ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਈਡੀ ਨੂੰ ਡੀਕੇ ਸ਼ਿਵਕੁਮਾਰ ਦਾ ਮਿਲਿਆ 13 ਤੱਕ ਦਾ ਰਿਮਾਂਡ

Posted On September - 5 - 2019

ਨਵੀਂ ਦਿੱਲੀ, 4 ਸਤੰਬਰ
ਦਿੱਲੀ ਦੀ ਇੱਕ ਆਦਲਤ ਨੇ ਕਰਨਾਟਕ ਦੇ ਕਾਂਗਰਸੀ ਆਗੂ ਡੀ.ਕੇ. ਸ਼ਿਵਕੁਮਾਰ ਨੂੰ 13 ਸਤੰਬਰ ਤੱਕ ਪੁੱਛ-ਪੜਤਾਲ ਲਈ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਈਡੀ ਵਲੋਂ ਅਦਾਲਤ ਤੋਂ ਮਨੀ ਲਾਂਡਰਿੰਗ ਕੇਸ ਸਬੰਧੀ ਗ੍ਰਿਫ਼ਤਾਰ ਕੀਤੇ ਗਏ ਸ਼ਿਵਕੁਮਾਰ ਤੋਂ ਪੁੱਛ-ਪੜਤਾਲ ਕਰਨ ਲਈ 14 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਗਈ ਸੀ।
ਮੰਗਲਵਾਰ ਦੇਰ ਰਾਤ ਗ੍ਰਿਫ਼ਤਾਰ ਕੀਤੇ ਗਏ ਸ਼ਿਵਕੁਮਾਰ ਨੂੰ ਅੱਜ ਵਿਸ਼ੇਸ਼ ਜੱਜ ਅਜੇ ਕੁਮਾਰ ਕੁਹਾਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਸ਼ਿਵਕੁਮਾਰ ਦੀ ਰਾਮ ਮਨੋਹਰ ਲੋਹੀਆ ਹਸਪਤਾਲ ਤੋਂ ਮੈਡੀਕਲ ਜਾਂਚ ਕਰਵਾਈ ਗਈ। ਈਡੀ ਨੇ ਅਦਾਲਤ ਨੂੰ ਦੱਸਿਆ ਕਿ ਆਮਦਨ ਕਰ ਜਾਂਚ ਅਤੇ ਵੱਖ-ਵੱਖ ਗਵਾਹਾਂ ਦੇ ਬਿਆਨਾਂ ਤੋਂ ਸ਼ਿਵਕੁਮਾਰ ਵਿਰੁਧ ‘ਸੂਬਤ’ ਮਿਲੇ ਹਨ। ਏਜੰਸੀ ਨੇ ਦਾਅਵਾ ਕੀਤਾ ਕਿ ਜਾਂਚ ਦੌਰਾਨ ਸ਼ਿਵਕੁਮਾਰ ਵਲੋਂ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਸੀ ਅਤੇ ਉਸ ਵਲੋਂ ਤੱਥਾਂ ਨੂੰ ਛੁਪਾਇਆ ਗਿਆ ਹੈ। ਏਜੰਸੀ ਨੇ ਇਹ ਵੀ ਦਾਅਵਾ ਕੀਤਾ ਕਿ ਇੱਕ ਅਹਿਮ ਅਹੁਦੇ ’ਤੇ ਰਹਿੰਦਿਆਂ ਸ਼ਿਵਕੁਮਾਰ ਦੀ ਆਮਦਨ ਵਿੱਚ ਵੱਡਾ ਵਾਧਾ ਹੋਇਆ ਹੈ। ਏਜੰਸੀ ਨੇ ਕਿਹਾ ਕਿ ਸ਼ਿਵਕੁਮਾਰ ਦੀ ਹਿਰਾਸਤ ਦੀ ਲੋੜ ਹੈ ਕਿਉਂਕਿ ਉਸ ਪਾਸੋਂ ਬਹੁਤ ਸਾਰੇ ਦਸਤਾਵੇਜ਼ਾਂ ਬਾਰੇ ਪੁੱਛ-ਪੜਤਾਲ ਕੀਤੀ ਜਾਣੀ ਹੈ ਅਤੇ ਗੈਰਕਾਨੂੰਨੀ ਜਾਇਦਾਦਾਂ ਬਾਰੇ ਵੀ ਪੜਤਾਲ ਕੀਤੀ ਜਾਣੀ ਹੈ। ਈਡੀ ਨੇ ਅੱਗੇ ਕਿਹਾ ਕਿ ਸ਼ਿਵਕੁਮਾਰ ਦੀ ਹਿਰਾਸਤੀ ਪੁੱਛ-ਪੜਤਾਲ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਕੁਝ ਤੱਥ ਕੇਵਲ ਉਸ ਨੂੰ ਹੀ ਪਤਾ ਹਨ ਅਤੇ ਉਸ ਕੋਲੋਂ ਆਮਦਨ ਦੇ ਸਰੋਤਾਂ ਅਤੇ ਇਹ ਆਮਦਨ ਇਕੱਠੀ ਕਰਨ ਲਈ ਵਰਤੇ ਗਏ ਤਰੀਕਿਆਂ ਬਾਰੇ ਜਾਣਨ ਦੀ ਲੋੜ ਹੈ ਕਿਉਂਕਿ ਤਲਾਸ਼ੀ ਦੌਰਾਨ ਮਿਲੀ ਨਕਦੀ ਬਾਰੇ ਉਸ ਨੇ ਕੁਝ ਵੀ ਸਪੱਸ਼ਟ ਨਹੀਂ ਕੀਤਾ ਹੈ। ਈਡੀ ਦੀ ਨੁਮਾਇੰਦਗੀ ਵਧੀਕ ਸੌਲਿਸਟਰ ਜਨਰਲ ਕੇ.ਐੱਮ ਨਟਰਾਜ ਅਤੇ ਐਡਵੋਕੇਟ ਐੱਨ.ਕੇ. ਮੱਟਾ ਕਰ ਰਹੇ ਹਨ ਜਦਕਿ ਸੀਨੀਅਰ ਐਡਵੋਕੇਟ ਅਭਿਸ਼ੇਕ ਮਨੂ ਸਿੰਘਵੀ ਅਤੇ ਦਯਾਨ ਕ੍ਰਿਸ਼ਨਨ ਵਲੋੋਂ 57 ਸਾਲ ਸ਼ਿਵਕੁਮਾਰ ਦੇ ਪੱਖ ਦੀ ਪੈਰਵੀ ਕੀਤੀ ਜਾ ਰਹੀ ਹੈ। ਸਿੰਘਵੀ ਨੇ ਈਡੀ ਦੀ ਹਿਰਾਸਤੀ ਪੁੱਛ-ਪੜਤਾਲ ਬਾਰੇ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ ਏਜੰਸੀ ਨੇ ਇਹ ਅਰਜ਼ੀ ‘ਦਿਮਾਗ ਦੀ ਵਰਤੋਂ’ ਕੀਤੇ ਬਿਨਾਂ ਲਾਈ ਹੈ ਕਿਉਂਕਿ ਪਹਿਲਾਂ ਹੀ ਸ਼ਿਵਕੁਮਾਰ ਤੋਂ 33 ਘੰਟੇ ਪੁੱਛ-ਪੜਤਾਲ ਕੀਤੀ ਜਾ ਚੁੱਕੀ ਹੈ ਅਤੇ ਉਸ ਦੇ ਵਿਦੇਸ਼ ਭੱਜਣ ਦਾ ਵੀ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਿਵਕੁਮਾਰ ਨੂੰ ਹਿਰਾਸਤ ਵਿੱਚ ਨਹੀਂ ਭੇਜਿਆ ਜਾ ਸਕਦਾ ਕਿਉਂਕਿ ਉਹ ਕਦੇ ਭਗੌੜਾ ਨਹੀਂ ਸੀ। ਇਸ ਤੋਂ ਇਲਾਵਾ ਸ਼ਿਵਕੁਮਾਰ ਦੀ ਜ਼ਮਾਨਤ ਲਈ ਅਰਜ਼ੀ ਵੀ ਲਾਈ ਗਈ, ਜਿਸ ਵਿੱਚ ਕਿਹਾ ਗਿਆ ਕਿ ਸਾਰਾ ਕੇਸ ਆਮਦਨ ਕਰ ਵਿਭਾਗ ਦੀ ਤਲਾਸ਼ੀ ’ਤੇ ਆਧਾਰਿਤ ਹੈ। -ਪੀਟੀਆਈ

ਬਦਲਾ-ਲਊ ਰਾਜਨੀਤੀ ਦੀ ਤਾਜ਼ਾ ਉਦਾਹਰਣ: ਰਾਹੁਲ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਡੀ.ਕੇ. ਸ਼ਿਵਕੁਮਾਰ ਦੀ ਗ੍ਰਿਫ਼ਤਾਰੀ ਬਦਲਾ-ਲਊ ਰਾਜਨੀਤੀ ਦੀ ਤਾਜ਼ਾ ਉਦਾਹਰਣ ਹੈ ਅਤੇ ਭਾਜਪਾ ਸਰਕਾਰ ਵਲੋਂ ਜਾਂਚ ਏਜੰਸੀਆਂ ਤੇ ‘ਸਰਕਾਰ ਪੱਖੀ’ ਮੀਡੀਆ ਦੀ ਵਰਤੋਂ ਕਰਕੇ ਸਿਆਸੀ ਵਿਰੋਧੀਆਂ ਨੂੰ ਚੋਣਵੇਂ ਢੰਗ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਗਾਂਧੀ ਨੇ ਟਵੀਟ ਕੀਤਾ, ‘‘ਡੀਕੇ ਸ਼ਿਵਕੁਮਾਰ ਦੀ ਗ੍ਰਿਫ਼ਤਾਰੀ ਸਰਕਾਰ ਦੀ ਬਦਲਾ-ਲਊ ਸਿਆਸਤ ਦੀ ਇੱਕ ਹੋਰ ਉਦਾਹਰਣ ਹੈ। ਸਰਕਾਰ ਵਲੋਂ ਈਡੀ/ਸੀਬੀਆਈ ਜਿਹੀਆਂ ਏਜੰਸੀਆਂ ਅਤੇ ਸਰਕਾਰ-ਪੱਖੀ ਮੀਡੀਆ ਦੀ ਵਰਤੋਂ ਕਰਕੇ ਚੁਣ-ਚੁਣ ਕੇ ਸਿਆਸੀ ਵਿਰੋਧੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।’’ ਕਾਂਗਰਸ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਜ਼ੋਰ ਦੇ ਕੇ ਕਿਹਾ ਹੈ ਕਿ ਸਰਕਾਰ ਦੀ ‘ਨਿਸ਼ਾਨਾ ਬਣਾਏ ਜਾਣ ਵਾਲੀ ਸਿਆਸਤ’ ਤੋਂ ਵਿਰੋਧੀ ਪਾਰਟੀ ਭੜਕੇਗੀ ਨਹੀਂ ਬਲਕਿ ‘ਤਿੱਖੇ ਸਵਾਲ’ ਪੁੱਛਣਾ ਜਾਰੀ ਰੱਖੇਗੀ। ਕਾਂਗਰਸ ਦੇ ਤਰਜਮਾਨ ਮਨੀਸ਼ ਤਿਵਾੜੀ ਨੇ ਕਿਹਾ ਕਿ ਐੱਨਡੀਏ ਦੇ ਦੂਜੇ ਕਾਰਜਕਾਲ ਦੇ 96 ਦਿਨਾਂ ਨੂੰ ਤਿੰਨ ਸ਼ਬਦਾਂ ਵਿੱਚ ਬਿਆਨਿਆ ਜਾ ਸਕਦਾ ਹੈ- ‘ਜ਼ੁਲਮ, ਹਫੜਾ-ਦਫੜੀ ਅਤੇ ਅਰਾਜਕਤਾ।’ ਉਨ੍ਹਾਂ ਪ੍ਰੈਸ ਕਾਨਫਰੰਸ ਦੌਰਾਨ ਅਰਥਚਾਰੇ ਦੀ ਮੰਦੀ, ਕਸ਼ਮੀਰ ਵਿੱਚ ‘ਅਣਐਲਾਨੀ ਐਮਰਜੈਂਸੀ’ ਤੇ ਅਸਾਮ ਵਿੱਚ ਐੱਨਸੀਆਰ ਦੀ ਪ੍ਰਕਾਸ਼ਨਾ ਤੋਂ ਬਾਅਦ ਦੇ ਹਾਲਾਤ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਸਰਕਾਰ ਆਪਣੇ ਦੂਜੇ ਕਾਰਜਕਾਲ ਦੌਰਾਨ ‘ਪੂਰੀ ਤਰ੍ਹਾਂ ਫੇਲ੍ਹ’ ਹੋ ਗਈ ਹੈ। ਉਨ੍ਹਾ ਸ਼ਿਵਕੁਮਾਰ ਦੀ ਗ੍ਰਿਫ਼ਤਾਰੀ ਨੂੰ ਲਗਾਤਾਰ ਜਾਰੀ ਬਾਦਲਾ-ਲਊ ਸਿਆਸਤ ਵਿੱਚ ਤਾਜ਼ਾ ਵਾਧਾ ਦੱਸਿਆ ਹੈ। -ਪੀਟੀਆਈ

ਕਰਨਾਟਕ ’ਚ ਸੜਕਾਂ ’ਤੇ ਉਤਰੇ ਸ਼ਿਵ ਕੁਮਾਰ ਸਮਰਥਕ
ਬੰਗਲੁਰੂ: ਈਡੀ ਵਲੋਂ ਕਰਨਾਟਕ ਦੇ ਕਾਂਗਰਸੀ ਆਗੂ ਡੀ.ਕੇ. ਸ਼ਿਵਕੁਮਾਰ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਕਾਂਗਰਸ ਵਲੋਂ ਕਰਨਾਟਕ ਵਿੱਚ ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤੇ ਗਏ। ਕਰਨਾਟਕ ਦੇ ਗ੍ਰਹਿ ਮੰਤਰੀ ਬਸਵਰਾਜ ਬੋਮਾਈ ਨੇ ਵੱਖ-ਵੱਖ ਥਾਵਾਂ ਤੋਂ ਮਿਲੀਆਂ ਰਿਪੋਰਟਾਂ ਦੇ ਆਧਾਰ ’ਤੇ ਦੱਸਿਆ ਕਿ ਕਨਕਪੁਰਾ ਅਤੇ ਬੰਗਲੁਰੂ ਵਿੱਚ ਪੰਜ-ਛੇ ਬੱਸਾਂ ’ਤੇ ਪੱਥਰਬਾਜ਼ੀ ਕੀਤੀ ਗਈ ਅਤੇ ਇੱਕ ਬੱਸ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਪੁਲੀਸ ਸੂਤਰਾਂ ਅਨੁਸਾਰ ਸ਼ਿਵਕੁਮਾਰ ਦੇ ਸਮਰਥਕਾਂ ਵਲੋਂ ਦਿੱਤੇ ਬੰਦ ਦੇ ਸੱਦੇ ਤਹਿਤ ਕਈ ਥਾਈਂ ਪ੍ਰਦਰਸ਼ਨ ਕੀਤੇ ਗਏ, ਦੁਕਾਨਾਂ ਬੰਦ ਰੱਖੀਆਂ ਗਈਆਂ ਅਤੇ ਸੜਕਾਂ ’ਤੇ ਟਾਇਰਾਂ ਨੂੰ ਅੱਗ ਲਾ ਕੇ ਜਾਮ ਲਾਉਣ ਦੀ ਕੋਸ਼ਿਸ਼ ਕੀਤੀ ਗਈ। -ਪੀਟੀਆਈ

ਵਿਰੋਧ ਕਰ ਰਹੇ ਯੂਥ ਕਾਂਗਰਸੀ ਕਾਰਕੁਨ ਹਿਰਾਸਤ ’ਚ ਲਏ
ਨਵੀਂ ਦਿੱਲੀ: ਕਰਨਾਟਕ ਦੇ ਕਾਂਗਰਸੀ ਆਗੂ ਡੀ.ਕੇ. ਸ਼ਿਵਕੁਮਾਰ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰ ਰਹੇ ਯੂਥ ਕਾਂਗਰਸ ਦੇ ਕਈ ਵਰਕਰਾਂ ਨੂੰ ਅੱਜ ਪੁਲੀਸ ਨੇ ਹਿਰਾਸਤ ਵਿੱਚ ਲਿਆ ਹੈ। ਕੇਂਦਰੀ ਦਿੱਲੀ ਸਥਿਤ ਭਾਰਤੀ ਯੂਥ ਕਾਂਗਰਸ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇ ਲਾਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਅਰਥੀਆਂ ਫੂਕੀਆਂ। ਕਈ ਪ੍ਰਦਰਸ਼ਨਕਾਰੀਆਂ ਨੇ ਸੰਸਦ ਭਵਨ ਵੱਲ ਜਾਂਦੀ ਸੜਕ ’ਤੇ ਪੁਲੀਸ ਵਲੋਂ ਲਾਏ ਗਏ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਯੂਥ ਕਾਂਗਰਸ ਦੇ ਆਗੂ ਅਮਰੀਸ਼ ਰੰਜਨ ਪਾਂਡੇ ਨੇ ਦਾਅਵਾ ਕੀਤਾ ਕਿ ਪੁਲੀਸ ਵਲੋਂ ਕੀਤੇ ਲਾਠੀਚਾਰਜ ਕਾਰਨ ਕਈ ਕਾਰਕੁਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਾਉਣਾ ਪਿਆ। ਦੂਜੇ ਪਾਸੇ, ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ 66 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਪੁਲੀਸ ਬਲ ਦੀ ਵਰਤੋਂ ਨਹੀਂ ਕੀਤੀ ਗਈ। -ਪੀਟੀਆਈ


Comments Off on ਈਡੀ ਨੂੰ ਡੀਕੇ ਸ਼ਿਵਕੁਮਾਰ ਦਾ ਮਿਲਿਆ 13 ਤੱਕ ਦਾ ਰਿਮਾਂਡ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.