ਕਣਕ ਦੀ ਥੁੜ੍ਹ ਅਤੇ ਯਾਦਾਂ ਕਾਰੋਬਾਰੀ ਸਾਂਝ ਦੀਆਂ... !    ਜਾਗਣ ਦਾ ਸੁਨੇਹਾ ਦੇਣ ਵਾਲੇ ਸਵਾਮੀ ਵਿਵੇਕਾਨੰਦ !    ਵਿਦਿਆਰਥੀਆਂ ਦਾ ਦੇਸ਼ ਵਿਆਪੀ ‘ਸ਼ਾਹੀਨ ਬਾਗ਼’ !    ਭਾਰਤ ਵਿਚ ਮੌਸਮ ਦਾ ਵਿਗੜ ਰਿਹਾ ਮਿਜ਼ਾਜ !    ਨਿੱਕੀ ਸਲੇਟੀ ਸੜਕ ਦੀ ਬਾਤ !    ਦਵਾ ਤਸਕਰੀ: 7 ਲੱਖ ਗੋਲੀਆਂ ਤੇ 14 ਸੌ ਟੀਕੇ ਜ਼ਬਤ !    ਜੇਪੀ ਨੱਢਾ ਦੇ ਹੱਕ ’ਚ ਨਿੱਤਰੀ ਚੰਡੀਗੜ੍ਹ ਭਾਜਪਾ !    ਕੇਂਦਰੀ ਜੇਲ੍ਹ ਵਿਚੋਂ 15 ਮੋਬਾਈਲ ਬਰਾਮਦ !    ਫਾਸਟਟੈਗ ਕਰਮੀ ਨੂੰ ਹਥਿਆਰਾਂ ਨਾਲ ਡਰਾ ਕੇ 80 ਸਟਿੱਕਰ ਖੋਹੇ !    ‘ਰੱਬ ਆਸਰੇ’ ਦਿਨ ਗੁਜ਼ਾਰ ਰਹੇ ਨੇ ਦਿਹਾੜੀਦਾਰ ਕਾਮੇ !    

ਕਸ਼ਮੀਰ: ਅਲਪ ਜ਼ਿੰਦਗੀ ਜਿਊਂਦੀ ਲੋਕਾਈ

Posted On September - 13 - 2019

ਸਵਰਾਜਬੀਰ
ਕੁਝ ਵਰ੍ਹੇ ਪਹਿਲਾਂ ਮੇਰੇ ਇਕ ਦੋਸਤ ਨੇ ਮੈਨੂੰ ਇਤਾਲਵੀ ਦਾਰਸ਼ਨਿਕ ਜੋਰਜੋ ਅਗਮਬਿਨ (Giorgo Agamben) ਬਾਰੇ ਦੱਸਿਆ। ਉਸ ਦੇ ਕੁਝ ਸਿਧਾਂਤ ਬਹੁਤ ਖਿੱਚ ਪਾਉਣ ਵਾਲੇ ਹਨ: ਕਿਵੇਂ ਰਿਆਸਤ/ਸਟੇਟ ਸਰਬਸ਼ਕਤੀਮਾਨ ਹੁੰਦੀ ਹੈ; ਕਿਵੇਂ ਇਹ ਆਪਣੀ ਤਾਕਤ ਬਰਕਰਾਰ ਰੱਖਣ ਲਈ ਆਪਣੇ ਸ਼ਹਿਰੀਆਂ ਦੇ ਅਧਿਕਾਰਾਂ ਨੂੰ ਮਸਲ ਸਕਦੀ ਹੈ ਤੇ ਮਸਲਦੀ ਮਸਲਦੀ ਇਸ ਹੱਦ ਤਕ ਜਾ ਸਕਦੀ ਹੈ ਕਿ ਲੋਕਾਂ ਨੂੰ ਵੱਡੀ ਪੱਧਰ ’ਤੇ ਮਨੁੱਖੀ ਅਧਿਕਾਰਾਂ ਤੋਂ ਵਿਛੁੰਨਿਆ ਕੀਤਾ ਜਾ ਸਕਦਾ ਹੈ। ਲੋਕਾਂ ਨੂੰ ਹੱਕਾਂ ਤੋਂ ਵਿਛੁੰਨਿਆ ਕਰ ਦੇਣ ਵਾਲੀ ਸਥਿਤੀ ਨੂੰ ਅਗਮਬਿਨ ਅਨਿਯਮਿਤ/ਬੇਜ਼ਾਬਤਾ ਸਥਿਤੀ (State of Exception) ਕਹਿੰਦਾ ਹੈ (ਮੈਨੂੰ State of Exception ਲਈ ਪੰਜਾਬੀ ਵਿਚ ਸ਼ਬਦ ਨਹੀਂ ਲੱਭੇ)। ਉਹ ਦਲੀਲ ਦਿੰਦਾ ਹੈ ਕਿ ਕੋਈ ਵੀ ਰਾਜ ਕਿਸੇ ਕਾਨੂੰਨ ’ਤੇ ਆਧਾਰਿਤ ਵਿਧਾਨ ’ਤੇ ਉਸਰਿਆ ਹੁੰਦਾ ਹੈ ਪਰ ਕਈ ਵਾਰ ਕੁਝ ਖ਼ਾਸ ਸਮਿਆਂ ਵਿਚ ਕਾਨੂੰਨ ਆਪਣੇ ਆਪ ਨੂੰ ਮੁਅੱਤਲ/ਖਾਰਜ ਕਰ ਦਿੰਦਾ ਹੈ ਅਤੇ ਇਸ ਨਾਲ ਇਕ ਅਨਿਯਮਿਤ/ਬੇਜ਼ਾਬਤਾ ਸਥਿਤੀ (State of Exception) ਹੋਂਦ ਵਿਚ ਆਉਂਦੀ ਹੈ।
ਜਿਹੜੇ ਲੋਕ ਇਸ ਬੇਜ਼ਾਬਤਾ ਸਥਿਤੀ (State of Exception) ਦੀ ਜਕੜ ਵਿਚ ਆ ਜਾਂਦੇ ਹਨ, ਉਨ੍ਹਾਂ ਦਾ ਕੀ ਬਣਦਾ ਹੈ? ਅਗਮਬਿਨ ਅਨੁਸਾਰ ਇਨ੍ਹਾਂ ਹਾਲਾਤ ਵਿਚ ਸਿਰਫ਼ ਹੁਕਮਰਾਨ ਹੀ ਫ਼ੈਸਲੇ ਕਰਦਾ ਹੈ ਕਿ ਕਿਹੜੇ ਲੋਕਾਂ ਨੂੰ ਸਿਆਸੀ ਜੀਵਨ ਵਿਚ ਕੁਝ ਦਖ਼ਲ ਦੇਣ ਦਿੱਤਾ ਜਾਏਗਾ ਤੇ ਕਿਹੜੇ ਲੋਕਾਂ ਨੂੰ ਉਨ੍ਹਾਂ ਦੀ ਨਿਰੋਲ ਸਰੀਰਕ ਜ਼ਿੰਦਗੀ (ਭਾਵ ਉਹ ਜ਼ਿੰਦਗੀ, ਜਿਸ ਵਿਚ ਉਹ ਨਾ ਤਾਂ ਆਪਣੇ ਦਿਮਾਗ ਤੇ ਬੁੱਧੀ ਦਾ ਇਸਤੇਮਾਲ ਕਰ ਸਕਣ ਅਤੇ ਨਾ ਹੀ ਆਪਣੇ ਜਜ਼ਬਿਆਂ ਦਾ ਇਜ਼ਹਾਰ ਕਰ ਸਕਣ) ਤਕ ਮਹਿਦੂਦ ਕਰ ਦਿੱਤਾ ਜਾਵੇਗਾ। ਉਹ ਇਸ ਜ਼ਿੰਦਗੀ ਨੂੰ ਅਲਪ, ਨੰਗ-ਮਨੰਗੀ, ਸੁਰੱਖਿਆਹੀਣ ਜ਼ਿੰਦਗੀ (bare life) ਕਹਿੰਦਾ ਹੈ।
ਮਨੁੱਖਤਾ ਦਾ ਬਹੁਤਾ ਇਤਿਹਾਸ ਤਬਾਹੀ, ਕਰੂਰਤਾ, ਜ਼ੁਲਮ ਤੇ ਦੁੱਖਾਂ-ਦੁਸ਼ਵਾਰੀਆਂ ਦਾ ਇਤਿਹਾਸ ਹੈ। ਪੈਸੇ ਤੇ ਤਾਕਤ ਦੀ ਹਵਸ ਨੇ ਕਦੇ ਵੀ ਲੋਕਾਂ ਨੂੰ ਜ਼ਿਆਦਾ ਚਿਰ ਲਈ ਅਮਨ-ਚੈਨ ਨਾਲ ਨਹੀਂ ਰਹਿਣ ਦਿੱਤਾ। ਵੱਡੇ ਵੱਡੇ ਆਦਰਸ਼ਾਂ ਦੇ ਨਾਂ ’ਤੇ ਮਨੁੱਖ ਦਾ ਖੂਨ ਵਹਾਇਆ ਗਿਆ ਹੈ। ਇਨ੍ਹਾਂ ਆਦਰਸ਼ਾਂ ਨੂੰ ਨਸਲ, ਧਰਮ, ਰੰਗ, ਕੌਮ, ਰਾਸ਼ਟਰ, ਦੇਸ਼-ਹਿੱਤ ਤੇ ਹੋਰ ਕਈ ਨਾਂ ਦਿੱਤੇ ਜਾਂਦੇ ਹਨ। ਵੀਹਵੀਂ ਸਦੀ ਵਿਚ ਹੋਏ ਜ਼ੁਲਮਾਂ ਦੀ ਕਹਾਣੀ ਬਹੁਤ ਲੰਮੀ ਹੈ: ਦੋ ਵੱਡੀਆਂ ਸੰਸਾਰ ਜੰਗਾਂ, ਬਸਤੀਵਾਦ ਦੇ ਜ਼ੁਲਮ, ਨਾਜ਼ੀਆਂ ਤੇ ਫਾਸ਼ੀਆਂ ਦੇ ਯਹੂਦੀਆਂ ਨੂੰ ਖ਼ਤਮ ਕਰਨ ਲਈ ਲਾਏ ਗਏ ਕਨਸਨਟਰੇਸ਼ਨ ਕੈਂਪ, ਸਾਇਬੇਰੀਆ ਵਿਚ ਧੱਕੇ ਗਏ ਕਮਿਊਨਿਸਟ-ਵਿਰੋਧੀ, ਵੀਅਤਨਾਮ ’ਤੇ ਵਰਸਾਈ ਅਗਨੀ ਬੰਬਾਂ ਦੀ ਬਰਸਾਤ ਅਤੇ ਹੋਰ ਅਨੇਕ ਜ਼ੁਲਮਾਂ ਅਤੇ ਕਤਲੇਆਮਾਂ ਦੀ ਦਾਸਤਾਨ ਰੌਂਗਟੇ ਖੜ੍ਹੇ ਕਰਨ ਵਾਲੀ ਹੈ।
ਯਹੂਦੀਆਂ ਦੀ ਨਸਲਕੁਸ਼ੀ ਦੌਰਾਨ ਲੱਖਾਂ ਦੀ ਗਿਣਤੀ ਵਿਚ ਯਹੂਦੀਆਂ ਨੂੰ ਖ਼ਤਮ ਕਰਨ ਲਈ ਲਾਏ ਇਕੱਠ-ਕੈਂਪਾਂ (ਕਨਸਨਟਰੇਸ਼ਨ ਕੈਂਪਾਂ) ਵਿਚ ਤਾੜਿਆ ਗਿਆ। ਅਗਮਬਿਨ ਉਨ੍ਹਾਂ ਕੈਂਪਾਂ ਨੂੰ ਰਿਆਸਤ/ਸਟੇਟ ਦੇ ਸਰਬਸ਼ਕਤੀਮਾਨਤਾ ਦੇ ਤਰਕ ਦੀ ਨੰਗੀ ਤਸਵੀਰ ਮੰਨਦਾ ਹੈ। ਇਨ੍ਹਾਂ ਕੈਂਪਾਂ ਵਿਚ ਅਣਮਨੁੱਖੀ ਹਾਲਾਤ ਮਨੁੱਖ ਦੇ ਜੀਵਨ ਦੀ ਸੱਚਾਈ ਬਣ ਜਾਂਦੇ ਹਨ; ਕੈਂਪ ਵਿਚ ਉਹ ਵਿਚਾਰ, ਜਿਨ੍ਹਾਂ ਨੂੰ ਕਾਨੂੰਨ, ਸੰਵਿਧਾਨ, ਨਿਯਮ, ਨੇਮ ਆਦਿ ਕਿਹਾ ਜਾਂਦਾ ਹੈ, ਅਰਥਹੀਣ ਹੋ ਜਾਂਦੇ ਹਨ; ਵਿਚਾਰਾਂ ਵਿਚਲੀ ਤਾਕਤ (ਜਿਵੇਂ ਔਖੇ ਹਾਲਾਤ ’ਚ ਫਸਿਆ ਬੰਦਾ ਪੁੱਛਦਾ ਹੈ ਕਿ ਇੱਥੇ ਕੋਈ ਨਿਯਮ-ਕਾਨੂੰਨ ਹੈ ਕਿ ਨਹੀਂ) ਖੁਸ ਜਾਂਦੀ ਹੈ। ਅਜਿਹੇ ਕੈਪਾਂ ਵਿਚਲੇ ਹਾਲਾਤ ਨੂੰ ਅਣਮਨੁੱਖੀ ਹਾਲਾਤ (conditio inhumana) ਕਿਹਾ ਗਿਆ ਹੈ ਅਤੇ ਅਜਿਹੀ ਸਥਿਤੀ ਨੂੰ ਅਨਿਯਮਿਤ ਸਥਿਤੀ (State of Exception); ਇਨ੍ਹਾਂ ਵਿਚਲੀ ਜ਼ਿੰਦਗੀ ਨੂੰ ਅਲਪ ਹੱਕਹੀਣੀ, ਸੁਰੱਖਿਆਹੀਣ ਜ਼ਿੰਦਗੀ (bare life) ਅਤੇ ਜੋ ਇਹ ਜ਼ਿੰਦਗੀ ਜਿਊਂਦੇ ਹਨ, ਉਨ੍ਹਾਂ ਨੂੰ ਹੋਮੋ ਸੈਚਰ (Homo sacer)।
ਅਗਮਬਿਨ ਪੁਰਾਤਨ ਰੋਮਨ ਕਾਨੂੰਨ ਦੇ ਹਵਾਲੇ ਨਾਲ ਹੋਮੋ ਸੈਚਰ ਬਾਰੇ ਇਉਂ ਦੱਸਦਾ ਹੈ- ‘‘ਉਹ ਬੰਦਾ ਜਿਸ ਨੂੰ ਧਾਰਮਿਕ ਭਾਈਚਾਰੇ ਅਤੇ ਹਰ ਤਰ੍ਹਾਂ ਦੇ ਸਿਆਸੀ ਜੀਵਨ ਤੋਂ ਬਾਹਰ ਕੱਢ ਦਿੱਤਾ ਗਿਆ ਹੈ; ਉਹ ਆਪਣੇ ਭਾਈਚਾਰੇ ਦੇ ਜੀਵਨ ਵਿਚ ਹਿੱਸਾ ਨਹੀਂ ਲੈ ਸਕਦਾ ਅਤੇ ਨਾ ਹੀ ਉਹ ਕੋਈ ਅਜਿਹਾ ਕੰਮ ਕਰ ਸਕਦਾ ਹੈ ਜੋ ਕਾਨੂੰਨੀ ਤੌਰ ’ਤੇ ਜਾਇਜ਼ ਹੋਵੇ (ਭਾਵ ਉਸ ਨੂੰ ਕਾਨੂੰਨੀ ਹੱਕਾਂ ਤੋਂ ਮਹਿਰੂਮ ਕਰ ਦਿੱਤਾ ਜਾਂਦਾ ਹੈ)। ਇਸ ਤੋਂ ਜ਼ਿਆਦਾ ਉਸ ਦੀ ਸਾਰੀ ਹੋਂਦ ਇਕ ਨੰਗ-ਮਨੰਗੀ, ਸੁਰੱਖਿਆਹੀਣ, ਅਲਪ ਜ਼ਿੰਦਗੀ (bare life) ਤਕ ਸੀਮਤ ਕਰ ਦਿੱਤੀ ਜਾਂਦੀ ਹੈ; ਕੋਈ ਵੀ ਵਿਅਕਤੀ ਉਸ ਨੂੰ ਮਾਰ ਸਕਦਾ ਹੈ; ਉਸ ਨੂੰ ਜ਼ਿੰਦਾ ਰਹਿਣ ਲਈ ਲਗਾਤਾਰ ਲੜਨਾ ਜਾਂ ਦੇਸ਼-ਬਦਰ ਹੋਣਾ ਪੈਂਦਾ ਹੈ।’’ ਇਸ ਤਰ੍ਹਾਂ ਅਗਮਬਿਨ ਅਨਿਯਮਿਤ ਸਥਿਤੀਆਂ (State of Exception) ਵਿਚ ਸੁਰੱਖਿਆਹੀਣ ਜ਼ਿੰਦਗੀ (bare life) ਜਿਊਂਦੇ ਲੋਕਾਂ ਨੂੰ ਹੋਮੋ ਸੈਚਰ (Homo sacer) ਕਹਿ ਆਮ ਆਦਮੀ (Homo sapiens) ਤੋਂ ਵੱਖਰਾਉਂਦਾ ਹੈ। ਅੱਜ ਸਵਾਲ ਪੁੱਛਣਾ ਬਣਦਾ ਹੈ ਕਿ ਕੀ ਕਸ਼ਮੀਰ ਵਾਦੀ ਦੇ ਵਾਸੀਆਂ ਦੀ ਜ਼ਿੰਦਗੀ ਉਸੇ ਤਰ੍ਹਾਂ ਦੀ ਨਹੀਂ ਬਣਾ ਦਿੱਤੀ ਗਈ ਜਿਸ ਦਾ ਚਿਤ੍ਰਣ ਅਗਮਬਿਨ ਦੀਆਂ ਲਿਖਤਾਂ ਵਿਚ ਹੈ।
ਜੰਮੂ ਕਸ਼ਮੀਰ ਦੇ ਸਬੰਧ ਵਿਚ ਧਾਰਾ 370 ਨੂੰ ਖ਼ਤਮ ਕਰਨ ਲਈ ਵੀ ਬਾਹਰੋਂ ਦਿਖਾਈ ਦਿੰਦਾ ਵਿਧਾਨਕ/ਸੰਵਿਧਾਨਕ ਤਰੀਕਾ ਵਰਤਿਆ ਗਿਆ ਹੈ; ਇਹਨੂੰ ਖ਼ਤਮ ਕਰਨ ਲਈ ਇਹ ਸਫ਼ਾਈ ਦਿੱਤੀ ਜਾ ਰਹੀ ਹੈ ਕਿ ਇਹ ਧਾਰਾ ਸੰਵਿਧਾਨ ਵਿਚ ਆਰਜ਼ੀ ਸੀ (ਭਾਵੇਂ ਦੇਸ਼ ਦੀ ਸੁਪਰੀਮ ਕੋਰਟ ਕੁਝ ਵਰ੍ਹੇ ਪਹਿਲਾਂ ਇਹ ਕਹਿ ਚੁੱਕੀ ਹੈ ਕਿ ਧਾਰਾ ਭਾਵੇਂ ਆਰਜ਼ੀ ਸੀ ਪਰ ਇਸ ਦੀ ਤਾਸੀਰ ਸਥਾਈ ਰੂਪ ਵਾਲੀ ਸੀ)। ਜਿੰਨੀ ਜਲਦੀ ਤੇ ਕਾਹਲ ਨਾਲ ਧਾਰਾ 370 ਖ਼ਤਮ ਕੀਤੀ ਗਈ ਅਤੇ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਹੈ, ਉਹ ਵੀ ਵੇਖਣ ਵਾਲੀ ਹੈ; ਕਸ਼ਮੀਰ ਦੇ ਲੋਕਾਂ ਦੀ ਕੋਈ ਰਾਏ ਨਹੀਂ ਲਈ ਗਈ।
ਸਪੱਸ਼ਟ ਹੈ, ਲੋਕ ‘ਹੀਣੇ’ ਤੇ ‘ਨਿਤਾਣੇ’ ਬਣਾ ਦਿੱਤੇ ਗਏ ਹਨ: ਹੋਮੋ ਸੈਚਰ (Homo sacer)। ਦੇਸ਼ ਦੇ ਸੰਵਿਧਾਨ ਦੁਆਰਾ ਲੋਕਾਂ ਨੂੰ ਦਿੱਤੇ ਗਏ ਮੌਲਿਕ ਅਧਿਕਾਰ, ਜਿਨ੍ਹਾਂ ਵਿਚ ਬੋਲਣ, ਲਿਖਣ ਤੇ ਛਪਵਾਉਣ ਦੀ ਆਜ਼ਾਦੀ ਸ਼ਾਮਲ ਹੈ, ਤੋਂ ਲੋਕਾਂ ਨੂੰ ਵਾਂਝਿਆਂ ਕਰ ਦਿੱਤਾ ਗਿਆ ਹੈ। ਦੇਸ਼ ਦੀਆਂ ਅਦਾਲਤਾਂ ਵੀ ਚੁੱਪ ਹਨ। ਦੇਸ਼ ਦੇ ਕਾਨੂੰਨ ਨੇ ਹੀ ਕਾਨੂੰਨ ਨੂੰ ਮੁਅੱਤਲ ਕਰ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਰਿਆਸਤ/ਸਟੇਟ ਹੀ ਸ਼ਕਤੀਸ਼ਾਲੀ ਹੈ; ਉਸ ਦਾ ਤਰਕ ਹੀ ਠੀਕ ਹੈ; ਜੋ ਹੋ ਰਿਹਾ ਹੈ, ਕਾਨੂੰਨ ਜਾਂ ਸੰਵਿਧਾਨ ਅਨੁਸਾਰ ਨਹੀਂ ਸਗੋਂ ਰਿਆਸਤ/ਸਟੇਟ ਦੇ ਤਰਕ ਅਨੁਸਾਰ ਹੈ। ਕਾਨੂੰਨ ਤੇ ਸੰਵਿਧਾਨ ਨੂੰ ਹਮੇਸ਼ਾਂ ਹੀ ਰਿਆਸਤ/ਸਟੇਟ ਦੇ ਤਰਕ ਅਨੁਸਾਰ ਢਾਲਿਆ ਜਾ ਸਕਦਾ ਹੈ।
ਅਗਮਬਿਨ ਅਨੁਸਾਰ ਨਾਜ਼ੀਆਂ ਦੁਆਰਾ ਯਹੂਦੀਆਂ ਨੂੰ ਖ਼ਤਮ ਕਰਨ ਲਈ ਲਾਏ ਗਏ ਕੈਂਪ ਰਿਆਸਤ/ਸਟੇਟ ਦੀ ਪ੍ਰਭੂਸੱਤਾ/ਅਸੀਮ ਤਾਕਤ ਨੂੰ ਸਿੱਧ ਕਰਦੇ ਹਨ; ਉਨ੍ਹਾਂ ਕੈਂਪਾਂ ਵਿਚ ਲੋਕਾਂ ਨੂੰ ਮਨੁੱਖੀ ਹੱਕਾਂ ਤੋਂ ਮਹਿਰੂਮ ਕਰਕੇ ਉਹ ਜ਼ਿੰਦਗੀ ਜਿਊਣ ਲਈ ਮਜਬੂਰ ਕੀਤਾ ਗਿਆ ਜੋ ਜੀਵੀ ਹੀ ਨਹੀਂ ਸੀ ਜਾ ਸਕਦੀ, ਜਿਸ ਦੇ ਕੋਈ ਅਰਥ ਨਹੀਂ ਸਨ। ਅਗਮਬਿਨ ਕਹਿੰਦਾ ਹੈ ਕਿ ਹੁਣ ਲੜਾਈ ਨਾਜ਼ੀਆਂ ਜਾਂ ਫਾਸਿਸਟਾਂ ਨਾਲ ਲੜਨ ਦੇ ਨਾਲ ਨਾਲ ਰਿਆਸਤ/ਸਟੇਟ ਦੇ ਉਸ ਤਰਕ ਦੇ ਨਾਲ ਲੜਨ ਦੀ ਵੀ ਜ਼ਰੂਰਤ ਹੈ ਜਿਹੜਾ ਰਿਆਸਤ/ਸਟੇਟ ਦੀ ਸਰਬਸ਼ਕਤੀਮਾਨਤਾ ਨੂੰ ਅੰਤਿਮ ਮੰਨਦਾ ਹੈ; ਭਾਵ ਉਹ ਤਰਕ, ਜਿਸ ਅਨੁਸਾਰ ਬੰਦਾ ਰਾਸ਼ਟਰ ਦੀ ਜਾਇਦਾਦ ਹੈ; ਉਹ ਰਾਸ਼ਟਰ ਲਈ ਹੈ; ਉਸ ਦੀ ਆਪਣੀ ਹੋਂਦ ਕੁਝ ਵੀ ਨਹੀਂ।
ਅੱਜ ਪ੍ਰਸ਼ਨ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਜਦੋਂ ਸਰਕਾਰ ਕਹਿ ਰਹੀ ਹੈ ਕਿ ਕਸ਼ਮੀਰ ਵਿਚ ਸ਼ਾਂਤੀ ਹੈ ਤਾਂ ਉਹ ਕਿਸ ਕਿਸਮ ਦੀ ਸ਼ਾਂਤੀ ਹੈ? ਜਦ ਲੋਕ ਘਰਾਂ ਵਿਚ ਡੱਕੇ ਹੋਏ ਹਨ ਅਤੇ ਉਨ੍ਹਾਂ ਕੋਲ ਬੋਲਣ ਅਤੇ ਆਪਣੇ ਜਜ਼ਬਿਆਂ ਨੂੰ ਪ੍ਰਗਟਾਉਣ ਦੀ ਆਜ਼ਾਦੀ ਨਹੀਂ। ਮਰੀਜ਼ ਦਵਾਈਆਂ ਲਈ ਤਰਸ ਰਹੇ ਹਨ। ਦਿਹਾੜੀਦਾਰਾਂ ਕੋਲ ਸਾਧਾਰਨ ਦਿਨਾਂ ਵਿਚ ਪੰਜ-ਸੱਤ ਦਿਨਾਂ ਤੋਂ ਜ਼ਿਆਦਾ ਖਰਚਾ ਚਲਾਉਣ ਲਈ ਪੈਸਾ ਤੇ ਖਾਣ-ਪੀਣ ਦਾ ਸਮਾਨ ਨਹੀਂ ਹੁੰਦਾ; ਉਨ੍ਹਾਂ ਦਿਹਾੜੀਦਾਰਾਂ ਨਾਲ ਕੀ ਬੀਤ ਰਹੀ ਹੈ? ਗ਼ਰੀਬ ਲੋਕਾਂ ਨੂੰ ਆਮ ਦਿਨਾਂ ਵਿਚ ਹਸਪਤਾਲਾਂ ਵਿਚ ਧੱਕੇ ਖਾਣੇ ਪੈਂਦੇ ਹਨ; ਹੁਣ ਜਦ ਲੋਕ ਹਸਪਤਾਲਾਂ ਵਿਚ ਨਹੀਂ ਆ ਰਹੇ ਤਾਂ ਮਰੀਜ਼ ਕਿੱਥੇ ਹਨ? ਦਿਹਾੜੀਦਾਰ ਦਿਹਾੜੀਆਂ ਕਿੱਥੇ ਕਰਦੇ ਹਨ? ਮਜ਼ਦੂਰ ਕਿੱਥੇ ਹਨ? ਲੋਕ ਕਿੱਥੇ ਹਨ?
ਪੰਜਾਬ ਦੀ ਵੰਡ ਦੇ ਸਮਿਆਂ ਵਿਚੋਂ ਲੰਘਦਿਆਂ ਅਬਦੁੱਲਾ ਹੁਸੈਨ ਨੇ ਆਪਣੇ ਨਾਵਲ ‘ਉਦਾਸ ਨਸਲੇਂ’ ਵਿਚ ਵੰਡ ਦੇ ਸਮੇਂ ਨੂੰ ਏਦਾਂ ਚਿਤਰਿਆ ਸੀ:
ਨੰਗੀਆਂ ਟਾਹਣੀਆਂ ਤੇ ਬੈਠੇ ਪ੍ਰਿੰਦੇ
ਚੋਗ ਦੀ ਉਮੀਦ ਵਿਚ
ਇਕ ਦੂਸਰੇ ਨੂੰ ਦਿਲਾਸਾ ਦੇ ਰਹੇ ਨੇ।
ਥੱਲੇ ਉਨ੍ਹਾਂ ਦੇ ਖੁਦਾਵਾਂ ਦੇ ਕਾਰਵਾਂ
ਆਪਣੀ ਆਪਣੀ ਹਮਦੋ-ਸਨਾ (ਸ਼ਲਾਘਾ) ਗਾਉਂਦੇ
ਗੁਜ਼ਰ ਰਹੇ ਨੇ।
ਪਰ ਰੁੱਖ ਕਿੱਥੇ ਨੇ?

ਮੈਂ ਦੁਨੀਆ ਦੇ ਚੌਰਾਹਿਆਂ ਤੇ ਬਹਿ ਕੇ
ਭਿਖਿਆ ਮੰਗਦਾ ਹਾਂ
ਤੇ ਦੁਨੀਆਂ ’ਚ ਪੈਗੰਬਰ ਆਉਣੇ ਬੰਦ ਹੋ ਚੁੱਕੇ ਨੇ।
ਹੁਣ ਲੋਕ ਸਿਰਫ਼ ਕਹਾਣੀਆਂ ਸੁਣਾ ਕੇ ਚਲੇ ਜਾਂਦੇ ਨੇ।
ਪਰ ਲੋਕ ਕਿੱਥੇ ਨੇ?
ਲੋਕ ਕਿੱਥੇ ਨੇ? ਕੀ ਲਿਖਿਆ ਜਾਏ? ਲਿਖਿਆ ਹੋਇਆ ਕੁਝ ਵੀ ਅੱਜ ਦੇ ਕਸ਼ਮੀਰ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਿਆਨ ਨਹੀਂ ਕਰ ਸਕਦਾ; ਕਿਉਂਕਿ ਸਾਡੇ ਕੋਲ ਜਾਣਕਾਰੀ ਬਹੁਤ ਸੀਮਤ ਹੈ; ਸਰਕਾਰ ਸਾਨੂੰ ਕੁਝ ਹੋਰ ਦੱਸ ਰਹੀ ਹੈ ਜਦੋਂਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਜ਼ਮੀਨੀ ਸਥਿਤੀ ਕੁਝ ਹੋਰ ਹੈ। ਜ਼ਮੀਨੀ ਸਥਿਤੀਆਂ ਕੀ ਹਨ: ਜਿਵੇਂ ਸਰਕਾਰ ਕਹਿ ਰਹੀ ਹੈ ਕਿ ਬਹੁਗਿਣਤੀ ਵਿਚ ਕਸ਼ਮੀਰੀ ਖੁਸ਼ ਹਨ ਜਾਂ ਜਿਵੇਂ ਕੁਝ ਪੱਤਰਕਾਰ ਕਹਿ ਰਹੇ ਹਨ, ਉੱਥੇ ਸੁੰਞ ਪਸਰੀ ਹੋਈ ਹੈ, ਸੰਨਾਟਾ ਹੈ, ਗੁੱਸਾ ਹੈ, ਦੱਬਿਆ ਅਤੇ ਦਬਾਇਆ ਗਿਆ ਤੂਫ਼ਾਨ ਹੈ। ਇਹ ਸਰਕਾਰ ਸਾਡੀ ਸਰਕਾਰ ਹੈ; ਉਹ ਏਨਾ ਝੂਠ ਤਾਂ ਨਹੀਂ ਬੋਲ ਸਕਦੀ? ਤਾਂ ਕੀ ਲਿਖਿਆ ਜਾਵੇ? ਇਸ ਲਈ ਇਸ ਲੇਖ ਦੇ ਅੱਧ-ਵਿਚਕਾਰ ਖਾਲੀ ਥਾਂ ਛੱਡੀ ਜਾ ਰਹੀ ਹੈ; ਉਹ ਥਾਂ ਜਿੱਥੇ ਕੁਝ ਵੀ ਲਿਖਿਆ ਨਹੀਂ ਗਿਆ; ਲਿਖਿਆ ਜਾ ਹੀ ਨਹੀਂ ਸਕਦਾ; ਕੋਰਾ ਕਾਗਜ਼ ਜੋ ਕਲਮ/ਪੈੱਨ ਨੂੰ ਆਪਣੇ ਸੀਨੇ ’ਤੇ ਕੁਝ ਲਿਖਣ ਤੋਂ ਹਟਕਦਾ ਹੈ: ਖਾਲੀਪਣ, ਲਾਚਾਰੀ, ਬੇਵਸੀ ਦਾ ਪ੍ਰਤੀਕ। ਕਸ਼ਮੀਰ ਲਈ ਲਿਖੇ ਜਾਣ ਵਾਲੇ ਹਰਫ਼ ਅਜੇ ਅਣਲਿਖੇ ਹਨ। ਉਹ ਕਸ਼ਮੀਰ ਦੇ ਲੋਕਾਂ ਨੇ ਲਿਖਣੇ ਹਨ। ਹਰਫ਼ਾਂ ਦਾ ਲਿਬਾਸ ਪਹਿਨਣ ਤੋਂ ਇਨਕਾਰ ਕਰਦਾ ਕੋਰਾ ਕਾਗਜ਼ ਹੀ ਕਸ਼ਮੀਰ ਦੀ ਸਥਿਤੀ ਨੂੰ ਬਿਆਨ ਕਰ ਸਕਦਾ ਹੈ।


Comments Off on ਕਸ਼ਮੀਰ: ਅਲਪ ਜ਼ਿੰਦਗੀ ਜਿਊਂਦੀ ਲੋਕਾਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.