ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਕਤਲੇਆਮਾਂ ਪਿਛਲੀ ਮਾਨਸਿਕਤਾ

Posted On September - 15 - 2019

ਮਜੀਦ ਸ਼ੇਖ਼

ਅੱਜ ਅਸੀਂ ਜਦੋਂ ਟੈਲੀਵਿਜ਼ਨ ਉੱਤੇ ਇਰਾਕ ਵਿਚ ਗਿਣ-ਮਿਥ ਕੇ ਹੋ ਰਹੇ ਕਤਲੇਆਮ ਜਾਂ ਨਸਲਕੁਸ਼ੀਆਂ ਦੇਖਦੇ ਹਾਂ ਤਾਂ ਇਸ ਤੋਂ ਬਿਨਾਂ ਹੋਰ ਕੁਝ ਨਹੀਂ ਸੋਚ ਸਕਦੇ। ਉੱਥੇ ਦਿਨ-ਰਾਤ ਲਗਾਤਾਰ ਅਜਿਹਾ ਚੱਲ ਰਿਹਾ ਹੈ ਤੇ ਅਸੀਂ ਮਹਿਜ਼ ਇਸ ਦੇ ਬੰਦ ਹੋਣ ਦੀ ਦੁਆ ਹੀ ਕਰ ਸਕਦੇ ਹਾਂ। ਜੋ ਕੁਝ ਫਲਸਤੀਨ ਵਿਚ ਹੋ ਰਿਹਾ ਹੈ, ਉਸ ਨੂੰ ਦੇਖਦਿਆਂ ਅਸੀਂ ਅਜਿਹੀਆਂ ਨਸਲਕੁਸ਼ੀਆਂ ਦੀ ਹੀ ਉਮੀਦ ਕਰ ਸਕਦੇ ਹਾਂ। ਕਤਲੇਆਮ ਤਾਂ ਕਤਲੇਆਮ ਹੈ। ਇਸ ਤੋਂ ਸਾਨੂੰ ਚੰਗੇਜ਼ ਖ਼ਾਨ ਦੀ ਯਾਦ ਆਉਂਦੀ ਹੈ ਜੋ ਅਜਿਹਾ ਬੰਦਾ ਸੀ ਜਿਸ ਨੇ ਤਕਰੀਬਨ 900 ਸਾਲ ਪਹਿਲਾਂ ਬਗ਼ਦਾਦ ਅਤੇ ਲਾਹੌਰ ਦੋਵਾਂ ਵਿਚ ਲੁੱਟਮਾਰ ਕੀਤੀ, ਵੱਡੇ ਪੱਧਰ ’ਤੇ ਬਲਾਤਕਾਰ ਕੀਤੇ।
ਮੈਂ ਇਕ ਪੁਰਾਣੀ ਤੇ ਪਸੰਦੀਦਾ ਕਿਤਾਬ ‘ਸੈਵਨ ਪਿਲਰਜ਼ ਆਫ਼ ਵਿਜ਼ਡਮ’ ਪੜ੍ਹ ਰਿਹਾ ਸਾਂ ਜਿਹੜੀ ਟੀ.ਈ. ਲਾਰੈਂਸ ਉਰਫ਼ ਲਾਰੈਂਸ ਔਫ਼ ਅਰੇਬੀਆ (ਅਰਬ ਦਾ ਲਾਰੈਂਸ) ਨੇ ਲਿਖੀ ਹੈ। ਇਹ ਉਹ ਬੰਦਾ ਸੀ ਜਿਸ ਨੇ ਅਰਬ ਖ਼ਿੱਤੇ ਅਤੇ ਅਰਬਾਂ ਦੀ ਤੇਲ ਦੀ ਦੌਲਤ ਨੂੰ ਬਰਤਾਨੀਆ ਦੇ ਹੱਥਾਂ ਵਿਚ ਸੌਂਪਿਆ। ਉਹ ਲਿਖਦਾ ਹੈ:
‘‘ਮੈਂ ਟਿਗਰਿਸ (ਦਜਲਾ) ਦਰਿਆ ਤੋਂ ਪਾਰ ਪੁੱਜਾ। ਮੇਰੇ ਨਾਲ ਡੈਵੋਨ ਟੈਰੀਟੋਰੀਅਲ (ਬਰਤਾਨਵੀ ਫ਼ੌਜ ਦੀ ਰੈਜੀਮੈਂਟ) ਦੇ 100 ਜਵਾਨ ਸਨ, ਦਲੇਰ ਤੇ ਬਾਂਕੇ ਜਵਾਨ। ਅਸੀਂ ਭਿਆਨਕ ਤੋਂ ਭਿਆਨਕ ਮੌਤ ਲਈ ਤਿਆਰ ਸਾਂ, ਜੰਗ ਜਿੱਤਣ ਲਈ ਨਹੀਂ ਸਗੋਂ ਇਸ ਲਈ ਕਿ ਮੱਕੀ ਤੇ ਚੌਲ ਅਤੇ ਮੈਸੋਪੋਟੇਮੀਆ ਦਾ ਤੇਲ ਸਾਡਾ ਹੋ ਜਾਵੇ।’’
ਇਹ ਉਸ ਦਾ ਨਪਿਆ-ਤੁਲਿਆ ਵਿਚਾਰ ਸੀ, ਉਹ ਵਿਚਾਰ ਜਿਸ ਦੀ ਬਰਨਾਰਡ ਸ਼ਾਅ ਨੇ ਵੀ ਤਾਈਦ ਕੀਤੀ, ਇਕ ਅਜਿਹਾ ਵਿਚਾਰ ਜਿਸ ਲਈ ਸਥਾਪਤੀ ਨੇ ਕਦੇ ਵੀ ਟੀ.ਈ. ਲਾਰੈਂਸ ਨੂੰ ਮੁਆਫ਼ ਨਹੀਂ ਕੀਤਾ। ਉਨ੍ਹਾਂ ਆਖ਼ਰ ਉਸ ਨੂੰ ‘ਬਹੁਤੀ ਹੀ ਗੰਦਾ ਹਮਜਿਨਸੀ’ ਕਰਾਰ ਦੇ ਦਿੱਤਾ ਅਤੇ ਕਰਾਚੀ ਸਥਿਤ ਹਵਾਈ ਅੱਡੇ ਉੱਤੇ ਭੇਜ ਦਿੱਤਾ। ਪਰ ਲਾਰੈਂਸ ਬੇਪ੍ਰਵਾਹ ਕਿਸਮ ਦਾ ਇਨਸਾਨ ਸੀ, ਬੜਾ ਰੰਗੀਨ-ਮਿਜ਼ਾਜ ਤੇ ਇਸ ਮਕਸਦ ਲਈ ਕਿਤੇ ਵੀ ਤੁਰ ਜਾਂਦਾ, ਜਾਂ ਉਸ ਬਾਰੇ ਆਖਿਆ ਜਾ ਸਕਦਾ ਹੈ ਕਿ ਉਸ ਵਿਚ ਮਨੁੱਖ ਦੇ ਰੰਗੀਨ-ਮਿਜ਼ਾਜੀ ਵਾਲੇ ਪੱਖ ਦੇ ਵਧੀਆ ਅੰਸ਼ ਸਨ। ਉਹ ਕੋਈ ਨਾ ਕੋਈ ਬਹਾਨਾ ਲੱਭ ਕੇ ਹਵਾਈ ਬੇਸ ਤੋਂ ਉਡਾਰੀ ਮਾਰ ਜਾਂਦਾ ਤੇ ਪੁਰਾਣਾ ਖ਼ਸਤਾਹਾਲ ਜਿਹਾ ਹਵਾਈ ਜਹਾਜ਼ ਲੈ ਕੇ ਲਾਹੌਰ ਆਣ ਪੁੱਜਦਾ ‘‘ਜਿੱਥੇ ਜ਼ਿੰਦਗੀ ਸੰਵੇਦਨਸ਼ੀਲ ਤੇ ਵਧੀਆ ਸੀ ਅਤੇ ਮਰਦ ਤੇ ਔਰਤਾਂ ਸਮਝਦਾਰ ਤੇ ਸਿਆਣੇ ਸਨ।’’ ਉਹ ਗੜ੍ਹੀ ਸ਼ਾਹੂ ਵਿਖੇ ਔਕਸਫੋਰਡ ਦੇ ਆਪਣੇ ਪੁਰਾਣੇ ਦੋਸਤ ਕੋਲ ਰੁਕਦਾ ਤੇ ਨਿਸ਼ਚਿੰਤ ਹੋ ਕੇ ਮਰਜ਼ੀ ਮੁਤਾਬਿਕ ਸਮਾਂ ਬਿਤਾਉਂਦਾ।
ਲੋਕ-ਕਥਾਵਾਂ ਵਿਚ ਲਾਰੈਂਸ ਦੀ ਪਛਾਣ ਅਰਬ ਦੇ ਲਾਰੈਂਸ ਵਾਲੀ ਹੀ ਬਣੀ ਰਹੇਗੀ, ਅਜਿਹਾ ਵਿਅਕਤੀ ਜਿਸ ਨੇ ਅਰਬਾਂ ਦਾ ਤੇਲ ਹਥਿਆਉਣ ਲਈ ਅੰਨ੍ਹੇਵਾਹ ਲੜਾਈ ਲੜੀ। ਉਸ ਨੇ ਇਜ਼ਰਾਈਲ ਦੀ ਖ਼ਤਰਨਾਕ ਧਾਰਮਿਕ ‘ਕਲਪਨਾ’ ਦਾ ਮੁੱਢ ਬੰਨ੍ਹਿਆ, ਜੋ ਇਕ ਅਜਿਹਾ ਜ਼ਾਲਮਾਨਾ ਵਿਚਾਰ ਸੀ ਜਿਸ ਨੇ ਸਮੁੱਚੇ ਲੋਕਾਂ ਨੂੰ ਖ਼ਤਰੇ ਵਿਚ ਪਾ ਦਿੱਤਾ। ਇਹ ਕਤਲੇਆਮ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਘੇਰੇ ਨੂੰ ਹੋਰ ਵਧਾਉਂਦਾ ਹੈ। ਮਨੁੱਖੀ ਲਾਲਚ ਦੀ ਕੋਈ ਹੱਦ ਨਹੀਂ ਹੁੰਦੀ। ਪਰ ਜੇ ਲਾਰੈਂਸ ਲਾਹੌਰ ਆਇਆ ਸੀ, ਤਾਂ ਇੰਝ ਹੀ ਚੰਗੇਜ਼ ਖ਼ਾਨ ਆਇਆ ਸੀ… ਤੇ ਫਿਰ ਚੰਗੇਜ਼ ਖ਼ਾਨ ਬਗ਼ਦਾਦ ਵੀ ਗਿਆ ਤਾਂ ਕਿ ਉਹ ਉੱਥੋਂ ਦੀਆਂ ਸਾਰੀਆਂ ਕਿਤਾਬਾਂ ਅਤੇ ਗਿਆਨ ਭੰਡਾਰ ਨੂੰ ਸਾੜ ਕੇ ਸੁਆਹ ਕਰ ਸਕੇ। ਅਰਬ ਹਮੇਸ਼ਾਂ ਹੀ ਬਹੁਤ ਸੱਭਿਅਕ ਲੋਕ ਰਹੇ ਹਨ ਤੇ ਹਮਲਾਵਰਾਂ ਨੇ ਹਮੇਸ਼ਾਂ ਉਨ੍ਹਾਂ ਦਾ ਨੁਕਸਾਨ ਕੀਤਾ ਹੈ। ਅਰਬਾਂ ਨੂੰ ਹਰਾਉਣ ਦਾ ਇਕੋ ਤਰੀਕਾ ਸੀ ਕਿ ਉਨ੍ਹਾਂ ਦੀਆਂ ਕਿਤਾਬਾਂ ਸਾੜ ਦਿਉ। ਚੰਗੇਜ਼ ਖ਼ਾਨ ਨੇ ਇਹੋ ਕੁਝ ਲਾਹੌਰ ਵਿਚ ਕੀਤਾ।
ਚੰਗੇਜ਼ ਖ਼ਾਨ (1167-1227) ਦਾ ਅਸਲ ਨਾਂ ਤੇਮੂਜਿਨ ਸੀ ਜਿਸ ਦਾ ਜਨਮ ਮੰਗੋਲ ਸਰਦਾਰ ਯੇਸੂਕਾਈ ਦੇ ਘਰ ਹੋਇਆ। ਉਸ ਦਾ ਪਿਤਾ ਆਮੁਰ ਦਰਿਆ ਤੇ ਚੀਨ ਦੀ ਮਹਾਨ ਦੀਵਾਰ ਵਿਚਲੇ ਵੱਡੇ ਇਲਾਕੇ ਦਾ ਹਾਕਮ ਸੀ। ਤੇਮੂਜਿਨ ਮਹਿਜ਼ 13 ਸਾਲਾਂ ਦੀ ਉਮਰ ਵਿਚ ਆਪਣੇ ਪਿਤਾ ਦੇ ਜਾਨਸ਼ੀਨ ਵਜੋਂ ਕਬਾਇਲੀ ਸਰਦਾਰ ਬਣਿਆ। ਸਾਲ 1206 ਤੱਕ ਤੇਮੂਜਿਨ ਤਕਰੀਬਨ ਸਾਰੇ ਮੰਗੋਲੀਆ ’ਤੇ ਕਬਜ਼ਾ ਕਰ ਚੁੱਕਾ ਸੀ। ਉਸੇ ਸਾਲ ਅਧੀਨ ਕਬੀਲਿਆਂ ਦੀ ਇਕ ਇਕੱਤਰਤਾ ਵਿਚ ਉਸ ਨੂੰ ਚੰਗੇਜ਼ ਖ਼ਾਨ ਦਾ ਖ਼ਿਤਾਬ ਦਿੱਤਾ ਗਿਆ (ਇਹ ਚੀਨੀ ਭਾਸ਼ਾ ਦੇ ਸ਼ਬਦਾਂ ‘ਚੇਂਗ-ਜ਼ੇ’ ਭਾਵ ‘ਸ਼ਾਨਦਾਰ ਲੜਾਕਾ’ ਅਤੇ ਤੁਰਕ ਭਾਸ਼ਾ ਦੇ ‘ਖ਼ਾਨ’ ਭਾਵ ‘ਮਾਲਕ’ ਤੋਂ ਬਣਿਆ)। ਉਹ ਇਕਜੁੱਟ ਮੰਗੋਲਾਂ ਅਤੇ ਤਾਤਾਰ ਕਬੀਲਿਆਂ ਦਾ ਆਗੂ ਸੀ। ਕਰਾਕੋਰਮ ਸ਼ਹਿਰ ਨੂੰ ਉਸ ਦੀ ਰਾਜਧਾਨੀ ਬਣਾਇਆ ਗਿਆ (ਇਹ ਸ਼ਹਿਰ ਮੰਗੋਲੀਆ ਦੇ ਓਵੋਰਖਾਨਗਈ ਸੂਬੇ ਵਿਚ ਸੀ ਜੋ ਹੁਣ ਤਬਾਹ ਹੋ ਚੁੱਕਾ ਹੈ)। ਚੰਗੇਜ਼ ਖ਼ਾਨ ਨੇ ਫਿਰ ਚੀਨ ’ਤੇ ਹੱਲਾ ਬੋਲਿਆ ਅਤੇ 1208 ਤੱਕ ਉਸ ਨੇ ਮਹਾਨ ਦੀਵਾਰ ਦੇ ਅੰਦਰ ਪੈਰ ਜਮਾ ਲਏ। 1213 ਤੱਕ ਉਸ ਦੀਆਂ ਫ਼ੌਜਾਂ ਨੇ ਦੱਖਣ ਤੇ ਪੱਛਮ ਵੱਲ ਚੜ੍ਹਾਈਆਂ ਕੀਤੀਆਂ। ਇਹ ਇਲਾਕਾ ਜੁਚੇਨ ਚਿਨ (ਜਾਂ ਕਿਨ) ਸ਼ਾਹੀ ਖ਼ਾਨਦਾਨ (1122-1234) ਦੇ ਕਬਜ਼ੇ ਹੇਠ ਸੀ। ਚੰਗੇਜ਼ ਦੀ ਇਹ ਜੇਤੂ ਮੁਹਿੰਮ ਸ਼ਾਨਤੁੰਗ ਪ੍ਰਾਇਦੀਪ ਤੱਕ ਪੁੱਜਣ ਤੱਕ ਜਾਰੀ ਰਹੀ। ਉਸ ਦੀਆਂ ਫ਼ੌਜਾਂ ਨੇ 1215 ਵਿਚ ਯੇਨਕਿੰਗ (ਹੁਣ ਪੇਈਚਿੰਗ) ਉੱਤੇ ਕਬਜ਼ਾ ਕਰ ਲਿਆ ਜਿਹੜਾ ਉੱਤਰੀ ਚੀਨ ਵਿਚ ਚਿਨ ਖ਼ਾਨਦਾਨ ਦਾ ਬਚਿਆ ਆਖ਼ਰੀ ਗੜ੍ਹ ਸੀ। ਫਿਰ 1218 ਵਿਚ ਕੋਰੀਆਈ ਪ੍ਰਾਇਦੀਪ ਵੀ ਮੰਗੋਲਾਂ ਦੇ ਕਬਜ਼ੇ ਵਿਚ ਆ ਗਿਆ।

ਮਜੀਦ ਸ਼ੇਖ਼

ਚੰਗੇਜ਼ ਖ਼ਾਨ ਨੇ 1219 ਵਿਚ ਕੁਝ ਮੰਗੋਲ ਵਪਾਰੀਆਂ ਦੇ ਕਤਲਾਂ ਦਾ ਬਦਲਾ ਲੈਣ ਦੇ ਨਾਂ ’ਤੇ ਆਪਣੀਆਂ ਫ਼ੌਜਾਂ ਦੀਆਂ ਮੁਹਾਰਾਂ ਪੱਛਮ ਵੱਲ ਮੋੜ ਦਿੱਤੀਆਂ। ਅਸਲ ਵਿਚ ਅਜਿਹੇ ਕਤਲ ਤਾਂ ਮਹਿਜ਼ ਹਮਲਾ ਕਰਨ ਦੇ ਆਮ ਬਹਾਨੇ ਹੁੰਦੇ ਸਨ ਤੇ ਕਈ ਵਾਰ ਇਹ ਮਿਥ ਕੇ ਕਰਵਾਏ ਜਾਂਦੇ ਸਨ। ਉਸ ਨੇ ਤੇਜ਼ੀ ਨਾਲ ਅੱਗੇ ਵਧਦਿਆਂ ਤੁਰਕ ਸਾਮਰਾਜ ਦੇ ਵੱਡੇ ਹਿੱਸੇ ਉੱਤੇ ਕਬਜ਼ਾ ਜਮਾ ਲਿਆ ਜਿਸ ਵਿਚ ਮੌਜੂਦਾ ਇਰਾਨ, ਇਰਾਕ ਅਤੇ ਸਾਰਾ ਤੁਰਕਿਸਤਾਨ ਸ਼ਾਮਲ ਸੀ। (ਤੁਰਕਿਸਤਾਨ ਭਾਵ ਮੱਧ ਏਸ਼ੀਆ ਦਾ ਉਹ ਇਲਾਕਾ ਜਿਹੜਾ ਉੱਤਰ ਵਿਚ ਰੂਸ ਦੇ ਸਾਇਬੇਰੀਆ, ਪੂਰਬ ਵਿਚ ਗੋਬੀ ਰੇਗਿਸਤਾਨ, ਪੱਛਮ ਵਿਚ ਕੈਸਪੀਅਨ ਸਾਗਰ ਅਤੇ ਦੱਖਣ ਵਿਚ ਇਰਾਨ, ਅਫ਼ਗਾਨਿਤਸਾਨ ਤੇ ਤਿੱਬਤ ਦਰਮਿਆਨ ਪੈਂਦਾ ਹੈ। ਇਸ ਵਿਚ ਮੁੱਖ ਤੌਰ ’ਤੇ ਕਜ਼ਾਖ਼ਸਤਾਨ, ਤੁਰਕਮੇਨਿਸਤਾਨ, ਤਾਜਿਕਸਤਾਨ, ਉਜ਼ਬੇਕਿਸਤਾਨ, ਕਿਰਗਿਜ਼ਸਤਾਨ ਤੋਂ ਇਲਾਵਾ ਅਫ਼ਗਾਨਿਸਤਾਨ, ਚੀਨ ਤੇ ਰੂਸ ਦੇ ਸਾਇਬੇਰੀਆ ਦੇ ਕੁਝ ਇਲਾਕੇ ਆਉਂਦੇ ਹਨ।) ਮੰਗੋਲ ਧਾੜਵੀਆਂ ਨੇ ਪੂਰੇ ਇਲਾਕੇ ਵਿਚ ਖ਼ੂਬ ਲੁੱਟ ਮਚਾਈ ਅਤੇ ਕਤਲੇਆਮ ਮਚਾਉਂਦਿਆਂ ਬੁਖ਼ਾਰਾ ਤੇ ਸਮਰਕੰਦ ਵਰਗੇ ਸ਼ਹਿਰਾਂ ਵਿਚ ਲਾਸ਼ਾਂ ਦੇ ਢੇਰ ਲਾ ਦਿੱਤੇ। ਫਿਰ ਉਸ ਨੇ ਭਾਰਤ ਵੱਲ ਰੁਖ਼ ਕਰਦਿਆਂ ਪਿਸ਼ਾਵਰ ਤੇ ਲਾਹੌਰ ਨੂੰ ਵੀ ਫ਼ਤਹਿ ਕਰ ਲਿਆ। ਲਾਹੌਰ ਵਿਚ ਉਸ ਨੇ ਉਹੋ ਰਸਮ ਦੁਹਰਾਈ ਜਿਹੜੀ ਪਹਿਲਾਂ ਬਗ਼ਦਾਦ ਵਿਚ ਕੀਤੀ ਗਈ। ਉਸ ਨੇ ਹੁਕਮ ਦਿੱਤਾ ਕਿ ਮਰਦਾਂ ਦੇ ਕਤਲੇਆਮ ਅਤੇ ਔਰਤਾਂ ਦੀ ਪੱਤ ਲੁੱਟਣ ਤੋਂ ਪਹਿਲਾਂ ਲਾਹੌਰ ਵਿਚ ਮੌਜੂਦ ਹਰੇਕ ਕਿਤਾਬ ਨੂੰ ਅੱਗ ਵਿਚ ਸਾੜ ਦਿੱਤਾ ਜਾਵੇ। ਚੰਗੇਜ਼ ਖ਼ਾਨ ਵਰਗੇ ਹੀ ਦੋ ਹੋਰ ਹਮਲਾਵਰਾਂ ਤੈਮੂਰ ਲੰਗ ਤੇ ਬਾਬਰ ਨੇ ਵੀ ਲਾਹੌਰ ਨਾਲ ਇੰਝ ਹੀ ਕੀਤੀ। ਵਕਤ ਬੀਤਣ ਨਾਲ ਵੀ ਹਮਲਾਵਰਾਂ ਵਿਚ ਬਹੁਤਾ ਫ਼ਰਕ ਨਹੀਂ ਆਉਂਦਾ। ਪਰ ਇਹ ਭਾਵੇਂ ਲਾਰੈਂਸ ਹੋਵੇ ਜਿਸ ਨੇ ਤੁਰਕਾਂ ਨੂੰ ਭਜਾ ਕੇ ਅਰਬ ਨੂੰ ਸਾਊਦਾਂ ਜਾਂ ਰਾਜਸ਼ਾਹੀ ਦੇ ਹਵਾਲੇ ਕੀਤਾ ਅਤੇ ਭਾਵੇਂ ਚੰਗੇਜ਼ ਖ਼ਾਨ ਹੋਵੇ ਜਿਸ ਨੇ ਮਹਿਜ਼ ਇਸ ਕਾਰਨ ਬਗ਼ਦਾਦ ਤੇ ਲਾਹੌਰ ਨੂੰ ਤਬਾਹ ਕੀਤਾ ਕਿਉਂਕਿ ਉਹ ਕਿਤਾਬਾਂ ਅਤੇ ਸੱਭਿਆ ਸਮਾਜ ਨੂੰ ਆਪਣੇ ਜਿਉਣ-ਢੰਗ ਲਈ ਖ਼ਤਰਾ ਸਮਝਦਾ ਸੀ। ਅਸੀਂ ਇਨ੍ਹਾਂ ਨੂੰ ਇਨ੍ਹਾਂ ਵੱਲੋਂ ਮਚਾਏ ਕਤਲੇਆਮਾਂ ਕਾਰਨ ਹੀ ਜਾਣਦੇ ਹਾਂ।
ਕਿਉਂਕਿ ਕਤਲੇਆਮ ਹੁੰਦੇ ਰਹਿਣਗੇ ਤੇ ਇਤਿਹਾਸ ਵਿਚ ਉਹ ਕਤਲੇਆਮਾਂ ਲਈ ਹੀ ਚੇਤੇ ਕੀਤੇ ਜਾਂਦੇ ਰਹਿਣਗੇ, ਰੈੱਡ ਇੰਡੀਅਨਾਂ, ਅਫ਼ਰੀਕਾ ਦੇ ਗ਼ੁਲਾਮਾਂ ਜਾਂ ਵੀਅਤਨਾਮ ਲਈ। ਬਹੁਤੇ ਲੋਕਾਂ ਨੂੰ ਜਾਪਦਾ ਸੀ ਕਿ ਬਗ਼ਦਾਦ ਤੋਂ ਬਾਅਦ ਸ਼ਾਇਦ ਕੋਈ ਨਵਾਂ ਚੰਗੇਜ਼ ਖ਼ਾਨ ਲਾਹੌਰ ਦਾ ਰੁਖ਼ ਕਰੇ। ਪਰ ਸਾਡੇ ਕੋਲ ਤਾਂ ਕੋਈ ਤੇਲ ਨਹੀਂ ਹੈ ਤੇ 14 ਕਰੋੜ ਪਾਕਿਸਤਾਨੀਆਂ ਦਾ ਕੋਈ ਕੀ ਕਰੇਗਾ? ਇਕ ਤਰ੍ਹਾਂ ਕੁਝ ਵੀ ਨਹੀਂ ਬਦਲੇਗਾ ਤੇ ਕਤਲੇਆਮ ਜਾਰੀ ਰਹਿਣਗੇ- ਸਿਰਫ਼ ਤਰੀਕੇ ਹੋਰ ਸੁਧਰੇ ਹੋਣਗੇ ਤੇ ਸਪਸ਼ਟੀਕਰਨ ਵਧੇਰੇ ਨਰਮੀ ਵਾਲੇ। ਪਰ ਅਮਰੀਕਾ ਦੇ ਮੂਲ ਵਾਸੀਆਂ – ਜਿਨ੍ਹਾਂ ਨੂੰ ਰੈੱਡ ਇੰਡੀਅਨ ਆਖਿਆ ਜਾਂਦਾ ਹੈ – ਵਿਚ ਆਖਿਆ ਜਾਂਦਾ ਹੈ: ‘‘ਮਿੱਠਬੋਲੜੇ ਮੱਕਾਰ ਦੋ-ਧਾਰੀ ਤਲਵਾਰ।’’ ਅਸੀਂ ਬਹੁਤ ਹੀ ਉਦਾਸੀ ਵਾਲੇ ਸਮੇਂ ਵਿਚ ਜੀਅ ਰਹੇ ਹਾਂ।


Comments Off on ਕਤਲੇਆਮਾਂ ਪਿਛਲੀ ਮਾਨਸਿਕਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.