ਗੰਨਮੈਨ 38, ਖ਼ਰਚਾ 18 ਲੱਖ !    ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ !    ਟੋਕੀਓ ਓਲੰਪਿਕ: ਤੈਅ ਪ੍ਰੋਗਰਾਮ ਮੁਤਾਬਕ ਹੋਣਗੀਆਂ ਖੇਡਾਂ: ਰਿਜਿਜੂ !    ‘ਆਪ’ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੱਗੇ ਪ੍ਰਦਰਸ਼ਨ !    ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ !    ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ !    ਸਿੱਖ ਇਤਿਹਾਸ ਦਾ ਉੜੀਆ ’ਚ ਅਨੁਵਾਦ ਕਰਨ ਵਾਲੀ ਸਾਧਨਾ ਪਾਤਰੀ ਦਾ ਸਨਮਾਨ !    ਬੱਚੇ ਦੀ ਮੌਤ: ਸਿਹਤ ਮੰਤਰੀ ਨੇ ਡਾਕਟਰ ਜੋੜੇ ਦੀ ਮੁਅੱਤਲੀ ਦੇ ਹੁਕਮ ਵਾਪਸ ਲਏ !    ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ !    ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    

ਉਸਾਰੂ ਜੀਵਨ

Posted On September - 8 - 2019

ਦਰਸ਼ਨ ਸਿੰਘ ‘ਆਸ਼ਟ’ (ਡਾ.)
ਇਕ ਪੁਸਤਕ-ਇਕ ਨਜ਼ਰ ਮੁੱਲਾਂ ਨਾਲ ਜੁੜਨ ਦਾ ਸੁਨੇਹਾ

ਬਾਲ ਸਾਹਿਤ ਦੀ ਵਰਤਮਾਨ ਸਥਿਤੀ ਦਾ ਵਿਸ਼ਲੇਸ਼ਣ ਕਰਦਿਆਂ ਅਨੁਭਵ ਹੁੰਦਾ ਹੈ ਕਿ ਕਵਿਤਾ, ਕਹਾਣੀ, ਨਾਵਲ ਅਤੇ ਨਿਬੰਧ ਆਦਿ ਵੰਨਗੀਆਂ ਦੇ ਨਾਲ ਨਾਲ ਜੀਵਨੀ ਜਾਂ ਸਵੈ-ਜੀਵਨੀ ਦਾ ਵਿਸ਼ੇਸ਼ ਮਹੱਤਵ ਰਿਹਾ ਹੈ। ਪੰਜਾਬੀ ਬਾਲ ਸਾਹਿਤ ਦੇ ਹਵਾਲੇ ਨਾਲ ਅਜਿਹੀਆਂ ਪੁਸਤਕਾਂ ਵੀ ਲਿਖੀਆਂ ਜਾ ਰਹੀਆਂ ਹਨ ਜਿਹੜੀਆਂ ਕਿਸੇ ਵਿਅਕਤੀ ਵਿਸ਼ੇਸ਼ ਦੀ ਬਾਲ-ਅਵਸਥਾ ਦੀ ਹੀ ਅਭਿਵਿਅਕਤੀ ਕਰਦੀਆਂ ਹਨ ਤਾਂ ਜੋ ਬਾਲ ਪਾਠਕਾਂ ਨੂੰ ਉਨ੍ਹਾਂ ਦੇ ਸੰਘਰਸ਼ਮਈ ਬਚਪਨ ਤੋਂ ਪ੍ਰੇਰਨਾ ਮਿਲ ਸਕੇ। ਇਸ ਸੰਦਰਭ ਵਿਚ ਜਸਬੀਰ ਭੁੱਲਰ ਰਚਿਤ ਪੁਸਤਕ ‘ਅਸਲੀ ਮਨੁੱਖ ਦਾ ਜਨਮ’ (ਕੀਮਤ: 200 ਰੁਪਏ; ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ) ਮਹਾਤਮਾ ਗਾਂਧੀ ਦੇ ਜੀਵਨ ਦੇ ਮੁੱਢਲੇ ਪੰਦਰਾਂ ਸਾਲਾਂ ਨੂੰ ਆਧਾਰ ਬਣਾ ਕੇ ਨਾਵਲੀ ਰੂਪ ਵਿਚ ਸਿਰਜੀ ਗਈ ਹੈ।
ਇਹ ਬਾਲ ਨਾਵਲ ਕੁੱਲ ਬਾਈ ਕਾਂਡਾਂ ਵਿਚ ਵੰਡਿਆ ਹੈ ਜਿਸ ਦਾ ਆਗਾਜ਼ ਵਿਹੜੇ ਵਿਚ ਚਿੰਤਾਜਨਕ ਅਵਸਥਾ ਵਿਚ ਖੜ੍ਹੇ ਬਾਲ ਨਾਇਕ ਮੋਹਨਦਾਸ ਦੀ ਆਪਣੀ ਮਾਤਾ ਪੁਤਲੀਬਾਈ ਨਾਲ ਹੋ ਰਹੀ ਵਾਰਤਾਲਾਪ ਨਾਲ ਹੁੰਦਾ ਹੈ। ਪੁਤਲੀਬਾਈ ਧਾਰਮਿਕ ਸੰਸਕਾਰਾਂ ਪ੍ਰਤੀ ਗੂੜ੍ਹ ਆਸਥਾ ਨਾਲ ਬੱਝੀ ਹੋਈ ਨਾਇਕਾ ਵਜੋਂ ਉਭਰਦੀ ਹੈ ਜੋ ਸੂਰਜ ਵੇਖੇ ਬਿਨਾਂ ਰੋਟੀ ਨਹੀਂ ਖਾਂਦੀ। ਇਕ ਦਿਨ ਜਦੋਂ ਗੂੜ੍ਹੇ ਬੱਦਲਾਂ ਕਾਰਨ ਸੂਰਜ ਨਹੀਂ ਨਿਕਲਦਾ ਤਾਂ ਮੋਹਨਦਾਸ ਚਿੰਤਤ ਹੁੰਦਾ ਹੈ। ਉਹ ਡਡੋਲਿਕਾ ਹੋਇਆ ਮਾਂ ਦੇ ਭੁੱਖੇ ਰਹਿਣ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਦਾ, ਪਰ ਮਾਂ ਉਸ ਦੀ ਆਪਣੇ ਪ੍ਰਤੀ ਚਿੰਤਾ ਅਨੁਭਵ ਕਰਕੇ ਉਸ ਦੁਆਲੇ ਆਪਣੀਆਂ ਬਾਹਾਂ ਵਲ ਕੇ ਉਦਾਸ ਨਾ ਹੋਣ ਲਈ ਆਖਦੀ ਹੈ। ਇਹ ਸਥਿਤੀ ਮਾਂ-ਪੁੱਤਰ ਦਰਮਿਆਨ ਮਮਤਾਮਈ ਭਾਵਨਾਵਾਂ ਦੇ ਪ੍ਰਗਟਾਵੇ ਦਾ ਪ੍ਰਤੀਕ ਹੈ।
ਇਸ ਬਾਲ ਨਾਵਲ ਵਿਚ ਮੋਹਨਦਾਸ ਦੇ ਬਚਪਨ ਦੀਆਂ ਘਟਨਾਵਾਂ ਨੂੰ ਸਿਲਸਿਲੇਵਾਰ ਪੜਾਵਾਂ ਦੇ ਰੂਪ ਵਿਚ ਉਜਾਗਰ ਕੀਤਾ ਗਿਆ ਹੈ। ਮੁੱਢਲੇ ਪੜਾਅ ਵਿਚ ਮੋਹਨਦਾਸ ਇਕ ਡਰਾਕਲ ਤੇ ਜਲਦੀ ਘਾਬਰ ਜਾਣ ਵਾਲੇ ਬਾਲ ਪਾਤਰ ਵਜੋਂ ਸਾਹਮਣੇ ਆਉਂਦਾ ਹੈ। ਭੂਤ ਪ੍ਰੇਤ ਆਦਿ ਪ੍ਰਾਸਰੀਰਕ ਪਾਤਰਾਂ ਦੀ ਕਲਪਨਾ ਕਰਕੇ ਉਹ ਦਹਿਸ਼ਤਜ਼ਦਾ ਰਹਿਣ ਲੱਗਦਾ ਹੈ। ਅਜਿਹੀ ਸੰਕਟਕਾਲੀਨ ਸਥਿਤੀ ਵਿਚ ਉਸ ਦੀ ਸੇਵਿਕਾ ਰੰਭਾ ਉਸ ਦੀ ਡਰਾਕਲ ਮਨੋਬਿਰਤੀ ਨੂੰ ਦੂਰ ਕਰਨ ਦਾ ਯਤਨ ਕਰਦੀ ਹੈ।
ਮੋਹਨਦਾਸ ਦੀ ਖੇਡ ਸਰਗਰਮੀਆਂ ਵਿਚ ਕੋਈ ਦਿਲਚਸਪੀ ਨਹੀਂ। ਆਪਣੇ ਦੋਸਤਾਂ ਦੇ ਵਾਰ ਵਾਰ ਵੰਨ-ਸੁਵੰਨੀਆਂ ਖੇਡਾਂ ਖੇਡਣ ਲਈ ਪ੍ਰੇਰਿਤ ਕਰਨ ਦੇ ਬਾਵਜੂਦ ਉਸ ਦੀ ਮਾਨਸਿਕਤਾ ਵਿਚ ਕੋਈ ਬਦਲਾਅ ਨਹੀਂ ਆਉਂਦਾ। ਇਸ ਦੇ ਉਲਟ ਮਾਤਾ ਪੁਤਲੀਬਾਈ ਨਾਲ ਮੰਦਰ ਜਾਣ ਵਿਚ ਉਸ ਦੀ ਵਿਸ਼ੇਸ਼ ਦਿਲਚਸਪੀ ਦ੍ਰਿਸ਼ਟੀਗੋਚਰ ਹੁੰਦੀ ਹੈ। ਉਸ ਨੂੰ ਸਕੂਲੇ ਪੜ੍ਹਦਿਆਂ ਕੁਝ ਜਟਿਲ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ। ਆਪਣੇ ਅਧਿਆਪਕ ਵੱਲੋਂ ਇਸ਼ਾਰਾ ਕਰਨ ’ਤੇ ਵੀ ‘ਕੇਤਲੀ’ ਸ਼ਬਦ ਦੇ ਸ਼ਬਦ-ਜੋੜ ਦਰੁਸਤ ਨਹੀਂ ਕਰਦਾ। ਨੈਤਿਕ ਪੱਧਰ ਉੱਚਾ ਚੁੱਕਣ ਵਾਲੀਆਂ ਧਾਰਮਿਕ ਪੁਸਤਕਾਂ ਦਾ ਅਧਿਐਨ ਕਰਦਾ ਹੈ, ਭਰਾ ਵੱਲੋਂ ਲਿਆ ਕਰਜ਼ਾ ਉਤਾਰ ਕੇ ਉਸ ਨੂੰ ਮਾਨਸਿਕ ਬੋਝ ਤੋਂ ਨਿਜ਼ਾਤ ਦਿਵਾਉਂਦਾ ਹੈ, ਜਮਾਤ ਵਿਚੋਂ ਫੇਲ੍ਹ ਹੋਣ ਦੇ ਬਾਵਜੂਦ ਅੱਗੇ ਵਧਣ ਦੀ ਤਮੰਨਾ ਬਰਕਰਾਰ ਰੱਖਦਾ ਹੈ। ਦ੍ਰਿੜ੍ਹ ਨਿਸ਼ਚੇ ਅਤੇ ਸੱਚ ਦਾ ਅਨੁਯਾਈ ਹੋਣ ਕਾਰਨ ਉਸ ਦੇ ਮਨ ਵਿਚ ਪਰਉਪਕਾਰ ਅਤੇ ਅਹਿੰਸਾ ਦੀਆਂ ਭਾਵਨਾਵਾਂ ਪ੍ਰਵਾਹਮਾਨ ਰਹਿੰਦੀਆਂ ਹਨ।

ਦਰਸ਼ਨ ਸਿੰਘ ‘ਆਸ਼ਟ’ (ਡਾ.)

ਇਸ ਬਾਲ ਨਾਵਲ ਦੇ ਬਿਰਤਾਂਤ ਵਿਚ ਉਦੋਂ ਚਾਣਚੱਕ ਮੋੜ ਆਉਣ ਲੱਗਦਾ ਹੈ ਜਦੋਂ ਆਪਣੇ ਮਿੱਤਰਾਂ ਨੂੰ ਸਦਾਚਾਰਕ ਤੌਰ ’ਤੇ ਸੁਧਾਰਨ ਲੱਗਿਆਂ ਨਾਇਕ ਮਾਸ ਖਾਣ ਅਤੇ ਸਿਗਰਟਨੋਸ਼ੀ ਦਾ ਸ਼ਿਕਾਰ ਹੋਣ ਲੱਗਦਾ ਹੈ, ਪਰ ਛੇਤੀ ਹੀ ਧਾਰਮਿਕ ਸੰਸਕਾਰਾਂ ਦਾ ਅਨੁਸਰਣ ਕਰਨ ਵਾਲੇ ਪਰਿਵਾਰ ਵਿਚ ਜੰਮੇ-ਪਲੇ ਇਸ ਬਾਲਕ ਨੂੰ ਨੈਤਿਕ ਕਦਰਾਂ ਕੀਮਤਾਂ ਅਤੇ ਜੀਵਨ-ਮੁੱਲਾਂ ਤੋਂ ਭਟਕ ਜਾਣ ਦਾ ਅਹਿਸਾਸ ਵੀ ਹੋਣ ਲੱਗਦਾ ਹੈ। ਉਹ ਆਪਣੀਆਂ ਗ਼ਲਤ ਆਦਤਾਂ ਅਤੇ ਗਿਲਾਨੀ ਦਾ ਪ੍ਰਾਸ਼ਚਿਤ ਕਰਦਾ ਹੋਇਆ ਪਿਤਾ ਨੂੰ ਚਿੱਠੀ ਲਿਖ ਕੇ ਖ਼ਿਮਾ ਯਾਚਨਾ ਕਰਦਾ ਹੈ। ਵਸਤੂ-ਜਗਤ ਦੀ ਦ੍ਰਿਸ਼ਟੀ ਤੋਂ ਇਹ ਬਾਲ ਨਾਵਲ ਬਾਲ ਪਾਠਕ ਵਰਗ ਨੂੰ ਉਸਾਰੂ ਜੀਵਨ ਮੁੱਲਾਂ ਨਾਲ ਜੁੜਨ ਦਾ ਸਾਰਥਿਕ ਸੁਨੇਹਾ ਦਿੰਦਾ ਹੈ, ਪਰ ਦੂਜੇ ਪਾਸੇ ਇਸ ਨਾਵਲ ਵਿਚ ਕੁਝ ਅਜਿਹੇ ਸੰਵਾਦ ਵੀ ਸ਼ਾਮਿਲ ਹੋ ਗਏ ਹਨ ਜਿਨ੍ਹਾਂ ਦਾ ਬਾਲ ਮਾਨਸਿਕਤਾ ਉਪਰ ਉਸਾਰੂ ਪ੍ਰਭਾਵ ਨਹੀਂ ਪੈਂਦਾ। ਬਾਲ ਸਾਹਿਤ ਦਾ ਬੁਨਿਆਦੀ ਮਨੋਰਥ ਬਾਲ ਮਨ ਅੰਦਰ ਚੇਤਨਾ ਅਤੇ ਨਿੱਗਰ ਉਸਾਰੂ ਸੋਚਣੀ ਪੈਦਾ ਕਰਕੇ ਚੰਗੇ ਨਾਗਰਿਕ ਬਣਾਉਣਾ ਹੈ, ਪਰ ਇਸ ਨਾਵਲ ਦੇ ਚੌਥੇ ਕਾਂਡ ਵਿਚ ਜਦੋਂ ਰਾਤ ਸਮੇਂ ਸਹਿਮਿਆ ਅਤੇ ਨੱਸਿਆ ਆਉਂਦਾ ਮੋਹਨਦਾਸ ਗਲਿਆਰੇ ਦਾ ਮੋੜ ਮੁੜਨ ਸਮੇਂ ਸੇਵਿਕਾ ਰੰਭਾ ਵਿਚ ਆ ਵੱਜਦਾ ਹੈ ਅਤੇ ਕਮਰੇ ਵਿਚ ਭੂਤ ਹੋਣ ਦਾ ਖ਼ਦਸ਼ਾ ਪ੍ਰਗਟ ਕਰਦਾ ਹੈ ਤਾਂ ਰੰਭਾ ਵੱਲੋਂ ਆਖੇ ਇਹ ਬੋਲ, ‘‘ਜੇ ਤੈਨੂੰ ਲੱਗਿਆ ਕਿ ਭੂਤ ਹੈਗੇ ਨੇ ਤਾਂ ਉਹ ਰਾਮ ਦਾ ਨਾਂ ਸੁਣ ਕੇ ਉਸੇ ਵੇਲੇ ਭੱਜ ਜਾਣਗੇ।’’ ਬਾਲ ਪਾਠਕ ਦੀ ਸੋਚ ਨੂੰ ਤਰਕਮਈ ਬਣਾਉਣ ਦੀ ਥਾਂ ਤੇ ਅੰਧ-ਵਿਸ਼ਵਾਸੀ, ਅਦਿੱਖ, ਭਿਆਨਕ ਅਤੇ ਗ਼ੈਬੀ ਸ਼ਕਤੀਆਂ ਦੀ ਹੋਂਦ ਨੂੰ ਬੜਾਵਾ ਦਿੰਦੇ ਹਨ। ਰੰਭਾ ਵੱਲੋਂ ਭੂਤਾਂ ਪ੍ਰੇਤਾਂ ਦੀ ਹੋਂਦ ਦਾ ਖੰਡਨ ਕਰਨ ਦੀ ਥਾਂ ਅਚੇਤ ਰੂਪ ਵਿਚ ਇਨ੍ਹਾਂ ਗ਼ੈਬੀ ਸ਼ਕਤੀਆਂ ਦੀ ਹੋਂਦ ਦਾ ਸਮਰਥਨ ਕੀਤਾ ਗਿਆ ਹੈ। ਇਨ੍ਹਾਂ ਦਾ ਖੰਡਨ ਕਰਨਾ ਬਣਦਾ ਸੀ ਜੋ ਵਿਗਿਆਨਕ ਨਜ਼ਰੀਏ ਤੋਂ ਵੀ ਉਚਿਤ ਰਹਿਣਾ ਸੀ। ਇਕ ਹੋਰ ਬਿਰਤਾਂਤ ਵਿਚ ਕਸਤੂਰਬਾਈ ਦੇ ਪਿਤਾ ਗੋਕਲਦਾਸ ਮਾਕਨਜੀ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਹੈ, ‘‘ਕਸੂਤਰਬਾਈ ਦੇ ਲੇਖਾਂ ਵਿਚ ਬੁੱਢ-ਸੁਹਾਗਣ ਹੋਣਾ ਲਿਖਿਆ ਹੋਇਆ ਏ। ਮੈਂ ਉਹਦੀ ਜਨਮ ਪੱਤਰੀ ਵਾਚੀ ਹੋਈ ਐ।’’ ਜਨਮ ਪੱਤਰੀ ਦੇ ਆਧਾਰ ’ਤੇ ਕਿਸੇ ਔਰਤ ਦੇ ਬੁੱਢ-ਸੁਹਾਗਣ ਹੋਣ ਦਾ ਦਾਅਵਾ ਕਰਨ ਪਿੱਛੇ ਕੋਈ ਵੀ ਵਿਗਿਆਨਕ ਆਧਾਰ ਨਹੀਂ ਹੈ। ਚੰਗਾ ਹੁੰਦਾ, ਅਜਿਹੇ ਗ਼ੈਰ-ਵਿਗਿਆਨਕ ਨਜ਼ਰੀਏ ਵਾਲੇ ਵਾਕਾਂ ਤੋਂ ਗੁਰੇਜ਼ ਕੀਤਾ ਜਾਂਦਾ। ਪੁਸਤਕ ਵਿਚ ਕਈ ਥਾਈਂ ਬਿਰਤਾਂਤ ਨਾਲ ਚਿੱਤਰ ਢੁੱਕਵੇਂ ਸਥਾਨਾਂ ’ਤੇ ਨਹੀਂ ਦਿੱਤੇ ਗਏ ਜਿਸ ਕਾਰਨ ਅਰਥ-ਸੰਚਾਰ ਦੀ ਸਮੱਸਿਆ ਪੈਦਾ ਹੋ ਗਈ ਹੈ। ਮਿਸਾਲ ਵਜੋਂ ਪੰਨਾ 28 ’ਤੇ ਮੋਹਨਦਾਸ ਦਾ ਬਿੱਲੀ ਨੂੰ ਵੇਖ ਕੇ ਡਰਨ ਦਾ ਜ਼ਿਕਰ ਹੈ, ਪਰ ਇਸ ਨਾਲ ਢੁੱਕਵਾਂ ਚਿੱਤਰ ਪੰਨਾ ਨੰਬਰ 22 ’ਤੇ ਪਹਿਲਾਂ ਹੀ ਛਪ ਗਿਆ ਹੈ ਜਿਸ ਨਾਲ ਘਟਨਾ ਅਤੇ ਚਿੱਤਰ ਦਰਮਿਆਨ ਸੁਮੇਲ ਤੇ ਪ੍ਰਸੰਗਿਕਤਾ ਦਾ ਸੰਤੁਲਨ ਨਹੀਂ ਰਿਹਾ। ਚੰਗਾ ਹੁੰਦਾ ਜੇਕਰ ਇਸ ਨਾਵਲ ਵਿਚ ਦਿੱਤੇ ਗਏ ਰਾਮ-ਰਕਸ਼ਾ, ਚਤੁਰਮਾਸ, ਸ਼ੰਕਾ ਨਵਿਰਤ, ਅਵਾਜ਼ਾਰ, ਝੇਂਪ, ਪ੍ਰਾਸਚਿਤ, ਸੰਕਲਪ, ਨਿਰਛਲ, ਚਿਪਚਿਪਾਹਟ, ਵੈਸ਼ਨਵ, ਸਪਤਪਦੀ ਆਦਿ ਹਿੰਦੀ ਸ਼ਬਦਾਂ ਦੇ ਪੰਜਾਬੀ-ਭਾਸ਼ੀ ਬਦਲ ਦਿੱਤੇ ਜਾਂਦੇ। ਕੁਝ ਸ਼ਬਦ ਜੋੜਾਂ ਦੀਆਂ ਗ਼ਲਤੀਆਂ ਵੀ ਅੱਖਰਦੀਆਂ ਹਨ। ਖ਼ੈਰ, ਕੁੱਲ ਮਿਲਾ ਕੇ ਇਹ ਬਾਲ ਨਾਵਲ ਪੜ੍ਹਨਯੋਗ ਹੈ।
ਸੰਪਰਕ: 98144-23703


Comments Off on ਉਸਾਰੂ ਜੀਵਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.