ਪੰਕਜ ਅਡਵਾਨੀ ਨੇ 22ਵਾਂ ਵਿਸ਼ਵ ਖ਼ਿਤਾਬ ਜਿੱਤਿਆ !    ਆਂਧਰਾ ਪ੍ਰਦੇਸ਼ ’ਚ ਸੈਲਾਨੀਆਂ ਦੀ ਕਿਸ਼ਤੀ ਪਲਟੀ, 12 ਡੁੱਬੇ !    ਓਮਾਨ ’ਚ ਸੜਕ ਹਾਦਸਾ; ਤਿੰਨ ਭਾਰਤੀ ਹਲਾਕ !    ਹਨੇਰਗ਼ਰਦੀ: ਅਤੀਤ ਤੇ ਵਰਤਮਾਨ... !    ਸਾਡੇ ਸਮਿਆਂ ਦਾ ਕੌੜਾ ਸੱਚ !    ਪਿਆਰ, ਸੁਰੱਖਿਆ, ਅਸੀਂ ਤੇ ਡਰੋਨ - ਪੀਜ਼ਾ ਕਿ ਬੰਬ? !    ਕੌਮਾਂਤਰੀ ਨਗਰ ਕੀਰਤਨ ਤਿਲੰਗਾਨਾ ਪੁੱਜਿਆ !    ਔਰਤ ਦਸ ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ !    ਪ੍ਰਕਾਸ਼ ਪੁਰਬ: ਵਾਸ਼ਿੰਗਟਨ ’ਚ ਬਣੇਗੀ ਖਾਲਸਾ ਯੂਨੀਵਰਸਿਟੀ !    ਪੰਜਾਬ ਤੇ ਕਸ਼ਮੀਰ !    

ਕੈਬਨਿਟ ਮੀਟਿੰਗ: ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਦਾ ਫੈਸਲਾ

Posted On September - 11 - 2019

ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਬੁਲਾਉਣ ਦਾ ਫੈਸਲਾ

* ਸੁਲਤਾਨਪੁਰ ਲੋਧੀ ਲਈ ਸੁਪਰ ਸਪੈਸ਼ਲਿਟੀ ਹਸਪਤਾਲ ਸਮੇਤ ਕਈ ਹੋਰ ਪ੍ਰਾਜੈਕਟਾਂ ਨੂੰ ਪ੍ਰਵਾਨਗੀ
*  10 ਅਕਤੂਬਰ ਨੂੰ ਵੀ ਮੰਤਰੀ ਮੰਡਲ ਦੀ ਮੀਟਿੰਗ ਸੁਲਤਾਨਪੁਰ ਲੋਧੀ ’ਚ ਹੋਵੇਗੀ

ਪਾਲ ਸਿੰਘ ਨੌਲੀ
ਸੁਲਤਾਨਪੁਰ ਲੋਧੀ, 10 ਸਤੰਬਰ
ਪੰਜਾਬ ਮੰਤਰੀ ਮੰਡਲ ਨੇ ਇਥੇ ਹੋਈ ਮੀਟਿੰਗ ਵਿੱਚ ਅੱਜ ਫੈਸਲਾ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਬਣਾਉਣ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅਗਲੇ ਮਹੀਨੇ ਸੱਦਿਆ ਜਾਵੇਗਾ ਜਿਸ ਵਿੱਚ ਦੇਸ਼ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਵੀ ਸੱਦਣ ਦਾ ਫੈਸਲਾ ਕੀਤਾ ਗਿਆ ਹੈ। ਵਿਧਾਨ ਸਭਾ ਸੈਸ਼ਨ ਵਿੱਚ ਨਾਮੀਂ ਸਿੱਖ ਸ਼ਖ਼ਸੀਅਤਾਂ ਨੂੰ ਵੀ ਸੱਦਿਆ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੰਡੀਗੜ੍ਹ ਤੋਂ ਬਾਹਰ ਪੰਜਾਬ ਵਜ਼ਾਰਤ ਦੀ ਪਹਿਲੀ ਮੀਟਿੰਗ ਵਿੱਚ ਸ਼ਤਾਬਦੀ ਸਮਾਗਮ ਹੀ ਕੇਂਦਰੀ ਬਿੰਦੂ ਰਹੇ।
ਇਹ ਫੈਸਲਾ ਵੀ ਕੀਤਾ ਗਿਆ ਕਿ 550ਵੇਂ ਪ੍ਰਕਾਸ਼ ਪੁਰਬ ਨੂੰ ਕੌਮੀ ਪੱਧਰ ’ਤੇ ਵੀ ਮਨਾਉਣ ਵਾਸਤੇ ਪਾਰਲੀਮੈਂਟ ਦੇ ਦੋਹਾਂ ਸਦਨਾਂ ਦਾ ਸਾਂਝਾ ਸ਼ੈਸ਼ਨ ਬੁਲਾਉਣ ਬਾਰੇ ਵੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾਵੇਗੀ। ਮੰਗ ਕੀਤੀ ਜਾਵੇਗੀ ਕਿ ਪਾਰਲੀਮੈਂਟ ਦੇ ਸਾਂਝੇ ਸੈਸ਼ਨ ਵਿੱਚ ਵੀ ਦੇਸ਼ ਦੀਆਂ ਕੌਮੀ ਸ਼ਖ਼ਸੀਅਤਾਂ ਅਤੇ ਸਿੱਖ ਸ਼ਖ਼ਸੀਅਤਾਂ ਨੂੰ
ਸੱਦਿਆ ਜਾਵੇ ਅਤੇ ਇਸ ਸ਼ੈਸ਼ਨ ਨੂੰ ਦੇਸ਼ ਦੇ ਰਾਸ਼ਟਰਪਤੀ ਸੰਬੋਧਨ ਕਰਨ। ਅੱਜ ਮੰਤਰੀ ਮੰਡਲ ਦੀ ਮੀਟਿੰਗ ਪੌਣੇ ਤਿੰਨ ਘੰਟੇ ਦੇ ਕਰੀਬ ਚੱਲੀ। ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਨੇ ਚਾਰ ਪੇਸ਼ਕਾਰੀਆਂ ਕੈਬਨਿਟ ਸਾਹਮਣੇ ਪੇਸ਼ ਕੀਤੀਆਂ। ਪ੍ਰਕਾਸ਼ ਪੁਰਬ ਨਾਲ ਸਬੰਧਤ ਚੱਲਦੇ ਕੰਮਾਂ ਦੀ ਸਮੀਖਿਆ ਕਰਨ ਲਈ ਮੁੜ 10 ਅਕਤੂਬਰ ਨੂੰ ਮੰਤਰੀ ਮੰਡਲ ਦੀ ਮੀਟਿੰਗ ਸੁਲਤਾਨਪੁਰ ਲੋਧੀ ਵਿੱਚ ਹੀ ਕਰਨ ਦਾ ਫੈਸਲਾ ਲਿਆ ਗਿਆ। ਸੁਲਤਾਨਪੁਰ ਲੋਧੀ ਨੂੰ ਸ਼ਤਾਬਦੀ ਸਮਾਗਮਾਂ ਦਾ ਤੋਹਫ਼ਾ ਦਿੰਦਿਆਂ ਮੰਤਰੀ ਮੰਡਲ ਨੇ ਇਥੇ ਸੁਪਰ ਸਪੈਸ਼ਲਿਟੀ ਹਸਪਤਾਲ ਬਣਾਉਣ ਦੀ ਵੀ ਪ੍ਰਵਾਨਗੀ ਦਿੱਤੀ ਹੈ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਗੁਰਦੁਆਰਾ ਸ੍ਰੀ ਸੰਤਘਾਟ ਤੱਕ ਇੱਕ ਕਿਲੋਮੀਟਰ ਲੰਬੀ ਨਵੀਂ ਸੜਕ ਦੇ ਨਿਰਮਾਣ ਲਈ 1 ਕਰੋੜ 24 ਲੱਖ ਰੁਪਏ ਮਨਜ਼ੂਰ ਕੀਤੇ ਹਨ। ਪੰਜਾਬ ਮੰਤਰੀ ਮੰਡਲ ਨੇ ਅੱਜ ਵਿਸ਼ੇਸ਼ ਕੇਸ ਵਜੋਂ ਡਿਊਟੀ ਦੌਰਾਨ ਮਾਰੀ ਅਧਿਕਾਰੀ ਨੇਹਾ ਸ਼ੋਰੀ ਦੇ ਕਾਨੂੰਨੀ ਵਾਰਸਾਂ ਨੂੰ ਲਗਪਗ 31 ਲੱਖ ਰੁਪਏ ਦੇ ਵਿੱਤੀ ਲਾਭ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਨੇਹਾ ਸ਼ੋਰੀ ਜ਼ੋਨਲ ਡਰੱਗ ਕੰਟਰੋਲਰ ਲਾਈਸੈਂਸਿੰਗ ਅਥਾਰਟੀ ਮੁਹਾਲੀ ਵਜੋਂ ਤਾਇਨਾਤ ਸੀ, ਜਿਸ ਦੀ 29 ਮਾਰਚ, 2019 ਨੂੰ ਡਿਊਟੀ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਦਯੋਗ ਨੂੰ ਵਾਤਾਵਰਣ ਪੱਖੀ ਗੈਸ ਦੀ ਵਰਤੋਂ ਵੱਲ ਮੋੜਨ ਦੇ ਉਦੇਸ਼ ਨਾਲ ਇੱਕ ਅਹਿਮ ਫੈਸਲਾ ਲੈਂਦਿਆਂ ਮੰਤਰੀ ਮੰਡਲ ਨੇ ਕੁਦਰਤੀ ਗੈਸ ’ਤੇ ਵੈਟ ਦੀ ਦਰ 14.3 ਫੀਸਦੀ ਤੋਂ ਘਟਾ ਕੇ 3.3 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ।ਪੰਜਾਬ ਵਿੱਚ ਇਸ ਵੇਲੇ ਕੁਦਰਤੀ ਗੈਸ ’ਤੇ ਵੈਟ ਦੀ ਦਰ 13 ਫੀਸਦੀ+ 10 ਫੀਸਦੀ ਸਰਚਾਰਜ ਹੈ ਜੋ 14.30 ਫੀਸਦੀ ਬਣਦਾ ਹੈ।
ਪੰਜਾਬ ਸਰਕਾਰ ਨੇ ਹਾਊਸਿੰਗ ਅਲਾਟਮੈਂਟ ਸਬੰਧੀ ਕਈ ਲੜੀਵਾਰ ਫੈਸਲੇ ਲੈਂਦਿਆਂ ਈਸੀਜੀਐੱਚਐੱਸ ਸਕੀਮ ਤਹਿਤ ਜ਼ਮੀਨ ਦੀ ਅਲਾਟਮੈਂਟ ਲਈ ਪ੍ਰਤੀ ਏਕੜ 40 ਫਲੈਟਾਂ ਦੀ ਗਿਣਤੀ ਸੀਮਤ ਕਰਨ ਅਤੇ ਪੁੱਡਾ ਤੇ ਵਿਸ਼ੇਸ਼ ਅਥਾਰਟੀਆਂ ਅਧੀਨ ਰਿਹਾਇਸ਼ੀ ਪਲਾਟਾਂ ਲਈ ਸਰਕਾਰੀ ਮੁਲਾਜ਼ਮਾਂ ਵਾਸਤੇ 3 ਫੀਸਦੀ ਰਾਖਵਾਂਕਰਨ ਦੀ ਮਨਜ਼ੂਰੀ ਦਿੱਤੀ ਹੈ। ਸੱਭਿਆਚਾਰਕ ਅਤੇ ਸੈਰ ਸਪਾਟਾ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੇ ਵੱਖ-ਵੱਖ ਥਾਵਾਂ ਲੋਹੀਆਂ ਰੋਡ, ਕਪੂਰਥਲਾ ਰੋਡ ਅਤੇ ਗੁਰਦੁਆਰਾ ਬੇਰ ਸਾਹਿਬ ਨੇੜੇ 277 ਏਕੜ ਵਿੱਚ ਬਣਾਏ ਜਾ ਰਹੇ ਟੈਂਟ ਸਿਟੀ ਬਾਰੇ ਜਾਣਕਾਰੀ ਦਿੱਤੀ। ਜਿਥੇ 30 ਹਜ਼ਾਰ ਦੇ ਕਰੀਬ ਸ਼ਰਧਾਲੂਆਂ ਨੂੰ ਠਹਿਰਾਇਆ ਜਾਵੇਗਾ ਅਤੇ ਪੰਜ ਹਜ਼ਾਰ ਦੇ ਕਰੀਬ ਅਧਿਕਾਰੀਆਂ ਦੀ ਆਰਜ਼ੀ ਰਿਹਾਇਸ਼ ਵੀ ਇਥੇ ਹੀ ਹੋਵੇਗੀ।

ਕੋਰਟ ਮੈਨੇਜਰ ਗ੍ਰੇਡ-2 ਦੀਆਂ 24 ਆਸਾਮੀਆਂ ਨੂੰ ਪ੍ਰਵਾਨਗੀ
ਸੂਬੇ ਦੀ ਨਿਆਂ ਪ੍ਰਣਾਲੀ ਵੱਲੋਂ ਨਿਆਂ ਦੇਣ ਵਿੱਚ ਹੋਰ ਵਧੇਰੇ ਕੁਸ਼ਲਤਾ ਤੇ ਤੇਜ਼ੀ ਲਿਆਉਣ ਦੇ ਮਕਸਦ ਨਾਲ ਮੰਤਰੀ ਮੰਡਲ ਨੇ ਅੱਜ ਸੂਬਾ ਭਰ ਦੀਆਂ ਅਧੀਨ ਅਦਾਲਤਾਂ ਵਿੱਚ ਕੋਰਟ ਮੈਨੇਜਰ ਗ੍ਰੇਡ-2 ਦੀਆਂ 24 ਅਸਾਮੀਆਂ ਸਿਰਜਣ ਦੀ ਪ੍ਰਵਾਨਗੀ ਦੇ ਦਿੱਤੀ। ਇਹ ਫੈਸਲਾ ਗ੍ਰਹਿ ਮਾਮਲਿਆਂ ਤੇ ਨਿਆਂ ਵਿਭਾਗ ਅਤੇ ਹਾਈ ਕੋਰਟ ਦੇ ਰਜਿਸਟਰਾਰ ਪਾਸੋਂ ਪ੍ਰਾਪਤ ਤਜਵੀਜ਼ ਦੇ ਸੰਦਰਭ ਵਿੱਚ ਲਿਆ ਗਿਆ ਹੈ। ਇਸ ਤਜਵੀਜ਼ ਵਿੱਚ 10300-34800+4800 ਦੇ ਪੇਅ ਸਕੇਲ ’ਤੇ ਕੋਰਟ ਮੈਨੇਜਰਾਂ ਦੀਆਂ 24 ਅਸਾਮੀਆਂ ਸਿਰਜਣ ਦੀ ਮੰਗ ਕੀਤੀ ਗਈ ਸੀ। ਇਨ੍ਹਾਂ ਅਸਾਮੀਆਂ ਵਿੱਚੋਂ 22 ਅਸਾਮੀਆਂ ਸੈਸ਼ਨ ਡਿਵੀਜ਼ਨਾਂ ਲਈ ਹੋਣਗੀਆਂ ਜਦਕਿ ਇੱਕ-ਇੱਕ ਅਸਾਮੀ ਚੰਡੀਗੜ੍ਹ ਅਤੇ ਹਾਈ ਕੋਰਟ ਲਈ ਹੋਵੇਗੀ।


Comments Off on ਕੈਬਨਿਟ ਮੀਟਿੰਗ: ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਦਾ ਫੈਸਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.