ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਸਵਾਮੀ ਨੇ ਪੁਰਾਣਾ ਰਿਕਾਰਡ ਕੱਢ ਕਾਂਗਰਸ ’ਤੇ ਨਿਸ਼ਾਨਾ ਸਾਧਿਆ !    ਨਾਗਰਿਕਤਾ ਬਿੱਲ ਦਾ ਡੇਢ ਕਰੋੜ ਲੋਕਾਂ ਨੂੰ ਲਾਭ ਹੋਵੇਗਾ: ਸੰਘ !    ਹਾਈਪਰਲੂਪ ਪ੍ਰਾਜੈਕਟ ਬਾਰੇ ਊਧਵ ਨਾਲ ਮੁਲਾਕਾਤ ਕਰਨਗੇ ਬ੍ਰੈਨਸਨ !    ਵਕੀਲਾਂ ਵੱਲੋਂ ਲਾਹੌਰ ਦੇ ਹਸਪਤਾਲ ’ਚ ਭੰਨਤੋੜ, ਪੰਜ ਮਰੀਜ਼ਾਂ ਦੀ ਮੌਤ !    ਪਾਕਿ ਅਦਾਲਤ ਵੱਲੋਂ ਹਾਫ਼ਿਜ਼ ਸਈਦ ਖ਼ਿਲਾਫ਼ ਦੋਸ਼ ਆਇਦ !    

ਕਾਲੇ ਰੀਠੇ ਦੇ ਲੜ ਲਾ ’ਤੀ…

Posted On September - 7 - 2019

ਡਾ. ਬਲਵਿੰਦਰ ਸਿੰਘ ਲੱਖੇਵਾਲੀ

ਇਕ ਹਾਰੇ ਦੀ ਮਿੱਟੀ
ਇਕ ਚੁੱਲ੍ਹੇ ਦੀ ਮਿੱਟੀ
ਕਾਲੇ ਰੀਠੇ ਦੇ ਲੜ ਲਾ ’ਤੀ ਨੀ ਮੈਂ ਚਾਨਣ ਦੀ ਟਿੱਕੀ…
ਰੀਠੇ ਦਾ ਰੁੱਖ ਸਾਡੇ ਨਾਲ ਸਾਹਿਤ-ਸੱਭਿਆਚਾਰ, ਧਾਰਮਿਕ, ਵੈਦਿਕ ਅਤੇ ਹੋਰਨਾਂ ਕਈ ਪੱਖਾਂ ਤੋਂ ਗੂੜ੍ਹੀ ਸਾਂਝ ਰੱਖਦਾ ਹੈ। ਉਪਰੋਕਤ ਲੋਕ ਬੋਲੀ ਵਿਚ ਪੱਕੇ ਰੰਗ ਦੇ ਮੁੰਡੇ ਦੀ ਤੁਲਨਾ ਕਾਲੇ ਰੀਠੇ ਅਤੇ ਸਨੁੱਖੀ ਕੁੜੀ ਦੀ ਤੁਲਨਾ ਚਾਨਣ ਦੀ ਟਿੱਕੀ ਨਾਲ ਕੀਤੀ ਗਈ ਹੈ। ਸਮੇਂ ਦੇ ਚੱਲਦਿਆਂ ਅਸੀਂ ਤਰੱਕੀ ਦੀ ਪੌੜੀ ਤਾਂ ਚੜ੍ਹਦੇ ਗਏ, ਪਰ ਕੁਦਰਤੀ ਨਿਆਮਤਾਂ ਤੋਂ ਦੂਰ ਹੋ ਗਏ ਹਾਂ, ਜਿਸ ਦੇ ਫਲਸਰੂਪ ਅੱਜ ਰੀਠੇ ਵਰਗੇ ਗੁਣਕਾਰੀ ਰੁੱਖ-ਪੌਦੇ ਹੌਲੀ-ਹੌਲੀ ਸਾਡੀ ਜ਼ਿੰਦਗੀ ਵਿਚੋਂ ਮੁਨਫੀ ਹੁੰਦੇ ਜਾ ਰਹੇ ਹਨ। ਸਾਡੇ ਵੱਡ-ਵਡੇਰੇ ਜਾਂ ਖ਼ਾਸ ਕਰ ਗੁਰੂ-ਪੀਰਾਂ ਦਾ ਸਬੰਧ ਰੁੱਖਾਂ-ਪੌਦਿਆਂ ਨਾਲ ਬਹੁਤ ਹੀ ਨੇੜਲਾ ਰਿਹਾ, ਜਿਸ ਦੀਆਂ ਅਨੇਕਾਂ ਉਦਾਹਰਨਾਂ ਵੇਖਣ ਨੂੰ ਮਿਲਦੀਆਂ ਹਨ।
ਰੀਠੇ ਦਾ ਨਾਮ ਲੈਂਦਿਆਂ ਹੀ ਸਭ ਤੋਂ ਪਹਿਲਾਂ ਸਾਡੇ ਜ਼ਿਹਨ ਵਿਚ ਗੁਰਦੁਆਰਾ ‘ਰੀਠਾ ਸਾਹਿਬ’ ਆਉਂਦਾ ਹੈ ਜੋ ਕਿ ਯੂ.ਪੀ. ਵਿਚ ਨੈਨੀਤਾਲ ਦੇ ਜ਼ਿਲ੍ਹੇ ਨਾਨਕਮਤੇ ਤੋਂ ਕੁਝ ਮੀਲ ਦੂਰੀ ’ਤੇ ਸਥਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭੁੱਖ ਨਾਲ ਵਿਆਕੁਲ ਮਰਦਾਨੇ ਨੂੰ ਜੰਗਲ ਵਿਚ ਰੀਠੇ ਦੇ ਰੁੱਖ ਤੋਂ ਰੀਠੇ ਤੋੜ ਕੇ ਖਾਣ ਦਾ ਆਦੇਸ਼ ਦਿੱਤਾ ਸੀ। ਆਮ ਹਾਲਤਾਂ ਵਿਚ ਕੌੜੇ ਫ਼ਲ ਜਦੋਂ ਮਰਦਾਨੇ ਨੇ ਖਾਧੇ ਤਾਂ ਉਹ ਮਿੱਠੇ ਸਨ। ਇਨ੍ਹਾਂ ਮਿੱਠੇ ਰੀਠਿਆਂ ਦਾ ਜ਼ਿਕਰ ਭਾਈ ਕਾਨ੍ਹ ਸਿੰਘ ਨਾਭਾ ਅਤੇ ਹੋਰਨਾਂ ਕਈ ਇਤਿਹਾਕਾਰਾਂ ਦੀਆਂ ਲਿਖਤਾਂ ਵਿਚ ਵੇਖਣ ਨੂੰ ਮਿਲਦਾ ਹੈ। ਸਿੱਖ ਇਤਿਹਾਸ ਵਿਚ ਗੁਰਦੁਆਰਾ ਰੀਠਾ ਸਾਹਿਬ ਦਾ ਅਹਿਮ ਸਥਾਨ ਹੈ ਤੇ ਲੋਕ ਮਿੱਠੇ ਰੀਠਿਆਂ ਨੂੰ ਪ੍ਰਸ਼ਾਦ ਦੇ ਰੂਪ ਵਿਚ ਲਿਆਉਂਦੇ ਹਨ।

ਡਾ. ਬਲਵਿੰਦਰ ਸਿੰਘ ਲੱਖੇਵਾਲੀ

ਉੱਤਰੀ ਭਾਰਤ ਦੇ ਅਨੇਕਾਂ ਪ੍ਰਦੇਸ਼ਾਂ, ਹਿਮਾਲਿਆਂ ਦੀਆਂ ਨੀਵੀਆਂ ਪਹਾੜੀਆਂ ਵਿਚ ਪਾਏ ਜਾਣ ਵਾਲੇ ਇਸ ਰੁੱਖ ਦਾ ਮੂਲ ਸਥਾਨ ਚੀਨ ਮੰਨਿਆ ਜਾਂਦਾ ਹੈ। ਸਮੁੱਚੇ ਵਿਸ਼ਵ ਵਿਚ ਇਸ ਨੂੰ ‘ਸੋਪਨਟ ਰੁੱਖ’ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਦਰਅਸਲ, ਰੀਠੇ ਦੇ ਫ਼ਲਾਂ ਵਿਚ ‘ਸੈਪੋਨਿਨ’ ਨਾਮੀਂ ਇਕ ਰਸਾਇਣ ਹੁੰਦਾ ਹੈ ਜੋ ਸਾਬਣ ਜਾਂ ਹੋਰਨਾਂ ਧੁਆਈ ਵਾਲੇ ਪਦਾਰਥਾਂ ਵਿਚ ਵਰਤਿਆ ਜਾਂਦਾ ਹੈ। ਪਿਛਲੇ ਕੁਝ ਸਾਲਾਂ ਵਿਚ ਕੁਦਰਤੀ ਉਤਪਾਦਾਂ ਦੀ ਮੰਗ ਵਿਸ਼ਵ ਮੰਡੀ ਵਿਚ ਵਧਣ ਸਦਕਾ ਕਈ ਕੰਪਨੀਆਂ ਭਾਰਤ ਤੋਂ ਰੀਠੇ ਦੇ ਫ਼ਲਾਂ ਤੋਂ ਤਿਆਰ ਉਤਪਾਦ ਵਿਦੇਸ਼ਾਂ ਵਿਚ ਭੇਜ ਰਹੀਆਂ ਹਨ।
ਦਰਮਿਆਨੇ ਜਿਹੇ ਕੱਦ ਦੇ ਇਸ ਪੱਤਝੜੀ ਰੁੱਖ ਦੀ ਥੋੜ੍ਹੀ-ਥੋੜ੍ਹੀ ਦਿੱਖ ਤੁਣ ਦੇ ਰੁੱਖ ਵਰਗੀ ਹੁੰਦੀ ਹੈ, ਜੋ ਸਰਦ ਰੁੱਤ ਦੌਰਾਨ ਪੱਤੇ ਝਾੜ ਦਿੰਦਾ ਹੈ, ਮਾਰਚ-ਅਪਰੈਲ ਵਿਚ ਦੁਬਾਰਾ ਭਰ ਜਾਂਦਾ ਹੈ। ਮਈ-ਜੂਨ ਦੌਰਾਨ ਹਰੀ ਸਫ਼ੈਦ ਭਾਅ ਮਾਰਦੇ ਫੁੱਲ ਰੁੱਖ ਉੱਪਰ ਵਿਖਾਈ ਦਿੰਦੇ ਹਨ, ਜੋ ਨਵੰਬਰ-ਦਸੰਬਰ ਤਕ ਗੋਲਾਕਾਰ ਜਿਹੇ ਫ਼ਲਾਂ ਵਿਚ ਤਬਦੀਲ ਹੋ ਜਾਂਦੇ ਹਨ। ਭੂਰੇ-ਕਾਲੇ ਰੰਗ ਦੇ ਗੁੱਛਿਆਂ ਵਿਚ ਲੱਗੇ ਫ਼ਲ ਅੰਦਾਜ਼ਨ ਦੋ ਮਹੀਨੇ ਲਟਕਦੇ ਵਿਖਾਈ ਦਿੰਦੇ ਹਨ। ਰੀਠੇ ਦੇ ਫ਼ਲ ਵਿਚ 2-3 ਬੀਜ ਪਾਏ ਜਾਂਦੇ ਹਨ, ਜੋ ਅਨੁਕੂਲ ਹਾਲਤਾਂ ਵਿਚ ਜ਼ਮੀਨ ’ਤੇ ਕਿਰ ਕੇ ਆਪਣੇ ਆਪ ਵੀ ਪੁੰਗਰ ਆਉਣ ਦੀ ਸਮਰੱਥਾ ਰੱਖਦੇ ਹਨ।
ਪੁਰਾਤਨ ਵੇਲਿਆਂ ਵਿਚ ਵੰਨ-ਸੁਵੰਨੇ ਸ਼ੈਂਪੂ ਤੇ ਸਾਬਣ ਨਹੀਂ ਹੁੰਦੇ ਸਨ, ਲੋਕ ਸਿਰ ਅਤੇ ਕੱਪੜੇ ਆਦਿ ਧੌਣ ਲਈ ਰੀਠੇ ਦੀ ਵਰਤੋਂ ਕਰਦੇ ਸਨ, ਜੋ ਆਮ ਸਾਬਣ ਨਾਲੋਂ ਬਿਹਤਰ ਮੈਲ ਦੂਰ ਕਰ ਦਿੰਦੇ ਸਨ। ਅਜੋਕੇ ਯੁੱਗ ਵਿਚ ਵੀ ਨਾਮੀਂ ਕੰਪਨੀਆਂ ਸਾਬਣ, ਡਿਟਰਜੈਂਟ, ਸ਼ੈਂਪੂ ਆਦਿ ਬਣਾਉਣ ਲਈ ਰੀਠੇ ਵਿਚ ਮੌਜੂਦ ਸੈਪੋਨਿਨ ਦੀ ਵਰਤੋਂ ਕਰਦੀਆਂ ਹਨ। ਬੀਜਾਂ ਵਿਚੋਂ ਨਿਕਲਦਾ ਤੇਲ ਵੀ ਸਾਬਣ ਉਦਯੋਗ ਵਿਚ ਵਰਤਿਆ ਜਾਂਦਾ ਹੈ।
ਰੀਠੇ ਦੇ ਵੈਦਿਕ ਗੁਣ ਵੀ ਅਨੇਕਾਂ ਹਨ, ਜੋ ਆਯੁਰਵੈਦਿਕ ਪ੍ਰਣਾਲੀ ਵਿਚ ਖ਼ੂਬ ਵਰਤੋਂ ਵਿਚ ਲਿਆਏ ਜਾਂਦੇ ਹਨ। ਮੁੱਖ ਰੂਪ ਵਿਚ ਬਿਮਾਰੀਆਂ ਸਬੰਧੀ ਗੱਲ ਕਰੀਏ ਤਾਂ ਇਹ ਮਿਰਗੀ, ਕਫ਼, ਵਾਲਾਂ ਦੇ ਰੋਗ, ਬਵਾਸੀਰ, ਪੇਟ ਰੋਗ, ਔਰਤਾਂ ਦੇ ਗੁਪਤ ਰੋਗ, ਫੁਲਵਹਿਰੀ, ਅੱਖਾਂ ਦੀਆਂ ਬਿਮਾਰੀਆਂ ਆਦਿ ਦੇ ਇਲਾਜ ਲਈ ਵਰਤੇ ਜਾਂਦੇ ਹਨ। ਪੁਰਾਣੇ ਵੇਲਿਆਂ ਵਿਚ ਦਾਈਆਂ ਅਣਚਾਹੇ ਗਰਭ ਡੇਗਣ ਲਈ ਰੀਠੇ ਦੀ ਵਰਤੋਂ ਕਰਦੀਆਂ ਸਨ। ਰੀਠੇ ਨੂੰ ਸੱਪ ਜਾਂ ਬਿੱਛੂ ਦੇ ਜ਼ਹਿਰੀਲੇ ਡੰਗ ਵਾਲੇ ਸਥਾਨ ’ਤੇ ਵਰਤਿਆ ਜਾਂਦਾ ਰਿਹਾ ਹੈ।
ਕੁੱਲ ਮਿਲਾ ਕੇ ਰੀਠਾ ਸਾਡੀ ਮਨੁੱਖੀ ਜ਼ਿੰਦਗੀ ਲਈ ਲਾਭਕਾਰੀ ਸਿੱਧ ਹੁੰਦਾ ਹੈ। ਬਸ਼ਰਤੇ, ਅਸੀਂ ਇਸ ਬਾਰੇ ਗਿਆਨ ਰੱਖਦੇ ਹੋਈਏ ਅਤੇ ਸਾਡੀ ਸੋਚ ਕੁਦਰਤ ਪੱਖੀ ਹੋਵੇ। ਤਰੱਕੀ ਦੀ ਪੌੜੀ ਚੜ੍ਹਨਾ ਸਮੇਂ ਦੀ ਲੋੜ ਹੈ, ਪਰ ਇਸ ਪੌੜੀ ਦੇ ਟੰਬੇ ਚੜ੍ਹਦਿਆਂ ਕੁਦਰਤ ਤੋਂ ਦੂਰ ਹੋਣਾ ਚੰਗੀ ਗੱਲ ਨਹੀਂ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਰੱਖਿਅਤ ਭਵਿੱਖ ਲਈ ਕੁਦਰਤ ਦੀਆਂ ਬਖ਼ਸ਼ੀਆਂ ਨਿਆਮਤਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ।

ਸੰਪਰਕ: 98142-39041


Comments Off on ਕਾਲੇ ਰੀਠੇ ਦੇ ਲੜ ਲਾ ’ਤੀ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.