂ ਕਦਮ ਦਰ ਕਦਮ ਨਿਰੰਤਰ ਸਵੈ-ਸੁਧਾਰ/ਵਿਕਾਸ ਕਰਨ ਲੱਗ ਪੈਣਗੀਆਂ। ਵਰਨਰ ਵਿੰਜ ਨੇ ਤਾਂ 1993 ਵਿਚ ਨਾਸਾ ਵੱਲੋਂ ਕਰਵਾਈ ਇਕ ਗੋਸ਼ਟੀ ਵਿਚ ਇਹ ਕਹਿ ਦਿੱਤਾ ਸੀ ਕਿ ਆਉਂਦੇ ਤੀਹ ਸਾਲਾਂ ਵਿਚ ਵਿਗਿਆਨ ਤੇ ਟੈਕਨਾਲੋਚੀ ਸੁਪਰ ਹਿਊਮਨ ਇੰਟੈਲੀਜੈਂਸ ਪੈਦਾ ਕਰਨ ਯੋਗ ਹੋ ਜਾਣਗੇ ਤੇ ਇਸ ਨਾਲ ਮਨੁੱਖੀ ਯੁੱਗ ਦਾ ਭੋਗ ਪੈ ਜਾਵੇਗਾ।
ਵਿੰਜ ਨੇ ਆਪਣੇ ਨਿਰਣੇ ਦਾ ਆਧਾਰ ਉਨ੍ਹਾਂ ਸਮਿਆਂ ਵਿਚ ਬਹੁ-ਚਰਚਿਤ ਮੂਰਜ਼ ਲਾਅ ਨੂੰ ਬਣਾਇਆ। ਇੰਟੈਲ ਕਾਰਪੋਰੇਸ਼ਨ ਦੇ ਮੋਢੀ ਮੋਰਡਨ ਮੂਰ ਨੇ ਇਲੈਕਟ੍ਰਾਨਿਕ ਟਰਾਂਜ਼ਿਸਟਰਾਂ ਦੇ ਆਕਾਰ ਵਿਚ ਨਿਰੰਤਰ ਆ ਰਹੀ ਕਮੀ ਨੂੰ ਘੋਖ ਕੇ ਮੂਰਜ਼ ਨੇਮ ਵਜੋਂ ਜਾਣੀ ਜਾਂਦੀ ਇਹ ਧਾਰਨਾ ਪੇਸ਼ ਕੀਤੀ ਸੀ ਕਿ ਹਰ ਦੋ ਸਾਲ ਬਾਅਦ ਟਰਾਂਜ਼ਿਸਟਰਾਂ ਦਾ ਆਕਾਰ ਅੱਧਾ ਹੋ ਜਾਂਦਾ ਹੈ ਜਿਸ ਕਰਕੇ ਚਿੱਪ ਉੱਤੇ ਦੁੱਗਣੇ ਟਰਾਂਜ਼ਿਸਟਰ ਜੜੇ ਜਾ ਸਕਦੇ ਹਨ। ਇਹੀ ਹਾਲ ਬਾਕੀ ਹਿੱਸਿਆਂ ਦਾ ਹੈ। ਇਹ ਨੇਮ 2020 ਤਕ ਲਾਗੂ ਰਹਿਣ ਦੀ ਸੰਭਾਵਨਾ ਜਤਾਈ ਜਾਂਦੀ ਹੈ। ਇਸੇ ਕਰਕੇ ਹਰ ਸਾਲ ਕੰਪਿਊਟਰਾਂ ਦੀ ਪ੍ਰਾਸੈਸਿੰਗ ਸਪੀਡ ਵਧਦੀ ਗਈ ਹੈ। ਪਿਛਲੇ ਕੁਝ ਸਾਲ ਵਿਚ ਇਸ ਨੇਮ ਦੀ ਪਹਿਲਾਂ ਵਾਲੀ ਸ਼ਕਤੀ ਘਟਦੀ ਘਟਦੀ ਹੁਣ ਨਾਂ-ਮਾਤਰ ਹੀ ਰਹਿ ਗਈ ਹੈ। ਟਰਾਂਜਿਸਟਰ ਆਕਾਰ ਆਪਣੀ ਨਿਮਨਤਮ ਆਕਾਰ ਸੀਮਾ ਅਤੇ ਕੰਪਿਊਟਰ ਪ੍ਰਾਸੈਸਿੰਗ ਸਪੀਡ ਦੀ ਸਿਖਰ ਛੋਹ ਰਹੇ ਹਨ। ਮਸਨੂਈ ਬੁੱਧੀ ਦੇ ਮਾਹਰ ਇਨ੍ਹਾਂ ਖੇਤਰਾਂ ਨਾਲ ਹੀ ਸਬੰਧਿਤ ਹਨ। ਉਨ੍ਹਾਂ ਦਾ ਸਿੰਗੂਲੈਰਿਟੀ ਦਾ ਸੰਕਲਪ ਵੀ ਕੰਪਿਊਟਰ, ਟਰਾਂਜ਼ਿਸਟਰਾਂ, ਮੂਰਜ਼ ਨੇਮ ਤੇ ਪ੍ਰਾਸੈਸਿੰਗ ਸਪੀਡ ਦੇ ਅਧਿਐਨ ਨਾਲ ਹੀ ਜੁੜਿਆ ਵਿਗਸਿਆ ਹੈ। ਉਂਜ, ਰੇ ਕੁਰਜ਼ਵਾਇਲ ਤੇ ਐਲਨ ਮਸਕ ਜਿਹੇ ਲੋਕ ਇਸ ਸੰਕਲਪ ਨੂੰ ਹੁਣ ਮਸ਼ੀਨ ਬਾਇਓਲੋਜੀ ਤੇ ਨਿਊਰੋ-ਵਿਗਿਆਨਾਂ ਨਾਲ ਜੋੜ ਕੇ ਨਵੀਆਂ ਦਿਸ਼ਾਵਾਂ ਖੋਜ ਰਹੇ ਹਨ।
ਹੈਂਸ ਮੋਰਾਵੈਕ ਵੀ ਵਿੰਜ ਵਾਂਗ ਹੀ ਸੋਚਦਾ ਹੈ। ਉਸ ਦਾ ਕਹਿਣਾ ਹੈ ਕਿ 2050 ਤੋਂ ਪਹਿਲਾਂ ਹੀ ਮਸਨੂਈ ਬੁੱਧੀ, ਮਨੁੱਖੀ ਬੁੱਧ ਤੋਂ ਅਗਾਂਹ ਲੰਘ ਸਕਦੀ ਹੈ। ਮਰਹੂਮ ਸਟੀਫਨ ਹਾਕਿੰਗ ਏਲੀਅਨਾਂ ਤੇ ਮਸਨੂਈ ਬੁੱਧੀ ਜਿਹੇ ਖੇਤਰਾਂ ਵਿਚ ਖੋਜਾਂ ਸਮੇਂ ਫੂਕ ਫੂਕ ਕੇ ਪੈਰ ਰੱਖਣ ਦੇ ਹੱਕ ਵਿਚ ਸੀ। ਆਪਣੇ ਜੀਵਨ ਦੇ ਅੰਤਲੇ ਵਰ੍ਹਿਆਂ ਵਿਚ ਬੀ.ਬੀ.ਸੀ. ਨਾਲ ਇਕ ਇੰਟਰਿਵਊ ਵਿਚ ਉਸ ਨੇ ਕਿਹਾ ਸੀ ਕਿ ਮਸਨੂਈ ਬੁੱਧੀ ਦੇ ਸਿਖਰ ਛੋਹਣ ਦਾ ਮਤਲਬ ਮਨੁੱਖੀ ਨਸਲ ਦਾ ਅੰਤ ਹੈ। ਇਹ ਮਸ਼ੀਨਾਂ ਆਪੇ ਹੀ ਸਭ ਕੁਝ ਸੰਭਾਲ ਕੇ ਤੇਜ਼ੀ ਨਾਲ ਆਪਣਾ ਵਿਕਾਸ ਕਰ ਸਕਦੀਆਂ ਹਨ। ਮਨੁੱਖ ਦੀ ਜੀਵ ਵਿਗਿਆਨਕ ਵਿਕਾਸ ਪ੍ਰਕਿਰਿਆ ਹੌਲੀ ਹੈ ਅਤੇ ਇਹ ਮਸ਼ੀਨਾਂ ਦਾ ਮੁਕਾਬਲਾ ਨਹੀਂ ਕਰ ਸਕਦੀ। ਹੁਣ ਤਾਂ ਐਲਨ ਮਸਕ ਵਰਗਾ ਧੱਕੜ ਬੰਦਾ ਵੀ ਕਹਿਣ ਲੱਗਾ ਹੈ ਕਿ ਮਸੂਨਈ ਬੁੱਧੀ ਮਨੁੱਖੀ ਸਭਿਅਤਾ ਲਈ ਖ਼ਤਰਿਆਂ ਤੋਂ ਖਾਲੀ ਨਹੀਂ। ਇਹ ਤਾਂ ਨਿਊਕਲੀ ਹਥਿਆਰਾਂ ਤੋਂ ਵੀ ਖ਼ਤਰਨਾਕ ਹੈ। ਇਸੇ ਕਾਰਨ ਟੈਸਲਾ ਕੰਪਨੀ ਨੇ 2017 ਵਿਚ ਮਸੂਨਈ ਬੁੱਧੀ ਦੇ ਖ਼ਤਰਿਆਂ ਦੇ ਮੁਕਾਬਲੇ/ਰੋਕਥਾਮ ਲਈ ਨਿਊਰਾ ਲਿੰਕ ਪ੍ਰਾਜੈਕਟ ਨੂੰ ਬਹੁਤ ਵੱਡੀ ਰਕਮ ਦਿੱਤੀ। ਕਹਾਣੀ ਕੰਪਿਊਟਰ ਤੇ ਮਨੁੱਖੀ ਦਿਮਾਗ਼ ਨੂੰ ਜੋੜਣ ਦੁਆਲੇ ਹੀ ਘੁੰਮਦੀ ਹੈ।
ਅੱਜਕੱਲ੍ਹ ਇਕ ਅਤਿ ਸੂਖ਼ਮ ਨਿਊਰਲ ਲੇਸ ਨਾਂ ਹੀ ਜਾਲੀ ਦਿਮਾਗ਼ ਵਿਚ ਇਪਲਾਂਟ ਕਰਨ ਬਾਰੇ ਖੋਜ ਹੋ ਰਹੀ ਹੈ। ਇਕ ਨਿੱਕੀ ਜਿਹੀ ਸੂਈ ਨਾਲ ਟੀਕੇ ਵਾਂਗ ਰੋਲ ਹੋਈ ਇਹ ਲੇਸ ਦਿਮਾਗ਼ ਵਿਚ ਇੰਜੈਕਟ ਹੋ ਸਕਦੀ ਹੈ। ਅੰਦਰ ਜਾ ਕੇ ਇਹ ਖੋਪੜੀ ਵਿਚ ਖੁੱਲ੍ਹ ਕੇ ਫੈਲ ਜਾਏਗੀ। ਇਸ ਨਾਲ ਪਾਰਕਿਨਸਨਿਜ਼ਮ ਤੇ ਹੋਰ ਨਿਊਰੋ ਡੀਜੈਨਰੇਟਿਵ ਬਿਮਾਰੀਆਂ ਦੇ ਇਲਾਜ ਬਾਰੇ ਯਤਨ ਹੋ ਸਕਦੇ ਹਨ। ਇਸ ਖੋਜ ਦਾ ਕੇਂਦਰ ਬਰੇਨ-ਮਸ਼ੀਨ ਅੰਤਰ ਸਬੰਧ ਹਨ। ਰੇ ਕੁਰਜ਼ਵਾਇਲ ਜੋ ਅੱਜਕੱਲ੍ਹ ਗੂਗਲ ਦੇ ਇੰਜੀਨੀਅਰਿੰਗ ਵਿੰਗ ਦਾ ਡਾਇਰੈਕਟਰ ਹੈ, ਸਿੰਗੂਲੈਰਿਟੀ ਨੂੰ ਤਕਨਾਲੋਜੀ ਦੀ ਵੱਡੀ ਪ੍ਰਾਪਤੀ ਮੰਨਦਾ ਹੈ ਤੇ ਇਸ ਬਾਰੇ ਨਿਰਾਸ਼ਵਾਦੀ ਨੁਕਤੇ ਤੋਂ ਗੱਲ ਨਹੀਂ ਕਰਦਾ। ਉਹ ਮੰਨਦਾ ਹੈ ਕਿ 2045 ਤਕ ਇਹ ਪ੍ਰਾਪਤੀ ਸੰਭਵ ਹੋ ਜਾਵੇਗੀ ਅਤੇ ਇਸ ਨਾਲ ਮਸ਼ੀਨਾਂ ਮਨੁੱਖ ਤੋਂ ਕਿਤੇ ਸਮਾਰਟ ਹੋ ਜਾਣਗੀਆਂ। ਉਹ ਤਾਂ ਇਹ ਵੀ ਕਹਿੰਦਾ ਹੈ ਕਿ ਸੂਖ਼ਮ ਸਮਾਰਟ ਮਸ਼ੀਨਾਂ ਦਿਮਾਗ਼ ਵਿਚ ਫਿੱਟ ਵੀ ਹੋ ਸਕਣਗੀਆਂ। ਉਸ ਨੂੰ ਮਨੁੱਖੀ ਤਬਾਹੀ ਵਰਗੀ ਕੋਈ ਗੱਲ ਇਸ ਨਾਲ ਜੁੜੀ ਨਹੀਂ ਲੱਗਦੀ। ਉਹ ਕਹਿੰਦਾ ਹੈ ਕਿ ਇਸ ਨਾਲ ਮਨੁੱਖ ਦੀ ਸਮਰੱਥਾ ਵਧੇਗੀ। ਕੁਰਜ਼ਵਾਇਲ ਨੇ ਆਪਣੇ ਵਿਚਾਰ ‘ਏਜ ਔਫ ਸਪਿਰਚੂਅਲ ਮਸ਼ੀਨਜ਼’ ਅਤੇ ‘ਦਿ ਸਿੰਗੂਲੈਰਿਟੀ ਇਜ਼ ਨੀਅਰ’ ਨਾਮ ਦੀਆਂ ਦੋ ਕਿਤਾਬਾਂ ਵਿਚ ਪੇਸ਼ ਕੀਤੇ ਹਨ। ਉਹ ਕਹਿੰਦਾ ਹੈ ਕਿ ਨੈਨੋ ਰੋਬੋਟਾਂ/ਨੈਨੋਬਾਟਾਂ ਦੇ ਵਿਕਾਸ ਨਾਲ ਦਿਮਾਗ਼ ਦਾ ਕਣ-ਕਣ ਸਕੈਨ ਹੋ ਜਾਵੇਗਾ। ਮਨੁੱਖ ਦਾ ਪੂਰੇ ਦਾ ਪੂਰਾ ਦਿਮਾਗ਼ ਮਸ਼ੀਨ ਵਿਚ ਅਪਲੋਡ ਹੋ ਸਕੇਗਾ। ਇੰਜ, ਸਿਧਾਂਤਕ ਤੌਰ ਉੱਤੇ ਮਸ਼ੀਨ ਮਨੁੱਖੀ ਦਿਮਾਗ਼ ਦੀ ਪੂਰੀ ਨਕਲ ਕਰ ਸਕੇਗੀ। ਉਸ ਉੱਤੇ ਕਿੰਤੂ ਕਰਨ ਵਾਲੇ ਕਹਿੰਦੇ ਹਨ ਕਿ ਉਹ ਸਿਰਫ਼ ਕੰਪਿਊਟਰ ਦੀ ਸੂਖ਼ਮਤਾ ਤੇ ਸਮਰੱਥਾ ਦੇ ਪੱਖੋਂ ਹੀ ਸੋਚ ਰਿਹਾ ਹੈ। ਜਿਊਂਦੇ ਮਨੁੱਖ ਦਾ ਦਿਮਾਗ਼ ਇੰਨਾ ਸਰਲ ਨਹੀਂ।
ਪੂਰੇ ਮਨੁੱਖੀ ਦਿਮਾਗ਼ ਦੀ ਨਕਲ/ਸਕੈਨਿੰਗ ਅਤੇ ਇਸ ਨੂੰ ਕਿਸੇ ਮਸ਼ੀਨ ਵਿਚ ਅਪਲੋਡ ਕਰਨਾ ਵਿਗਿਆਨ ਦੀ ਸਿਖਰਲੀ ਕਲਪਨਾ ਹੈ। ਮਨੁੱਖੀ ਦਿਮਾਗ਼ ਦੀ ਨਕਲ ਵਾਲੇ ਸੌਫਟਵੇਅਰ ਨੂੰ ਰੌਬਿਨ ਹੈਰੀਸਨ ਨੇ 2016 ਵਿਚ ਪ੍ਰਕਾਸ਼ਿਤ ਆਪਣੀ ਕਿਤਾਬ ‘ਦਿ ਏਜ ਔਫ ਐਮ: ਵੈਨ ਰੋਬੋਟਸ ਰੂਲ ਦਿ ਅਰਥ’ ਵਿਚ ਐਮ ਦਾ ਨਾਮ ਦਿੱਤਾ ਹੈ। ਉਸ ਦੀ ਇਹ ਕਿਤਾਬ ਗਲਪ ਰਚਨਾ ਨਹੀਂ ਅਤੇ ਫਿਰ ਵੀ ਇਹ ਐਮਾਂ ਦੇ ਕਬੀਲਿਆਂ ਵਿਚ ਸੰਗਠਿਤ ਹੋ ਕੇ ਵਪਾਰਕ ਤੇ ਸਿਆਸੀ ਲਾਹਾ ਲੈਣ ਦੀਆਂ ਸੰਭਾਵਨਾਵਾਂ ਦੇ ਸਨਮੁਖ ਕਰਦੀ ਹੈ। ਨੈਨੋਬਾਟਾਂ ਦਾ ਇਸ ਵਿਚ ਵਿਸ਼ੇਸ਼ ਰੋਲ ਹੋਵੇਗਾ। ਨੈਨੋਬਾਟ ਇਕ ਬਟਾ ਦਸ ਮਾਈਕਰੋਨ ਤੋਂ ਦਸ ਮਾਈਕਰੋਨ ਆਕਾਰ ਦੇ ਰੋਬੋਟ ਹਨ। ਇਹ ਹੁਣ ਕਲਪਨਾ ਜਗਤ ਦੀ ਗੱਲ ਨਹੀਂ ਰਹੇ। ਇਨ੍ਹਾਂ ਦੀ ਵਰਤੋਂ ਮੈਡੀਕਲ ਖੇਤਰ ਵਿਚ ਨਿਕਟ ਭਵਿੱਖ ਵਿਚ ਬਾਕਾਇਦਾ ਸ਼ੁਰੂ ਹੋ ਸਕਦੀ ਹੈ। ਐਕਸ ਪ੍ਰਾਈਜ਼ ਫਾਊਂਡੇਸ਼ਨ ਦੇ ਮੋਢੀ ਪੀਟਰ ਡਾਇਮੈਂਡੀਜ਼ ਨੂੰ ਮਸੂਨਈ ਬੁੱਧੀ ਦੇ ਸਿੰਗੂਲੈਰਿਟੀ ਤਕ ਵਿਕਾਸ ਨਾਲ ਕੋਈ ਖ਼ਤਰਾ ਮਹਿਸੂਸ ਨਹੀਂ ਹੁੰਦਾ।
ਕੁੱਲ ਮਿਲਾ ਕੇ ਵਿਗਿਆਨੀਆਂ ਤੇ ਤਕਨਾਲੋਜੀ ਦੇ ਮਾਹਰਾਂ ਵਿਚ ਮਸੂਨਈ ਬੁੱਧੀ, ਸਿੰਗੂਲੈਰਿਟੀ, ਐਮਜ਼, ਹੋਲ ਬਰੇਨ ਐਮੂਲੇਸ਼ਨ, ਮਨੁੱਖ ਤੋਂ ਸਮਾਰਟ ਮਸ਼ੀਨਾਂ ਜਿਹੇ ਮਸਲਿਆਂ ਬਾਰੇ ਵਿਚਾਰਾਂ ਵਿਚ ਖਾਸੇ ਮਤਭੇਦ ਹਨ। ਇਨ੍ਹਾਂ ਦੇ ਮਨੋਰਥ, ਪ੍ਰਾਪਤੀਆਂ, ਲਾਭਾਂ ਤੇ ਖ਼ਤਰਿਆਂ ਬਾਰੇ ਦੋ ਤਰ੍ਹਾਂ ਦੇ ਵਿਚਾਰ ਹਨ। ਇਕ ਪਾਸੇ ਉਹ ਹਨ ਜੋ ਇਨ੍ਹਾਂ ਨੂੰ ਮਨੁੱਖੀ ਨਸਲ ਦੀ ਤਬਾਹੀ ਦੇ ਰਾਹ ਵੱਲ ਜਾਂਦੇ ਕਦਮ ਮੰਨਦੇ ਹਨ। ਦੂਜੇ ਪਾਸੇ ਉਹ ਹਨ ਜੋ ਖ਼ਤਰਿਆਂ ਦੇ ਖਿਡਾਰੀ ਹਨ ਤੇ ਦੇਖਣ ਲਈ ਬਜ਼ਿੱਦ ਹਨ ਕਿ ਵੇਖੋ ਤਾਂ ਸਹੀ ਹੁੰਦਾ ਕੀ ਹੈ। ਬੰਦੇ ਕਿਹੜਾ ਸਾਰੇ ਚੰਗੇ ਹੁੰਦੇ ਹਨ। ਮਾੜੇ ਵੀ ਹੁੰਦੇ ਹਨ ਤੇ ਚੰਗੇ ਵੀ। ਮਸ਼ੀਨੀ ਮਨੁੱਖ ਵੀ ਮਾੜੇ ਚੰਗੇ ਹੋਣਗੇ। ਪਿਆਰ, ਦੋਸਤੀ, ਸ਼ਾਂਤੀ ਤੇ ਸਹਿਹੋਂਦ ਦਾ ਸੁਨੇਹਾ ਦੇਣ ਵਾਲੇ ਵੀ ਅਤੇ ਯੁੱਧ/ਨਫ਼ਰਤ/ਈਰਖਾ ਦੇ ਵਣਜਾਰੇ ਵੀ। ਇਹ ਆਪੋ-ਆਪਣੇ ਗੁੱਟ/ਸੰਗਠਨ/ਪਾਰਟੀਆਂ ਵੀ ਬਣਾ ਸਕਦੇ ਹਨ। ਇਕ ਦੂਜੇ ਨਾਲ ਸਾਡੇ ਵਾਂਗ ਹੀ ਟਕਰਾਅ ਸਕਦੇ ਹਨ। ਅੰਤਿਮ ਜਿੱਤ ਨੇਕੀ ਦੀ ਹੁੰਦੀ ਹੈ ਜਾਂ ਬਦੀ ਦੀ, ਹੁਣ ਇਸ ਬਾਰੇ ਕੁਝ ਵੀ ਕਹਿਣਾ ਸੰਭਵ ਨਹੀਂ ਲੱਗਦਾ। ਹਾਲਾਤ ਪੋਸਟ ਟਰੁੱਥ ਦੇ ਹਨ।
ਮੈਂ ਸਚ ਭੀ ਕਹੂੰਗੀ ਔਰ ਹਾਰ ਜਾਊਂਗੀ।
ਵੋ ਝੂਠ ਭੀ ਬੋਲੇਗਾ ਔਰ ਲਾਜਵਾਬ ਕਰ ਦੇਗਾ।

* ਸਾਬਕਾ ਪ੍ਰੋਫ਼ੈਸਰ ਤੇ ਡੀਨ, ਅਕਾਦਮਿਕ ਮਾਮਲੇ, ਪੰਜਾਬੀ ਯੂਨੀਰਵਸਿਟੀ, ਪਟਿਆਲਾ।
ਸੰਪਰਕ: 98722-60550


Comments Off on ਖ਼ਤਰਨਾਕ ਹੋ ਸਕਦੇ ਹਨ ਰੋਬੋਟ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.