ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    

ਐਮੇਜ਼ੌਨ ਵਰਖਾ ਵਣ

Posted On September - 14 - 2019

ਬੂਟਾ ਸਿੰਘ ਵਾਕਫ਼
ਸੰਸਾਰ ਪ੍ਰਸਿੱਧ ਨਦੀ ਐਮੇਜ਼ੌਨ ਤੇ ਉਸ ਦੀਆਂ ਸਹਾਇਕ ਨਦੀਆਂ ਵੱਲੋਂ ਘੇਰੇ ਗਏ ਭੂ-ਭਾਗ ਨੂੰ ਐਮੇਜ਼ੌਨ ਘਾਟੀ ਕਿਹਾ ਜਾਂਦਾ ਹੈ। ਇਹ ਘਾਟੀ ਲਗਪਗ 70 ਲੱਖ ਵਰਗ ਕਿਲੋਮੀਟਰ ਖੇਤਰ ਵਿਚ ਫੈਲੀ ਹੋਈ ਹੈ ਜੋ ਦੱਖਣੀ ਅਮਰੀਕਾ ਮਹਾਂਦੀਪ ਦਾ ਕਰੀਬ 40 ਫ਼ੀਸਦੀ ਹਿੱਸਾ ਬਣਦੀ ਹੈ। ਇਸ ਖੇਤਰ ਵਿਚ ਪਾਏ ਜਾਣ ਵਾਲੇ ਰੁੱਖਾਂ ਨੂੰ ਐਮੇਜ਼ੌਨ ਵਰਖਾ ਵਣਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਵਰਖਾ ਵਣ ਖੇਤਰ ਐਮੇਜ਼ੌਨ ਘਾਟੀ ਦੇ ਆਲੇ ਦੁਆਲੇ ਫੈਲਿਆ ਹੋਇਆ ਹੈ। ਘਾਟੀ ਦੇ ਕਰੀਬ 55 ਲੱਖ ਵਰਗ ਕਿਲੋਮੀਟਰ ਦੇ ਰਕਬੇ ਵਿਚ ਕੇਵਲ ਵਰਖਾ ਵਣ ਹੀ ਪਾਏ ਜਾਂਦੇ ਹਨ। ਇਸ ਖੇਤਰ ਵਿਚ ਵਧੇਰੇ ਤਰ ਚੌੜੇ ਪੱਤਿਆਂ ਵਾਲੇ ਨਮੀ ਨੂੰ ਸਾਂਭ ਕੇ ਰੱਖਣ ਵਾਲੇ ਵਣ/ਰੁੱਖ ਮਿਲਦੇ ਹਨ। ਇਹ ਵਣ ਵਰਖਾ ਲਿਆਉਣ ਵਿਚ ਸਹਾਈ ਹੁੰਦੇ ਹਨ, ਇਸੇ ਕਰਕੇ ਇਨ੍ਹਾਂ ਨੂੰ ਵਰਖਾ ਵਣ ਆਖਦੇ ਹਨ। ਇਸ ਵਣ ਖੇਤਰ ਨੇ ਬ੍ਰਾਜ਼ੀਲ ਦਾ ਕਰੀਬ 60 ਪ੍ਰਤੀਸ਼ਤ ਭੂ-ਭਾਗ ਮੱਲਿਆ ਹੋਇਆ ਹੈ, ਜਦੋਂ ਕਿ ਨਾਲ ਲੱਗਦੇ 8 ਦੇਸ਼ਾਂ ਪੇਰੂ, ਕੋਲੰਬੀਆ, ਵੈਨਜ਼ੁਏਲਾ, ਬੋਲੀਵੀਆ, ਐਕੂਆਡੋਰ, ਗੁਆਨਾ, ਸਰੀਨੇਮ ਤੇ ਫਰਾਂਸ ਵਿਚ ਵੀ ਇਸ ਵਣ ਖੇਤਰ ਦਾ ਵਿਸਥਾਰ ਹੈ। ਸੰਸਾਰ ਦੇ ਕੁੱਲ ਵਰਖਾ ਵਣਾਂ ਦਾ ਕਰੀਬ ਅੱਧਾ ਹਿੱਸਾ ਵਰਖਾ ਵਣ ਇਸੇ ਖੇਤਰ ਵਿਚ ਪਾਏ ਜਾਂਦੇ ਹਨ। ਇੱਥੇ ਸੰਸਾਰ ਵਿਚ ਮਿਲਣ ਵਾਲੀਆਂ ਪ੍ਰਜਾਤੀਆਂ ਵਿਚੋਂ ਸਭ ਤੋਂ ਵੱਧ ਪ੍ਰਜਾਤੀਆਂ ਦੇ ਪੇੜ ਪੌਦੇ ਪਾਏ ਜਾਂਦੇ ਹਨ।
ਇਸ ਵਣ ਖੇਤਰ ਦਾ ਨਿਰਮਾਣ ਕਰੀਬ 55 ਮਿਲੀਅਨ ਸਾਲ ਪਹਿਲਾਂ ਹੋਇਆ ਮੰਨਿਆ ਜਾਂਦਾ ਹੈ। ਉਸ ਸਮੇਂ ਦੱਖਣੀ ਅਮਰੀਕਨ ਪਲੇਟ ਅਤੇ ਨਾਜ਼ਾਕਾ ਪਲੇਟ ਦੇ ਆਪਸੀ ਟਕਰਾਓ ਕਾਰਨ ਐਂਡੀਜ ਪਰਬਤਾਂ ਦਾ ਨਿਰਮਾਣ ਹੋਇਆ। ਐਂਡੀਜ ਪਰਬਤਾਂ ਦੇ ਨਿਰਮਾਣ ਅਤੇ ਬ੍ਰਾਜ਼ੀਲੀਅਨ ਤੇ ਗੀਨੀਆ ਬੈੱਡਰਾਕ ਸ਼ੀਟ ਦੇ ਆਪਸੀ ਮੇਲ ਕਾਰਨ ਐਮੇਜ਼ੌਨ ਘਾਟੀ ਦਾ ਨਿਰਮਾਣ ਹੋਇਆ। ਇਸ ਪ੍ਰਕਾਰ ਘਾਟੀ ਦੇ ਨਿਰਮਾਣ ਦੀ ਇਹ ਪ੍ਰਕਿਰਿਆ ਪੂਰੀ ਹੋਣ ’ਤੇ ਲੱਖਾਂ ਸਾਲ ਲੱਗੇ। ਐਮੇਜ਼ੋਨ ਵਰਖਾ ਵਣ ਖੇਤਰ ਦੀ ਜੈਵਿਕ ਵਿਭਿੰਨਤਾ ਵਿਸ਼ਾਲ ਹੈ। ਇੱਥੇ 2.5 ਮਿਲੀਅਨ ਤੋਂ ਵਧੇਰੇ ਕੀਟ ਪਤੰਗਿਆਂ ਤੇ ਜੀਵ ਜੰਤੂਆਂ ਦੀਆਂ ਪ੍ਰਜਾਤੀਆਂ ਮਿਲਦੀਆਂ ਹਨ। ਦਸ ਹਜ਼ਾਰ ਤੋਂ ਵਧੇਰੇ ਰੁੱਖਾਂ ਦੀਆਂ ਪ੍ਰਜਾਤੀਆਂ ਮਿਲਦੀਆਂ ਹਨ। ਇਹ ਵਣ ਖੇਤਰ ਦੋ ਹਜ਼ਾਰ ਦੇ ਕਰੀਬ ਪੰਛੀਆਂ ਤੇ ਜਾਨਵਰਾਂ ਦੀਆਂ ਪ੍ਰਜਾਤੀਆਂ ਦਾ ਰੈਣ ਬਸੇਰਾ ਹੈ। ਇੱਥੇ ਵਗਦੀਆਂ ਨਦੀਆਂ ਵਿਚ ਵੀ ਦੋ ਹਜ਼ਾਰ ਦੇ ਕਰੀਬ ਮੱਛੀਆਂ ਦੀਆਂ ਪ੍ਰਜਾਤੀਆਂ ਮਿਲਦੀਆਂ ਹਨ। ਇੱਥੇ ਸਾਧਾਰਨ ਜਾਨਵਰਾਂ ਤੋਂ ਇਲਾਵਾ ਭਾਂਤ-ਭਾਂਤ ਦੇ ਰੰਗ-ਬਿਰੰਗੇ ਪੰਛੀ, ਬਹੁਤ ਸਾਰੇ ਖੂੰਖਾਰ, ਹਮਲਾਵਰ ਤੇ ਜ਼ਹਿਰੀਲੇ ਜਾਨਵਰ ਵੀ ਪਾਏ ਜਾਂਦੇ ਹਨ।
ਇਹ ਵਣ ਖੇਤਰ ਇੱਥੇ ਵਸਣ ਵਾਲੇ ਲੋਕਾਂ ਲਈ ਸਦੀਆਂ ਤੋਂ ਰੁਜ਼ਗਾਰ ਦਾ ਸਾਧਨ ਹੈ। ਇੱਥੇ ਰਬੜ ਤੋਂ ਇਲਾਵਾ ਪਾਮ ਫ਼ਲ, ਬ੍ਰਾਜ਼ੀਲੀ ਅਖਰੋਟ ਤੇ ਗੰਭੀਰ ਮਨੁੱਖੀ ਬਿਮਾਰੀਆਂ ਦਾ ਇਲਾਜ ਕਰਨ ਲਈ ਬੇਸ਼ੁਮਾਰ ਜੜੀਆਂ ਬੂਟੀਆਂ ਮਿਲਦੀਆਂ ਹਨ। ਵਰਖਾ ਲਿਆਉਣ ਵਿਚ ਸਹਾਈ ਹੋਣ ਕਰਕੇ 90 ਤੋਂ 140 ਮਿਲੀਅਨ ਟਨ ਕਾਰਬਨ ਨੂੰ ਸਾਂਭਣ ਵਾਲੇ ਅਤੇ ਕੁੱਲ ਦੁਨੀਆਂ ਦਾ 20 ਫ਼ੀਸਦੀ ਆਕਸੀਜਨ ਦੇਣ ਵਾਲੇ ਇਸ ਖੇਤਰ ਨੂੰ ਧਰਤੀ ਦੇ ਫੇਫੜੇ ਕਹਿ ਕੇ ਨਿਵਾਜਿਆ ਜਾਂਦਾ ਹੈ। ਭੂ-ਮੱਧ ਰੇਖਾ ਦੇ ਨੇੜੇ ਹੋਣ ਕਰਕੇ ਇਸ ਖੇਤਰ ਵਿਚ ਸੂਰਜ ਦੀ ਰੌਸ਼ਨੀ ਸਾਰਾ ਸਾਲ ਲਗਪਗ ਸਿੱਧੀ ਪੈਂਦੀ ਹੈ ਜਿਸ ਕਾਰਨ ਇਸ ਖੇਤਰ ਦਾ ਤਾਪਮਾਨ ਦੂਸਰੇ ਉੂਸ਼ਣ ਕਟੀਬੰਧ ਖੇਤਰਾਂ ਵਾਂਗ ਗਰਮ ਤੇ ਨਮੀ ਭਰਪੂਰ ਹੈ। ਇਹ ਸੂਰਜੀ ਰੌਸ਼ਨੀ ਤੇ ਵਰਖਾ ਸਾਰਾ ਸਾਲ ਇਸ ਖੇਤਰ ਦੇ ਪੌਦਿਆਂ ਦੇ ਵਾਧੇ ਤੇ ਵਿਕਾਸ ਲਈ ਲਾਹੇਵੰਦ ਸਾਬਤ ਹੁੰਦੀ ਹੈ। ਆਰਥਿਕ ਦ੍ਰਿਸ਼ਟੀ ਤੋਂ ਇਹ ਵਣ ਖੇਤਰ ਵਪਾਰੀਆਂ ਤੇ ਆਮ ਲੋਕਾਂ ਲਈ ਲਾਹੇਵੰਦ ਹੋਣ ਕਰਕੇ ਇਸ ਖੇਤਰ ਦਾ ਉਜਾੜਾ ਲਗਾਤਾਰ ਜਾਰੀ ਹੈ। ਪਿਛਲੇ 40 ਸਾਲਾਂ ਵਿਚ ਹੀ ਇਸ ਖੇਤਰ ਦਾ ਕਰੀਬ 20 ਪ੍ਰਤੀਸ਼ਤ ਹਿੱਸਾ ਉਜਾੜਿਆ ਜਾ ਚੁੱਕਾ ਹੈ। 2003 ਵਿਚ ਇਨ੍ਹਾਂ ਵਣਾਂ ਦਾ 9 ਹਜ਼ਾਰ ਵਰਗ ਮੀਲ ਤੋਂ ਵਧੇਰੇ ਖੇਤਰ ਕੱਟਿਆ ਜਾ ਚੁੱਕਾ ਹੈ। ਇਕੱਲੇ ਬ੍ਰਾਜ਼ੀਲ ਵਿਚ ਯੂਰੋਪੀਅਨ ਨਿਵੇਸ਼ਵਾਦੀਆਂ ਨੇ ਹੁਣ ਤਕ 90 ਹਜ਼ਾਰ ਤੋਂ ਵਧੇਰੇ ਵਣ ਪ੍ਰਜਾਤੀਆਂ ਦਾ ਸਫਾਇਆ ਕਰ ਦਿੱਤਾ ਹੈ। ਇੱਥੇ ਰਬੜ ਦੇ ਰੁੱਖ ਮਿਲਦੇ ਹੋਣ ਕਰਕੇ ਇਹ ਰੁੱਖ ਰਬੜ ਦਾ ਵਪਾਰ ਕਰਨ ਵਾਲੇ ਵਪਾਰੀਆਂ ਦੇ ਨਿਸ਼ਾਨੇ ’ਤੇ ਹਨ। ਹਰ ਸਾਲ ਲੱਖਾਂ ਰੁੱਖ ਇਨ੍ਹਾਂ ਦੀ ਬਲੀ ਚੜ੍ਹਦੇ ਹਨ। ਇਸ ਤੋਂ ਇਲਾਵਾ ਖੇਤੀ ਤੇ ਰਿਹਾਇਸ਼ ਲਈ ਜ਼ਮੀਨ ਦੀ ਵਰਤੋਂ ਵੀ ਇਨ੍ਹਾਂ ਰੁੱਖਾਂ ਦੇ ਉਜਾੜੇ ਦਾ ਕਾਰਨ ਬਣ ਰਹੀ ਹੈ। ਇਹ ਉਜਾੜਾ ਇਸ ਖੇਤਰ ਦੀ ਜੈਵਿਕ ਵਿਭਿੰਨਤਾ ਲਈ ਖ਼ਤਰੇ ਦਾ ਸੰਕੇਤ ਹੈ।
ਪਿਛਲੇ ਕਈ ਸਾਲਾਂ ਤੋਂ ਇਸ ਖੇਤਰ ਵਿਚ ਲਗਾਤਰ ਅੱਗ ਲੱਗਦੀ ਆ ਰਹੀ ਹੈ। ਇਸ ਸਾਲ ਵੀ ਇੱਥੇ ਭਿਆਨਕ ਅੱਗ ਲੱਗੀ ਹੋਈ ਹੈ। ਭਾਵੇਂ ਇਸਦਾ ਕਾਰਨ ਖੁਸ਼ਕ ਮੌਸਮ ਦੱਸਿਆ ਜਾ ਰਿਹਾ ਹੈ, ਪਰ ਇਸ ਪਿੱਛੇ ਕਿਸੇ ਸਾਜ਼ਿਸ਼ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਨੂੰ ਕਾਬੂ ਕਰਨਾ ਔਖਾ ਹੁੰਦਾ ਜਾ ਰਿਹਾ ਹੈ। ਇਸ ਨਾਲ ਵਣ ਖੇਤਰ ਵਿਚ ਰਹਿਣ ਵਾਲੇ ਬਹੁਤੇ ਪਸ਼ੂ, ਪੰਛੀਆਂ ਤੇ ਕੀਟ ਪਤੰਗਿਆਂ ਦਾ ਉਜਾੜਾ ਵੀ ਹੋ ਰਿਹਾ ਹੈ। ਹਰ ਸਾਲ ਲੱਗਣ ਵਾਲੀ ਅੱਗ ਕਾਰਨ ਇਸ ਖੇਤਰ ਦਾ ਕਰੀਬ 640 ਮਿਲੀਅਨ ਏਕੜ ਖੇਤਰ ਪ੍ਰਭਾਵਿਤ ਹੋਇਆ ਹੈ। ਜੇਕਰ ਇਸ ਨੂੰ ਫੌਰੀ ਤੌਰ ’ਤੇ ਨਾ ਰੋਕਿਆ ਗਿਆ ਤਾਂ ਭਵਿੱਖ ਵਿਚ ਗ੍ਰੀਨ ਹਾਊਸ ਪ੍ਰਭਾਵ ’ਤੇ ਇਸ ਦਾ ਸਿੱਧਾ ਅਸਰ ਪਵੇਗਾ। ਜਿਸ ਨਾਲ ਧਰਤੀ ਦਾ ਤਾਪਮਾਨ ਵਧੇਗਾ।
ਸੰਪਰਕ : 98762-24461


Comments Off on ਐਮੇਜ਼ੌਨ ਵਰਖਾ ਵਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.