ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਕਾਵਿ ਕਿਆਰੀ

Posted On September - 8 - 2019

ਗ਼ਜ਼ਲਾਂ

ਤ੍ਰੈਲੋਚਨ ਲੋਚੀ

ਤ੍ਰੈਲੋਚਨ ਲੋਚੀ

ਮੁਹੱਬਤ ਹੀ ਦਿਲਾਂ ’ਚੋਂ ਗੁੰਮਸ਼ੁਦਾ ਹੈ।
ਕੀ ਏਥੇ ਜੀਣ ਨੂੰ ਹੁਣ ਰਹਿ ਗਿਆ।

ਚਲੋ ਇਨਸਾਫ਼ ਦੀ ਅਰਥੀ ਨੂੰ ਚੁੱਕੋ,
ਅਦਾਲਤ ਨੇ ਸੁਣਾਇਆ ਫ਼ੈਸਲਾ ਹੈ।

ਜ਼ਰਾ ਵਹਿੰਦੀ ਨਦੀ ਨੂੰ ਦੱਸ ਦੇਵੀਂ,
ਸਮੁੰਦਰ ਕਿੰਨੇ ਦਰਿਆ ਪੀ ਗਿਆ ਹੈ।

ਸੰਭਾਲਣ ਸ਼ਬਦ ਹੀ ਮੈਨੂੰ ਹਮੇਸ਼ਾ,
ਇਨ੍ਹਾਂ ਦਾ ਰੱਬ ਜਿੱਡਾ ਆਸਰਾ ਹੈ।

ਗੁਲਾਬੀ ਫੁੱਲ ਜਿੱਥੇ ਖਿੜ ਰਹੇ ਨੇ,
ਮੁਹੱਬਤ ਦਾ ਹੀ ਓਥੇ ਮਕਬਰਾ ਹੈ।

ਮੈਂ ਤੇਰੇ ਤੀਕ ਪੁੱਜਾਂ ਸਾਂਭ ਲੈ ਤੂੰ,
ਸਫ਼ਰ ਅਗਲੇ ਦਾ ਮੈਨੂੰ ਕੀ ਪਤਾ ਹੈ।

ਮੈਂ ਤੈਨੂੰ ਸੁਣਦਿਆਂ ਐਸਾ ਗੁਆਚਾਂ,
ਕਹੀਂ ਤੂੰ ਫੇਰ ਮੈਨੂੰ, ਕੀ ਕਿਹਾ ਹੈ।

ਕਿਸੇ ਦੀ ਪੀੜ ਨਾ ਖ਼ੁਸ਼ੀਆਂ ’ਚ ਸ਼ਾਮਿਲ,
ਇਹ ਲੋਚੀ ਕਿਸ ਤਰ੍ਹਾਂ ਦਾ ਹੋ ਗਿਆ ਹੈ।
* * *
ਘਰਾਂ ਦਾ ਸ਼ੋਰ ਸੁਣ ਕੇ ਡਰਦੀਆਂ ਨੇ।
ਇਹ ਕੰਧਾਂ ਜਿਉਂਦੀਆਂ ਨਾ ਮਰਦੀਆਂ ਨੇ।

ਕਦੇ ਇਨ੍ਹਾਂ ਦੀ ਵੀ ਸੁਣ ਪੀੜ ਬਹਿਕੇ,
ਇਹ ਦੀਵਾਰਾਂ ਵੀ ਗੱਲਾਂ ਕਰਦੀਆਂ ਨੇ।

ਅਸਾਡੇ ਵਾਸਤੇ ਹੀ ਪਿੰਜਰੇ ਕਿਉਂ?
ਇਹ ਚਿੜੀਆਂ ਰੋਜ਼ ਹੌਕੇ ਭਰਦੀਆਂ ਨੇ।

ਤੂੰ ਅਪਣੀ ਅੱਖ ਮੈਲੀ ਨੂੰ ਹਟਾ ਲੈ,
ਨਦੀ ’ਚੋਂ ਨੀਰ ਧੀਆਂ ਭਰਦੀਆਂ ਨੇ।

ਇਨ੍ਹਾਂ ਤੋਂ ਆਸ ਤਾਂ ਇਨਸਾਫ਼ ਦੀ ਸੀ,
ਜਬਰ ਦਾ ਨਾਮ ਹੀ ਕਿਉਂ ਵਰਦੀਆਂ ਨੇ।

ਤੇਰੇ ਲੇਖਾਂ ’ਤੇ ਲੋਚੀ ਰਸ਼ਕ ਆਉਂਦੈ,
ਕਿ ਗ਼ਜ਼ਲਾਂ ਪਿਆਰ ਤੈਨੂੰ ਕਰਦੀਆਂ ਨੇ।
* * *
ਸਜ਼ਾ ਕੈਸੀ ਮਿਲੀ ਇਹ ਸੋਚਦਾ ਹਾਂ।
ਮੈਂ ਖ਼ੁਦ ਤੋਂ ਹੀ ਬੇਗਾਨਾ ਹੋ ਰਿਹਾ ਹਾਂ।

ਮਖੌਟਾ ਹੀ ਨਜ਼ਰ ਚਿਹਰੇ ’ਤੇ ਆਵੇ,
ਹਜ਼ਾਰਾਂ ਵਾਰ ਸ਼ੀਸ਼ਾ ਵੇਖਦਾ ਹਾਂ।

ਖ਼ੁਦਾ ਉਸਨੂੰ ਵੀ ਅੰਬਰ ਬਖ਼ਸ਼ ਦੇਵੇ,
ਮੈਂ ਜਿਸਦੀ ਅੱਖ ਦੇ ਵਿੱਚ ਰੜਕਦਾ ਹਾਂ।

ਜਿਉਂਦੇ ਹੋਣ ਦਾ ਅਹਿਸਾਸ ਹੁੰਦੈ,
ਮੈਂ ਦਿਲ ਦੇ ਬੂਹੇ ਖੁੱਲ੍ਹੇ ਰੱਖਦਾ ਹਾਂ।

ਮੇਰੇ ਅੰਦਰ ਹੈ ਸ਼ਬਦਾਂ ਦਾ ਕਬੀਲਾ,
ਮੈਂ ਅਪਣੇ ਆਪ ਵਿੱਚ ਹੀ ਕਾਫ਼ਲਾ ਹਾਂ।

ਕਿਤੇ ਮਿੱਟੀ ਨਾ ਮੈਨੂੰ ਭੁੱਲ ਜਾਵੇ,
ਮੈਂ ਅਪਣੀ ਮਾਂ ਦੀ ਬੋਲੀ ਬੋਲਦਾ ਹਾਂ।

ਮੇਰੇ ਅੰਦਰ ਵੀ ਹੈ ਲੋਚੀ ਜਿਹਾ ਕੁਝ,
ਮੈਂ ਵੈਰੀ ਦੇ ਵੀ ਸੀਨੇ ਧੜਕਦਾ ਹਾਂ।
ਸੰਪਰਕ: 98142-53315

ਮੇਰਾ ਦੇਸ਼ ਗੁਰੂਕੁਲ

ਸਰਬਜੀਤ ਕੌਰ ਜੱਸ

ਸਰਬਜੀਤ ਕੌਰ ਜੱਸ

ਮੇਰਾ ਦੇਸ਼ ਗੁਰੂਕੁਲ ਬਣ ਗਿਆ
ਹੁਣ ਅਸੀਂ ਸਾਰੇ ਦੇਸ਼ ਵਾਸੀ
ਇਕ ਹੀ ਰੰਗ ਦੀ ਵਰਦੀ ਪਾਵਾਂਗੇ

ਗੁਰੂ ਦਾ ਆਦੇਸ਼ ਹੈ
ਬਿਨ ਵਰਦੀ ਸ਼ਿਸ਼ ਦਾ ਪਹਿਚਾਣ ਪੱਤਰ
ਰੱਦ ਕਰ ਦਿੱਤਾ ਜਾਵੇਗਾ
ਜਿਹੜਾ ਵਿਦਿਆਰਥੀ ਜ਼ਿਆਦਾ ਬੋਲੇਗਾ
ਅਨੁਸ਼ਾਸਨ ਭੰਗ ਕਰੇਗਾ
ਅਧਿਆਪਕ ਨੂੰ ਬਿਨਾਂ ਵਜ੍ਹਾ
ਸਵਾਲ ਕਰੇਗਾ
ਉਸ ਦਾ ਕਰ ਦਿੱਤਾ ਜਾਵੇਗਾ ਮੂੰਹ ਕਾਲਾ

ਫ਼ੈਸਲਾ ਹੈ
ਪ੍ਰਬੰਧਕੀ ਕਮੇਟੀ ਦਾ
ਕਿ ਵਿਗਿਆਨ ਮਿਥਿਹਾਸ ਦੀ ਪ੍ਰਯੋਗਸ਼ਾਲਾ
’ਚ ਪੜ੍ਹਾਇਆ ਜਾਵੇਗਾ
ਗਣਿਤ ਦੇ ਸਵਾਲ
ਸ਼ਤਰੰਜ ਦੇ ਮੋਹਰੇ ਸਮਝਾਉਣਗੇ
ਸਮਾਜ ਸ਼ਾਸਤਰ ਦਾ ਉਦੇਸ਼
ਨਿੱਕੇ-ਨਿੱਕੇ ਨਦੀਆਂ-ਨਾਲਿਆਂ
ਦਾ ਵੱਡੇ ਸਮੁੰਦਰ ’ਚ ਰਲ ਕੇ
ਖ਼ੁਦ ਨੂੰ ਮਿਟਾ ਦੇਣਾ ਮੰਨਿਆ ਜਾਵੇਗਾ
ਰਾਜਨੀਤੀ ਦੇ ਘੰਟੇ ’ਚ
ਧਰਮ ਪੜ੍ਹਾਇਆ ਜਾਵੇਗਾ
ਬਿਲਕੁਲ ਨਿਵੇਕਲੇ ਅੰਦਾਜ਼ ਨਾਲ ਪੜ੍ਹਾਈ ਜਾਵੇਗੀ
ਇਤਿਹਾਸ ਦੀ ਕਿਤਾਬ
ਅੱਗੋਂ ਨਹੀਂ
ਪਿੱਛੋਂ ਖੋਲ੍ਹੀ ਜਾਵੇਗੀ
ਆਖ਼ਰੀ ਅਧਿਆਇ ਤੋਂ
ਪਹਿਲੇ ਅਧਿਆਇ ਤੱਕ ਪਹੁੰਚਿਆ ਜਾਵੇਗਾ

ਕਲਾ ਦੇ ਅਧਿਆਪਕ ਦੀ ਕਲਾ ਬੋਲਦੀ ਹੈ-
ਮੂਰਤੀਆਂ ਬਣਾਉਣ ਦੇ ਸ਼ੌਕੀਨੋ
ਗਿਆਨ ਇੰਦਰੀਆਂ ਤੋਂ ਮੁਕਤ ਮੂਰਤੀਆਂ ਬਣਾਓ
ਚਿੱਤਰ ਵਾਹੁਣ ਦੇ ਸ਼ੌਕੀਨੋ
ਹਰ ਚਿੱਤਰ ਵਿਚ
ਇਕ ਹੀ ਰੰਗ ਭਰੋ
ਸਾਹਿਤ ਰਚਣ ਦੇ ਸ਼ੌਕੀਨੋ
ਕਲਮ ਨੂੰ ਤਲਵਾਰ ਹਰਗਿਜ਼ ਨਾ ਕਹੋ
ਜਿਵੇਂ ਰਾਜੇ ਦੇ ਬਿਮਾਰ ਪੁੱਤ ਲਈ
ਕਿਸੇ ਹਿੰਮਤੀ ਨੇ ਲਿਆਂਦਾ ਸੀ ਸ਼ੇਰਨੀ ਦਾ ਦੁੱਧ
ਬਿਲਕੁਲ ਉਸੇ ਤਰ੍ਹਾਂ ਲੱਭੋ
ਕੋਈ ਕਰਤਾਰੀ ਕਲਮ
ਜਿਸ ਦੀ ਸਿਆਹੀ
ਪੜ੍ਹਾਕੂਆਂ ਦੇ ਦਿਮਾਗ਼ ’ਚ
ਸੰਜੀਵਨੀ ਬੂਟੀ ਜਿਹਾ ਛਿੜਕਾਅ ਕਰੇ
ਕਿ ਮਰ ਜਾਣ
ਉਨ੍ਹਾਂ ਦੀ ਸੰਸਕ੍ਰਿਤੀ,
ਪਛਾਣ ਤੇ ਮੂਲ ਦੇ ਕਿਟਾਣੂ
ਤੇ ਉਹ ਨਿਰੋਲ
ਗੁਰੂਕੁਲ ਦੇ ਸ਼ਿਸ਼ ਬਣਕੇ ਰਹਿ ਜਾਣ
ਕਦਾਚਿਤ ਪਿਛਾਂਹ ਮੁੜ ਕੇ ਨਾ ਵੇਖਣ ਘਰਾਂ ਵੱਲ
ਰੁੱਖ ਦੀ ਜੜ੍ਹ ਨਾਲ
ਮੁਹੱਬਤ ਮਰ ਜਾਵੇ

ਸਵੇਰ ਦੀ ਸਭਾ ਵਿਚ
ਰੋਜ਼ ਹੁੰਦਾ ਹੈ ਐਲਾਨ-
ਵਿਚਾਰਾਂ ਦਾ ਮੁੰਡਨ ਕਰਵਾ ਦਿਓ
ਸੋਚ ਵਿਚਲੀ ਸਮੱਗਰੀ
ਹਵਨ-ਭੇਂਟ ਕਰ ਦਿਓ
ਗੁਰੂ-ਦਕਸ਼ਣਾ ’ਚ ਦੇ ਦਿਓ
ਆਪਣੀਆਂ ਜੀਭਾਂ
ਨਜ਼ਰੀਏ ਦੇ ਡੇਲੇ ਕੱਢ ਕੇ
ਗੁਰੂ ਦੇ ਚਰਨਾਂ ’ਚ ਧਰ ਦਿਓ
ਤੇ ਪੂਰੇ ਸੱਠ ਮਹੀਨੇ
ਅੱਖਾਂ ਮੁੰਦ ਕੇ ਸੁਣੋ
ਮੰਤਰਾਂ ਦਾ ਜਾਪ
ਤਾਂ ਹੀ ਮਿਲੇਗਾ
ਇਸ ਵਿਲੱਖਣ ਗੁਰੂਕੁਲ ’ਚੋਂ
ਪਹਿਲੇ ਦਰਜੇ ਵਿਚ
ਪਾਸ ਹੋਣ ਦਾ ਸਰਟੀਫਿਕੇਟ
ਤੇ ਮੁਕਤੀ ਦੀ ਡਿਗਰੀ ਵੀ…

ਮੇਰਾ ਦੇਸ਼ ਇਕ ਵਿਲੱਖਣ ਗੁਰੂਕੁਲ ਬਣ ਗਿਆ।
ਸੰਪਰਕ: 95014-85511


Comments Off on ਕਾਵਿ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.