ਪਿਛਲੇ 4-5 ਦਹਾਕਿਆਂ ਤੋਂ ਕੈਨੇਡਾ ਵਿਚ ਨਾਮਧਾਰੀ ਸਿੱਖ ਕਾਫ਼ੀ ਗਿਣਤੀ ਵਿਚ ਵੱਸੇ ਹੋਏ ਹਨ। ਪਿਛਲੀ ਮਹੀਨਿਆਂ ਦੌਰਾਨ ਮੇਰਾ ਕੈਨੇਡਾ ਜਾਣ ਦਾ ਸਬੱਬ ਬਣਿਆ। ਇਸ ਦੌਰਾਨ ਵੈਕੁਨਵਰ-ਸਰੀ ਅਤੇ ਟੋਰਾਂਟੋ-ਬਰੈਂਪਟਨ ਵਿਚ ਵਸਦੇ ਨਾਮਧਾਰੀ ਸਿੱਖਾਂ ਨਾਲ ਕਾਫ਼ੀ ਸਮਾਂ ਬਿਤਾਉਣ ਦਾ ਮੌਕਾ ਮਿਲਿਆ। ਪਿਛਲੇ ਸਾਲ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਵਿਖੇ ਸਥਾਪਿਤ ਸਤਿਗੁਰੂ ਰਾਮ ਸਿੰਘ ਚੇਅਰ ਦੀ ਜ਼ਿੰਮੇਵਾਰੀ ਮਿਲਣ ਉਪਰੰਤ ਮੇਰੀ ਇਹ ਇੱਛਾ ਸੀ ਕਿ ਭਾਰਤ ਤੇ ਖ਼ਾਸ ਕਰਕੇ ਪੰਜਾਬ ਤੋਂ ਵਿਦੇਸ਼ੀ ਧਰਤੀ ’ਤੇ ਵੱਸੇ ਸਤਿਗੁਰੂ ਰਾਮ ਸਿੰਘ ਜੀ ਦੇ ਅਨੁਯਾਈਆਂ ਦੇ ਰੂ-ਬ-ਰੂ ਹੋਇਆ ਜਾਵੇ ਅਤੇ ਉਨ੍ਹਾਂ ਦੇ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਜੀਵਨ ਦੇ ਵਰਤਾਰੇ ਨੂੰ ਘੋਖਿਆ ਜਾਵੇ। ਉਨ੍ਹਾਂ ਦੀਆਂ ਵਿਦੇਸ਼ੀ ਧਰਤੀ ’ਤੇ ਮਾਰੀਆਂ ਮੱਲਾਂ ਦੀ ਨਜ਼ਰਸਾਨੀ ਕੀਤੀ ਜਾਵੇ।
ਇੱਥੇ ਨਾਮਧਾਰੀ ਗੁਰਨਾਮ ਸਿੰਘ ਨੇ ਸਾਡੀ ਮਹਿਮਾਨ ਨਿਵਾਜ਼ੀ ਕੀਤੀ। ਉਹ ਮੈਨੂੰ ਤੇ ਮੇਰੀ ਜੀਵਨ ਸਾਥਣ ਨੂੰ ਸਥਾਨਕ ਸੁਰਿੰਦਰ ਹਾਕੀ ਕਲੱਬ ਵੱਲੋਂ ਕਰਵਾਏ ਜਾ ਰਹੇ ਮੁਕਾਬਲੇ ਦਿਖਾਉਣ ਲੈ ਗਏ ਜਿਨ੍ਹਾਂ ਵਿਚ ਨਾਮਧਾਰੀ ਹਾਕੀ ਟੀਮ ਦੇ ਕਾਫ਼ੀ ਖਿਡਾਰੀ ਸ਼ਾਮਲ ਸਨ, ਇੱਥੇ ਨਾਮਧਾਰੀ ਦਰਬਾਰ ਵੱਲੋਂ ਖੇਡ ਜਗਤ ਵਿਚ ਪਾਏ ਜਾ ਰਹੇ ਸਾਰਥਿਕ ਯੋਗਦਾਨ ਦੀ ਪ੍ਰਤੱਖ ਝਲਕ ਵੇਖੀ ਜਾ ਸਕਦੀ ਸੀ। ਇਸ ਫੇਰੀ ਦੌਰਾਨ ਸਰੀ ਇਲਾਕੇ ਵਿਚ ਸਥਿਤ ਨਾਮਧਾਰੀ ਧਰਮਸ਼ਾਲਾ ਵਿਖੇ ਨਾਮਧਾਰੀ ਸੰਗਤ ਦੇ ਦਰਸ਼ਨ ਕਰਨ ਤੇ ਸੰਬੋਧਨ ਕਰਨ ਦਾ ਮੌਕਾ ਪ੍ਰਾਪਤ ਹੋਇਆ।
ਜਾਣਕਾਰੀ ਅਨੁਸਾਰ ਵੈਨਕੁਵਰ-ਸਰੀ ਵਿਚ 1970 ਤੋਂ 1990 ਤਕ ਨਾਮਧਾਰੀ ਸਿੱਖਾਂ ਦੇ ਕੁਲ 10-15 ਪਰਿਵਾਰਾਂ ਦੇ ਵਸਨੀਕ ਹੋਣ ਦਾ ਪਤਾ ਲੱਗਦਾ ਹੈ, ਜੋ ਇਨ੍ਹਾਂ ਦੋ ਦਹਾਕਿਆਂ ਦੌਰਾਨ ਸਤਿਗੁਰੂ ਜਗਜੀਤ ਸਿੰਘ ਦੀ ਪ੍ਰੇਰਨਾ ਸਦਕਾ ਇਸ ਇਲਾਕੇ ਦੇ ਪਹਿਲੇ ਵਸਨੀਕ ਬਣੇ। ਇਹ ਪਰਿਵਾਰ ਆਪਣੀ ਮਿਹਨਤ ਸਦਕਾ ਕਾਫ਼ੀ ਅੱਗੇ ਵਧੇ ਅਤੇ ਹੋਰ ਨਾਮਧਾਰੀ ਪਰਿਵਾਰਾਂ ਲਈ ਪ੍ਰੇਰਨਾ ਸਰੋਤ ਵੀ ਬਣੇ। ਮੁੱਢਲੇ ਪਰਿਵਾਰਾਂ ਵਿਚੋਂ ਸੂਬਾ ਰੇਸ਼ਮ ਸਿੰਘ ਅਤੇ ਪ੍ਰਧਾਨ ਗੁਰਸੇਵਕ ਸਿੰਘ ਦੀਆਂ ਦੋ ਵਿਲੱਖਣ ਉਦਾਹਰਨਾਂ ਅਜਿਹੀਆਂ ਹਨ ਜੋ ਕਿ ਅੱਜ ਵੀ ਆਪਣੀ ਪੂਰੀ ਸਮਰੱਥਾ ਨਾਲ ਨਾਮਧਾਰੀ ਜਗਤ ਨੂੰ ਵੱਧਣ-ਫੁਲਣ ਵਿਚ ਅਹਿਮ ਯੋਗਦਾਨ ਪਾ ਰਹੀਆਂ ਹਨ। 1990 ਤੋਂ 2000 ਤਕ ਪੰਜਾਬੀ ਨਾਮਧਾਰੀ ਪਰਿਵਾਰਾਂ ਦਾ ਪਰਵਾਸ ਹੌਲੀ-ਹੌਲੀ ਚੱਲਿਆ, ਪਰ 2000-10 ਤਕ ਪੰਜਾਬ ਤੋਂ ਕੈਨੇਡਾ ਆਉਣ ਵਾਲੇ ਕਾਫ਼ੀ ਪਰਿਵਾਰਾਂ ਦੀ ਜਾਣਕਾਰੀ ਮਿਲਦੀ ਹੈ ਜਿਨ੍ਹਾਂ ਵਿਚ ਜ਼ਿਆਦਾਤਰ ਮਾਲਵੇ ਅਤੇ ਦੁਆਬੇ ਤੋਂ ਆ ਕੇ ਇੱਥੇ ਮਿਹਨਤ ਕਰਕੇ ਕਾਮਯਾਬ ਹੋਏ।
ਵੈਨਕੁਵਰ ਦੇ ਸਮੁੱਚੇ ਇਲਾਕੇ ਵਿਚ ਹੁਣ ਨਾਮਧਾਰੀ ਪਰਿਵਾਰਾਂ ਦੀ ਗਿਣਤੀ 100 ਤੋਂ 120 ਤਕ ਹੋਣ ਦੀ ਜਾਣਕਾਰੀ ਮਿਲਦੀ ਹੈ। ਜਿਸ ਵਿਚੋਂ ਸਭ ਤੋਂ ਵੱਧ ਪਰਿਵਾਰ ਸਰੀ ਵਿਚ ਰਹਿ ਰਹੇ ਹਨ ਜਿਨ੍ਹਾਂ ਦੀ ਗਿਣਤੀ ਤਕਰੀਬਨ 85 ਹੈ। ਪੰਜਾਬ ਤੋਂ ਨਾਮਧਾਰੀ ਵਿਦਿਆਰਥੀ ਵੱਡੀ ਸੰਖਿਆ ਵਿਚ ਇੱਥੇ ਪੜ੍ਹਾਈ ਲਈ ਆ ਰਹੇ ਹਨ। ਇਹ ਵਿਦਿਆਰਥੀ ਇੱਥੇ ਹੋਣ ਵਾਲੀਆਂ ਨਾਮਧਾਰੀ ਇਕੱਤਰਤਾਵਾਂ ਵਿਚ ਹਿੱਸਾ ਲੈਂਦੇ ਹਨ। ਧਰਮਸ਼ਾਲਾ ਵਿਚ ਇਕੱਤਰਤਾ ਸਮੇਂ ਕਥਾ, ਕੀਰਤਨ, ਵਿਚਾਰ ਵਟਾਂਦਰਾ ਤੇ ਕਵਿਤਾ ਉਚਾਰਨ ਹੁੰਦਾ ਹੈ। ਪਰਿਵਾਰ ਦਾ ਭਾਵੇਂ ਕੋਈ ਵੀ ਮੈਂਬਰ ਚਾਹੇ ਉਹ ਬਜ਼ੁਰਗ ਹੈ ਤੇ ਚਾਹੇ ਕੋਈ ਤਿੰਨ ਮਹੀਨੇ ਦਾ ਬੱਚਾ, ਇਹ ਸਭ ਨਾਮਧਾਰੀ ਪਹਿਰਾਵੇ ਵਿਚ ਉੱਥੇ ਪਹੁੰਚੇ ਹੁੰਦੇ ਹਨ। ਇੱਥੇ ਰਹਿਣ ਵਾਲੇ ਨਾਮਧਾਰੀਆਂ ਵਿਚ ਜ਼ਿਆਦਾਤਰ ਜ਼ਿਮੀਂਦਾਰ ਤੇ ਰਾਮਗੜ੍ਹੀਏ ਪਰਿਵਾਰ ਹਨ।
ਟੋਰਾਂਟੋ-ਬਰੈਂਪਟਨ ਇਲਾਕੇ ਵਿਚ 1970 ਤੋਂ 1990 ਤਕ ਲਗਪਗ 20 ਨਾਮਧਾਰੀ ਸਿੱਖ ਪਰਿਵਾਰ ਵੱਸੇ ਹੋਏ ਸਨ। ਮੌਜੂਦਾ ਸਮੇਂ ਇਨ੍ਹਾਂ ਇਲਾਕਿਆਂ ਵਿਚ ਵੱਸਣ ਵਾਲੇ ਨਾਮਧਾਰੀ ਪਰਿਵਾਰਾਂ ਦੀ ਗਿਣਤੀ 170 ਤੋਂ 200 ਤਕ ਹੈ। ਪੰਜਾਬ ਦੇ ਨਾਮਾਧਾਰੀ ਪਰਿਵਾਰਾਂ ਵਿਚੋਂ ਟੋਰਾਂਟੋ ਵਿਖੇ ਸਿੱਖਿਆ ਪ੍ਰਾਪਤ ਕਰਨ ਜਾਂ ਰੁਜ਼ਗਾਰ ਦੀ ਭਾਲ ਵਿਚ ਆ ਰਹੇ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵੱਖਰੀ ਹੈ। ਇੱਥੇ ਹੁੰਦੇ ਨਾਮਧਾਰੀ ਸੰਗਤ ਦੇ ਇਕੱਠਾਂ ਤੋਂ ਇਨ੍ਹਾਂ ਦੇ ਇੱਥੇ ਬਿਹਤਰ ਭਵਿੱਖ ਦਾ ਅੰਦਾਜ਼ਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ। ਮੌਂਟਰੀਅਲ, ਕੈਲਗਿਰੀ ਅਤੇ ਕੈਨੇਡਾ ਦੇ ਹੋਰ ਮਹੱਤਵਪੂਰਨ ਸ਼ਹਿਰਾਂ ਵਿਚ ਨਾਮਧਾਰੀ ਪਰਿਵਾਰਾਂ ਦੇ ਮੌਜੂਦ ਹੋਣ ਦੀ ਜਾਣਕਾਰੀ ਮਿਲਦੀ ਹੈ। ਟੋਰਾਂਟੋ ਬਰੈਂਪਟਨ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਵੱਸਣ ਵਾਲੇ ਜ਼ਿਆਦਾਤਰ ਨਾਮਧਾਰੀ ਪਰਿਵਾਰ ਜ਼ਿਮੀਂਦਾਰਾ ਕਿੱਤੇ ਨਾਲ ਸਬੰਧ ਰੱਖਦੇ ਹਨ। ਮੌਜੂਦਾ ਜਾਣਕਾਰੀ ਅਨੁਸਾਰ ਅੱਧੇ ਨਾਲੋਂ ਵੱਧ ਨਾਮਧਾਰੀ ਪਰਿਵਾਰ ਬਰੈਂਪਟਨ ਵਿਚ ਹੀ ਵੱਸ ਰਹੇ ਹਨ। ਇੱਥੇ ਇਕ ਅਸਥਾਈ ਨਾਮਧਾਰੀ ਧਰਮਸ਼ਾਲਾ ਵੀ ਹੈ।
ਵੈਨਕੁਵਰ ਦੀ ਤਰ੍ਹਾਂ ਇਸ ਇਲਾਕੇ ਵਿਚ ਵੀ ਪੰਜਾਬ ਤੋਂ ਕੈਨੇਡਾ ਆਉਣ ਦੀ ਪ੍ਰਕਿਰਿਆ 1970 ਤੋਂ 1990 ਤਕ ਕਾਫ਼ੀ ਮੱਧਮ ਨਜ਼ਰ ਆਉਂਦੀ ਹੈ, ਪਰ 1990 ਤੋਂ 2000 ਤਕ ਕੁਝ ਹੋਰ ਪਰਿਵਾਰਾਂ ਨੇ ਵੀ ਵੈਨਕੁਵਰ ਅਤੇ ਟੋਰਾਂਟੋ ਦੇ ਇਲਾਕੇ ਵਿਚ ਪਰਵਾਸ ਕੀਤਾ, ਪਰ 2000-10 ਤਕ ਗਿਣਤੀ ਤੇਜ਼ੀ ਨਾਲ ਵਧੀ। ਜ਼ਿਆਦਾ ਗਿਣਤੀ ਟੋਰਾਂਟੋ ਅਤੇ ਬਰੈਂਪਟਨ ਵਿਚ ਆਪਣੇ ਨਿਵਾਸ ਸਥਾਨ ਬਣਾਉਂਦੀ ਹੈ।
ਨਾਮਧਾਰੀ ਪਰਵਾਸ ਬਾਰੇ ਗੱਲ ਕਰਦਿਆਂ ਇੰਗਲੈਂਡ ਵਿਖੇ ਰਹਿ ਚੁੱਕੇ ਨਾਮਧਾਰੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਜ਼ਿਆਦਾਤਰ ਨਾਮਧਾਰੀ ਪਰਿਵਾਰ ਅਫ਼ਰੀਕਨ ਦੇਸ਼ਾਂ ਖ਼ਾਸ ਕਰਕੇ ਕੀਨੀਆ ਤੇ ਨੈਰੋਬੀ ਆਦਿ ਤੋਂ ਪਹਿਲਾਂ ਇੰਗਲੈਂਡ ਆਏ ਕਿਉਂਕਿ ਉੱਥੋਂ ਦੇ ਸ਼ਾਸਕਾਂ ਨੇ ਬਹੁਤੇ ਲੋਕਾਂ ਨੂੰ ਉੱਥੋਂ ਕੱਢ ਦਿੱਤਾ। ਉਨ੍ਹਾਂ ਕੋਲ ਬਰਤਾਨੀਆਂ ਦੇ ਪਾਸਪੋਰਟ ਸਨ, ਇਸ ਲਈ ਉਹ ਉਸ ਵੱਲ ਨੂੰ ਆ ਗਏ, ਇਨ੍ਹਾਂ ਵਿਚ 90% ਰਾਮਗੜ੍ਹੀਆ ਪਰਿਵਾਰ ਸਨ। ਫਿਰ ਇੰਗਲੈਂਡ ਤੋਂ ਨਾਮਧਾਰੀ ਪਰਿਵਾਰ ਕੈਨੇਡਾ, ਅਮਰੀਕਾ ਅਤੇ ਹੋਰ ਦੇਸ਼ਾਂ ਵਿਚ ਫੈਲ ਗਏ। ਨਾਮਧਾਰੀ ਦਰਬਾਰ ਜਦੋਂ ਹੁਣ ਪੂਰੀ ਦੁਨੀਆਂ ਵਿਚ ਫੈਲ ਚੁੱਕਿਆ ਹੈ ਤਾਂ ਇਸਨੂੰ ਸਿੱਖਿਆ ਅਤੇ ਖੋਜ ਦੇ ਖੇਤਰ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ। ਜਿਵੇਂ ਭਾਰਤ ਜਾਂ ਪੰਜਾਬ ਦੀਆਂ ਬਾਕੀ ਸਭ ਹੋਰ ਸੰਪਰਦਾਵਾਂ ਦੇ ਆਪਣੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਹਨ। ਇਸ ਤਰ੍ਹਾਂ ਇਨ੍ਹਾਂ ਨੂੰ ਵੀ ਕਰਨਾ ਚਾਹੀਦਾ ਹੈ। ਸ੍ਰੀ ਭੈਣੀ ਸਾਹਿਬ (ਲੁਧਿਆਣਾ) ਵਿਖੇ ਸਥਾਪਿਤ ਸਤਿਗੁਰੂ ਜਗਜੀਤ ਸਿੰਘ ਲਾਇਬ੍ਰੇਰੀ ਨੂੰ ਸ. ਹਰਪਾਲ ਸਿੰਘ ਸੇਵਕ ਦੀ ਨਿਗਰਾਨੀ ਅਧੀਨ ਕਰਨਾ ਵਧੀਆ ਕਦਮ ਹੈ।
ਕੈਨੇਡਾ ਦੇ ਬਜ਼ੁਰਗਾਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਇਹ ਗੱਲ ਵੀ ਸਾਹਮਣੇ ਆਈ ਕਿ ਉਹ ਟੋਰਾਂਟੋ-ਬਰੈਂਪਟਨ ਵਿਖੇ ਨਾਮਧਾਰੀ ਨਵੀਂ ਧਰਮਸ਼ਾਲਾ ਬਣਾਉਣ ਲਈ ਖੁੱਲ੍ਹੀ ਜਗ੍ਹਾ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿੱਥੇ ਧਾਰਮਿਕ ਸਮਾਗਮਾਂ ਤੋਂ ਇਲਾਵਾ ਖੇਡਾਂ, ਸਮਾਜਿਕ ਗਤੀਵਿਧੀਆਂ ਤੇ ਸੱਭਿਆਚਾਰਕ ਪ੍ਰੋਗਰਾਮ ਕੀਤੇ ਜਾ ਸਕਣ। ਸੰਸਾਰ ਦੇ ਵੱਖ-ਵੱਖ ਦੇਸ਼ਾਂ ਦੀਆਂ ਨਾਮਧਾਰੀ ਸੰਗਤਾਂ ਦੀ ਅਗਵਾਈ ਤੇ ਦਿਸ਼ਾ ਨਿਰਦੇਸ਼ਾਂ ਲਈ ਇਕ ਅੰਤਰ-ਰਾਸ਼ਟਰੀ ਨਾਮਧਾਰੀ ਸੰਗਤ ਬੋਰਡ ਦੀ ਸਥਾਪਨਾ ਵੱਖ-ਵੱਖ ਦੇਸ਼ਾਂ ਅਤੇ ਸ਼ਹਿਰਾਂ ਦੀਆਂ ਸੰਗਤਾਂ ਨੂੰ ਬਿਹਤਰ ਤਰੀਕੇ ਨਾਲ ਕੰਮ ਕਰਨ ਵਿਚ ਸਹਾਈ ਹੋ ਸਕਦੀ ਹੈ। ਮੌਜੂਦਾ ਸਤਿਗੁਰੂ ਉਦੇ ਸਿੰਘ ਦੀ ਸਰਪ੍ਰਸਤੀ ਅਧੀਨ ਕੈਨੇਡਾ ਵਿਚ ਨਾਮਧਾਰੀ ਸਿੱਖਾਂ ਦੇ ਬਿਹਤਰ ਅਤੇ ਉੱਜਲ ਭਵਿੱਖ ਦੀ ਤਸਵੀਰ ਸਪੱਸ਼ਟ ਦੇਖੀ ਜਾ ਸਕਦੀ ਹੈ।