ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਸਵਾਮੀ ਨੇ ਪੁਰਾਣਾ ਰਿਕਾਰਡ ਕੱਢ ਕਾਂਗਰਸ ’ਤੇ ਨਿਸ਼ਾਨਾ ਸਾਧਿਆ !    ਨਾਗਰਿਕਤਾ ਬਿੱਲ ਦਾ ਡੇਢ ਕਰੋੜ ਲੋਕਾਂ ਨੂੰ ਲਾਭ ਹੋਵੇਗਾ: ਸੰਘ !    ਹਾਈਪਰਲੂਪ ਪ੍ਰਾਜੈਕਟ ਬਾਰੇ ਊਧਵ ਨਾਲ ਮੁਲਾਕਾਤ ਕਰਨਗੇ ਬ੍ਰੈਨਸਨ !    ਵਕੀਲਾਂ ਵੱਲੋਂ ਲਾਹੌਰ ਦੇ ਹਸਪਤਾਲ ’ਚ ਭੰਨਤੋੜ, ਪੰਜ ਮਰੀਜ਼ਾਂ ਦੀ ਮੌਤ !    ਪਾਕਿ ਅਦਾਲਤ ਵੱਲੋਂ ਹਾਫ਼ਿਜ਼ ਸਈਦ ਖ਼ਿਲਾਫ਼ ਦੋਸ਼ ਆਇਦ !    

ਕਿਸਾਨਾਂ ਅਤੇ ਆਮ ਲੋਕਾਂ ਲਈ ਆਵਾਰਾ ਪਸ਼ੂਆਂ ਦੀ ਸਮੱਸਿਆ

Posted On September - 7 - 2019

ਰਾਕੇਸ਼ ਰਮਨ

ਸ਼ਹਿਰਾਂ ਤੇ ਕਸਬਿਆਂ ਵਿਚ ਆਵਾਰਾ ਪਸ਼ੂਆਂ ਦੀ ਭਰਮਾਰ ਹੋਣ ਦੀ ਗੱਲ ਆਮ ਕੀਤੀ ਜਾਂਦੀ ਹੈ ਪਰ ਕੀ ਸਾਡੇ ਵਿਚੋਂ ਕਿਸੇ ਨੇ ਸੜਕਾਂ, ਗਲੀਆਂ ਤੇ ਜਨਤਕ ਥਾਵਾਂ ’ਤੇ ਕਿਸੇ ਊਠ, ਗਧੇ, ਮੱਝ, ਝੋਟੇ, ਭੇਡ, ਬੱਕਰੀ ਨੂੰ ਆਵਾਰਾ ਅਰਥਾਤ ਲਾਵਾਰਸ ਘੁੰਮਦਿਆਂ ਦੇਖਿਆ ਹੈ? ਜ਼ਾਹਿਰ ਹੈ ਕਿ ਨਹੀਂ, ਇਸ ਲਈ ਜੋ ਸਮੱਸਿਆ ਇਸ ਸਮੇਂ ਸਾਨੂੰ ਦਰਪੇਸ਼ ਹੈ, ਉਹ ਆਵਾਰਾ ਪਸ਼ੂਆਂ ਦੀ ਨਹੀਂ, ਸਿਰਫ਼ ਆਵਾਰਾ ਗਊਆਂ ਤੇ ਗਊ ਦੇ ਜਾਏ ਢੱਠਿਆਂ ਦੀ ਹੈ। ਗਲੀਆਂ, ਬਾਜ਼ਾਰਾਂ ਤੇ ਚੌਕਾਂ ਵਿਚ ਸਾਨੂੰ ਗਊਆਂ ਤੇ ਢੱਠਿਆਂ ਦਾ ਝੁੰਡ ਖੌਫ਼ ਵਰਤਾਉਂਦਾ ਜਾਂ ਖਰੂਦ ਮਚਾਉਂਦਾ ਅਕਸਰ ਮਿਲ ਜਾਵੇਗਾ। ਗਊ ਕਿਸਾਨੀ ਸਮਾਜ ਦਾ ਇਕ ਅਤਿਅੰਤ ਉਪਯੋਗੀ ਪਸ਼ੂ ਰਿਹਾ ਹੈ ਤੇ ਹੁਣ ਵੀ ਹੈ। ਪਰ ਆਵਾਰਾ ਬਣ ਜਾਣ ਦੀ ਸੂਰਤ ਵਿਚ ਇਹ ਇਕ ਆਸਾਨੀ ਨਾਲ ਨਾ ਸੁਲਝਾਈ ਜਾ ਸਕਣ ਵਾਲੀ ਸਮੱਸਿਆ ਦਾ ਸ੍ਰੋਤ ਵੀ ਹੋ ਨਿਬੜਦਾ ਹੈ। ਜਿਨ੍ਹਾਂ ਪਸ਼ੂਆਂ ਦਾ ਅਸੀਂ ਉਪਰ ਜ਼ਿਕਰ ਕੀਤਾ ਹੈ, ਉਨ੍ਹਾਂ ਵਿਚੋਂ ਪਹਿਲੇ ਤਿੰਨਾਂ ਵਿਚੋਂ ਉੂਠ, ਘੋੜੇ ਤੇ ਗਧੇ ਨੂੰ ਪਹਿਲਾਂ ਹੀ ਮਸ਼ੀਨੀਕਰਨ ਨੇ ਕਿਸਾਨੀ ਸਮਾਜ ਵਿਚੋਂ ਮਨਫ਼ੀ ਕਰ ਦਿੱਤਾ ਹੈ। ਮੱਝ ਤੇ ਝੋਟੇ (ਕੱਟੇ) ਦੇ ਆਵਾਰਾ ਬਣਨ ਦੀ ਨੌਬਤ ਇਸ ਲਈ ਨਹੀਂ ਆਉਂਦੀ ਕਿਉਂਕਿ ਹਰ ਅਵਸਥਾ ਵਿਚ ਇਨ੍ਹਾਂ ਦਾ ਮੰਡੀਕਰਨ ਹੋ ਜਾਂਦਾ ਹੈ। ਫੰਡਰ ਮੱਝ ਤੇ ਮੱਝ ਦੇ ਨਰ ਕੱਟੜੂ ਨੂੰ ਖ਼ਰੀਦਣ ਵਾਲੇ ਇਨ੍ਹਾਂ ਦੇ ਮਾਲਕਾਂ ਕੋਲ ਖ਼ੁਦ ਚੱਲ ਕੇ ਆ ਜਾਂਦੇ ਹਨ। ਇੰਝ ਮੱਝ ਪਾਲਕ ਇਸ ਕਿਸਮ ਦੇ ਪਸ਼ੂ ਦਾ ਨਿਪਟਾਰਾ ਵੀ ਕਰ ਲੈਂਦਾ ਹੈ ਤੇ ਚਾਰ ਪੈਸੇ ਵੱਟ ਕੇ ਆਪਣੀ ਆਮਦਨ ਵੀ ਵਧਾ ਲੈਂਦਾ ਹੈ। ਭੇਡ, ਬੱਕਰੀ ਤਾਂ ਖੈਰ ਘਰੇਲੂ ਖ਼ਪਤ ਲਈ ਹੀ ਇਕ ਬਹੁ-ਮੰਤਵੀ ਪਸ਼ੂ ਹੈ। ਇਨ੍ਹਾਂ ਨੂੰ ਆਵਾਰਾ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਸਿਰਫ਼ ਗਊ ਤੇ ਗਊ ਦਾ ਜਾਇਆ ਹੀ ਹੈ, ਜਿਸ ਨੂੰ ਆਵਾਰਾ ਛੱਡਣਾ ਸਾਡੇ ਨਿਕਟਵਰਤੀ ਸਮਾਜ ਦੀ ਵੱਡੀ ਮਜਬੂਰੀ ਹੈ।
ਵਾਫਰ ਦੁੱਧ ਉਤਪਾਦਨ ਦੀ ਲੋੜ ਨੇ ਕਿਸਾਨ ਘਰਾਂ ਅਤੇ ਡੇਅਰੀ ਫਾਰਮਾਂ ਵਿਚ ਵਲਾਇਤੀ ਨਸਲਾਂ ਦੀਆਂ ਗਾਵਾਂ ਦੀ ਆਮਦ ਦਾ ਰਾਹ ਖੋਲ੍ਹਿਆ। ਇਹ ਗਾਵਾਂ ਕੁਝ ਵਿਸ਼ੇਸ਼ ਨਸਲਾਂ ਦਾ ਸੀਮਨ ਤੇ ਸਾਨ੍ਹ ਬਾਹਰੋਂ ਮੰਗਵਾ ਕੇ ਤਿਆਰ ਕੀਤੀਆਂ ਗਈਆਂ। ਦੋਗਲੀ ਨਸਲ ਦੀਆਂ ਗਾਵਾਂ ਪੈਦਾ ਹੋਣ ਤੋਂ ਮਗਰੋਂ ਹੋਰ ਨਸਲ ਸੁਧਾਰ ਦੇ ਸਿੱਟੇ ਵਜੋਂ ਜਰਸੀ, ਰੈੱਡ ਡੈੱਨ ਤੇ ਹੌਲਸਟੀਨ ਫਰੀਜ਼ੀਅਨ ਨਸਲ ਦੀਆਂ ਗਾਵਾਂ ਨੇ ਦੇਸੀ ਗਾਵਾਂ ਦੀ ਥਾਂ ਲੈ ਲਈ। ਇਨ੍ਹਾਂ ਨਸਲਾਂ ਦੀਆਂ ਗਾਵਾਂ ਦੀ ਦੁੱਧ ਦੇਣ ਦੀ ਸਮਰੱਥਾ ਨੇ ਕਿਸਾਨਾਂ ਤੇ ਡੇਅਰੀ ਫਾਰਮਾਂ ਵਾਲਿਆਂ ਨੂੰ ਇਕ ਵਾਰ ਤਾਂ ਦੰਗ ਕਰ ਦਿੱਤਾ। ਘਰਾਂ ਦੀਆਂ ਰਵਾਇਤੀ ਵਲਟੋਰੀਆਂ ਦੇ ਆਕਾਰ ਇਨ੍ਹਾਂ ਨੇ ਛੋਟੇ ਸਾਬਤ ਕਰ ਦਿਖਾਏ। ਹੌਲਪਟੀਨ ਫਰੀਜ਼ੀਅਨ (ਕਾਲੀ ਤੇ ਡੱਬੀ) ਗਾਂ ਤਾਂ ਕਿਸਾਨਾਂ ਦੇ ਘਰਾਂ ਤੇ ਡੇਅਰੀ ਫਾਰਮਾਂ ਦੇ ਮਾਲਕਾਂ ਦੀ ਚਹੇਤੀ ਗਾਂ ਬਣ ਗਈ। ਵਿਡੰਬਨਾ ਹੀ ਹੈ ਕਿ ਇਸੇ ਨਸਲ ਦੀ ਗਾਂ ਤੇ ਢੱਠਾ ਹੀ ਬਾਜ਼ਾਰਾਂ, ਗਲੀਆਂ ਤੇ ਚੌਕਾਂ ਵਿਚ ਸਭ ਤੋਂ ਵੱਧ ਦਿਖਾਈ ਦੇ ਰਿਹਾ ਹੈ। ਡੇਅਰੀ ਫਾਰਮਾਂ ਵਾਲੇ ਤਾਂ ਇਸ ਨਾਲ ਦੀ ਗਾਂ ਨੂੰ ਦੁੱਧ ਬਣਾਉਣ ਵਾਲੀ ਮਸ਼ੀਨ ਵਾਂਗ ਹੀ ਦੇਖਦੇ ਹਨ।

ਰਾਕੇਸ਼ ਰਮਨ

ਕਿਸਾਨ ਵੀ ਤੇ ਡੇਅਰੀ ਫਰਮਾਂ ਦੇ ਮਾਲਕ ਵੀ ਦੁੱਧ ਉਤਪਾਦਨ ਦਾ ਕਿੱਤਾ ਵਪਾਰਕ ਪੱਧਰ ’ਤੇ ਕਰਦੇ ਹਨ। ਵਪਾਰਕ ਤਰਜ਼ ਦਾ ਇਹ ਕਿੱਤਾ ਲਗਪਗ ਇਕ ਸਨਅਤ ਦੇ ਸਾਮਾਨ ਹੀ ਹੈ। ਇਸ ਵਿਚ ਬਾਕਾਇਦਾ ਸਰਮਾਏ ਅਤੇ ਕਿਰਤ ਦਾ ਨਿਵੇਸ਼ ਹੁੰਦਾ ਹੈ। ਦੁਧਾਰੂਆਂ ਨੂੰ ਬੜੇ ਮਹਿੰਗੇ ਮੁੱਲ ਦਾ ਦਾਣਾ-ਪੱਠਾ ਦੇਣਾ ਪੈਂਦਾ ਹੈ ਤਾਂ ਕਿਤੇ ਜਾ ਕੇ ਗਾਵਾਂ ਤੋਂ ਦੁੱਧ ਮਿਲਦਾ ਹੈ। ਵਲਾਇਤੀ ਨਸਲ ਦੀਆਂ ਗਾਵਾਂ ਦੀ ਤਾਂ ਖ਼ੁਰਾਕ ਹੀ ਬਹੁਤ ਜ਼ਿਆਦਾ ਹੈ ਤੇ ਦੇਸੀ ਨਸਲਾਂ ਦੇ ਮੁਕਾਬਲੇ ਇਨ੍ਹਾਂ ਦੀ ਸਾਂਭ-ਸੰਭਾਲ ਉੱਪਰ ਵੀ ਵਧੇਰੇ ਖ਼ਰਚ ਆਉਂਦਾ ਹੈ। ਦੁੱਧ ਦੀਆਂ ਬਾਲਟੀਆਂ ਭਰਨ ਲਈ ਇਨ੍ਹਾਂ ਨੂੰ ਖਵਾਉਣਾ ਵੀ ਮਣਾਂ-ਮੂੰਹੀਂ ਪੈਂਦਾ ਹੈ। ਵੱਖਰੀਆਂ ਮੌਸਮੀ ਹਾਲਤਾਂ ਦੇ ਮੂਲ ਦੀਆਂ ਹੋਣ ਕਾਰਨ ਇਨ੍ਹਾਂ ਗਾਵਾਂ ਲਈ ਕਈ ਤਰ੍ਹਾਂ ਦੇ ਵਿਸ਼ੇਸ਼ ਪ੍ਰਬੰਧ ਕਰਨੇ ਪੈਂਦੇ ਹਨ। ਗਰਮੀ ਦਾ ਮੌਸਮ ਤਾਂ ਖ਼ਾਸ ਤੌਰ ’ਤੇ ਇਨ੍ਹਾਂ ਲਈ ਢੁੱਕਵੇਂ ਪ੍ਰਬੰਧਾਂ ਨੂੰ ਬਹੁਤ ਜ਼ਰੂਰੀ ਬਣਾ ਦਿੰਦਾ ਹੈ। ਜੇ ਢੁੱਕਵੇਂ ਪ੍ਰਬੰਧ ਨਾ ਕੀਤੇ ਜਾਣ ਤਾਂ ਇਸ ਨਸਲ ਦੇ ਪਸ਼ੂਆਂ ਦੇ ਨੁਕਸਾਨੇ ਜਾਣ ਦਾ ਡਰ ਹੁੰਦਾ ਹੈ। ਜਿੰਨਾ ਚਿਰ ਇਹ ਗਊਆਂ ਦੁੱਧ ਦਿੰਦੀਆਂ ਹਨ ਉਦੋਂ ਤੱਕ ਲੱਖਾਂ ਦੀ ਕੀਮਤ ਦੀਆਂ ਹਨ, ਜਿਉਂ ਹੀ ਇਹ ਪੱਕੇ ਤੌਰ ’ਤੇ ਦੁੱਧੋਂ ਭੱਜ ਜਾਂਦੀਆਂ (ਜਵਾਬ ਦੇ ਜਾਂਦੀਆਂ) ਹਨ, ਕੱਖਾਂ ਦੀਆਂ ਵੀ ਨਹੀਂ ਰਹਿੰਦੀਆਂ। ਕਿਸਾਨ ਤੇ ਡੇਅਰੀ ਮਾਲਕ ਇਨ੍ਹਾਂ ਗਾਵਾਂ ਨੂੰ ਮਹਿੰਗੇ ਮੁੱਲ ਦਾ ਚਾਰਾ ਨਹੀਂ ਖੁਆ ਸਕਦੇ। ਸੋ, ਚੁੱਪ-ਚਪੀਤੇ ਇਨ੍ਹਾਂ ਦਾ ਰੱਸਾ ਖੋਲ੍ਹ ਦਿੰਦੇ ਹਨ। ਇਉਂ ਇਨ੍ਹਾਂ ਦੇ ਸੜਕਾਂ, ਗਲੀਆਂ, ਬਾਜ਼ਾਰਾਂ, ਚੌਕਾਂ ਆਦਿ ਵਿਚ ਆ ਜਾਣ ਦਾ ਸਿਲਸਿਲਾ ਆਰੰਭ ਹੋ ਜਾਂਦਾ ਹੈ। ਇਨ੍ਹਾਂ ਦੇ ਵੱਛੜੇ ਵੀ ਦੁੱਧ ਉਤਪਾਦਕਾਂ ਲਈ ਕਿਸੇ ਕੰਮ ਦੇ ਨਹੀਂ ਹੁੰਦੇ, ਇਸ ਲਈ ਉਹ ਵੀ ਜਨਤਕ ਥਾਵਾਂ ’ਤੇ ਧੱਕ ਦਿੱਤੇ ਜਾਂਦੇ ਹਨ। ਦੁੱਧ ਉਤਪਾਦਕ ਫੰਡਰ ਮੱਝ ਤੇ ਕੱਟੇ ਵਾਂਗ ਫੰਡਰ ਗਾਂ ਅਤੇ ਵੱਛੜੇ ਦਾ ਨਿਪਟਾਰਾ ਨਹੀਂ ਕਰ ਸਕਦਾ। ਗਾਂ ਦੀ ਧਾਰਮਿਕ ਮਾਨਤਾ ਉਸ ਨੂੰ ਅਜਿਹਾ ਨਹੀਂ ਕਰਨ ਦਿੰਦੀ। ਹੋਰ ਤਾਂ ਹੋਰ ਉਹ ਤਾਂ ਟਰਾਲੀਆਂ-ਟਰੱਕਾਂ ’ਚ ਭਰ ਕੇ ਇਨ੍ਹਾਂ ਨੂੰ ਆਬਾਦੀ ਤੋਂ ਦੂਰ ਜੰਗਲ ਦੇ ਇਲਾਕੇ ਵਿਚ ਛੱਡ ਆਉਣ ਤੋਂ ਵੀ ਕਤਰਾਉਂਦਾ ਹੈ, ਕਿਉਂਕਿ ਉਸ ਨੂੰ ਰਾਹ ਵਿਚ ਗਊ ਰੱਖਿਅਕਾਂ ਦੇ ਟੱਕਰ ਜਾਣ ਦਾ ਡਰ ਰਹਿੰਦਾ ਹੈ। ਇਸ ਲਈ ਉਹ ਫੰਡਰ ਗਾਵਾਂ ਤੇ ਵੱਛਿਆਂ ਨੂੰ ‘ਰੱਬ ਆਸਰੇ’ ਘਰੋਂ/ਫਾਰਮੋਂ ਤੋਰ ਦਿੰਦਾ ਹੈ, ਜਿੱਥੋਂ ਇਹ ਨੇੜਲੇ ਕਸਬਿਆਂ ਤੇ ਸ਼ਹਿਰਾਂ ਦਾ ਰੁਖ਼ ਕਰ ਲੈਂਦੇ ਹਨ। ਪਸ਼ੂ ਮੰਡੀਆਂ ਵਿਚ ਵੀ ਇਨ੍ਹਾਂ ਨੂੰ ਛੱਡਣ ਦਾ ਸਿਲਸਿਲਾ ਚੱਲਦਾ ਆ ਰਿਹਾ ਹੈ।
ਪੰਡਤਾਂ ਦੇ ਕਹਿਣ ’ਤੇ, ਕਸ਼ਟ ਨਿਵਾਰਨ ਲਈ ਆਵਾਰਾ ਘੁੰਮਦੀਆਂ ਗਊਆਂ/ ਢੱਠਿਆਂ ਨੂੰ ਆਟੇ ਦਾ ਪੇੜਾ ਦੇਣਾ, ਹਰੇ ਪੱਠੇ ਪਾਉਣਾ, ਬਾਜ਼ਾਰਾਂ ਵਿਚ ਫਲਾਂ/ ਸਬਜ਼ੀਆਂ ਵਾਲਿਆਂ ਦੇ ਖ਼ਰਾਬ ਫਲਾਂ ਤੇ ਸਬਜ਼ੀਆਂ ਦਾ ਹੋਣਾ ਜਨਤਕ ਥਾਵਾਂ ’ਤੇ ਸ਼ਹਿਰਾਂ/ ਕਸਬਿਆਂ ਦੇ ਵਿਚਕਾਰ ਕੂੜਾ ਡੰਪਾਂ ਦਾ ਹੋਣਾ ਆਵਾਰਾ ਗਊਆਂ ਦੀ ਆਬਾਦੀਆਂ ਦੇ ਵਿਚਕਾਰ ਪੱਕੀ ਠਾਹਰ ਬਣਾ ਦਿੰਦਾ ਹੈ। ਇਨ੍ਹਾਂ ਥਾਵਾਂ ’ਤੇ ਰਹਿ ਕੇ ਖੁੱਲ੍ਹਾ ਖਾਂਦੇ-ਪੀਂਦੇ ਵੱਛੇ ਤਾਂ ਤਕੜੇ ਤੇ ਖੂੰਖਾਰ ਢੱਠੇ ਬਣ ਜਾਂਦੇ ਹਨ। ਜਦੋਂ ਢੱਠੇ ਆਪਸ ਵਿਚ ਭਿੜ ਪੈਣ ਤਾਂ ਭਿਅੰਕਰ ਹਾਲਾਤ ਪੈਦਾ ਕਰਦੇ ਹਨ। ਟੱਕਰਾਂ ਮਾਰਦੇ ਇਹ ਆਸ-ਪਾਸ ਦੀਆਂ ਸੰਪਤੀਆਂ ਨੂੰ ਵੱਡਾ ਨੁਕਸਾਨ ਪਹੁੰਚਾਉਂਦੇ ਹਨ। ਕਈ ਵਾਰ ਕੋਈ ਭੂਤਰਿਆ ਢੱਠਾ ਕੋਲੋਂ ਗੁਜ਼ਰਦੇ ਰਾਹਗੀਰ ਨੂੰ ਸਿੰਗਾਂ ਉੱਪਰ ਚੁੱਕ ਲੈਂਦਾ ਹੈ। ਕੁਝ ਦਿਨ ਪਹਿਲਾਂ ਸੰਗਰੂਰ ਵਿਚ ਇਕ ਅਜਿਹਾ ਹੀ ਦੁਖਾਂਤ ਵਾਪਰਿਆ। ਭੂਤਰੇ ਹੋਏ ਇਕ ਢੱਠੇ ਨੇ ਬਾਜ਼ਾਰ ਤੋਂ ਲੰਘਦੇ ਇਕ ਪੁਲੀਸ ਮੁਲਾਜ਼ਮ ਨੂੰ ਸਿੰਗਾਂ ਉਪਰ ਚੁੱਕ ਕੇ ਸੜਕ ’ਤੇ ਪਟਕਾਅ ਮਾਰਿਆ। ਫਲਸਰੂਪ, ਪੁਲੀਸ ਮੁਲਾਜ਼ਮ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਸੜਕੀ ਆਵਾਜਾਈ ਵੀ ਇਨ੍ਹਾਂ ਆਵਾਰਾ ਗਊਆਂ ਤੇ ਢੱਠਿਆਂ ਕਾਰਨ ਅਣ-ਸੁਰੱਖਿਅਤ ਹੋ ਗਈ ਹੈ। ਇਨ੍ਹਾਂ ਦੇ ਅਚਾਨਕ ਤੇਜ਼ ਵਾਹਨ ਅੱਗੇ ਆ ਜਾਣ ਕਾਰਨ ਅਨੇਕਾਂ ਦਰਦਨਾਕ ਹਾਦਸੇ ਵਾਪਰ ਚੁੱਕੇ ਹਨ।
ਆਵਾਰਾ ਗਊਆਂ ਤੇ ਢੱਠਿਆਂ ਤੋਂ ਹੋ ਰਹੇ ਨੁਕਸਾਨ ਤੋਂ ਬਚਣ ਲਈ ਇਨ੍ਹਾਂ ਨੂੰ ਆਬਾਦੀ ਤੋਂ ਦੂਰ ਰੱਖਣਾ ਬਹੁਤ ਜ਼ਰੂਰੀ ਹੈ। ਇਸ ਮਾਮਲੇ ਵਿਚ ਉਠਾਇਆ ਜਾਣ ਵਾਲਾ ਪਹਿਲਾ ਕਦਮ ਇਹ ਹੋ ਸਕਦਾ ਹੈ ਕਿ ਪੰਡਤਾਂ-ਜੋਤਸ਼ੀਆਂ ਦੇ ਕਹਿਣ ’ਤੇ ਇਨ੍ਹਾਂ ਨੂੰ ਪੇੜੇ ਤੇ ਪੱਠਿਆਂ ਰਾਹੀਂ ਆਬਾਦੀ ਵੱਲ ਨਾ ਖਿੱਚਿਆ ਜਾਵੇ, ਭਾਵ ਅੰਧ-ਵਿਸ਼ਵਾਸ ਤਿਆਗੇ ਜਾਣ, ਸੋਚ ਬਦਲੀ ਜਾਵੇ। ਆ ਬੈਲ ਮੁਝੇ ਮਾਰ ਵਾਲੀ ਕਹਾਵਤ ਨੂੰ ਅਮਲੀਜਾਮਾ ਪਹਿਨਾਉਣ ਦੀ ਕੋਈ ਵੀ ਦਕਿਆਨੂਸੀ ਕੋਸ਼ਿਸ਼ ਨਾ ਕੀਤੀ ਜਾਵੇ। ਇਸ ਮਾਮਲੇ ਵਿਚ ਦੂਜਾ ਕਦਮ ਪ੍ਰਸ਼ਾਸਨਿਕ ਪੱਧਰ ’ਤੇ ਅਸਰਦਾਇਕ ਢੰਗ ਨਾਲ ਉਠਾਇਆ ਜਾ ਸਕਦਾ ਹੈ। ਗਊ ਸੈਂੱਸ ਦੇ ਨਾਂ ’ਤੇ ਜੋ ਟੈਕਸ ਜਨਤਾ ਕੋਲੋਂ ਉਗਰਾਹਿਆ ਜਾਂਦਾ ਹੈ, ਉਸ ਨੂੰ ਪਾਰਦਰਸ਼ੀ ਬਣਾਇਆ ਜਾਣਾ ਚਾਹੀਦਾ ਹੈ। ਦੇਖਣ ਵਿਚ ਆਇਆ ਹੈ ਕਿ ਸ਼ਹਿਰਾਂ ਤੇ ਕਸਬਿਆਂ ਦੀਆਂ ਗਊਸ਼ਾਲਾਵਾਂ ਵਿਚੋਂ ਬਹੁਤੀਆਂ ਡੇਅਰੀ ਫਾਰਮਾਂ ਦੀ ਤਰਜ਼ ’ਤੇ ਚੱਲ ਰਹੀਆਂ ਹਨ। ਜਿਹੜੀਆਂ ਗਊਸ਼ਾਲਾਵਾਂ ਆਵਾਰਾ ਗਊਆਂ ਤੇ ਢੱਠਿਆਂ ਨੂੰ ਨਹੀਂ ਅਪਣਾਉਂਦੀਆਂ, ਉਨ੍ਹਾਂ ਤੋਂ ਸਾਰੀਆਂ ਸਰਕਾਰੀ ਸਹੂਲਤਾਂ ਸਣੇ ਸਰਕਾਰੀ ਜ਼ਮੀਨ ਦੇ, ਵਾਪਸ ਲੈਣੀਆਂ ਚਾਹੀਦੀਆਂ ਹਨ। ਜਦੋਂ ਤੱਕ ਸ਼ਹਿਰਾਂ-ਕਸਬਿਆਂ ਵਿਚ ਆਵਾਰਾ ਗਊਆਂ/ਢੱਠਿਆਂ ਦੀ ਭਰਮਾਰ ਹੈ, ਉਦੋਂ ਤੱਕ ਸਮਝਣਾ ਚਾਹੀਦਾ ਹੈ ਕਿ ਗਊਸ਼ਾਲਾਵਾਂ ਠੀਕ ਢੰਗ ਨਾਲ ਕੰਮ ਨਹੀਂ ਕਰ ਰਹੀਆਂ।
ਸੰਪਰਕ: 98785-31166


Comments Off on ਕਿਸਾਨਾਂ ਅਤੇ ਆਮ ਲੋਕਾਂ ਲਈ ਆਵਾਰਾ ਪਸ਼ੂਆਂ ਦੀ ਸਮੱਸਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.