ਗੁਰੂ ਨਾਨਕ ਚਿੰਤਨਧਾਰਾ ਵਿਚ ਕਿਰਤ ਦਾ ਸੰਕਲਪ !    ਚੜਿਆ ਸੋਧਣਿ ਧਰਿਤੀ ਲੁਕਾਈ !    ਅਫ਼ਗਾਨ ਚੋਣਾਂ: ਵੋਟਾਂ ਦੀ ਗਿਣਤੀ ਮੁੜ ਸ਼ੁਰੂ !    ਹਾਂਗਕਾਂਗ ’ਚ ਪੁਲੀਸ ਨੇ ਪ੍ਰਦਰਸ਼ਨਕਾਰੀ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦੋ ਦਹਿਸ਼ਤਗਰਦ ਹਲਾਕ !    ਚੱਕਰਵਾਤੀ ਤੂਫ਼ਾਨ: ਮਮਤਾ ਵੱਲੋਂ ਮ੍ਰਿਤਕਾਂ ਦੇ ਵਾਰਿਸਾਂ ਦੀ ਮਾਲੀ ਮਦਦ !    ਕਰਨਾਟਕ ਦੇ ਅਯੋਗ ਵਿਧਾਇਕਾਂ ਦੀ ਅਰਜ਼ੀ ’ਤੇ ਫ਼ੈਸਲਾ ਭਲਕੇ !    ਭਾਸ਼ਾ ਵਿਭਾਗ ਲਈ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਕੋਹਾਂ ਦੂਰ !    ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ‘ਬਾਬਾ ਨਾਨਕ 550 ਸਰਵੋਤਮ ਟਰਾਫ਼ੀ’ ਜਿੱਤੀ !    ਹਰਿਆਣਾ ਤੇ ਹਿਮਾਚਲ ਦੇ ਮੁੱਖ ਮੰਤਰੀ ਬੇਰ ਸਾਹਿਬ ਨਤਮਸਤਕ !    

ਐਮੇਜ਼ੌਨ ਜੰਗਲਾਂ ਦੀ ਅੱਗ ਅਤੇ ਵਿਕਸਿਤ ਮੁਲਕ

Posted On September - 9 - 2019

ਡਾ. ਗੁਰਿੰਦਰ ਕੌਰ
ਅਗਸਤ ਦੇ ਸ਼ੁਰੂ ਤੋਂ ਹੀ ਬਰਾਜ਼ੀਲ ਵਿਚ ਪੈਂਦੇ ਐਮੇਜ਼ੌਨ ਦੇ ਜੰਗਲਾਂ ਵਿਚ ਭਿਆਨਕ ਅੱਗ ਲੱਗੀ ਹੋਈ ਹੈ। ਇਸ ਅੱਗ ਦੀ ਭਿਆਨਕਤਾ ਨੂੰ ਦੇਖ ਕੇ ਕਿਹਾ ਜਾ ਰਿਹਾ ਹੈ ਕਿ ਧਰਤੀ ਦੇ ਫੇਫੜੇ ਜਲ ਰਹੇ ਹਨ। ਫਰਾਂਸ ਦੇ ਰਾਸ਼ਟਰਪਤੀ ਮੈਕਰੌਨ ਨੇ ਇੱਥੋਂ ਤੱਕ ਕਹਿ ਦਿੱਤਾ ਕਿ ‘ਸਾਡਾ ਘਰ ਜਲ ਰਿਹਾ ਹੈ’। ਇਸ ਅੱਗ ਨਾਲ ਦੁਨੀਆ ਦੇ ਤਕਰੀਬਨ ਸਾਰੇ ਮੁਲਕਾਂ ਵਿਚ ਹਾਲ-ਦੁਹਾਈ ਪਈ ਹੋਈ ਹੈ ਪਰ ਵਿਕਸਿਤ ਮੁਲਕ ਡਾਢੇ ਫ਼ਿਕਰ ਵਿਚ ਹਨ। ਇਨ੍ਹਾਂ ਨੇ ਹਾਲ ਵਿਚ ਹੋਈ ਜੀ-7 ਦੀ ਕਾਨਫਰੰਸ ਵਿਚ ਇਸ ਮੁੱਦੇ ਨੂੰ ਕੌਮਾਂਤਰੀ ਐਮਰਜੈਂਸੀ ਅਤੇ ਵਾਤਾਵਰਨ ਦਾ ਘਾਣ ਮੰਨਦੇ ਹੋਏ ਇਸ ਉੱਤੇ ਸਾਂਝੇ ਤੌਰ ਉੱਤੇ ਚਰਚਾ ਕਰਕੇ ਬਰਾਜ਼ੀਲ ਦੇ ਰਾਸ਼ਟਰਪਤੀ ਨੂੰ ਜੰਗਲਾਂ ਵਿਚ ਲੱਗੀ ਅੱਗ ਬੁਝਾਉਣ ਲਈ 22 ਮਿਲੀਅਨ (2.2 ਕਰੋੜ) ਅਮਰੀਕੀ ਡਾਲਰ ਮਦਦ ਕਰਨ ਦੀ ਪੇਸ਼ਕਸ ਵੀ ਕੀਤੀ ਹੈ। ਇਸ ਤੋਂ ਬਿਨਾ ਕੈਨੇਡਾ ਨੇ 11 ਮਿਲੀਅਨ (1.1 ਕਰੋੜ) ਅਤੇ ਬ੍ਰਿਟੇਨ ਨੇ 12 ਮਿਲੀਅਨ (1.2 ਕਰੋੜ) ਡਾਲਰ ਵੱਖਰੇ ਦੇਣ ਲਈ ਕਿਹਾ ਹੈ ਪਰ ਬਰਾਜ਼ੀਲ ਦੇ ਰਾਸ਼ਟਰਪਤੀ ਨੇ ਇਹ ਰਾਸ਼ੀ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਉਹ ਇਨ੍ਹਾਂ ਮੁਲਕਾਂ ਤੋਂ ਵਿੱਤੀ ਮਦਦ ਸਿਰਫ਼ ਇਕ ਹੀ ਸ਼ਰਤ ਉੱਤੇ ਲੈਣਗੇ, ਜੇ ਫਰਾਂਸ ਦਾ ਰਾਸ਼ਟਰਪਤੀ ਉਨ੍ਹਾਂ ਨੂੰ ਕਹੇ ਮਾੜੇ ਸ਼ਬਦ ਵਾਪਸ ਲੈ ਲਵੇਗਾ।
ਐਮੇਜ਼ੌਨ ਦੇ ਜੰਗਲਾਂ ਨੂੰ ਅੱਗ ਲੱਗਣਾ ਕੋਈ ਅਨੋਖੀ ਗੱਲ ਨਹੀਂ। ਇਨ੍ਹਾਂ ਜੰਗਲਾਂ ਵਿਚ ਹਰ ਸਾਲ ਮਈ ਤੋਂ ਸਤੰਬਰ ਤੱਕ ਚਰਗਾਹਾਂ ਵਿਚਲੇ ਘਾਹ, ਦਰਖ਼ਤਾਂ ਤੋਂ ਡਿੱਗੇ ਸੁੱਕੇ ਪੱਤਿਆਂਅਤੇ ਟਾਹਣੀਆਂ ਨੂੰ ਕੁਦਰਤੀ ਤੌਰ ਉੱਤੇ ਅੱਗ ਲੱਗ ਜਾਂਦੀ ਹੈ ਜਾਂ ਲਗਾ ਦਿੱਤੀ ਜਾਂਦੀ ਹੈ ਤਾਂ ਕਿ ਅਗਲੇ ਸਾਲ ਲਈ ਚਰਗਾਹਾਂ ਵਿਚ ਨਵਾਂ ਘਾਹ ਉੱਗ ਸਕੇ ਅਤੇ ਖ਼ਾਲੀ ਪਈਆਂ ਥਾਵਾਂ ਉੱਤੇ ਖੇਤੀ ਕੀਤੀ ਜਾ ਸਕੇ। ਇਸ ਸਾਲ ਇਨ੍ਹਾਂ ਜੰਗਲਾਂ ਵਿਚ ਲੱਗੀ ਅੱਗ ਕੌਮਾਂਤਰੀ ਪੱਧਰ ਉੱਤੇ ਚਰਚਾ ਦਾ ਵਿਸ਼ਾ ਬਣ ਗਈ, ਕਿਉਂਕਿ ਐਤਕੀਂ 2018 ਨਾਲੋਂ 85 ਫ਼ੀਸਦ ਵਧ ਰਕਬੇ ਉੱਤੇ ਇਹ ਅੱਗ ਲੱਗੀ ਹੋਈ ਹੈ।
ਬਰਾਜ਼ੀਲ ਦੀ ਨੈਸ਼ਨਲ ਇੰਸਟੀਚਿਊਟ ਫ਼ਾਰ ਸਪੇਸ ਰਿਸਰਚ ਦੀ ਰਿਪੋਰਟ ਅਨੁਸਾਰ, 2018 ਵਿਚ ਸਿਰਫ਼ 39759 ਥਾਵਾਂ ਉੱਤੇ ਅੱਗ ਲੱਗੀ ਸੀ, ਇਸ ਸਾਲ 29 ਅਗਸਤ ਨੂੰ ਤਕਰੀਬਨ 80000 ਥਾਵਾਂ ਉੱਤੇ ਅੱਗ ਲੱਗੀ ਦੇਖੀ ਗਈ ਹੈ। ਇਹ ਇੰਸਟੀਚਿਊਟ 2013 ਤੋਂ ਜੰਗਲਾਂ ਨੂੰ ਅੱਗ ਲੱਗਣ ਦਾ ਰਿਕਾਰਡ ਰੱਖ ਰਹੀ ਹੈ। ਇਸ ਸਾਲ ਹੁਣ ਤੱਕ ਦੇ ਰਿਕਾਰਡ ਅਨੁਸਾਰ ਸਭ ਤੋਂ ਵੱਧ ਥਾਵਾਂ ਉੱਤੇ ਅੱਗ ਲੱਗੀ ਹੈ। ਇਹ ਕੁਦਰਤੀ ਵਰਤਾਰਾ ਨਾ ਹੋ ਕੇ ਮਨੁੱਖੀ ਲਾਲਸਾਵਾਂ ਦਾ ਨਤੀਜਾ ਹੈ।
ਬਰਾਜ਼ੀਲ ਦੀ ਸੰਸਥਾ ਦੀ ਰਿਪੋਰਟ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਮੈਕਰੌਨ ਅਤੇ ਬਰਾਜ਼ੀਲ ਦੀਆ ਗ਼ੈਰ-ਸਰਕਾਰੀ ਸੰਸਥਾਵਾਂ ਨੇ ਅੱਗ ਨਾਲ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਉੱਤੇ ਚਿੰਤਾ ਪ੍ਰਗਟਾਈ ਅਤੇ ਬਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨਾਲ ਗੱਲਬਾਤ ਕੀਤੀ। ਬੋਲਸੋਨਾਰੋ ਨੇ ਪਹਿਲਾ ਤਾਂ ਕਿਹਾ ਕਿ ਇਹ ਅੱਗ ਕੁਦਰਤੀ ਹੈ ਅਤੇ ਉਨ੍ਹਾਂ ਦੇ ਮੁਲਕ ਦੀ ਸੰਸਥਾ ਦੀ ਰਿਪੋਰਟ ਕੋਰਾ ਝੂਠ ਹੈ। ਮਗਰੋਂ ਸੰਸਥਾ ਦੇ ਮੁਖੀ ਨੂੰ ਬਰਖਾਸਤ ਕਰ ਦਿੱਤਾ ਗਿਆ।
ਉਧਰ, ਬਰਾਜ਼ੀਲ ਵਿਚ ਆਮ ਲੋਕ ਅੱਗ ਉੱਤੇ ਕਾਬੂ ਪਾਉਣ ਲਈ ਸਰਕਾਰ ਉਤੇ ਦਬਾਅ ਬਣਾਉਣ ਖ਼ਾਤਿਰ ਮੁਜ਼ਾਹਰੇ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਪਸ਼ੂ ਪਾਲਣ, ਖੇਤੀ ਤੇ ਲੱਕੜੀ ਦਾ ਧੰਦਾ ਕਰਨ ਵਾਲੇ ਵਰਗ ਲਈ ਜੰਗਲ ਵਾਲੀ ਜ਼ਮੀਨ ਮੁਹੱਈਆ ਕਰਵਾਉਣਾ ਚਾਹੁੰਦੀ ਹੈ। ‘ਨਿਊ ਯਾਰਕ ਟਾਈਮਜ਼’ ਅਨੁਸਾਰ, ਬੋਲਸੋਨਾਰੋ ਦਾ ਵਾਤਾਵਰਨ ਲਈ ਸੰਵੇਦਨਸ਼ੀਲ ਖੇਤਰਾਂ ਵਿਚ ਗ਼ੈਰ-ਕਾਨੂੰਨੀ ਤੌਰ ਉੱਤੇ ਜੰਗਲ ਵੱਢਣ ਵਾਲਿਆਂ ਨੂੰ ਸਿਰਫ਼ ਚਿਤਾਵਨੀ ਦੇਣਾ ਅਤੇ ਉਨ੍ਹਾਂ ਨੂੰ ਜੁਰਮਾਨਾ ਲਗਾਉਣ ਵਰਗੇ ਕਾਨੂੰਨ ਹਟਾ ਦੇਣ ਨਾਲ ਵੀ ਜੰਗਲਾਂ ਦੀ ਕਟਾਈ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਯਾਦ ਰਹੇ ਕਿ ਬੋਲਸੋਨਾਰੋ ਨੇ ਆਪਣੀ ਚੋਣ ਮੁਹਿੰਮ ਦੇ ਦੌਰਾਨ ਕਿਹਾ ਸੀ ਕਿ ਉਹ ਜੰਗਲਾਂ ਦੇ ਵਾਤਾਵਰਨ ਸੁਰੱਖਿਅਤ ਖੇਤਰ ਵੀ ਖੁਦਾਈ ਅਤੇ ਖੇਤੀਬਾੜੀ ਲਈ ਮੁਹੱਈਆ ਕਰਵਾ ਦੇਵੇਗਾ। ਆਦਿਵਾਸੀ ਲੋਕ ਜੋ ਇਨ੍ਹਾਂ ਜੰਗਲਾਂ ਵਿਚ ਰਹਿੰਦੇ ਹਨ, ਨੂੰ ਤਾਂ ਉਸ ਨੇ ਚਿੜੀਆਘਰ ਦੇ ਜਾਨਵਰ ਹੀ ਦੱਸਿਆ ਹੈ। ਬਰਾਜ਼ੀਲ ਦੀ ਮੌਜੂਦਾ ਸਰਕਾਰ ਨੇ ਵਾਤਾਵਰਨ ਸਾਂਭ-ਸੰਭਾਲ ਏਜੰਸੀ (21M1) ਦੀ ਗਰਾਂਟ ਵਿਚ 24 ਫ਼ੀਸਦ ਦੀ ਕਟੌਤੀ ਕਰ ਦਿੱਤੀ ਹੈ। ਅਜਿਹੇ ਤੱਥ ਇਸ ਗੱਲ ਦੇ ਪੁਖਤਾ ਸਬੂਤ ਹਨ ਕਿ ਬਰਾਜ਼ੀਲ ਦੀ ਮੌਜੂਦਾ ਸਰਕਾਰ ਆਰਥਿਕ ਵਿਕਾਸ ਦੇ ਬਹਾਨੇ ਵਾਤਾਵਰਨ ਨਿਯਮਾਂ ਅਤੇ ਜੰਗਲਾਂ ਦੀ ਸਾਂਭ-ਸੰਭਾਲ ਨੂੰ ਅੱਖੋਂ ਪਰੋਖੇ ਕਰ ਰਹੀ ਹੈ।
ਐਮੇਜ਼ੌਨ ਦੇ ਜੰਗਲਾਂ ਦੀ ਅੱਗ ਸਾਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਕਿਉਂ ਹੈ? ਅਸਲ ਵਿਚ ਐਮੇਜ਼ੌਨ ਦੇ ਜੰਗਲਾਂ ਵਿਚ ਦੁਨੀਆ ਦੇ ਸਭ ਤੋਂ ਸੰਘਣੇ ਅਤੇ ਸਭ ਕਿਸਮਾਂ ਦੇ ਦਰਖ਼ਤ ਹਨ ਜਿਹੜੇ 5.5 ਮਿਲੀਅਨ (55 ਲੱਖ) ਵਰਗ ਕਿਲੋਮੀਟਰ ਵਿਚ ਦੱਖਣੀ ਅਮਰੀਕਾ ਦੇ ਨੌਂ ਮੁਲਕਾਂ – ਬਰਾਜ਼ੀਲ, ਗੁਆਨਾ, ਬੋਲੀਵੀਆ, ਪੇਰੂ, ਇਕੁਆਡੋਰ, ਕੋਲੰਬੀਆ, ਵੈਨੇਜ਼ੁਏਲਾ, ਸੂਰੀਨਾਮ ਅਤੇ ਫ਼ਰੈਂਚ-ਗੁਆਨਾ ਵਿਚ ਫ਼ੈਲੇ ਹੋਏ ਹਨ। ਇਨ੍ਹਾਂ ਜੰਗਲਾਂ ਦਾ 60 ਤੋਂ 70 ਫ਼ੀਸਦ ਰਕਬਾ ਇਕੱਲੇ ਬਰਾਜ਼ੀਲ ਵਿਚ ਪੈਂਦਾ ਹੈ। ਇਹ ਜੰਗਲ ਧਰਤੀ ਉੱਤੇ ਮਿਲਣ ਵਾਲੀ ਕੁੱਲ ਆਕਸੀਜਨ ਦਾ ਤਕਰੀਬਨ 20 ਫ਼ੀਸਦ ਹਿੱਸਾ ਪੈਦਾ ਕਰਦੇ ਹਨ, ਇਸੇ ਲਈ ਇਨ੍ਹਾਂ ਨੂੰ ਧਰਤੀ ਦੇ ਫੇਫੜੇ ਕਿਹਾ ਜਾਂਦਾ ਹੈ। ਇੱਥੇ ਬਨਸਪਤੀ ਅਤੇ ਜੀਵ-ਜੰਤੂਆਂ ਦੀਆਂ ਤਕਰੀਬਨ 10 ਫ਼ੀਸਦ ਪ੍ਰਜਾਤੀਆਂ ਮਿਲਦੀਆਂ ਹਨ।
ਇਸ ਦੇ ਨਾਲ ਨਾਲ ਇੱਥੇ ਤਕਰੀਬਨ 30 ਮਿਲੀਅਨ (3 ਕਰੋੜ) ਲੋਕ ਵਸੇ ਹੋਏ ਹਨ ਜਿਨ੍ਹਾਂ ਵਿਚੋਂ 2 ਮਿਲੀਅਨ (20 ਲੱਖ) ਆਦਿਵਾਸੀ ਹਨ। ਇਨ੍ਹਾਂ ਦੇ ਅਗਾਂਹ 400 ਕਬੀਲੇ ਹਨ। ਇਹ ਜੰਗਲ ਧਰਤੀ ਨੂੰ ਮਨੁੱਖਾਂ ਦੇ ਰਹਿਣਯੋਗ ਬਣਾਉਣ ਵਾਲੀਆਂ ਪ੍ਰਕਿਰਿਆਵਾਂ ਵਿਚ ਅਹਿਮ ਯੋਗਦਾਨ ਪਾਉਂਦੇ ਹਨ; ਜਿਵੇਂ, ਵਾਤਾਵਰਨ ਵਿਚਲੀਆਂ ਗਰੀਨ ਹਾਊਸ ਗੈਸਾਂ, ਖ਼ਾਸ ਤੌਰ ਉੱਤੇ ਕਾਰਬਨ ਡਾਇਆਕਸਾਈਡ ਜਜ਼ਬ ਕਰਕੇ ਆਕਸੀਜਨ ਪੈਦਾ ਕਰਦੇ ਹਨ ਅਤੇ ਨਾਈਟਰੋਜਨ, ਸਲਫਰ ਡਾਇਆਕਸਾਈਡ ਆਦਿ ਨੂੰ ਮੁੜ ਗੇੜ ਵਿਚ ਲਿਆਉਂਦੇ ਹਨ। ਇਨ੍ਹਾਂ ਜੰਗਲਾਂ ਦੇ ਦਰੱਖਤਾਂ ਤੋਂ ਨਮੀ ਨਿਕਲ ਕੇ ਹਰ ਰੋਜ਼ ਪਹਿਲਾਂ ਬੱਦਲ ਬਣਾਉਂਦੀ ਹੈ ਅਤੇ ਸ਼ਾਮ ਨੂੰ ਤੇਜ਼ ਮੀਂਹ ਵੀ ਪਾਉਂਦੀ ਹੈ। ਦਰਖ਼ਤ ਬਹੁਤ ਸੰਘਣੇ ਅਤੇ ਪੁਰਾਣੇ ਹਨ ਜਿਸ ਕਰਕੇ ਇਨ੍ਹਾਂ ਦੀਆਂ ਜੜ੍ਹਾਂ ਕਾਫ਼ੀ ਮਾਤਰਾ ਵਿਚ ਪਾਣੀ ਆਪਣੇ ਅੰਦਰ ਜਜ਼ਬ ਕਰੀ ਬੈਠੀਆਂ ਹਨ। ਇਉਂ ਧਰਤੀ ਹੇਠਲੇ ਪਾਣੀ ਦੇ ਜ਼ਖੀਰੇ ਭਰੇ ਰਹਿੰਦੇ ਹਨ।

ਡਾ. ਗੁਰਿੰਦਰ ਕੌਰ

ਅਮਰੀਕਾ ਦੀ ਨੈਸ਼ਨਲ ਅਕੈਡਮੀ ਆਫ਼ ਸਾਇੰਸ ਦੀ 2007 ਦੀ ਖੋਜ ਅਨੁਸਾਰ, ਐਮੇਜ਼ੌਨ ਦੇ ਜੰਗਲ ਤਾਂ ਧਰਤੀ ਉੱਤੇ ਮਨੁੱਖਾਂ ਦੁਆਰਾ ਪੈਦਾ ਕੀਤੀ ਗਈ ਕਾਰਬਨ ਡਾਇਆਕਸਾਈਡ ਨੂੰ 9 ਤੋਂ 14 ਦਹਾਕਿਆਂ ਤੱਕ ਜਜ਼ਬ ਕਰਨ ਦੀ ਸਮਰੱਥਾ ਰੱਖਦੇ ਹਨ। ਜੇ ਇਹ ਜੰਗਲ ਮਨੁੱਖੀ ਸਵਾਰਥਾਂ ਲਈ ਸਾੜੇ ਜਾਂਦੇ ਰਹੇ ਤਾਂ ਇਕੱਲੇ ਬਰਾਜ਼ੀਲ ਜਾਂ ਦੱਖਣੀ ਅਮਰੀਕਾ ਉੱਤੇ ਹੀ ਕੁਦਰਤ ਦਾ ਕਹਿਰ ਨਹੀਂ ਟੁੱਟੇਗਾ ਸਗੋਂ ਦੁਨੀਆ ਦੇ ਸਾਰੇ ਮੁਲਕ ਮਨੁੱਖੀ ਲਾਲਸਾਵਾਂ ਦਾ ਸ਼ਿਕਾਰ ਬਣਨਗੇ। ਆਰਥਿਕ ਵਿਕਾਸ ਦੀ ਇਸ ਅੰਨ੍ਹੀ ਦੌੜ ਵਿਚ ਬਨਸਪਤੀ ਅਤੇ ਜੀਵ ਜੰਤੂਆਂ ਦੀਆਂ ਲੱਖਾਂ ਪ੍ਰਜਾਤੀਆਂ ਸੁਆਹ ਦੇ ਢੇਰ ਬਣ ਜਾਣਗੀਆਂ। ਆਦਿਵਾਸੀਆਂ ਦੇ ਹੱਕਾਂ ਦੇ ਜਿਹੜਾ ਘਾਣ ਹੋਵੇਗਾ, ਉਸ ਦਾ ਤਾਂ ਬਿਓਰਾ ਕਰਨਾ ਵੀ ਵੱਸੋਂ ਬਾਹਰਾ ਹੈ।
ਇਸੇ ਕਰਕੇ ਵਿਕਸਿਤ ਮੁਲਕ ਬਰਾਜ਼ੀਲ ਵਿਚਲੇ ਐਮੇਜ਼ੌਨ ਦੇ ਜੰਗਲਾਂ ਨੂੰ ਲੱਗੀ ਅੱਗ ਤੋਂ ਚਿੰਤਾ ਵਿਚ ਹਨ; ਉਂਜ ਜੇ ਇਸ ਵਰਤਾਰੇ ਨੂੰ ਧਿਆਨ ਨਾਲ ਸਮਝਿਆ ਜਾਵੇ ਤਾਂ ਜੰਗਲਾਂ ਨੂੰ ਅੱਗ ਲਾਉਣ ਦਾ ਕਾਰਨ ਵੀ ਵਿਕਸਿਤ ਮੁਲਕ ਹੀ ਹਨ। ਵਿਕਸਿਤ ਮੁਲਕਾਂ ਦੇ ਖਾਣ ਪੀਣ ਦੀਆਂ ਆਦਤਾਂ ਵਿਚ ਗਊ ਮਾਸ ਅਤੇ ਸੋਇਆਬੀਨ ਦੇ ਤੇਲ ਦੀ ਵਰਤੋਂ ਜ਼ਿਆਦਾ ਹੁੰਦੀ ਹੈ। ਬਰਾਜ਼ੀਲ ਦੇ ਜੰਗਲਾਂ ਨੂੰ ਅੱਗ ਲਾ ਕੇ ਸਾਫ਼ ਕਰਨ ਦਾ ਮੁੱਖ ਕਾਰਨ ਪਸ਼ੂ ਪਾਲਣ ਅਤੇ ਸੋਇਆਬੀਨ ਦੀ ਖੇਤੀ ਲਈ ਜ਼ਮੀਨ ਤਿਆਰ ਕਰਨਾ ਹੈ। ਬਰਾਜ਼ੀਲ 2018 ਵਿਚ ਗਊ ਦੇ ਮਾਸ ਦੀ ਬਰਾਮਦ ਵਿਚ ਦੁਨੀਆ ਵਿਚ ਪਹਿਲੇ ਨੰਬਰ ਉੱਤੇ ਸੀ ਜਿਸ ਦਾ ਬਹੁਤਾ ਹਿੱਸਾ ਯੂਰੋਪੀਅਨ ਮੁਲਕਾਂ ਨੂੰ ਹੀ ਗਿਆ। ਇਹ ਮੁਲਕ ਆਪਣੀ ਸਰਜ਼ਮੀਨ ਉੱਤੇ ਗਰੀਨ ਹਾਊਸ ਗੈਸਾਂ ਦੇ ਨਿਕਾਸ ਦੀ ਮਾਤਰਾ ਘਟਾਉਣ ਲਈ ਅਜਿਹੀਆਂ ਵਸਤਾਂ ਬਾਹਰਲੇ ਮੁਲਕਾਂ ਤੋਂ ਮੰਗਵਾਉਂਦੇ ਹਨ।
ਇਹ ਦੱਸਣਾ ਜ਼ਰੂਰੀ ਹੈ ਕਿ ਬਰਾਜ਼ੀਲ ਦੇ ਜੰਗਲਾਂ ਨੂੰ ਅੱਗ ਲੱਗਣ ਜਾਂ ਲਗਾਉਣ ਦਾ ਮੁੱਦਾ ਤਾਂ ਕੌਮਾਂਤਰੀ ਪੱਧਰ ਉੱਤੇ ਬਹੁਤ ਜ਼ੋਰ-ਸ਼ੋਰ ਨਾਲ ਉੱਠਿਆ ਪਰ ਅਮਰੀਕਾ ਅਤੇ ਕੁਝ ਹੋਰ ਵਿਕਸਿਤ ਮੁਲਕ ਧਰਤੀ ਉੱਤੇ ਵਧਦੇ ਤਾਪਮਾਨ ਲਈ ਕਿੰਨੇ ਸੰਜੀਦਾ ਹਨ, ਇਸ ਦੀ ਤਾਜ਼ਾ ਮਿਸਾਲ ਇਹ ਹੈ ਕਿ ਜੀ-7 ਮੁਲਕਾਂ ਦੀ ਕਾਨਫਰੰਸ ਵਿਚ ਅਮਰੀਕਾ ਦਾ ਰਾਸ਼ਟਰਪਤੀ ਮੌਸਮੀ ਤਬਦੀਲੀਆਂ ਉੱਤੇ ਹੋਣ ਵਾਲੇ ਵਿਚਾਰ-ਵਟਾਂਦਰੇ ਵਿਚ ਸ਼ਾਮਲ ਹੀ ਨਹੀਂ ਹੋਇਆ ਅਤੇ ਉੱਥੋਂ ਅਮਰੀਕਾ ਪਰਤਦੇ ਸਾਰ 29 ਅਗਸਤ ਨੂੰ ਮਿਥੇਨ ਗੈਸ ਦੀ ਨਿਕਾਸੀ ਉੱਤੇ ਬਰਾਕ ਓਬਾਮਾ ਦੇ ਸਮੇਂ ਦੀਆਂ ਲੱਗੀਆਂ ਪਾਬੰਦੀਆਂ ਹਟਾ ਦਿੱਤੀਆਂ। ਇਸ ਤੋਂ ਇਲਾਵਾ ਅਮਰੀਕਾ ਉਹ ਮੁਲਕ ਹੈ ਜਿਸ ਨੇ ਆਰਥਿਕ ਵਿਕਾਸ ਦੀਆਂ ਪੌੜੀਆਂ ਚੜ੍ਹਦਿਆਂ ਵਾਤਾਵਰਨ ਵਿਚ ਸਭ ਤੋਂ ਜ਼ਿਆਦਾ ਗਰੀਨ ਹਾਊਸ ਗੈਸਾਂ ਛੱਡੀਆਂ ਹਨ ਅਤੇ ਦੁਨੀਆ ਦਾ ਇਕੱਲਾ ਮੁਲਕ ਹੈ ਜੋ ਪੈਰਿਸ ਮੌਸਮੀ ਸੰਧੀ ਤੋਂ ਬਾਹਰ ਆਉਣ ਦਾ ਐਲਾਨ ਕਰ ਚੁੱਕਿਆ ਹੈ।
1992 ਵਿਚ ਸੰਯੁਕਤ ਰਾਸ਼ਟਰ ਨੇ ਬਰਾਜ਼ੀਲ ਵਿਚ ‘ਵਾਤਾਵਰਨ ਅਤੇ ਵਿਕਾਸ’ ਕਾਨਫਰੰਸ ਕਰਵਾਈ ਗਈ ਸੀ ਜਿਸ ਵਿਚ ਵਿਕਸਿਤ ਮੁਲਕਾਂ ਨੇ ਐਮੇਜ਼ੌਨ ਦੇ ਜੰਗਲਾਂ ਨੂੰ ਕੌਮਾਂਤਰੀ ਵਿਰਾਸਤ ਬਣਾਉਣ ਦਾ ਵਿਚਾਰ ਰੱਖਦਿਆਂ ਕਿਹਾ ਸੀ ਕਿ ਇੱਥੋਂ ਦੇ ਸੰਘਣੇ ਜੰਗਲਾਂ ਦਾ ਧਰਤੀ ਦੇ ਸਮੁੱਚੇ ਵਾਤਾਵਰਨ ਨੂੰ ਸੰਤੁਲਿਤ ਰੱਖਣ ਵਿਚ ਅਹਿਮ ਯੋਗਦਾਨ ਹੈ, ਪਰ ਇਸ ਖੇਤਰ ਦੇ ਮੁਲਕਾਂ ਨੇ ਕਿਹਾ ਸੀ ਕਿ ਇਸ ਫ਼ੈਸਲੇ ਨਾਲ ਇਕ ਤਾਂ ਉਨ੍ਹਾਂ ਦੇ ਮੁਲਕਾਂ ਦੀ ਆਜ਼ਾਦੀ ਨੂੰ ਖ਼ਤਰਾ ਪੈਦਾ ਹੋ ਜਾਵੇਗਾ, ਦੂਜਾ ਜੇ ਇਨ੍ਹਾਂ ਕੁਦਰਤੀ ਸਰੋਤਾਂ ਦਾ ਤੁਸੀਂ ਲਾਹਾ ਲੈਣਾ ਚਾਹੁੰਦੇ ਹੋ ਤਾਂ ਇਵਜ਼ ਵਿਚ ਇਸ ਖੇਤਰ ਦੇ ਮੁਲਕਾਂ ਨੂੰ ਆਰਥਿਕ ਵਿਕਾਸ ਲਈ ਵਿੱਤੀ ਮਦਦ ਦਿੱਤੀ ਜਾਵੇ, ਇਸ ਦੇ ਨਾਲ ਕਲੀਨ ਟੈਕਨੋਲੋਜੀ ਸਸਤੇ ਭਾਅ ਜਾਂ ਮੁਫ਼ਤ ਮੁਹੱਈਆ ਕਰਵਾਈ ਜਾਵੇ। ਵਿਕਸਿਤ ਮੁਲਕਾਂ ਨੇ ਅੱਜ ਤੱਕ ਕੋਈ ਹਾਮੀ ਨਹੀਂ ਭਰੀ ਹੈ।
ਸੋ, ਸਾਰੇ ਮੁਲਕਾਂ ਨੂੰ ਚਾਹੀਦਾ ਹੈ ਕਿ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਲਈ ਕੌਮਾਂਤਰੀ ਪੱਧਰ ਉੱਤੇ ਫ਼ੈਸਲੇ ਕਰੇ ਪਰ ਫ਼ੈਸਲੇ ਕਰਦੇ ਸਮੇਂ ਸਾਰੇ ਮੁਲਕਾਂ ਦੇ ਹਿੱਤਾਂ ਅਤੇ ਉਨ੍ਹਾਂ ਦੇ ਆਰਥਿਕ ਵਿਕਾਸ ਦਾ ਧਿਆਨ ਰੱਖਿਆ ਜਾਵੇ, ਨਹੀਂ ਤਾਂ ਸਾਰੇ ਮੁਲਕ ਆਪੋ-ਆਪਣੀ ਚਾਲ ਚੱਲਦੇ ਹੋਏ ਧਰਤੀ ਦੇ ਵਾਤਾਵਰਨ ਦੀ ਪਹਿਲਾਂ ਹੀ ਡਾਵਾਂਡੋਲ ਹਾਲਤ ਹੋਰ ਖ਼ਰਾਬ ਕਰ ਦੇਣਗੇ।
*ਪ੍ਰੋਫ਼ੈਸਰ, ਜਿਓਗਰਫੀ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।


Comments Off on ਐਮੇਜ਼ੌਨ ਜੰਗਲਾਂ ਦੀ ਅੱਗ ਅਤੇ ਵਿਕਸਿਤ ਮੁਲਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.