ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਉੱਘਾ ਵਿਦਿਅਕ ਚਿੰਤਕ ਵੈਸਲ ਸੁਖੋਮਲਿੰਸਕੀ’

Posted On September - 13 - 2019

ਸਵਰਨ ਸਿੰਘ ਭੰਗੂ

ਬਚਪਨ ਅਸਲੀ, ਸੱਚਾ, ਸਪਸ਼ਟ ਅਤੇ ਨਾ-ਦੁਹਰਾਇਆ ਜਾ ਸਕਣ ਵਾਲਾ ਜੀਵਨ ਹੁੰਦਾ ਹੈ। ਉਦੋਂ ਕੀ ਵਾਪਰਿਆ, ਉਨ੍ਹਾਂ ਵਰ੍ਹਿਆਂ ਵਿੱਚ ਕਿਸ ਨੇ ਬੱਚੇ ਦੀ ਅਗਵਾਈ ਕਿਸ ਤਰ੍ਹਾਂ ਕੀਤੀ, ਦੁਆਲੇ ਦੇ ਸੰਸਾਰ ’ਚੋਂ ਉਸਦੇ ਦਿਲ ਅਤੇ ਦਿਮਾਗ਼ ਵਿੱਚ ਕੀ ਦਾਖ਼ਲ ਹੋਇਆ, ਵੱਡੀ ਹੱਦ ਤੱਕ ਇਸ ਗੱਲ ਨੂੰ ਮਿਥਣਗੇ ਕਿ ਉਹ ਕਿਹੋ ਜਿਹਾ ਮਨੁੱਖ ਬਣੇਗਾ?
ਲਗਭਗ 35 ਵਰ੍ਹੇ ਬਾਲਾਂ ਦੀ ਦੁਨੀਆਂ ਦੀ ਅਗਵਾਈ ਕਰਨ ਵਾਲੇ, ਉੱਘੇ ਸਿੱਖਿਆ ਸ਼ਾਸ਼ਤਰੀ ਵੈਸਲ ਸੁਖੋਮਲਿੰਸਕੀ (Vasyl Sukhomlnsky) ਨੇ, ਉਕਤ ਸਿੱਟਾ ਆਪਣੇ ਅਨੁਭਵਾਂ ਉਪਰੰਤ ਕੱਢਿਆ ਸੀ। ਸੰਨ 1918 ਵਿੱਚ ਜੰਮੇ ਵਾਲਿਸੀ ਨੇ 23 ਵਰ੍ਹਿਆਂ ਦੀ ਉਮਰ ਤੱਕ ਸਿੱਖਿਆ ਹਾਸਲ ਕੀਤੀ ਅਤੇ ਬਾਅਦ ਵਿੱਚ ਉਹ ਪ੍ਰਾਇਮਰੀ ਅਧਿਆਪਕ ਲੱਗ ਗਿਆ। ਉਹ ਆਪਣੇ ਕੰਮ ਨਾਲ ਐਨੀ ਪ੍ਰਤੀਬੱਧਤਾ ਨਾਲ ਜੁੜ ਗਿਆ ਕਿ ਬਾਲਾਂ ਨਾਲ ਬਾਲ ਹੋ ਗਿਆ। ਉਹ ਆਪਣੇ ਸ਼ਗਿਰਦਾਂ ਨੂੰ ਖੇਤਾਂ ਵਿੱਚ ਲੈ ਜਾਂਦਾ, ਉਨ੍ਹਾਂ ਨੂੰ ਪ੍ਰਕ੍ਰਿਤੀ ਦਾ ਗਿਆਤ ਕਰਾਉਂਦਾ, ਉਨ੍ਹਾਂ ਮੂਹਰੇ ਬੜੇ ਰੌਚਿਕ ਢੰਗ ਨਾਲ ਬ੍ਰਹਿਮੰਡ ਦੇ ਭੇਦ ਖੋਲ੍ਹਦਾ, ਬਾਲ-ਸਾਹਿਤ ਦੀ ਸਿਰਜਣਾ ਕਰਵਾਉਂਦਾ ਅਤੇ ਉਨ੍ਹਾਂ ਨੰਆ ਪਰੀ-ਕਹਾਣੀਆਂ ਸੁਣਾਉਂਦਾ।

ਸਵਰਨ ਸਿੰਘ ਭੰਗੂ

ਉਸਦੇ ਵਿੱਦਿਆ-ਵਿਗਿਆਨ ਦਾ ਵਡਮੁੱਲਾ ਤੱਤ, ਇੱਕ ਬੱਚੇ ਨੂੰ ਭਵਿੱਖ ਦੇ ਇਨਸਾਨ ਵਜੋਂ ਵੇਖਣਾ ਸੀ। ਉਸ ਅਨੁਸਾਰ ਅਧਿਆਪਕਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਸ਼ਗਿਰਦਾਂ ਦਾ ਨਕਸ਼, ਭਵਿੱਖ ਇਨਸਾਨਾਂ ਵਜੋਂ ਸੰਵਾਰਨ, ਉਨ੍ਹਾਂ ਵਿੱਚ ਸਿੱਖਣ ਦੀ ਜਗਿਆਸਾ ਪੈਦਾ ਕਰਨ। ਉਹ ਕਹਿੰਦਾ ਸੀ ਕਿ ਅਧਿਆਪਕ ਕਲਾਸਾਂ ਵਿੱਚ ਜਾ ਕੇ, ਆਪਣੇ ਸ਼ਗਿਰਦਾਂ ’ਤੇ ਕੇਵਲ ਸ਼ਬਦਾਂ ਦੀ ਬੰਬਾਰੀ ਕਰ ਕੇ ਈਨ ਨਾ ਮਨਾਉਣ ਸਗੋਂ ‘ਮੈਂ ਵੀ ਬੋਲਾਂ, ਤੂੰ ਵੀ ਬੋਲ’ ਦੀ ਪ੍ਰਕਿਰਿਆ ਅਪਨਾਉਣ, ਵਿਦਿਆਰਥੀਆਂ ਦੇ ਨਾਂ ਅਤੇ ਸਮੁੱਚਾ ਪਿਛੋਕੜ ਜਾਣਨ ਅਤੇ ਨਿਪੁੰਨ ਜੱਜ ਬਣਕੇ ਬੱਚਿਆਂ ਨਾਲ ਇਨਸਾਫ ਕਰਨ। ਜਦੋਂ ਉਹ ਸਕੂਲਾਂ ਦਾ ਨਿਰਦੇਸ਼ਕ ਬਣਿਆਂ ਤਾਂ ਉਹ ਅਕਸਰ ਅਧਿਆਪਕਾਂ ਨੂੰ ਕਿਹਾ ਕਰਦਾ ਸੀ ਕਿ ਉਹ ਬਾਲ-ਜਗਤ ਨੂੰ ਆਪੋ-ਆਪਣੇ ਦਿਲ ਦੇ ਕੇ, ਉਨ੍ਹਾਂ ਦੇ ਦਿਲਾਂ ਤੱਕ ਜਾਣ ਦਾ ਰਾਹ ਲੱਭਣ। ਉਹ ਤਾਂ ਇੱਥੋਂ ਤੱਕ ਵੀ ਕਹਿੰਦਾ ਸੀ ਕਿ ਜੇਕਰ ਅਧਿਆਪਕਾਂ ਅਤੇ ਸ਼ਗਿਰਦਾਂ ਨੂੰ ਇੱਕ ਦੂਜੇ ਦੇ ਸੁਪਨੇ ਨਾ ਆਉਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਰਿਸ਼ਤਾ ਸਹੀ ਨਹੀਂ। ਉਹ ਸਮੇਂ ਸਮੇਂ ’ਤੇ ਮਾਪਿਆਂ ਦੀਆਂ ਮੀਟਿੰਗਾਂ ਬੁਲਾਉਂਦਾ, ਮਾਪਿਆਂ ਨੂੰ ਘਰਾਂ ਦਾ ਵਧੀਆ ਮਾਹੌਲ ਬਣਾਈ ਰੱਖਣ ਲਈ ਅਤੇ ਵਿਰਾਸਤ ਵਜੋਂ, ਬੱਚਿਆਂ ਨੂੰ ਆਪਣਾ ਸ਼ਾਨਦਾਰ ਇਤਿਹਾਸ ਦੇਣ ਲਈ ਪ੍ਰੇਰਦਾ। ਆਪਣੀ ਮਾਤਭੂੰਮੀ ਨੂੰ ਅਥਾਹ ਮੁਹੱਬਤ ਕਰਨ ਵਾਲਾ ਵੈਸਲ, ਆਪਣੇ ਸ਼ਗਿਰਦਾਂ ਕੋਲੋਂ ਇਹ ਉਮੀਦ ਰੱਖਦਾ ਸੀ ਕਿ ਉਹ ਵੱਡੇ ਹੋ ਕੇ ਗਿਆਨਵਾਨ ਬਣਨ ਅਤੇ ਆਪਣੀ ਮਾਤਭੂੰਮੀ ਨੂੰ ਪਿਆਰ ਕਰਨ ਵਾਲੇ ਬਣਨ। ਸਿੱਖਿਆ ’ਚ ਉਸਦੇ ਮਾਨਵੀ ਅਨੁਭਵਾਂ ਦਾ ਇਹ ਉਹ ਸਮਾਂ ਸੀ ਜਦੋਂ ਦੂਜੇ ਵਿਸ਼ਵ ਯੁੱਧ ਸਮੇਂ, ਪਾਗਲਪਣ ਜਿਹੀ ਜ਼ਹਿਨੀਅਤ ਦੇ ਮਾਲਕ ਜਰਮਨ ਦੇ ਤਾਨਾਸ਼ਾਹ ਹਿਟਲਰ ਨੇ ਆਪਣੀਆਂ ਫੌਜੀ-ਧਾੜਾਂ ਨਾਲ ਸੋਵੀਅਤ ਯੂਨੀਅਨ ’ਤੇ ਹਮਲਾ ਕਰ ਦਿੱਤਾ ਸੀ। ਹੁਣ ਸੁਖੋਮਲਿੰਸਕੀ ਲਈ ਦੇਸ਼ ਨੂੰ ਬਚਾਉਣਾ ਪ੍ਰਮੁੱਖ ਸੀ, ਜਿਸ ਕਰ ਕੇ ਉਹ ਖ਼ੁਦ ਮੋਰਚੇ ’ਤੇ ਚਲਾ ਗਿਆ।
ਉਸਦੇ ਯੁੱਧ ਵਿੱਚ ਜਾਣ ਉਪਰੰਤ, ਉਸਦੀ ਪਤਨੀ ‘ਵੋਰਾ ਪੋਵਸ਼ਾ’ ਜੋ ਕਿ ਦੇਸ਼ ਭਗਤ ਯੁੱਧ ਵਿੱਚ ਫਾਸਿਸਟਾਂ ਵਿਰੁੱਧ ਲੜਨ ਵਾਲਿਆਂ ਦੀ ਸਹਾਇਕ ਸੀ, ਨੂੰ ਹਿਟਲਰ ਦੀ ਬਦਨਾਮ ‘ਗੈਸਟਾਪੋ’ ਪੁਲੀਸ ਨੇ ਫੜ ਲਿਆ। ਫਾਸਿਸਟ, ਉਸ ਕੋਲੋਂ ਛਾਪਾਮਾਰ ਦਸਤੇ ਦੇ ਮੈਂਬਰਾਂ ਦੇ ਨਾਂ ਅਤੇ ਥਹੁ-ਪਤਾ ਪੁੱਛਣ ਲਈ ਅੱਤਿਆਚਾਰ ਕਰਦੇ ਰਹੇ। ਜਦੋਂ ਉਹ ਟੱਸ ਤੋਂ ਮੱਸ ਨਾ ਹੋਈ ਤਾਂ ਫਾਸਿਸਟਾਂ ਨੇ ਖ਼ਫਾ ਹੋ ਕੇ, ਜੇਲ੍ਹ ਵਿੱਚ ਹੀ ਜਨਮੇ ਉਸ ਦੇ ਕੁੱਝ ਦਿਨਾਂ ਦੇ ਬੱਚੇ ਨੂੰ, ਉਸਦੇ ਸਾਹਮਣੇ ਹੀ ਮਾਰ ਮੁਕਾਇਆ ਅਤੇ ਫਿਰ ਵੋਰਾ ਪੋਵਸ਼ਾ ਨੂੰ ਫਾਹੇ ਲਾ ਦਿੱਤਾ। ਉੱਧਰ ਮਾਸਕੋ ਦੇ ਇੱਕ ਮੋਰਚੇ ’ਤੇ ਦੁਸ਼ਮਣ ਨਾਲ ਲੜਦਿਆਂ ਵੈਸਲ ਸੁਖੋਮਲਿੰਸਕੀ ਸਖਤ ਫੱਟੜ ਹੋ ਗਿਆ, ਧਾਤ ਦੇ ਦੋ ਟੁਕੜੇ ਉਸਦੇ ਦਿਲ ਦੇ ਨੇੜੇ ਧਸ ਗਏ। ਲੜਾਈ ਦੇ ਯੋਗ ਨਾ ਰਹਿਣ ਕਾਰਨ ਫੌਜੀ ਅਧਿਕਾਰੀਆਂ ਨੇ ਉਸਨੂੰ ਵਾਪਸ ਭੇਜ ਦਿੱਤਾ। ਉਸਨੂੰ ਘਰ ਪਹੁੰਚ ਕੇ ਹੀ ਪਤਾ ਲੱਗਾ ਕਿ ਉਸਦੀ ਪਤਨੀ ਤੇ ਪੁੱਤਰ ਵੀ ਦੇਸ਼-ਭਗਤਕ ਜੰਗ ਵਿੱਚ ਸ਼ਹੀਦ ਹੋ ਚੁੱਕੇ ਹਨ। ਹੁਣ ਇੱਕ ਨਿੱਜੀ ਤਰਾਸਦੀ ਵੀ ਉਸਦੇ ਜੀਵਨ ਨਾਲ ਚਿਪਕ ਚੁੱਕੀ ਸੀ। ਉਹ ਮੁੜ ਸਕੂਲ ਗਿਆ ਜਿਥੇ ਉਸਦਾ ਵਾਹ ਯੁੱਧ ਦੇ ਝੰਭੇ ਹੋਏ ਬਾਲਾਂ ਨਾਲ ਪਿਆ। ਉਹ ਇਨ੍ਹਾਂ ਬਾਲਾਂ ਦੀ ਪੀੜ ਮਹਿਸੂਸ ਕਰਦਾ, ਉਨ੍ਹਾਂ ਨੂੰ ਦੇਸ਼ ਅਤੇ ਦੁਨੀਆਂ ਦੇ ਨਾਇਕਾਂ/ਖਲਨਾਇਕਾਂ ਦੀਆਂ ਕਹਾਣੀਆਂ ਸੁਣਾਉਂਦਾ, ਜ਼ਿੰਦਗੀ ਵਿੱਚ ਉਨ੍ਹਾਂ ਦਾ ਵਿਸ਼ਵਾਸ਼ ਬਣਾਉਂਦਾ।
ਵਰ੍ਹੇ ਲੰਘਦੇ ਗਏ। ਯੁੱਧ ਦੇ ਫੱਟ ਮੌਲਣ ਲੱਗੇ। ਯੁੱਧ ਉਪਰੰਤ ਜਨਮੇ ਬੱਚਿਆਂ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਜਿਹੜਾ ਅਧਿਆਪਕ ਉਨ੍ਹਾਂ ਨੂੰ ਪੜ੍ਹਾਉਂਦਾ ਹੈ ਉਸਦੀ ਮਾਨਸਿਕ ਅਤੇ ਸਰੀਰਕ ਪੀੜ ਕੀ ਹੈ?
ਬਾਲਾਂ ਦੀ ਅਗਵਾਈ ਕਰਦਿਆਂ ਆਪਣੇ ਨਿੱਜੀ ਤਜ਼ਰਬਿਆਂ ਅਤੇ ਅਨੁਭਵਾਂ ਦੇ ਅਧਾਰ ’ਤੇ ਉਸਨੇ ਵਿਦਿਅਕ ਜਗਤ ਨੂੰ ‘ਬੱਚਿਆਂ ਨੂੰ ਦਿਆਂ ਦਿਲ ਆਪਣਾ ਮੈਂ’, ‘ਇੱਕ ਨਾਗਰਿਕ ਦਾ ਜਨਮ’, ‘ਸਮੂਹ ਦੀ ਸਿਆਣੀ ਸ਼ਕਤੀ’,‘ਪਾਵਲਿਅਸ਼ ਸੈਕੰਡਰੀ ਸਕੂਲ’ ਆਦਿ ਦਰਜਨਾਂ ਕਿਤਾਬਾਂ ਅਤੇ ਸੈਂਕੜੇ ਲੇਖ ਦਿੱਤੇ। ਉਸਦਾ ਵਿੱਦਿਆ-ਵਿਗਿਆਨ, ਦਿਆਲਤਾ, ਸੱਚ, ਭਾਵਨਾਵਾਂ, ਹੱਡ/ ਮਾਸ ਅਤੇ ਚਿੰਤਨ ’ਤੇ ਅਧਾਰਤ ਸੀ। ਉਸਦਾ ਨਿਸ਼ਚਾ ਸੀ ਕਿ ਬੱਚਿਆਂ ਨੂੰ ਨਾ ਕੇਵਲ ਚੰਗਿਆਈ ਅਤੇ ਬੁਰਾਈ ਵਿੱਚ ਫਰਕ ਕਰਨਾ ਸਿਖਾਉਂਣਾ ਚਾਹੀਦਾ ਹੈ ਸਗੋਂ ਉਨ੍ਹਾਂ ਨੂੰ ਬੁਰਾਈ ਅਤੇ ਬੇਇਨਸਾਫੀ ਵਿਰੁੱਧ ਬੇਕਿਰਕ ਹੋਣਾ ਵੀ ਸਿਖਾਉਣਾ ਚਾਹੀਦਾ ਹੈ।
ਜਦੋਂ ਉਹ ਇੱਕ ਦਿਨ ਸਕੂਲ ’ਚ ਆਪਣੇ ਕਰਤੱਵ ਨੂੰ ਸਪਰਪਤ ਸੀ ਤਾਂ ਯੁੱਧ ਦੌਰਾਨ ਉਸਦੇ ਦਿਲ ਦੇ ਨੇੜੇ ਖੁੱਭੇ ਧਾਤ ਦੇ ਟੁਕੜੇ ਉਸਦੀ ਸਤਾਉਂਦੀ ਪੀੜ ਬਣ ਗਏ। ਸਿਹਤ ਵਿਗਿਆਨ ਨੇ ਬਲਵਾਨ ਮਾਨਸਿਕਤਾ ਵਾਲੇ ਇਸ ਮਨੁੱਖ ਨੂੰ ਬਚਾਉਣ ਲਈ ਪੂਰੀ ਵਾਹ ਲਾਈ ਪਰ ਉਸਨੂੰ ਵਧੇਰੇ ਜੀਵਨ ਨਾ ਮਿਲ ਸਕਿਆ। ਉਸਨੇ 2 ਸਤੰਬਰ 1970 ਨੂੰ ਆਖ਼ਰੀ ਸਾਹ ਲਿਆ।
ਵੈਸਲ ਸੁਖੋਮਲਿੰਸਕੀ ਦੀਆਂ ਲਿਖਤਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਲਈ ਬਹੁਤ ਹੀ ਲਾਹੇਵੰਦ ਹਨ। ਇਸ ਧਰਤੀ ’ਤੇ 52 ਵਰ੍ਹੇ ਜਿਊਂਦੇ ਰਹੇ ਸੁਖੋਮਲਿੰਸਕੀ ਦੀਆਂ ਲਿਖਤਾਂ, ਇਸ ਧਰਤੀ ’ਤੇ ਚੰਗੇ ਮਨੁੱਖ ਦੀ ਸਿਰਜਣਾ ਕਰਨ ਦੇ ਮਾਰਗ-ਦਰਸ਼ਕ ਦਸਤਾਵੇਜ਼ ਹਨ। ਸੱਚਮੁੱਚ ਧਰਤੀ ਦੇ ਸੋਹਜ ਲਈ ਇਹ ਸਾਰਾ ਕੁੱਝ ਬਹੁਤ ਹੀ ਅਹਿਮ ਹੈ।

ਆਦਰਸ਼ ਭਵਨ,
ਚਮਕੌਰ ਸਾਹਿਬ -14011 ਰੂਪਨਗਰ
ਸੰਪਰਕ: 9417469290


Comments Off on ਉੱਘਾ ਵਿਦਿਅਕ ਚਿੰਤਕ ਵੈਸਲ ਸੁਖੋਮਲਿੰਸਕੀ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.