ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਕਸ਼ਮੀਰ ’ਤੇ ਗੱਲਬਾਤ ਕਰਨ ਭਾਰਤ-ਪਾਕਿ: ਗੁਟੇਰੇਜ਼

Posted On September - 12 - 2019

ਸੰਯੁਕਤ ਰਾਸ਼ਟਰ, 11 ਸਤੰਬਰ
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਭਾਰਤ ਤੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਦੋਵੇਂ ਮੁਲਕ ਕਸ਼ਮੀਰ ਮੁੱਦੇ ਨੂੰ ਸੰਵਾਦ ਰਾਹੀਂ ਹੱਲ ਕਰਨ। ਯੂੁਐੱਨ ਮੁਖੀ ਦੇ ਤਰਜਮਾਨ ਸਟੀਫਨ ਦੁਜਾਰਿਕ ਨੇ ਕਿਹਾ ਕਿ ਗੁਟੇਰੇਜ਼ ਦੋਵਾਂ ਮੁਲਕਾਂ ਦਰਮਿਆਨ ਵਧਦੀ ਤਲਖ਼ੀ ਤੋਂ ਫ਼ਿਕਰਮੰਦ ਹਨ। ਉਨ੍ਹਾਂ ਕਿਹਾ ਕਿ ਯੂਐੱਨ ਮੁਖੀ ਦੋਵਾਂ ਮੁਲਕਾਂ ਦੇ ਆਗੂਆਂ ਦੇ ਸੰਪਰਕ ਵਿੱਚ ਹਨ। ਚੇਤੇ ਰਹੇ ਕਿ ਗੁਟੇਰੇਜ਼ ਨੇ ਫਰਾਂਸ ਦੇ ਸਾਹਿਲੀ ਸ਼ਹਿਰ ਬਿਆਰਿਜ਼ ਵਿੱਚ ਜੀ-7 ਸਿਖਰ ਵਾਰਤਾ ਤੋਂ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਵੱਖੋ-ਵੱਖਰੀਆਂ ਮੁਲਾਕਾਤਾਂ ਦੌਰਾਨ ਕਸ਼ਮੀਰ ਮੁੱਦੇ ’ਤੇ ਗੱਲਬਾਤ ਕੀਤੀ ਸੀ। ਗੁਟੇਰੇਜ਼ ਲੰਘੇ ਦਿਨ ਯੂਐੱਨ ਵਿੱਚ ਪਾਕਿਸਤਾਨ ਦੇ ਸਥਾਈ ਨੁਮਾਇੰਦੇ ਮਲੀਹਾ ਲੋਧੀ ਦੀ ਗੁਜ਼ਾਰਿਸ਼ ’ਤੇ ਉਨ੍ਹਾਂ ਨੂੰ ਮਿਲੇ ਤੇ ਕਸ਼ਮੀਰ ਬਾਰੇ ਚਰਚਾ ਕੀਤੀ।
ਦੁਜਾਰਿਕ ਨੇ ਕਿਹਾ, ‘ਉਨ੍ਹਾਂ (ਗੁਟੇਰੇਜ਼) ਜਨਤਕ ਤੇ ਨਿੱਜੀ ਤੌਰ ’ਤੇ ਸਾਰਿਆਂ ਨੂੰ ਇਕੋ ਜਿਹਾ ਸੁਨੇਹਾ ਦਿੱਤਾ ਹੈ ਕਿ ਉਹ ਭਾਰਤ ਤੇ ਪਾਕਿਸਤਾਨ ਦਰਮਿਆਨ ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਵਧਦੀ ਤਲਖ਼ੀ ਤੋਂ ਫ਼ਿਕਰਮੰਦ ਹਨ। ਉਨ੍ਹਾਂ ਦੋਵਾਂ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁੱਦੇ ਨੂੰ ਸੰਵਾਦ ਜ਼ਰੀਏ ਸੁਲਝਾਉਣ।’ ਅਗਲੇ ਦਿਨਾਂ ਵਿੱਚ ਯੂਐੱਨ ਆਮ ਸਭਾ ਦੇ ਇਜਲਾਸ ਮੌਕੇ, ਜਿਸ ਵਿੱਚ ਮੋਦੀ ਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਇਮਰਾਨ ਖ਼ਾਨ ਵੀ ਮੌਜੂਦ ਰਹਿਣਗੇ, ਗੁਟੇਰੇਜ਼ ਵੱਲੋਂ ਕਸ਼ਮੀਰ ਮੁੱਦੇ ’ਤੇ ਦੋਵਾਂ ਧਿਰਾਂ ’ਚ ਵਿਚੋਲਗੀ ਕਰਨ ਦੀਆਂ ਸੰਭਾਵਨਾਵਾਂ ਬਾਰੇ ਪੁੱਛੇ ਜਾਣ ’ਤੇ ਦੁਜਾਰਿਕ ਨੇ ਕਿਹਾ, ‘ਤੁਸੀਂ ਸਾਰੇ ਹਾਲਾਤ ਤੋਂ ਜਾਣੂ ਹੋ….ਸਿਧਾਂਤਾਂ ਦੇ ਅਧਾਰ ’ਤੇ ਸਾਲਸ ਸਬੰਧੀ ਸਾਡੀ ਪੁਜ਼ੀਸ਼ਨ ਹਮੇਸ਼ਾ ਤੋਂ ਇਕੋ ਜਿਹੀ ਰਹੀ ਹੈ।’

ਅਤਿਵਾਦੀ ਸਫ਼ਾਂ ’ਚ ਨਹੀਂ ਹੋਈ ਨਵੀਂ ਭਰਤੀ: ਡੀਜੀਪੀ
ਸ੍ਰੀਨਗਰ: ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਮੁਕਾਮੀ ਨੌਜਵਾਨਾਂ ਦੀ ਦਹਿਸ਼ਤੀ ਸਫ਼ਾਂ ਵਿੱਚ ਨਵੀਂ ਭਰਤੀ ਦੀਆਂ ਕੋਈ ਰਿਪੋਰਟਾਂ ਨਹੀਂ ਹਨ। ਡੀਜੀਪੀ ਨੇ ਦਾਅਵਾ ਕੀਤਾ ਕਿ ਸੂਬੇ ’ਚ ਆਮ ਜ਼ਿੰਦਗੀ ਹੌਲੀ ਹੌਲੀ ਲੀਹ ’ਤੇ ਆਉਣ ਲੱਗੀ ਹੈ। ਪੁਲੀਸ ਮੁਖੀ ਨੇ ਮੰਨਿਆ ਕਿ ਦਹਿਸ਼ਤਗਰਦਾਂ ਵੱਲੋਂ ਦੱਖਣੀ ਕਸ਼ਮੀਰ ’ਚ ਕੁਝ ਸੇਬ ਵਪਾਰੀਆਂ ਨੂੰ ਡਰਾਉਣ-ਧਮਕਾਉਣ ਦੀਆਂ ਇੱਕਾ-ਦੁੱਕਾ ਘਟਨਾਵਾਂ ਜ਼ਰੂਰ ਵਾਪਰੀਆਂ ਹਨ, ਪਰ ਪੁਲੀਸ ਹਾਲਾਤ ਤੋਂ ਜਾਣੂ ਹੈ ਤੇ ਉਨ੍ਹਾਂ ਦਾ ਕੰਮ ਇਸ ਅਮਲ (ਖਰੀਦ) ਨੂੰ ਸੁਖਾਲਾ ਤੇ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਉਨ੍ਹਾਂ (ਵਪਾਰੀਆਂ) ਨੂੰ ਤੰਗ ਪ੍ਰੇਸ਼ਾਨ ਨਾ ਕਰੇ। ਡੀਜੀਪੀ ਨੇ ਕਿਹਾ ਕਿ ਅਗਲੇ ਦਿਨਾਂ ’ਚ ਵਾਦੀ ਵਿੱਚ ਆਇਦ ਪਾਬੰਦੀਆਂ ’ਚ ਹੋਰ ਢਿੱਲ ਦਿੱਤੀ ਜਾ ਸਕਦੀ ਹੈ। ਡੀਜੀਪੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਦਹਿਸ਼ਤੀ ਸਫ਼ਾਂ ਵਿੱਚ ਮੁਕਾਮੀ ਨੌਜਵਾਨਾਂ ਦੀ ਨਵੀਂ ਭਰਤੀ ਬਾਰੇ ਕੋਈ ਰਿਪੋਰਟਾਂ ਨਹੀਂ ਹਨ। ਕੁਝ ਨੌਜਵਾਨਾਂ ਨੂੰ ਗੁੰਮਰਾਹ (ਬੀਤੇ ’ਚ) ਜ਼ਰੂਰ ਕੀਤਾ ਗਿਆ ਤੇ ਇਨ੍ਹਾਂ ਵਿੱਚੋਂ ਕਈਆਂ ਨੂੰ ਅਸੀਂ ਮੁੜ ਮੁੱਖ ਧਾਰਾ ’ਚ ਵਾਪਸ ਲਿਆਏ ਹਾਂ।’ ਉਨ੍ਹਾਂ ਕਿਹਾ ਕਿ ਸਰਹੱਦ ’ਤੇ ਘੁਸਪੈਠ ਦੀਆਂ ਵੀ ਕੁਝ ਰਿਪੋਰਟਾਂ ਹਨ ਤੇ ਫ਼ੌਜ ਨੇ ਹਾਲ ਹੀ ਵਿੱਚ ਗੁਲਮਰਗ ਸੈਕਟਰ ਵਿੱਚ ਦੋ ਪਾਕਿਸਤਾਨੀ ਦਹਿਸ਼ਤਗਰਦਾਂ ਨੂੰ ਹਿਰਾਸਤ ’ਚ ਲਿਆ ਹੈ। ਸਿੰਘ ਨੇ ਕਿਹਾ, ‘‘ਘੁਸਪੈਠ ਦੀਆਂ ਕਈ ਰਿਪੋਰਟਾਂ ਹਨ। ਦਹਿਸ਼ਤਗਰਦ ਰਾਜੌਰੀ, ਪੁਣਛ, ਗੁਰੇਜ਼, ਕਰਨਾਹ ਖੇਤਰਾਂ ’ਚੋਂ ਘੁਸਪੈਠ ਦੇ ਯਤਨ ਵਿੱਚ ਹਨ।’ ਪੁਲੀਸ ਮੁਖੀ ਨੇ ਕਿਹਾ ਕਿ ਪਾਕਿਸਤਾਨੀ ਏਜੰਸੀਆਂ ਦਹਿਸ਼ਤਗਰਦਾਂ ਨੂੰ ਕਸ਼ਮੀਰ ’ਚ ਭੇਜਣ ਲਈ ਤਰਲੋਮੱਛੀ ਹਨ, ‘ਪਰ ਅਸੀਂ ਉਨ੍ਹਾਂ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਪੂਰੀ ਤਰ੍ਹਾਂ ਸਰਗਰਮ ਹਾਂ।’ ਵਾਦੀ ਦੇ ਮੌਜੂਦਾ ਹਾਲਾਤ ਦੀ ਗੱਲ ਕਰਦਿਆਂ ਸਿੰਘ ਨੇ ਕਿਹਾ ਕਿ ਜ਼ਿੰਦਗੀ ਹੌਲੀ ਹੌਲੀ ਲੀਹ ’ਤੇ ਆ ਰਹੀ ਹੈ। ਸਕੂਲ ਤੇ ਦਫ਼ਤਰ ਖੁੱਲ੍ਹਣ ਨਾਲ ਲੋਕਾਂ ਦੀਆਂ ਸਰਗਰਮੀਆਂ ਵਧੀਆਂ ਹਨ। ਉਨ੍ਹਾਂ ਮੰਨਿਆ ਕਿ ਵਾਦੀ ’ਚ ਪੱਥਰਬਾਜ਼ੀ ਦੀਆਂ ਨਿੱਕੀਆਂ-ਮੋਟੀਆਂ ਘਟਨਾਵਾਂ ਹੀ ਵਾਪਰੀਆਂ ਹਨ। -ਪੀਟੀਆਈ

ਕਸ਼ਮੀਰ ਦੇ ਬਹੁਤੇ ਹਿੱਸਿਆਂ ਵਿਚ ਪਾਬੰਦੀਆਂ ’ਚ ਢਿੱਲ
ਸ੍ਰੀਨਗਰ: ਸ੍ਰੀਨਗਰ ਸ਼ਹਿਰ ਸਣੇ ਕਸ਼ਮੀਰ ਦੇ ਬਹੁਤੇ ਹਿੱਸਿਆਂ ਵਿਚੋਂ ਅੱਜ ਪਾਬੰਦੀਆਂ ਹਟਾ ਲਈਆਂ ਗਈਆਂ। ਅੱਜ ਕਈ ਨਿੱਜੀ ਵਾਹਨ ਵੀ ਸੜਕਾਂ ’ਤੇ ਉਤਰੇ ਜਿਸ ਕਾਰਨ ਕੁਝ ਦੇਰ ਲਈ ਜਾਮ ਦੀ ਸਥਿਤੀ ਬਣ ਗਈ। ਹਾਲਾਂਕਿ ਸਕੂਲ ਬੰਦ ਰਹੇ ਤੇ ਸਰਕਾਰੀ ਟਰਾਂਸਪੋਰਟ ਵੀ ਠੱਪ ਰਹੀ। ਸ੍ਰੀਨਗਰ ਦੇ ਕਰਨ ਨਗਰ-ਬਾਟਾਮਲੂ-ਲਾਲ ਚੌਕ-ਡੱਲ ਗੇਟ ਐਕਸਿਸ ’ਤੇ ਅੱਜ ਜਾਮ ਵਰਗੀ ਸਥਿਤੀ ਰਹੀ। ਅਧਿਕਾਰੀਆਂ ਨੇ ਕਿਹਾ ਕਿ ਕੁਝ ਆਟੋ ਰਿਕਸ਼ਾ ਤੇ ਅੰਤਰ-ਜ਼ਿਲ੍ਹਾ ਟੈਕਸੀ ਸਰਵਿਸ ਵੀ ਸ਼ਹਿਰ ਦੇ ਕੁਝ ਇਲਾਕਿਆਂ ਵਿਚ ਚੱਲੀ। ਉਨ੍ਹਾਂ ਕਿਹਾ ਕਿ ਵਾਦੀ ਦੇ ਬਹੁਤੇ ਹਿੱਸਿਆਂ ਵਿਚੋਂ ਪਾਬੰਦੀਆਂ ਹਟਾ ਲਈਆਂ ਗਈਆਂ ਹਨ ਪਰ ਕਾਨੂੰਨ-ਵਿਵਸਥਾ ਬਰਕਰਾਰ ਰੱਖਣ ਲਈ ਸੁਰੱਖਿਆ ਬਲ ਅਜੇ ਵੀ ਵੱਡੀ ਗਿਣਤੀ ’ਚ ਮੌਜੂਦ ਹਨ। ਜ਼ਿਕਰਯੋਗ ਹੈ ਕਿ ਮੁਹੱਰਮ ਦੇ ਦਸਵੇਂ ਦਿਨ ਦੇ ਮੱਦੇਨਜ਼ਰ ਮੰਗਲਵਾਰ ਪੂਰੀ ਵਾਦੀ ਵਿਚ ਕਰਫ਼ਿਊ ਵਰਗੀ ਪਾਬੰਦੀ ਮੁੜ ਤੋਂ ਲਾ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਵੀ ਮੁਹੱਰਮ ਮੌਕੇ ਕਸ਼ਮੀਰ ਵਿਚ ਜਲੂਸ ਕੱਢਣ ਤੋਂ ਰੋਕਣ ਲਈ ਪਾਬੰਦੀਆਂ ਲਾਈਆਂ ਜਾਂਦੀਆਂ ਰਹੀਆਂ ਹਨ। ਸ਼ੁੱਕਰਵਾਰ ਨੂੰ ਜੁਮੇ ਦੀ ਨਮਾਜ਼ ਹੋਣ ਕਾਰਨ ਵੀ ਲਗਾਤਾਰ ਪਾਬੰਦੀ ਲਾਈ ਜਾ ਰਹੀ ਹੈ। ਅੱਜ 38ਵੇਂ ਦਿਨ ਵੀ ਜਨਜੀਵਨ ਪ੍ਰਭਾਵਿਤ ਰਿਹਾ ਹੈ। ਕਾਰੋਬਾਰੀ ਤੇ ਹੋਰ ਵਪਾਰਕ ਅਦਾਰੇ ਵੀ ਬੰਦ ਰਹੇ। ਮਾਪੇ ਸੁਰੱਖਿਆ ਕਾਰਨਾਂ ਕਰ ਕੇ ਅਜੇ ਵੀ ਬੱਚਿਆਂ ਨੂੰ ਸਕੂਲ ਭੇਜਣ ਤੋਂ ਇਨਕਾਰੀ ਹਨ। -ਪੀਟੀਆਈ

ਸੋਪੋਰ ਹਮਲੇ ਲਈ ਜ਼ਿੰਮੇਵਾਰ ਅਤਿਵਾਦੀ ਮੁਕਾਬਲੇ ’ਚ ਹਲਾਕ
ਨਵੀਂ ਦਿੱਲੀ: ਜੰਮੂ ਕਸ਼ਮੀਰ ਪੁਲੀਸ ਨੇ ਸੋਪੋਰ ’ਚ ਫ਼ਲਾਂ ਦੇ ਵਪਾਰੀ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਵਾਲੇ ਲਸ਼ਕਰ-ਏ-ਤੋਇਬਾ ਦੇ ਚੋਟੀ ਦੇ ਅਤਿਵਾਦੀ ਨੂੰ ਹਲਾਕ ਕਰ ਦਿੱਤਾ ਹੈ। ਲੰਘੇ ਹਫ਼ਤੇ ਹੋਏ ਇਸ ਅਤਿਵਾਦੀ ਹਮਲੇ ’ਚ ਇਕ ਬੱਚੀ ਜ਼ਖ਼ਮੀ ਹੋ ਗਈ ਸੀ। ਆਸਿਫ਼ ਮਕਬੂਲ ਭੱਟ ਪੁਲੀਸ ਨਾਲ ਹੋਏ ਮੁਕਾਬਲੇ ਵਿਚ ਸਵੇਰੇ ਕਰੀਬ 9 ਵਜੇ ਸੋਪੋਰ ਨੇੜੇ ਮਾਰਿਆ ਗਿਆ। ਪੁਲੀਸ ਨੇ ਕਿਹਾ ਕਿ ਸਵੇਰੇ ਜਦ ਭੱਟ ਨੂੰ ਘੇਰਿਆ ਗਿਆ ਤਾਂ ਉਸ ਨੇ ਹਮਲਾ ਕਰ ਦਿੱਤਾ ਤੇ ਗ੍ਰਨੇਡ ਸੁੱਟਿਆ। ਇਸ ਦੌਰਾਨ ਕੁਝ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ ਜੋ ਖ਼ਤਰੇ ਤੋਂ ਬਾਹਰ ਹਨ। ਜੰਮੂ ਕਸ਼ਮੀਰ ਦੇ ਪੁਲੀਸ ਮੁਖੀ ਦਿਲਬਾਗ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਕੀਤੀ ਜਵਾਬੀ ਕਾਰਵਾਈ ਵਿਚ ਦਹਿਸ਼ਤਗਰਦ ਮਾਰਿਆ ਗਿਆ। ਡੀਜੀਪੀ ਨੇ ਕਿਹਾ ਕਿ ਭੱਟ ਉਹੀ ਦਹਿਸ਼ਤਗਰਦ ਸੀ ਜੋ ਸੋਪੋਰ ਸੇਬ ਮੰਡੀ ਦੇ ਉੱਘੇ ਫ਼ਲ ਉਤਪਾਦਕ ਹਾਜ਼ੀ ਹਮੀਦੁੱਲ੍ਹਾ ਦੇ ਘਰ ਗਿਆ ਸੀ। ਦਹਿਸ਼ਤਗਰਦ ਨੇ ਹਮੀਦੁੱਲ੍ਹਾ ਦੇ ਚਾਰ ਪਰਿਵਾਰਕ ਮੈਂਬਰਾਂ ’ਤੇ ਗੋਲੀਆਂ ਚਲਾਈਆਂ। ਇਨ੍ਹਾਂ ਵਿਚ ਇਕ ਨਿੱਕੀ ਬੱਚੀ ਵੀ ਸ਼ਾਮਲ ਸੀ ਜੋ ਕਿ ਹਸਪਤਾਲ ਦਾਖ਼ਲ ਹੈ। ਭੱਟ ਨੇ ਹੀ ਪਰਵਾਸੀ ਮਜ਼ਦੂਰ ਸ਼ਫ਼ੀ ਆਲਮ ’ਤੇ ਵੀ ਗੋਲੀ ਚਲਾਈ। ਉਸ ਨੂੰ ਵੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਪੁਲੀਸ ਮੁਖੀ ਨੇ ਕਿਹਾ ਕਿ ਭੱਟ ਦੇ ਮਾਰੇ ਜਾਣ ਨਾਲ ਇਲਾਕੇ ਦੋ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ ਤੇ ਇਲਾਕੇ ਵਿਚ ਦਹਿਸ਼ਤਗਰਦੀ ਕਾਫ਼ੀ ਹੱਦ ਤੱਕ ਘਟੇਗੀ। ਉਨ੍ਹਾਂ ਕਿਹਾ ਕਿ ਪੁਲੀਸ ਉਸ ਦੇ ਦੋ ਹੋਰ ਸਹਾਇਕਾਂ ਦੀ ਤਲਾਸ਼ ਕਰ ਰਹੀ ਹੈ। ਭੱਟ ਤੇ ਉਸ ਦੇ ਸਹਾਇਕਾਂ ਨੇ 8 ਸਤੰਬਰ ਨੂੰ ਵਪਾਰੀ ਦੇ ਘਰ ਵਿਚ ਦਾਖ਼ਲ ਹੋ ਕੇ ਗੋਲੀਬਾਰੀ ਕੀਤੀ ਸੀ। ਇਸ ਦੌਰਾਨ ਉਸ ਦੀ ਧੀ ਅਸਮਾ ਜ਼ਖ਼ਮੀ ਹੋ ਗਈ ਸੀ। ਫੇਰ ਉਨ੍ਹਾਂ ਮਜ਼ਦੂਰ ਉੱਤੇ ਹਮਲਾ ਕਰ ਦਿੱਤਾ। ਲਸ਼ਕਰ-ਏ-ਤਇਬਾ ਦੇ ਅੱਠ ਦਹਿਸ਼ਤਗਰਦਾਂ ਨੂੰ ਮੰਗਲਵਾਰ ਨੂੰ ਪੋਸਟਰ ਵੰਡ ਕੇ ਲੋਕਾਂ ਨੂੰ ਡਰਾਉਣ-ਧਮਕਾਉਣ ਦੇ ਦੋਸ਼ ਹੇਠ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। -ਆਈਏਐੱਨਐੱਸ


Comments Off on ਕਸ਼ਮੀਰ ’ਤੇ ਗੱਲਬਾਤ ਕਰਨ ਭਾਰਤ-ਪਾਕਿ: ਗੁਟੇਰੇਜ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.