ਆਈਸੀਐੱਮਆਰ ਦੇ ਸੀਨੀਅਰ ਵਿਗਿਆਨੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ !    ਸਿਰਸਾ ਵਿੱਚ ਕਰੋਨਾ ਦੇ 28 ਨਵੇਂ ਕੇਸ ਸਾਹਮਣੇ ਆਉਣ ਨਾਲ ਦਹਿਸ਼ਤ !    ਕੇਜਰੀਵਾਲ ਵੱਲੋਂ ਦਿੱਲੀ ਦੀਆਂ ਹੱਦਾਂ ਸੀਲ ਕਰਨ ਦਾ ਐਲਾਨ !    ਨੌਸ਼ਹਿਰਾ ਸੈਕਟਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਦਹਿਸ਼ਤਗਰਦ ਹਲਾਕ !    ਨਾਰਕੋ ਟੈਰਰ ਮਾਡਿਊਲ ਦਾ ਪਰਦਾਫਾਸ਼, ਜੈਸ਼ ਦੇ 6 ਮੈਂਬਰ ਗ੍ਰਿਫ਼ਤਾਰ !    ਕਰੋਨਾ ਨਾਲ 5934 ਮੌਤਾਂ, ਭਾਰਤ ਨੌਵੇਂ ਤੋਂ ਸੱਤਵੇਂ ਸਥਾਨ ’ਤੇ ਪੁੱਜਾ !    ਸੰਗੀਤਕਾਰ ਵਾਜਿਦ ਖ਼ਾਨ ਦੀ ਕਰੋਨਾ ਨਾਲ ਮੌਤ !    ਕਰੋਨਾ: ਪਟਿਆਲਾ ’ਚ ਆਸ਼ਾ ਵਰਕਰ ਸਮੇਤ 4 ਪਾਜ਼ੇਟਿਵ ਕੇਸ !    ਪੀੜਤ ਪਰਿਵਾਰ ਵੱਲੋਂ ਪੁਲੀਸ ’ਤੇ ਬਿਆਨ ਨਾ ਲੈਣ ਦੇ ਦੋਸ਼ !    ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    

ਕਸ਼ਮੀਰ ਸਾਡਾ ਅੰਦਰੂਨੀ ਮਸਲਾ ਹੈ

Posted On September - 30 - 2019

ਐੱਸ ਪੀ ਸਿੰਘ*

ਸਾਡੇ ਪ੍ਰਧਾਨ ਮੰਤਰੀ ਦਾ ਉਹ ਹੁਣ ਭਾਵੇਂ ਗੂੜ੍ਹਾ ਮਿੱਤਰ ਹੈ, ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦਾ ਰਾਸ਼ਟਰਪਤੀ ਹੈ ਅਤੇ ਭਾਵੇਂ ਇਹ ਕਹਿਣ ਲੱਗਿਆਂ ਜਿੰਨੀ ਮਰਜ਼ੀ ਘੁੱਟ ਕੇ ਨਰਿੰਦਰ ਮੋਦੀ ਹੋਰਾਂ ਦਾ ਹੱਥ ਫੜ ਲਵੇ ਕਿ ਉਹ ਕਸ਼ਮੀਰ ਬਾਰੇ ਸਾਲਸੀ ਕਰਨ ਲਈ ਤਿਆਰ ਹੈ ਪਰ ਸੱਚੀ ਗੱਲ ਇਹ ਹੈ ਕਿ ਸਾਡੇ ਪ੍ਰਧਾਨ ਮੰਤਰੀ ਹੀ ਠੀਕ ਗੱਲ ਕਹਿ ਰਹੇ ਹਨ। ਕਸ਼ਮੀਰ ਹੁਣ ਸਾਡਾ ਅੰਦਰੂਨੀ ਮਸਲਾ ਹੈ।
ਬੀਤੇ ਹਫ਼ਤੇ ਜਦੋਂ ਕਸ਼ਮੀਰ ਦੀ ਚੁੱਪ ਦੀ ਉਮਰ 50 ਦਿਨ ਦੀ ਹੋਈ ਤਾਂ ਮੁਲਕ ਮੇਰੇ ਦੀਆਂ ਅੱਖੀਆਂ ਅਮਰੀਕਾ ਵੱਲ ਲੱਗੀਆਂ ਸਨ। ਕੈਲੰਡਰੀ ਪੱਤਰਕਾਰੀ ਦੀਆਂ ਆਦੀ ਹੋ ਚੁੱਕੀਆਂ ਅਖ਼ਬਾਰਾਂ ਅਤੇ ਟੀਵੀ ਬਹਿਸਾਂ ਵਿੱਚ ਵੀ ਇਹ 50 ਦਿਨ ਦੀ ਸ਼ਮਸ਼ਾਨੀ ਚੁੱਪ ਵਾਲਾ ਮੀਲਪੱਥਰ ਬਹੁਤੀਆਂ ਸੁਰਖ਼ੀਆਂ ਨਹੀਂ ਬਟੋਰ ਸਕਿਆ। ਵਾਦੀ ਵੱਲ ਨੂੰ ਜਾਣਾ ਰਤਾ ਕਠਿਨ ਹੈ ਪਰ ਵਿਰਲਾ-ਟਾਵਾਂ ਕੋਈ-ਕੋਈ ਚੱਕਰ ਮਾਰ ਰਿਹਾ ਹੈ। ਹੁਣੇ ਜਿਹੇ ਜਦੋਂ ਮਹਿਲਾ ਕਾਰਕੁੰਨਾਂ ਦੀ ਇੱਕ ਤੱਥ-ਖੋਜ ਟੀਮ ਨੇ ਪਰਤ ਕੇ ਉੱਥੋਂ ਦਾ ਹਾਲ ਬਿਆਨਿਆ ਤਾਂ ਮੈਂ ਸੋਚ ਰਿਹਾ ਸਾਂ ਕਿ ਇਨ੍ਹਾਂ ਤੱਥਾਂ ਬਾਰੇ ਖੋਜ ਦੀ ਜ਼ਰੂਰਤ ਕਿਸ ਨੂੰ ਸੀ?
ਕਿਸੇ ਮੁਲਕ ਦੀ ਸਿਆਸਤ ਵਿੱਚ ਜਦੋਂ ਬੜਾ ਪੇਚੀਦਾ ਜਿਹਾ ਕੋਈ ਮੁੱਦਾ ਇੰਝ ਭਖ ਜਾਵੇ ਕਿ ਉਹਦੇ ’ਤੇ ਖਲਕਤ ਦੋਫ਼ਾੜ ਹੋਣ ਨੂੰ ਫਿਰੇ ਤਾਂ ਅਕਸਰ ਤੱਥਾਂ ਬਾਰੇ ਬੜਾ ਰੋਲ-ਘਚੋਲਾ ਪੈ ਜਾਂਦਾ ਹੈ। ਕਸ਼ਮੀਰ ਦੇ ਮਸਲੇ ਵਿੱਚ ਅਜਿਹਾ ਨਹੀਂ ਹੈ। ਭਾਵੇਂ ਇੱਕ ਧਿਰ ਦਾ ਬਿਆਨੀਆ ਹੋਵੇ ਕਿ ਵਾਦੀ ਸ਼ਮਸ਼ਾਨੀ ਪਈ ਹੈ ਅਤੇ ਦੂਜੀ ਦਾਅਵਾ ਕਰੇ ਕਿ ਸਭ ਠੀਕ-ਠਾਕ ਹੈ ਤਾਂ ਵੀ ਇੱਕ ਗੱਲ ਸਾਫ਼ ਹੈ – ਦੋਵੇਂ ਧਿਰਾਂ ਸੱਚ ਜਾਣਦੀਆਂ ਹਨ।
ਸਭ ਜਾਣਦੇ ਹਨ ਕਿ ਵਾਦੀ ਬੰਦ ਹੈ।
ਸਭ ਜਾਣਦੇ ਹਨ ਕਿ ਲੱਖਾਂ ਲੋਕ ਘਰਾਂ ਵਿੱਚ ਕੈਦ ਹਨ।
ਸਭ ਜਾਣਦੇ ਹਨ ਕਿ ਬਾਹਰ ਗਲੀ ਵਿੱਚ ਗਸ਼ਤ ਕਰ ਰਿਹਾ ਵਰਦੀਧਾਰੀ ਜਵਾਨ ਕਿਸੇ ਵੀ ਕੁਸਕਣ ਵਾਲੀ ਆਵਾਜ਼ ਨੂੰ ਚੁੱਪ ਕਰਵਾ ਦੇਣ ਦੇ ਹੁਕਮ ਦਾ ਪਾਬੰਦ ਹੈ।
ਸਭ ਜਾਣਦੇ ਹਨ ਕਿ ਤਰ੍ਹਾਂ ਤਰ੍ਹਾਂ ਦੀ ਆਜ਼ਾਦੀ ਲਈ ਲੜਦੀ, ਮਰਦੀ, ਤਰਸਦੀ ਖਲਕਤ ਸ਼ਹਿਰ, ਮੁਹੱਲੇ, ਗਲੀ ਜਾਂ ਘਰ ਵਿੱਚ ਨਹੀਂ, ਜੇਲ੍ਹ ਵਿੱਚ ਰਹਿ ਰਹੀ ਹੈ ਅਤੇ ਉਹਦੀਆਂ ਚੀਕਾਂ ਉਹਦੇ ਨਾਲ ਇੰਤਹਾ ਦੀ ਹੱਦ ਤੱਕ ਇਸ਼ਕ ਕਰਦੇ ਦੋਵਾਂ ਵਿੱਚੋਂ ਕਿਸੇ ਵੀ ਮੁਲਕ ਦੇ ਬਾਸ਼ਿੰਦਿਆਂ ਤੱਕ ਨਹੀਂ ਪਹੁੰਚ ਸਕਦੀਆਂ।
ਕਸ਼ਮੀਰ ਹੁਣ ਸਾਡਾ ਅੰਦਰੂਨੀ ਮਸਲਾ ਹੈ।

ਐੱਸ ਪੀ ਸਿੰਘ

ਅਸੀਂ ਪ੍ਰਧਾਨ ਮੰਤਰੀ ਨੂੰ ਕਸ਼ਮੀਰ ਬਾਰੇ ਗੱਲ ਨਾ ਕਰਦਿਆਂ ਵੇਖ, ਫਿਰ ਅਖ਼ਬਾਰਾਂ ਵਿੱਚ ਇਹ ਗੱਲ ਨਾ ਕਰਨ ਬਾਰੇ ਸੁਰਖ਼ੀਆਂ ਪੜ੍ਹੀਆਂ ਹਨ। ਇਮਰਾਨ ਖ਼ਾਨ ਨੂੰ ਕਸ਼ਮੀਰ ਬਾਰੇ ਵਧ-ਚੜ੍ਹ ਕੇ ਗੱਲ ਕਰਦਿਆਂ ਵੇਖ, ਅਖ਼ਬਾਰਾਂ ਵਿੱਚ ਉਹਦੀਆਂ ਸੁਰਖ਼ੀਆਂ ਵੀ ਪੜ੍ਹੀਆਂ ਹਨ। ਵਿਸ਼ਵ ਪੱਧਰ ਉੱਤੇ ਕਸ਼ਮੀਰ ਹੁਣ ਸੁਰਖ਼ੀਆਂ ਵਿੱਚ ਹੈ – ਕਦੀ ਇਸ ਮਸਲੇ ਬਾਰੇ ਗੱਲ ਹੋਣ ਕਰਕੇ, ਕਦੀ ਗੱਲ ਨਾ ਹੋਣ ਕਾਰਨ।
ਕੌਮੀ ਮੁਫ਼ਾਦ ਨੂੰ ਧਿਆਨ ਵਿੱਚ ਰੱਖਦਿਆਂ ਕਸ਼ਮੀਰ ਨੇ ਆਪਣੇ ਇਨਸਾਨੀਅਤ, ਜਮਹੂਰੀਅਤ ਤੇ ਕਸ਼ਮੀਰੀਅਤ ਵਾਲਾ ਮਸਲਾ ਹੋਣ ਤੋਂ ਲੈ ਕੇ ਅੰਤਰਰਾਸ਼ਟਰੀ ਵਿਵਾਦਿਤ ਖਿੱਤਾ, ਫਿਰ ਤਿੰਨ-ਧਿਰੀ ਮਸਲਾ ਅਤੇ ਅਕਸਰ ਦੁਵੱਲਾ ਮਾਮਲਾ ਹੋਣ ਬਾਰੇ ਕੰਨਸੋਆਂ, ਦਾਅਵੇ ਅਤੇ ਠੋਕਵੇਂ ਜਵਾਬੀ ਦਾਅਵੇ ਸੁਣੇ ਹਨ।
ਪਰ ਪਿਛਲੇ ਲਗਭਗ ਦੋ ਮਹੀਨਿਆਂ ਤੋਂ ਕਸ਼ਮੀਰ ਨੂੰ ਕੁਝ ਵੀ ਸੁਣਾਈ ਨਹੀਂ ਦੇ ਰਿਹਾ। ਸਾਨੂੰ ਸ਼ਿੱਦਤ ਨਾਲ ਇਹ ਅਹਿਸਾਸ ਤਾਂ ਹੈ ਕਿ ਕਸ਼ਮੀਰ ਦੀ ਆਵਾਜ਼ ਸਾਨੂੰ ਸੁਣਾਈ ਨਹੀਂ ਦੇ ਰਹੀ, ਪਰ ਸ਼ਾਇਦ ਇਸ ਪੱਖ ਦੀ ਚਰਚਾ ਹੋਰ ਵੀ ਘੱਟ ਹੋ ਰਹੀ ਹੈ ਕਿ ਕਸ਼ਮੀਰ ਨੂੰ ਵੀ ਸਾਡੀ ਆਵਾਜ਼ ਸੁਣਾਈ ਨਹੀਂ ਦੇ ਰਹੀ। ਪਰ ਕੰਨ-ਪਾੜਵੀਂ ਚੁੱਪ ਦੇ ਇਸ ਆਲਮ ਵਿੱਚ ਇੱਕ ਆਵਾਜ਼ ਭਾਰਤ, ਪਾਕਿਸਤਾਨ, ਕਸ਼ਮੀਰ ਅਤੇ ਸਾਨੂੰ ਸੁਣਾਈ ਦੇ ਰਹੀ ਹੈ। ਇਹ ਵੀ ਕੰਨ-ਪਾੜਵੀਂ ਹੈ। ਕਸ਼ਮੀਰ ਦੀ ਆਵਾਜ਼ ਵਾਂਗ ਹੀ ਇਹ ਵੀ ਸੁਰਖੀਆਂ ’ਚੋਂ ਬਾਹਰ ਹੈ, ਪਰ ਇਹ ਏਨੀ ਉੱਚੀ ਅਤੇ ਸਪੱਸ਼ਟ ਹੈ ਕਿ ਤੁਸੀਂ ਇਸ ਦੀ ਹੋਂਦ ਤੋਂ ਮੁਨਕਰ ਨਹੀਂ ਹੋ ਸਕਦੇ।
ਜਿਸ ਵੇਲੇ ਬਾਕੀ ਦੇ ਮੁਲਕ ਵਿੱਚ ਜ਼ਿੰਦਗੀ ਆਮ ਵਾਂਗ ਚੱਲਦੀ ਰਹੇ, ਚੋਣਾਂ ਦੇ ਐਲਾਨ ਹੁੰਦੇ ਰਹਿਣ, ਸਿਆਸਤਦਾਨ ਇੱਕ ਦੂਜੇ ਨਾਲ ਭਿੜਦੇ ਰਹਿਣ, ਤਿਉਹਾਰਾਂ ਦੇ ਦਿਨਾਂ ਦੀ ਆਮਦ ਦੀ ਖ਼ਬਰ ਅਖ਼ਬਾਰੀ ਇਸ਼ਤਿਹਾਰਾਂ ਦੀ ਵਧ ਰਹੀ ਨਫ਼ਰੀ ਨਾਲ ਤੁਹਾਡੀ ਦਹਿਲੀਜ਼ ਟੱਪ ਪੁੱਜ ਰਹੀ ਹੋਵੇ ਅਤੇ ਉਸੇ ਸਮੇਂ ਲੱਖਾਂ ਕਸ਼ਮੀਰੀ ਆਪਣੇ ਘਰਾਂ ਵਿੱਚ ਬੰਦ ਰਹਿਣ, ਉਨ੍ਹਾਂ ਦੀ ਆਵਾਜ਼ ’ਤੇ ਤਾਲਾ ਹੋਵੇ ਅਤੇ ਬਾਹਰ ਗਲੀ ਵਿੱਚ ਸੰਗੀਨ ਮੋਢੇ ਤੋਂ ਲਟਕਾਈ ਜਵਾਨ ਘੁੰਮ ਰਿਹਾ ਹੋਵੇ ਤਾਂ ਫਿਰ ਕਸ਼ਮੀਰ ਨਾ ਅੰਤਰਰਾਸ਼ਟਰੀ ਮਸਲਾ ਰਹਿ ਜਾਂਦਾ ਹੈ, ਨਾ ਵਿਵਾਦਿਤ ਖਿੱਤਾ ਅਤੇ ਨਾ ਹੀ ਤਿੰਨ-ਧਿਰੀ ਮਸਲਾ ਜਾਂ ਹਿੰਦ-ਪਾਕਿ ਦਾ ਦੁਵੱਲਾ ਕੋਈ ਮਾਮਲਾ। ਫਿਰ ਕਸ਼ਮੀਰ ਸਾਡਾ ਤੁਹਾਡਾ ਅੰਦਰੂਨੀ ਮਸਲਾ ਹੈ।
ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਇਹ ਕਿੰਨੀ ਕੁ ਅੜਾਉਣੀ ਪਾ ਰਿਹਾ ਹੈ, ਸਾਡੀ ਨਿੱਜੀ, ਪਰਿਵਾਰਕ, ਸਮਾਜਿਕ, ਰਾਜਨੀਤਕ, ਵਪਾਰਕ, ਵਿਹਾਰਕ ਜ਼ਿੰਦਗੀ ਵਿੱਚ ਇਹ ਕਿੱਥੇ ਕਿੱਥੇ ਰਿੱਝ ਰਿਹਾ ਹੈ ਅਤੇ ਕਿੱਥੇ ਕਿੱਥੇ ਸਿੱਝ ਰਿਹਾ ਹੈ, ਬੱਸ ਹੁਣ ਇਹੀ ਗੁੰਝਲ ਸਾਡਾ ਕਸ਼ਮੀਰ ਹੈ। ਕਸ਼ਮੀਰ ਹੁਣ ਤੁਹਾਡੇ ਅੰਦਰ ਹੈ। ਤੁਸੀਂ ਹੁਣ ਕਸ਼ਮੀਰ ਵਿੱਚ ਹੀ ਰਹਿ ਰਹੇ ਹੋ। ਕਸ਼ਮੀਰ ਹੁਣ ਤੁਹਾਡਾ ਅੰਦਰੂਨੀ ਮਸਲਾ ਹੈ।
ਜੇ ਜਾਪਦਾ ਹੈ ਕਿ ਟਰੰਪ ਦੀ ਮੁੱਠੀ ਨੂੰ ਆਪਣੀ ਹਥੇਲੀ ਵਿੱਚ ਘੁੱਟ ਵਕਤ ਨੂੰ ਰੋਕ ਲਿਆ ਹੈ, ਕਸ਼ਮੀਰ ਬਾਰੇ ਦੜ੍ਹ ਵੱਟ ਕੋਈ ਕਿੱਲਾ ਸ਼ਰੀਕਾਂ ਦੀ ਛਾਤੀ ਵਿੱਚ ਠੋਕ ਲਿਆ ਹੈ ਤਾਂ ਵੀ ਕਸ਼ਮੀਰ ਨੇ ਇਨਸਾਨੀਅਤ ਦੇ ਕਿਸੇ ਬੂਹੇ ਤੁਹਾਨੂੰ ਰੋਕ ਲਿਆ ਹੈ। ਜੇ ਰੋਜ਼ ਸੰਘੋਂ ਗਰਾਹੀ ਨਹੀਂ ਲਹਿੰਦੀ, ਜੇ ਆਪਣੇ ਬੱਚਿਆਂ ਨੂੰ ਕਲੇਜੇ ਨਾਲ ਲਾ ਫਿੱਸ ਪੈਂਦੇ ਹੋ ਕਿ ਲੱਖਾਂ ਨੂੰ ਆਪਣੇ ਮਾਂ-ਪਿਓ ਬਾਰੇ ਸੁੱਖ-ਸਾਂਦ ਦੀ ਖ਼ਬਰ ਹੀ ਨਹੀਂ ਮਿਲ ਰਹੀ ਤੇ ਜੇ ਧੀ ਦੇ ਕਾਲਜ ਪੜ੍ਹਦੀ ਉਹਦੀ ਕਸ਼ਮੀਰਨ ਹਮ-ਜਮਾਤਣ ਨੂੰ ਰੋਜ਼ ਘਰ ਆਉਣ ਲਈ ਕਹਿਣਾ ਨੇਮ ਬਣਾ ਲਿਆ ਹੈ ਤਾਂ ਵੀ ਕਸ਼ਮੀਰ ਵੱਲ ਨੂੰ ਲਾਂਘਾ ਭਾਲ ਰਹੇ ਹੋ। ਕਸ਼ਮੀਰ ਹੁਣ ਸਭਨਾਂ ਦਾ ਅੰਦਰੂਨੀ ਮਸਲਾ ਹੈ।
ਹਾਕਮਾਂ ਨੇ ਸਾਨੂੰ ਸਭਨਾਂ ਨੂੰ ਕੰਮ ਕਸ਼ਮੀਰੀ ਲਾ ਦਿੱਤਾ ਹੈ। ਕੋਈ ਬੁੱਕਲ ਵਿੱਚ ਲੈ ਭੁੱਬੀਂ ਰੋਣਾ ਚਾਹ ਰਿਹਾ ਹੈ, ਕੋਈ ਦੋ ਹੁੱਜਾਂ ਹੋਰ ਮਾਰ ਪੱਕਾ ਦੇਸ਼ਭਗਤ ਬਣਨ ਦਾ ਪੈਂਡਾ ਗਾਹ ਰਿਹਾ ਹੈ। ਬਾਹਰੋਂ ਆਵਾਜ਼ ਅੰਦਰ ਨਹੀਂ ਜਾ ਰਹੀ, ਅੰਦਰੋਂ ਬਾਹਰ ਨਹੀਂ ਆ ਰਹੀ। ਚੁੱਪ ਦੀ ਦੀਵਾਰ ਵਿੱਚ ਅਸੀਂ ਆਪਣੇ ਬਿਆਨੀਏ ਸਮੇਤ ਚਿਣੇ ਜਾ ਰਹੇ ਹਾਂ, ਅੰਤਰਰਾਸ਼ਟਰੀ ਜਾਪੇ ਜਾਂ ਤਿੰਨ-ਧਿਰੀ ਤੇ ਭਾਵੇਂ ਦੁਵੱਲਾ, ਸਨਦ ਰਹੇ ਕਿ ਗਿਣੇ ਜਾ ਰਹੇ ਹਾਂ। ਆਪਣੇ ਅੰਦਰੂਨ ਨਾਲ ਮਿਣੇ ਜਾ ਰਹੇ ਹਾਂ।
ਕੁਝ ਦਿਨ ਪਹਿਲਾਂ ਵਿਵਾਦਤ ਵਾਲੇ ਨੂੰ ਭੂਚਾਲ ਨੇ ਹਿਲਾਇਆ ਸੀ। ਮਕਬੂਜ਼ਾ ਵਾਲੇ ਵਿੱਚ ਪੈਂਦੇ ਮੀਰਪੁਰ ਵਿੱਚ ਕੁਝ ਕਸ਼ਮੀਰੀ ਮਰ ਗਏ, ਮਕਾਨ ਡਿੱਗੇ ਅਤੇ ਝਟਕਾ ਪੰਜਾਬ ਤੱਕ ਵੀ ਆਇਆ ਸੀ। ਘਬਰਾਏ ਕਸ਼ਮੀਰੀਆਂ ਪਤਾ ਕਰਨ ਲਈ ਟਿੱਲ ਲਾ ਦਿੱਤਾ ਕਿ ਵਾਦੀ ਵਿੱਚ ਕੀ ਹਾਲ ਹੈ। ਵਾਦੀ ਵਾਲਿਆਂ ਵੀ ਜ਼ੋਰ ਤਾਂ ਲਾਇਆ ਹੀ ਹੋਣਾ ਹੈ ਕਿ ਖ਼ਬਰ ਭੇਜ ਦੇਈਏ ਪਾੜ੍ਹੇ ਬੱਚਿਆਂ ਨੂੰ ਕਿ ਖ਼ੁਦਾ ਦੀ ਰਹਿਮਤ ਰਹੀ ਹੈ, ਪਰ ਸਾਡੀਆਂ ਸੁਰਖ਼ੀਆਂ ਤਾਂ ਇਹ ਵੀ ਨਹੀਂ ਦੱਸ ਸਕੀਆਂ ਕਿ ਮੀਰਪੁਰੋਂ ਤੁਰੇ ਇਹ ਅੱਲ੍ਹਾਹ-ਦਿੱਤੇ ਝਟਕੇ, ਜਿਨ੍ਹਾਂ ਨੇ ਲਾਹੌਰ, ਅੰਮ੍ਰਿਤਸਰ ਦੋਵੇਂ ਹਿਲਾਏ, ਉਹ ਘਰਾਂ ਵਿੱਚ ਬੰਦ ਕਸ਼ਮੀਰੀਆਂ ਨੇ ਕਿਵੇਂ ਹੰਢਾਏ? ਜੇ ਕੱਲ੍ਹ ਨੂੰ ਕਿਸੇ ਅਜਿਹੇ ਅਗੰਮੀ ਝਟਕੇ ਨੇ ਕਸ਼ਮੀਰ ਵਿੱਚ ਗਲੀਆਂ, ਮਕਾਨ ਜ਼ਰਾ ਜ਼ਿਆਦਾ ਜ਼ੋਰ ਨਾਲ ਹਿਲਾਏ ਤਾਂ ਸੰਗੀਨ ਦੇ ਘੋੜੇ ’ਤੇ ਉਂਗਲ ਰੱਖ ‘ਕਸ਼ਮੀਰ ਭਾਰਤ ਦਾ ਅੰਦਰੂਨੀ ਮਸਲਾ ਹੈ’ ਵਾਲੇ ਬਿਆਨੀਏ ’ਤੇ ਪਹਿਰਾ ਦੇਂਦੇ ਜਵਾਨ ਨੇ ਘਬਰਾ ਕੇ ਗਲੀ ਵਿੱਚ ਉਮੜ ਆਏ ਕਸ਼ਮੀਰੀਆਂ ਨਾਲ ਕਿੰਝ ਸਿੱਝਣਾ ਹੈ? ਉਂਗਲ ਹੀ ਤੈਅ ਕਰ ਦੇਵੇਗੀ ਕਿ ਕਸ਼ਮੀਰ ਕਿਵੇਂ ਉਹਦਾ ਵੀ ਅੰਦਰੂਨੀ ਮਸਲਾ ਹੈ।
ਕਸ਼ਮੀਰ ਦੀ ਫੇਰੀ ਤੋਂ ਪਰਤੀਆਂ ਮਹਿਲਾ ਕਾਰਕੁੰਨਾਂ ਨੇ ਕਿਹਾ ਹੈ ਕਿ ਉਹ ਤੱਥ-ਖੋਜ ਕਮੇਟੀ ਦੀ ਰਿਪੋਰਟ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੌਂਪਣਗੀਆਂ। ਮੈਨੂੰ ਨਹੀਂ ਪਤਾ ਕਿ ਇਸ ਨਾਲ ਗ੍ਰਹਿ ਮੰਤਰੀ ਨੂੰ ਗਿਆਤ ਜਾਣਕਾਰੀ ਵਿੱਚ ਕਿੰਨਾ ਕੁ ਵਾਧਾ ਹੋ ਜਾਵੇਗਾ ਪਰ ਜਦੋਂ ਇੱਕ ਵਾਰੀ ਮਸਲਾ ਇੰਨਾ ਧੁਰ ਅੰਦਰ ਤੱਕ ਅੰਦਰੂਨੀ ਹੋ ਜਾਵੇ ਤਾਂ ਤੁਹਾਡੇ ਕੋਲ ਕੋਈ ਬਹਾਨਾ ਨਹੀਂ ਰਹਿ ਜਾਂਦਾ ਕਿ ਤੁਹਾਨੂੰ ਕੁਝ ਸੁਣਾਈ ਨਹੀਂ ਸੀ ਦੇ ਰਿਹਾ, ਦਿਖਾਈ ਨਹੀਂ ਸੀ ਦੇ ਰਿਹਾ ਕਿਉਂ ਜੋ ਤੁਸੀਂ ਵਾਦੀ ਤੱਕ ਜਾ ਨਹੀਂ ਸੀ ਸਕੇ। 1997 ਵਿੱਚ ਆਗਾ ਸ਼ਾਹਿਦ ਅਲੀ ਨੇ ਕਵਿਤਾ ਲਿਖੀ ਸੀ ‘ਮੈਂ ਅੱਧੀ ਰਾਤ ਨੂੰ ਨਵੀਂ ਦਿੱਲੀ ਤੋਂ ਕਸ਼ਮੀਰ ਵੇਖਦਾ ਹਾਂ’ (I See Kashmir from New Delhi at Midnight)।
The city from where no news can come
Is now so visible in its curfewed nights
that the worst is precise

ਉਹ ਸ਼ਹਿਰ ਜਿੱਥੋਂ ਕੋਈ ਖ਼ਬਰ ਨਹੀਂ ਆ ਸਕਦੀ
ਕਰਫਿਊ ਬੰਦ ਰਾਤਾਂ ਨੂੰ ਨਿਖਰ ਕੇ ਦਿਖਾਈ ਦਿੰਦਾ ਹੈ
ਜੋ ਸਭ ਤੋਂ ਮੰਦਭਾਗਾ ਹੈ, ਉਹ ਸਭ ਤੋਂ ਜ਼ਿਆਦਾ ਸਪੱਸ਼ਟ ਹੈ
(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਕਸ਼ਮੀਰ ਨਾਲ ਆਪਣੇ ਰਿਸ਼ਤੇ ਵਿਚ ਹਿੰਦ ਦੀ ਚਾਦਰ ਵਾਲੇ ਨੂੰ ਸਾਲਸ ਮੰਨਦਾ ਹੋਇਆ ਵੀ ਨਿਭਾਉਣੋਂ ਅਸਮਰੱਥ ਹੋਣ ਕਾਰਨ ਸ਼ਰਮਿੰਦਾ ਹੈ।)


Comments Off on ਕਸ਼ਮੀਰ ਸਾਡਾ ਅੰਦਰੂਨੀ ਮਸਲਾ ਹੈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.