ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਕਾਵਿ ਕਿਆਰੀ

Posted On September - 1 - 2019

ਪ੍ਰੋ. ਕੁਲਵੰਤ ਔਜਲਾ

ਧੀਆਂ ਦਾ ਨਸੀਬ
ਪ੍ਰੋ. ਕੁਲਵੰਤ ਔਜਲਾ

ਕਿਹੜੇ ਘਰ ਜੰਮਣਾ ਤੇ ਕਿਹੜੇ ਮੁੱਕ ਜਾਵਣਾ
ਧੀਆਂ ਦਾ ਨਸੀਬ ਬਸ ਹਿਜਰ ਕਮਾਵਣਾ।

ਪੇਕਿਆਂ ਦੀ ਮੌਜ ਤੇ ਬਹਾਰ ਭੁੱਲ ਹੁੰਦੀ ਨਹੀਂ
ਕੂੰਜਾਂ ਪਰਦੇਸਣਾਂ ਦੀ ਡਾਰ ਭੁੱਲ ਹੁੰਦੀ ਨਹੀਂ
ਪੇਕਿਆਂ ਦਾ ਮੋਹ ਤਾਉਮਰ ਪੁਗਾਵਣਾ
ਧੀਆਂ ਦਾ ਨਸੀਬ ਬਸ ਹਿਜਰ ਕਮਾਵਣਾ।

ਅੰਮੜੀ ਦਾ ਫ਼ਿਕਰ ਤੇ ਫ਼ਿਰਾਕ ਰਹਿੰਦੇ ਧੜਕਦੇ
ਸੀ ਜੋ ਬਿਤਾਏ ਦਿਨ ਪਾਕ ਰਹਿੰਦੇ ਧੜਕਦੇ
ਦਾਜ ਦੇ ਬਹਾਨੇ ਸੂਹੇ ਸੁਪਨੇ ਸਜਾਵਣਾ
ਧੀਆਂ ਦਾ ਨਸੀਬ ਬਸ ਹਿਜਰ ਕਮਾਵਣਾ।

ਪੇਕੇ ਪਿੰਡ ਜਾਣ ਦਾ ਬਹਾਨਾ ਜਿਹਾ ਲੱਭਦੀਆਂ
ਯਾਦਾਂ ’ਚ ਸਮੋਇਆ ਅਫ਼ਸਾਨਾ ਜਿਹਾ ਲੱਭਦੀਆਂ
ਨਿੱਕਿਆਂ ਤੇ ਵੱਡਿਆਂ ਨੂੰ ਮਿਲਣਾ ਮਿਲਾਵਣਾ
ਧੀਆਂ ਦਾ ਨਸੀਬ ਬਸ ਹਿਜਰ ਕਮਾਵਣਾ।

ਕਿੰਨਾ ਕੁਝ ਛੱਡ ਆਉਣ ਬਾਬਲੇ ਦੀ ਜੂਹ ’ਚ
ਕਿੰਨਾ ਕੁਝ ਸਾਂਭ ਲੈਣ ਨਿੱਕੀ ਜਿਹੀ ਰੂਹ ’ਚ
ਮਾਪਿਆਂ ਦਾ ਦਿੱਤਾ ਧੀਆਂ ਭੋਰ ਭੋਰ ਖਾਵਣਾ
ਧੀਆਂ ਦਾ ਨਸੀਬ ਬਸ ਹਿਜਰ ਕਮਾਵਣਾ।

ਪੇਕਿਆਂ ਦੀ ਖ਼ੈਰ ਸੁੱਖ ਮੰਗਣ ਧਿਆਣੀਆਂ
ਮੰਦਾ ਬੋਲ ਬੋਲਣੇ ਤੋਂ ਸੰਗਣ ਧਿਆਣੀਆਂ
ਹੌਲੀ ਹੌਲੀ ਸਿੱਖ ਲੈਣ ਨਿਭਣਾ ਨਿਭਾਵਣਾ
ਧੀਆਂ ਦਾ ਨਸੀਬ ਹੁੰਦਾ ਹਿਜਰ ਕਮਾਵਣਾ।

ਧੀਆਂ ਬਿਨ ਜੱਗ ਦਾ ਵਿਹਾਰ ਨਹੀਉਂ ਚਲਦਾ
ਘਰਾਂ ਦਾ ਘਰੇਲੂ ਕਾਰੋਬਾਰ ਨਹੀਉਂ ਚਲਦਾ
ਔਖਾ ਹੁੰਦਾ ਨਵੇਂ ਘਰ ਖ਼ੁਦ ਨੂੰ ਉਗਾਵਣਾ
ਧੀਆਂ ਦਾ ਨਸੀਬ ਹੁੰਦਾ ਬਸ ਹਿਜਰ ਕਮਾਵਣਾ।

ਸੰਪਰਕ: 84377-88856

ਪ੍ਰਿੰ. ਨਵਰਾਹੀ ਘੁਗਿਆਣਵੀ

ਦੋਹੇ
ਪ੍ਰਿੰ. ਨਵਰਾਹੀ ਘੁਗਿਆਣਵੀ

ਹਰ ਕੰਮ ਦੇ ਲਈ ਕਰੋ ਨਾ, ਸਰਕਾਰਾਂ ਤੋਂ ਆਸ।
ਏਸ ਤਰ੍ਹਾਂ ਬਣ ਜਾਉਗੇ, ਬੇਰਹਿਮਾਂ ਦੇ ਦਾਸ।

ਆਪਣਾ ਕਾਰਜ ਆਪ ਸਵਾਰੋ, ਹਿੰਮਤ ਕਦੇ ਨਾ ਹਾਰੋ!
ਦੂਸਰਿਆਂ ’ਤੇ ਨਿਰਭਰ ਨਾ ਹੋ, ਹੋਸ਼ ਕਰੋ, ਬਲ ਧਾਰੋ!

ਮੰਗਤੇ ਦਾ ਸਤਿਕਾਰ ਨਾ ਕਾਈ, ਵਿਹਲੇ ਨੂੰ ਫਿਟਕਾਰਾਂ।
ਸੁੱਚੀ ਕਿਰਤ ’ਚੋਂ ਪੈਦਾ ਹੋਵਣ, ਮੌਜਾਂ, ਮਸਤ ਬਹਾਰਾਂ।

ਹਰ ਵਿਗਿਆਨੀ ਯੋਧਾ ਹੈ ਜੋ ਸੁਖ ਦੇ ਸਾਧਨ ਲੱਭੇ।
ਦੂਜੇ ਬੰਨੇ ਮਹਾਂ ਆਲਸੀ, ਝਾਕੇ ਸੱਜੇ ਖੱਬੇ।

ਮਾਨਵਤਾ ਦੇ ਭਲੇ ਵਾਸਤੇ, ਹੋਵੇ ਹਰ ਉਪਰਾਲਾ।
ਹੋ ਸਕਦਾ ਹੈ ਸੰਭਵ ਤਾਂ ਹੀ, ਸੁਹਣਾ ਸੁਰਖ਼ ਉਜਾਲਾ।

‘ਨਵਰਾਹੀ’ ਵਿਸ਼ਵਾਸ ਪਕੇਰੇ, ਹੱਲ ਕਰੇਂਦੇ ਮਸਲੇ।
ਪਰਖੇ ਜਾਣ ਮੁਸੀਬਤ ਵੇਲੇ, ਖਾਨਦਾਨੀਆਂ, ਅਸਲੇ।

ਸੰਪਰਕ: 98150-02302

ਸਵਾਲ
ਸੁਰਜੀਤ ਭਗਤ

ਮਾਪਿਆਂ
ਬੇਗਾਨੀਆਂ ਦੱਸ ਕੇ,
ਪਰਾਈ ਅਮਾਨਤ ਕਹਿ ਕੇ,
ਪਾਲਿਆ,
ਪੜ੍ਹਾਇਆ ਤੇ
ਤੋਰ ਦਿੱਤਾ ‘ਅਪਣੇ ਘਰ।’
ਆਪਣੀ ਤਾਂ ਸਮਝਿਆ ਹੀ ਨਹੀਂ ਕਦੇ ਕਿਸੇ।
ਹੁਣ
ਇਸ ‘ਆਪਣੇ ਘਰ’ ’ਚ ਵੀ ਤਾਂ
ਕਿਹੜਾ ਅਸੀਂ ਕਿਸੇ ਦੀਆਂ ਵਾਂ?
ਔਟਲੀਆਂ ਹੋਈਆਂ ਹਾਂ ਅਸੀਂ,
ਮੁੱਢ ਕਦੀਮ ਤੋਂ ਹੀ।
ਕੋਈ ਦੱਸੇ ਤਾਂ ਸਹੀ,
ਸਾਡਾ ਘਰ
ਹੈ ਕਿਹੜਾ?

ਸੰਪਰਕ: 94172-07477


Comments Off on ਕਾਵਿ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.