ਗੁਰੂ ਨਾਨਕ ਚਿੰਤਨਧਾਰਾ ਵਿਚ ਕਿਰਤ ਦਾ ਸੰਕਲਪ !    ਚੜਿਆ ਸੋਧਣਿ ਧਰਿਤੀ ਲੁਕਾਈ !    ਅਫ਼ਗਾਨ ਚੋਣਾਂ: ਵੋਟਾਂ ਦੀ ਗਿਣਤੀ ਮੁੜ ਸ਼ੁਰੂ !    ਹਾਂਗਕਾਂਗ ’ਚ ਪੁਲੀਸ ਨੇ ਪ੍ਰਦਰਸ਼ਨਕਾਰੀ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦੋ ਦਹਿਸ਼ਤਗਰਦ ਹਲਾਕ !    ਚੱਕਰਵਾਤੀ ਤੂਫ਼ਾਨ: ਮਮਤਾ ਵੱਲੋਂ ਮ੍ਰਿਤਕਾਂ ਦੇ ਵਾਰਿਸਾਂ ਦੀ ਮਾਲੀ ਮਦਦ !    ਕਰਨਾਟਕ ਦੇ ਅਯੋਗ ਵਿਧਾਇਕਾਂ ਦੀ ਅਰਜ਼ੀ ’ਤੇ ਫ਼ੈਸਲਾ ਭਲਕੇ !    ਭਾਸ਼ਾ ਵਿਭਾਗ ਲਈ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਕੋਹਾਂ ਦੂਰ !    ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ‘ਬਾਬਾ ਨਾਨਕ 550 ਸਰਵੋਤਮ ਟਰਾਫ਼ੀ’ ਜਿੱਤੀ !    ਹਰਿਆਣਾ ਤੇ ਹਿਮਾਚਲ ਦੇ ਮੁੱਖ ਮੰਤਰੀ ਬੇਰ ਸਾਹਿਬ ਨਤਮਸਤਕ !    

ਉਡਦੀ ਖ਼ਬਰ

Posted On September - 2 - 2019

ਨਿਰਾਸ਼ਾ ’ਚ ਬਦਲਦੀ ਆਸ
ਪੰਜਾਬ ਦੀ ਸਿਆਸਤ ਪਿਛਲੇ ਤਕਰੀਬਨ ਸਾਢੇ ਸਾਲ ਤੋਂ ਬਰਗਾੜੀ ਬੇਅਦਬੀ ਮਾਮਲੇ ਦੁਆਲੇ ਘੁੰਮ ਰਹੀ ਹੈ। ਇਸ ਨੂੰ ਲੈ ਕੇ ਸੂਬੇ ਦੀ ਸਿਆਸਤ ਵਿਚ ਕਈ ਉਤਰਾਅ-ਚੜ੍ਹਾਅ ਵੀ ਆਏ ਹਨ। ਮੌਜੂਦਾ ਹਾਕਮ ਧਿਰ ਨੇ ਗੱਜ-ਵੱਜ ਕੇ ਦਾਅਵੇ ਅਤੇ ਐਲਾਨ ਕੀਤੇ ਸਨ ਕਿ ਦੋਸ਼ੀਆਂ ਨੂੰ ਹਰ ਹਾਲਤ ਵਿਚ ਸਜ਼ਾ ਦਿਵਾਈ ਜਾਵੇਗੀ।
ਉੱਡਦੀ ਖ਼ਬਰ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਆਸਥਾ ਰੱਖਣ ਵਾਲੇ ਤੇ ਤੀਜੀ ਵਾਰ ਵਿਧਾਇਕ ਬਣੇ ਸਿਆਸੀ ਆਗੂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਪਿਛਲੇ ਦਿਨਾਂ ਤੋਂ ਚੱਲ ਰਹੇ ਘਟਨਾਕ੍ਰਮ ਦੇ ਮੱਦੇਨਜ਼ਰ ਉਨ੍ਹਾਂ ਦੀ ਆਸ, ਨਿਰਾਸ਼ਾ ਵਿਚ ਬਦਲਦੀ ਜਾ ਰਹੀ ਹੈ। ਇਸ ਆਗੂ ਨੂੰ ਆਸ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਇਨਸਾਫ਼ ਮਿਲ ਸਕੇਗਾ।

ਤਬਾਦਲੇ ਕਿਉਂ?
ਇਕ ਵਾਰ ਹਰਿਆਣਾ ਦੇ ਇਕ ਸੀਨੀਅਰ ਆਈਏਐੱਸ ਅਧਿਕਾਰੀ ਨੇ ਕਿਹਾ ਸੀ ਕਿ ਉਸ ਨੂੰ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਸਰਕਾਰ ਤਬਾਦਲੇ ਕਿਉਂ ਕਰਦੀ ਹੈ। ਉਸ ਦਾ ਤਰਕ ਸੀ, ‘‘ਜੇਕਰ ਮੇਰੀ ਥਾਂ ਬਿਹਤਰ ਅਧਿਕਾਰੀ ਲਾਇਆ ਜਾਂਦਾ ਜਾਂ ਫਿਰ ਕਿਸੇ ਖ਼ਾਸ ਮੰਤਵ ਦੀ ਖ਼ਾਤਰ ਤਬਾਦਲਾ ਕੀਤਾ ਗਿਆ ਹੈ ਤਾਂ ਗੱਲ ਸਮਝ ਪੈ ਜਾਣੀ ਸੀ, ਪਰ ਦੋਵਾਂ ਵਿਚੋਂ ਅਜਿਹੀ ਕੋਈ ਗੱਲ ਨਹੀਂ।’’
ਇਸੇ ਤਰ੍ਹਾਂ ਪੰਜਾਬ ਦੇ ਦੋ ਤਿੰਨ ਮੰਤਰੀ ਇਸ ਗੱਲ ਤੋਂ ਖ਼ਫ਼ਾ ਹਨ ਕਿ ਉਨ੍ਹਾਂ ਦੇ ਵਿਭਾਗਾਂ ਦੇ ਅਧਿਕਾਰੀ ਬਿਨਾਂ ਕਿਸੇ ਕਾਰਨ ਹੀ ਬਦਲ ਦਿੱਤੇ ਗਏ ਹਨ ਤੇ ਇਸ ਮਾਮਲੇ ’ਚ ਉਨ੍ਹਾਂ ਦੀ ਰਾਇ ਤਕ ਨਹੀਂ ਲਈ ਗਈ। ਤਬਾਦਲਿਆਂ ਕਾਰਨ ਉਨ੍ਹਾਂ ਦੇ ਵਿਭਾਗਾਂ ਦੇ ਕੰਮਕਾਜ ’ਤੇ ਮਾੜਾ ਅਸਰ ਪੈ ਰਿਹਾ ਹੈ। ਉਹ ਇਹ ਗੱਲ ਆਖਦੇ ਹਨ, ਪਰ ਮੁੱਖ ਮੰਤਰੀ ਤਕ ਪੁੱਜਦੀ ਕਰਨ ਲਈ ਤਿਆਰ ਨਹੀਂ। ਉਹ ਸਮਝਦੇ ਹਨ ਕਿ ਕੰਮਕਾਜ ਦੀ ਪ੍ਰਗਤੀ ਨਹੀਂ ਹੋਵੇਗੀ ਤਾਂ ਮੁੱਖ ਮੰਤਰੀ ਨੂੰ ਖ਼ੁਦ ਹੀ ਸਥਿਤੀ ਦਾ ਅੰਦਾਜ਼ਾ ਹੋ ਜਾਵੇਗਾ ਤੇ ਸ਼ਾਇਦ ਉਸ ਸਮੇਂ ਮੁੜ ਤਬਾਦਲੇ ਕਰ ਦਿੱਤੇ ਜਾਣ। ਪਰ ਫਿਰ ਤਾਂ ਵਕਤੋਂ ਖੁੰਝੀ ਡੂੰਮਣੀ ਗਾਹਵੇ ਆਕਾਸ਼ ਪਤਾਲ ਗੱਲ ਹੀ ਹੋਵੇਗੀ।

ਤਿਲ੍ਹਕਵੀਂ ਸਿਆਸੀ ਜ਼ਮੀਨ
ਅਕਾਲੀ ਦਲ ਨੂੰ ਪੰਜਾਬ ਵਿਚ ਹੜ੍ਹਾਂ ਕਾਰਨ ਮੱਚੀ ਤਬਾਹੀ ’ਤੇ ਹਮਦਰਦੀ ਦੇ ਅੱਥਰੂ ਵਹਾਉਣ ਦਾ ਮੌਕਾ ਵੀ ਨਹੀਂ ਮਿਲ ਰਿਹਾ। ਇਕ ਸਾਬਕਾ ਮੰਤਰੀ ਦਾ ਪੋਤਾ ਜਦੋਂ ਲੋਹੀਆਂ ਕੋਲ ਜਾਣੀਆ ਚਾਹਲ ਨੇੜੇ ਪੈਂਦੇ ਪਾੜ ’ਤੇ ਲੋਕਾਂ ਨਾਲ ਹਮਦਰਦੀ ਕਰਨ ਪਹੁੰਚਿਆ ਤਾਂ ਲੋਕਾਂ ਨੇ ਕਿਹਾ ਕਿ ਹੜ੍ਹ ਨਾਲ ਜਿਹੜਾ ਨੁਕਸਾਨ ਹੋਣਾ ਸੀ ਹੋ ਗਿਆ, ਪਰ ਤੇਰੇ ਦਾਦੇ ਕਾਰਨ ਹਲਕਾ ਅਜੇ ਵੀ ਦੁੱਖ ਭੋਗ ਰਿਹਾ ਹੈ। ਲੋਕਾਂ ਵਿਚ ਏਨਾ ਜ਼ਿਆਦਾ ਗੁੱਸਾ ਸੀ ਕਿ ਉਨ੍ਹਾਂ ਨੇ ਸਾਬਕਾ ਮੰਤਰੀ ਦੇ ਪੋਤੇ ਨੂੰ ਅੱਖਾਂ ਉਤਾਂਹ ਚੁੱਕਣ ਦਾ ਮੌਕਾ ਵੀ ਨਹੀਂ ਦਿੱਤਾ। ਲੋਕਾਂ ਨੂੰ ਰੋਸ ਸੀ ਕਿ 25 ਸਾਲਾਂ ਤੋਂ ਉਹ ਪਾਰਟੀ ਨੂੰ ਵੋਟਾਂ ਪਾਉਂਦੇ ਆ ਰਹੇ ਹਨ ਤੇ ਇਨ੍ਹਾਂ ਕੋਲੋਂ ਕੱਚਾ ਬੰਨ੍ਹ ਵੀ ਪੱਕਾ ਨਹੀਂ ਹੋਇਆ।
ਜਲੰਧਰ ਜ਼ਿਲ੍ਹੇ ਦੇ ਇਕ ਖੇਤਰ ਵਿਚ ਇਕ ਅਕਾਲੀ ਆਗੂ ਦੀ ਝਾੜ-ਝੰਬ ਹੋ ਗਈ ਜਿਹੜਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਹੈ। ਅਕਾਲੀ ਦਲ ਨੇ ਸੋਚਿਆ ਹੋਵੇਗਾ ਕਿ ਹੜ੍ਹਾਂ ਬਹਾਨੇ ਉਨ੍ਹਾਂ ਦੇ ਪੈਰ ਟਿਕ ਜਾਣਗੇ, ਪਰ ਲੋਕਾਂ ਦਾ ਅਕਾਲੀ ਦਲ ਪ੍ਰਤੀ ਰੋਸ ਮੱਠਾ ਨਹੀਂ ਹੋਇਆ ਜਾਪਦਾ। ਗੱਲ ਸਿਰਫ਼ ਹੜ੍ਹਾਂ ਦੀ ਨਹੀਂ ਸਗੋਂ ਆਗੂਆਂ ਨੂੰ ਹੁਣ ਪਤਾ ਲੱਗ ਰਿਹਾ ਹੈ ਕਿ ਸਿਆਸਤ ਦੀ ਜ਼ਮੀਨ ਕਿੰਨੀ ਤਿਲ੍ਹਕਵੀਂ ਹੁੰਦੀ ਹੈ।
– ਬਲਵਿੰਦਰ ਜੰਮੂ, ਪਾਲ ਸਿੰਘ ਨੌਲੀ


Comments Off on ਉਡਦੀ ਖ਼ਬਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.